ਖਾਸ ਖਬਰਾਂ

ਸਿੱਖ ਪੱਤਰਕਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਿਸ ਮੋੜਿਆ: ਕੀ ਮੋਦੀ ਸਰਕਾਰ ਨੇ ਸਿੱਖਾਂ ਦੀ ਕਾਲੀ ਸੂਚੀ ਮੁੜ ਸਰਗਰਮ ਕਰ ਲਈ ਹੈ?

By ਸਿੱਖ ਸਿਆਸਤ ਬਿਊਰੋ

August 26, 2022

ਚੰਡੀਗੜ੍ਹ  –  ਕਾਨੂੰਨਾਂ, ਕਿਰਸਾਨ ਅੰਦੋਲਨ, ਸ਼ਹੀਨ ਬਾਗ ਅਤੇ ਇੰਡੀਆ ਚ ਕਰੋਨੇ ਦੀ ਦੂਜੀ ਲਹਿਰ ਦੇ ਹਾਲਾਤ ‘ਤੇ ਦਸਤਾਵੇਜ਼ੀ ਫਿਲਮਾਂ ਬਣਾਉਣ ਵਾਲੇ ਅਮਰੀਕੀ ਸਿੱਖ ਪੱਤਰਕਾਰ ਅੰਗਦ ਸਿੰਘ ਨੂੰ ਲੰਘੇ ਦਿਨ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਵੀ ਵਾਪਿਸ ਮੋੜ ਦਿੱਤਾ ਗਿਆ। ਅੰਗਦ ਸਿੰਘ ਅਮਰੀਕਾ ਆਧਾਰਿਤ ਵੈੱਬਸਾਈਟ ਵਾਈਸ ਨਿਊਜ਼ ਲਈ ਦਸਤਾਵੇਜ਼ੀਆਂ ਬਣਾਉਣਦਾ ਹੈ ਅਤੇ ਉਸ ਦਾ ਕਾਰਜ ਘੇਰਾ ਦੱਖਣੀ ਏਸ਼ੀਆ ਹੈ। ਅੰਗਦ ਸਿੰਘ ਅਮਰੀਕਾ ਤੋਂ ਪੰਜਾਬ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਆ ਰਿਹਾ ਸੀ ਪਰ ਉਸ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਹੀ ਨਿਊਯਾਰਕ ਵੱਲ ਜਾਣ ਵਾਲੇ ਜਹਾਜ ਰਾਹੀਂ ਵਾਪਿਸ ਭੇਜ ਦਿੱਤਾ ਗਿਆ।

ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਇੱਕ ਲੇਖਿਕਾ ਹਨ ਜਿਹਨਾ ਨੇ ਪੰਜਾਬੀ ਲੋਕ ਕਹਾਣੀਆਂ ਨੂੰ ਮੁੜ ਸੁਰਜੀਤ ਕਰਨ ਲਈ ਕੰਮ ਕੀਤਾ ਹੈ ਅਤੇ ਉਹਨਾ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ “ਮਰਜੀਵੜਾ” ਨਾਮੀ ਕਿਤਾਬ ਲਿਖੀ ਹੈ। ਉਹਨਾ ਕਿਹਾ ਕਿ ਇੰਡੀਆ ਦੇ ਅਧਿਕਾਰੀਆਂ ਅੰਗਦ ਸਿੰਘ ਨੂੰ ਵਾਪਿਸ ਭੇਜਣ ਦਾ ਕੋਈ ਵੀ ਕਾਰਨ ਨਹੀਂ ਦਿੱਤਾ।

ਇਕ ਪਾਸੇ ਮੋਦੀ ਸਰਕਾਰ ਤੇ ਭਾਜਪਾ ਆਗੂ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਦੇ ਦਮਗਜੇ ਮਾਰਦੇ ਹਨ ਓਥੇ ਦੂਜੇ ਪਾਸੇ ਸਿੱਖਾਂ ਨੂੰ ਆਪਣੀ ਪੁਸ਼ਤੈਨੀ ਭੋਇਂ ‘ਦੇਸ ਪੰਜਾਬ’ ਨਹੀਂ ਆਉਣ ਦਿੱਤਾ ਜਾ ਰਿਹਾ। ਅਜਿਹੇ ਵਿਚ ਸਵਾਲ ਹੈ ਕਿ ਕੀ ਮੋਦੀ ਸਰਕਾਰ ਨੇ ਅਖੌਤੀ “ਕਾਲੀ ਸੂਚੀ” ਮੁੜ ਸਰਗਰਮ ਕਰ ਲਈ ਹੈ ਕਿਉਂਕਿ ਹਕੀਕਤ ਇਹ ਹੈ ਕਿ ਸਰਕਾਰ ਨੇ ਇਹ ਸੂਚੀ ਕਦੇ ਵੀ ਖਤਮ ਨਹੀਂ ਸੀ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: