ਸਿਡਨੀ (ਸਰਵਰਿੰਦਰ ਸਿੰਘ ਰੂਮੀ): ਆਸਟ੍ਰੇਲੀਆ ਰਹਿੰਦੇ ਸਿੱਖ ਆਗੂ ਸ. ਅਜੀਤ ਸਿੰਘ ਲਹਿੰਦੇ ਪੰਜਾਬ ਵਿੱਚ ਪੈਂਦੇ ਆਪਣੇ ਮਾਪਿਆਂ ਦੇ ਜੱਦੀ ਪਿੰਡ ਧੰਨੂਆਣਾ (ਚੱਕ 91) ਤਹਿਸੀਲ ਜੜ੍ਹਾਂਵਾਲਾ, ਜ਼ਿਲਾ ਫੈਸਲਾਬਾਦ (ਪਹਿਲਾ ਪ੍ਰਚੱਲਤ ਨਾਂ ਲਾਇਲਪੁਰ) ਵੇਖਣ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਬੜੇ ਚਾਅ ਨਾਲ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ। ਧਨੂਆਣਾ ਪਹੁੰਚਣ ਤੇ ਸਭ ਤੋਂ ਪਹਿਲਾਂ ਉਹ ਆਪਣੇ ਪਿੰਡ ਦੇ ਇਤਿਹਾਸਿਕ ਗੁਰਦੁਆਰਾ ਸ਼ਹੀਦਗੰਜ ਵੇਖਣ ਗਏ ਤਾਂ ਗੁਰਦੁਆਰਾ ਸਾਹਿਬ ਦੀ ਇਮਾਰਿਤ ਦੀ ਮੌਜੂਦਾ ਸਥਿਤੀ ਵੇਖ ਕੇ ਭਾਵੁਕ ਹੋ ਗਏ। ਗੁਰਦੁਆਰਾ ਸਾਹਿਬ ਦਾ ਗੁੰਬਦ ਭਾਵੇਂ ਕਿ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਪਰ ਅੰਦਰ ਆਟਾ ਚੱਕੀ ਤੇ ਰੂੰ ਵਾਲਾ ਪੇਂਜਾ ਚਲ ਰਿਹਾ ਹੈ। ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ ਤੋਂ ਕੁਝ ਕੁ ਮੀਲ ਦੂਰ ਪੈਂਦੇ ਪਿੰਡ ਧੰਨੂਆਣਾ (ਚੱਕ 91) ਦੇ ਨੌ ਸਿੰਘ 20 ਫ਼ਰਵਰੀ 1921 ਨੂੰ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਪਿੰਡ ਵਿੱਚ ਗੁਰਦਾਆਰਾ ਸ਼ਹੀਦਗੰਜ ਬਣਾਇਆ ਗਿਆ ਸੀ। ਉਸ ਸਮੇਂ ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਮਹੰਤ ਨਰਾਇਣ ਦਾਸ ਦਾ ਕਬਜ਼ਾ ਸੀ ਤੇ ਉਸ ਵੱਲੋਂ ਸ਼ਰੇਆਮ ਮਰਿਯਾਦਾ ਦੀਆਂ ਧੱਜੀਆਂ ਉਡਾ ਕੇ ਸਿੱਖਾਂ ਨੂੰ ਜਲ਼ੀਲ ਕੀਤਾ ਜਾਂਦਾ ਸੀ। ਬਦਨਾਮ ਮਹੰਤ ਤੇ ਉਸ ਗੁੰਡੇ ਦੁਸ਼ਕਰਮ ਗੁਰਦੁਆਰਾ ਸਾਹਿਬ ਵਿਖੇ ਕਰਦੇ ਸਨ। ਮਹੰਤ ਤੋਂ ਗੁਰਦੁਆਰਾ ਸਾਹਿਬ ਅਜ਼ਾਦ ਕਰਵਾਉਣ ਲਈ ਸਿੱਖਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀ ਜਿਸ ਵਿੱਚ ਧੰਨੂਆਣਾ ਪਿੰਡ ਦੇ 9 ਸਿੰਘ ਸ਼ਹੀਦ ਹੋ ਗਏ ਸਨ।
ਆਸਟ੍ਰੇਲੀਆ ਤੋਂ ਆਪਣੇ ਪੁਰਾਣੇ ਪਿੰਡ ਪੁੱਜੇ ਸ. ਅਜੀਤ ਸਿੰਘ ਨੇ ਗੱਲਬਾਤ ਕਰਦਿਆਂ ਦਸਿਆ ਕਿ ’47 ਦੀ ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਪਿੰਡ ਧੰਨੂਆਣਾ (ਚੱਕ 91) ਵਿੱਚ ਰਹਿੰਦਾ ਸੀ ਤੇ ਪਿੰਡ ਤੋਂ ਨਜ਼ਦੀਕ ਹੀ ਉਨ੍ਹਾਂ ਦਾ ਮੁਰੱਬਾ ਸੀ।
ਉਹਨਾਂ ਦਸਿਆ ਕਿ 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਲੰਧਰ ਜਿਲੇ ਵਿੱਚ ਆਦਮਪੁਰ ਨਜ਼ਦੀਕ ਮਹਿਮਦਪੁਰ ਵਿੱਚ ਆ ਵੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾ ਦੇ ਦਾਦਾ ਸ. ਦੀਦਾਰ ਸਿੰਘ, ਪਿਤਾ ਪਰਗਾਸ਼ਾ ਸਿੰਘ, ਚਾਚਾ ਮਲਕੀਤ ਸਿੰਘ ਤੇ ਚਾਚਾ ਸ਼ਿੰਗਾਰਾ ਸਿੰਘ ਅਕਸਰ ਧਨੂੰਆਣੇ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਖ਼ਾਸਕਰ ਦਾਦਾ ਦੀਦਾਰ ਸਿੰਘ ਤਾਂ ਅਕਸਰ ਉਦਾਸ ਹੋ ਜਾਇਆ ਕਰਦੇ ਸਨ ਤੇ ਕਿਹਾ ਕਰਦੇ ਸਨ ਕਿ ਵੰਡ ਨੇ ਸਭ ਕੁਝ ਉਜਾੜ ਦਿੱਤਾ। ਉਹ ਯਾਦ ਕਰਦੇ ਹੁੰਦੇ ਸਨ ਕਿ ਕਿਵੇਂ ਉਹ ਬਹੁਤ ਹੀ ਉਪਜਾਊ ਜ਼ਮੀਨ ‘ਤੇ ਖੇਤੀ ਕਰਦੇ ਹੁੰਦੇ ਸਨ।
ਸ. ਅਜੀਤ ਸਿੰਘ ਨੇ ਦੱਸਿਆ ਕਿ ਭਾਵੇਂ ਉਹ ਪਰਵਾਸ ਕਰਕੇ ਮਹਿਮਦਪੁਰ ਤੋਂ ਆਸਟ੍ਰੇਲੀਆ ਆ ਗਏ ਪਰ ਬਜ਼ੁਰਗਾਂ ਦਾ ਜੱਦੀ ਪਿੰਡ ਵੇਖਣ ਦੀ ਇੱਛਾ ਸਦਾ ਉਨ੍ਹਾਂ ਨੂੰ ਸਤਾਉਂਦੀ ਰਹੀ।
ਇਸ ਵਾਰ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ‘ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਮੌਕੇ ਦੁਨੀਆਂ ਭਰ ਤੋਂ ਸਿੱਖਾਂ ਨੇ ਪਾਕਿਸਤਾਨ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ। ਆਸਟ੍ਰੇਲੀਆ ਤੋਂ ਪਾਕਿਸਤਾਨ ਗਏ ਜਥੇ ਵਿੱਚ ਸ. ਅਜੀਤ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਤਰਨਜੀਤ ਕੌਰ ਨੂੰ ਪਾਕਿਸਤਾਨ ਆਉਣ ਦਾ ਮੌਕਾ ਮਿਲਿਆ। ਸ. ਅਜੀਤ ਸਿੰਘ ਨੇ ਲਹਿੰਦੇ ਪੰਜਾਬ ਦੇ ਪੰਜਾਬੀ ਪੱਤਰਕਾਰ ਮਸੂਦ ਮੱਲੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਆਪਣੇ ਜੱਦੀ ਪਿੰਡ ਧੰਨੂਆਣਾ ਜਾਣ ਦੀ ਉਹਨਾਂ ਦੀ ਬਚਪਣ ਦੀ ਇੱਛਾ ਮਸੂਦ ਮੱਲ੍ਹੀ ਦੇ ਯਤਨਾਂ ਸਦਕਾ ਹੀ ਪੂਰੀ ਹੋ ਸਕੀ ਹੈ।
ਜ਼ਿਕਰਯੋਗ ਹੈ ਕਿ ਸ. ਅਜੀਤ ਸਿੰਘ ਦਾ ਪਰਵਾਰ ਸਿੱਖ ਰਾਜਨੀਤੀ ਵਿੱਚ ਸਰਗਰਮ ਹੈ। ਜਿੱਥੇ ਸ. ਅਜੀਤ ਸਿੰਘ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਮੋਢੀ ਪ੍ਰਧਾਨ ਰਹੇ ਹਨ ਉਥੇ ਉਨ੍ਹਾਂ ਦੇ ਵੱਡੇ ਭਰਾ ਸ. ਤੀਰਥ ਸਿੰਘ ਨਿੱਝਰ ਆਸਟ੍ਰੇਲੀਆ ਦੇ “ਸ਼ਹੀਦੀ ਟੂਰਨਾਮੈਂਟ ਗ੍ਰਿਫ਼ਤ” ਦੇ ਮੋਢੀਆਂ ਚੋ ਹਨ ਤੇ ਕਈ ਵਾਰ ਗ੍ਰਿਫ਼ਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹਨ।
ਧਨੂਆਣਾ ਵਿੱਚ ਭਾਈ ਅਜੀਤ ਸਿੰਘ ਹੋਰਾਂ ਨੂੰ ਪਿੰਡ ‘ਚ ਵੰਡ ਤੋਂ ਪਹਿਲਾ ਦੇ ਰਹਿੰਦੇ ਬਜ਼ੁਰਗ ਮਹੁੰਮਦ ਅਰਸ਼, ਜ਼ਹੂਰ ਮਿਲੇ ਜਿਨ੍ਹਾਂ ਨੇ ਵੰਡ ਤੋਂ ਪਹਿਲਾਂ ਪਿੰਡ ਰਹਿੰਦੇ ਸਿੱਖ ਪਰਵਾਰਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਤੋਂ ਧਨੂਆਣੇ ਆ ਕੇ ਵੱਸੇ ਬਜ਼ੁਰਗ ਮਹਿਬੂਬ, ਅਬਦੁਲ ਹਮੀਦ ਤੇ ਅਬਦੁਲ ਰਹਿਮਾਨ ਮਿਲੇ ਜਿੰਨ੍ਹਾ ਨੇ ਚੜ੍ਹਦੇ ਪੰਜਾਬ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਪਿੰਡ ਵਾਸੀਆਂ ਵੱਲੋਂ ਸ, ਅਜੀਤ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਇਕ ਇੱਟ ਯਾਦਗਾਰੀ ਚਿੰਨ੍ਹ ਵਜੋਂ ਭੇਟ ਕੀਤੀ।