ਸਿੱਖ ਖਬਰਾਂ

ਘੱਲੂਘਾਰਾ ਹਫਤਾ ਤੇ ਘੱਲੂਘਾਰਾ ਯਾਦਗਾਰੀ ਮਾਰਚ 1 ਤੋਂ 6 ਜੂਨ ਤੱਕ

May 26, 2010 | By

ਜਲੰਧਰ (21 ਮਈ, 2010): ਸਿੱਖ ਇਤਿਹਾਸ ਦੇ ਤੀਸਰੇ ਘੱਲੂਘਾਰੇ ਦੀ 26ਵੀਂ ਵਰ੍ਹੇਗੰਢ ਮੌਕੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ‘ਘੱਲੂਘਾਰਾ ਹਫਤਾ’ ਮਨਾਉਣ ਅਤੇ 1 ਜੂਨ ਤੋਂ 6 ਜੂਨ ਤੱਕ ‘ਘੱਲੂਘਾਰਾ ਯਾਦਗਾਰੀ ਮਾਰਚ’ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦੇਣ ਲਈ ਉਚੇਚੇ ਤੌਰ ਉੱਤੇ ਸੱਦੀ ਗਈ ਇੱਕ ਪ੍ਰੈਸ ਮਿਲਣੀ ਦੌਰਾਨ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ, ਭਾਈ ਕੁਲਬੀਰ ਸਿੰਘ ਬੜਾਪਿੰਡ, ਭਾਈ ਦਇਆ ਸਿੰਘ ਕੱਕੜ, ਭਾਈ ਕੁਮਿੱਕਰ ਸਿੰਘ ਮੁਕੰਦਪੁਰ ਅਤੇ ਭਾਈ ਬਲਵਿੰਦਰ ਸਿੰਘ ਝਬਾਲ ਨੇ ਕਿਹਾ ਕਿ ਸ਼ਹੀਦ ਕੌਮਾਂ ਦੀ ਜਿੰਦ-ਜਾਨ ਅਤੇ ਭਵਿੱਖ ਦੀ ਉਸਾਰੀ ਲਈ ਮਾਰਗ-ਦਰਸ਼ਕ ਹੁੰਦੇ ਹਨ। ਸਿੱਖ ਇਤਿਹਾਸ ਦੇ ਤੀਸਰੇ ਘੱਲੂਘਾਰੇ ਦੀ ਸ਼ੁਰੂਆਤ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨਾਲ ਹੋਈ ਸੀ, ਜਿਸ ਨੂੰ ਕੌਮ ਦੇ ਮਨਾਂ ਵਿੱਚੋਂ ਮਿਟਾਉਣ ਲਈ ਮਨੋਵਿਗਿਆਨਿਕ ਪੱਧਰ ਉੱਤੇ ਭਾਰੀ ਹਮਲੇ ਹੋ ਰਹੇ ਹਨ। ਇਸ ਕੌਮੀ ਦੁਖਾਂਤ ਨੂੰ ਯਾਦ ਕਰਨਾ ਅਤੇ ਇਸ ਦੇ ਉਸਾਰੂ ਪੱਖਾਂ ਦਾ ਚਿੰਤਨ ਕਰਕੇ ਕੌਮ ਲਈ ਚੜ੍ਹਦੀਕਲਾ ਵਾਲਾ ਰਾਹ ਅਖਤਿਆਰ ਕਰਨਾ ਇਨ੍ਹਾਂ ਸਮਾਗਮਾਂ ਦਾ ਮੁੱਖ ਮਨੋਰਥ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਕੌਮ ਦਾ ਭਵਿੱਖ ਹਨ ਅਤੇ ਅਸੀਂ ਇਨ੍ਹਾਂ ਸਮਾਗਮਾਂ ਰਾਹੀਂ ਨੌਜਵਾਨਾਂ ਤੱਕ ਇਹ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਾਂ ਕਿ ਸਿੱਖੀ ਦੀ ਨਿਆਰੀ ਹੋਂਦ ਕਾਇਮ ਰੱਖਣ ਅਤੇ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਵਿਲੱਖਣ ਸਿਧਾਂਤ ਨੂੰ ਅਮਲੀ ਰੂਪ ਦੇਣ ਦੀ ਜਿੰਮੇਵਾਰੀ ਹੁਣ ਉਨ੍ਹਾਂ ਉੱਤੇ ਹੈ। ਸਿੱਖ ਨੌਜਵਾਨਾਂ ਨੂੰ ਆਲਮੀ ਪੱਧਰ ਦੇ ਗਿਆਨ ਨਾਲ ਲੈਸ ਹੋ ਕੇ ਇਸ ਇਤਿਹਾਸਿਕ ਜਿੰਮੇਵਾਰੀ ਨੂੰ ਕਬੂਲਣਾ ਚਾਹੀਦਾ ਹੈ।

ਇਨ੍ਹਾਂ ਸਮਾਗਮਾਂ ਸਬੰਧੀ ਵੇਰਵੇ ਜਾਰੀ ਕਰਦਿਆਂ ਭਾਈ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਉਪਰੋਕਤ ਫੈਸਲਾ ਪਾਰਟੀ ਦੇ ਲੁਧਿਆਣਾ ਸਥਿੱਤ ਦਫਤਰ ਵਿਖੇ ਬੀਤੇ ਦਿਨੀਂ ਹੋਈ ਇੱਕ ਅਹਿਮ ਇਕੱਤਰਤਾ ਵਿੱਚ ਲਿਆ ਗਿਆ ਸੀ ਅਤੇ ਅਤੇ ਇਸ ਸਬੰਧੀ ਦਲ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ, ਜੋ ਇਸ ਸਮੇਂ ਸਿਆਸੀ ਕਾਰਨਾਂ ਕਰਕੇ ਅੰਮ੍ਰਿਤਸਰ ਜੇਲ੍ਹ ਵਿੱਚ ਨਜ਼ਰਬੰਦ ਹਨ, ਵੱਲੋਂ ਵੀ ਸਹਿਮਤੀ ਪ੍ਰਗਟਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਰਚ ਲਈ ਮੁਢਲੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਹਿਲੇ ਸਿੱਖ ਰਾਜ ਦੀ ਤ੍ਰੈ-ਸ਼ਤਾਬਦੀ ਅਤੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਇਹ ਮਾਰਚ 1 ਜੂਨ ਨੂੰ ਚੱਪੜਚਿੜੀ ਦੇ ਮੈਦਾਨ ਤੋਂ ਰਵਾਨਾ ਹੋਵੇਗਾ ਅਤੇ ਫਤਹਿਗੜ੍ਹ ਸਾਹਿਬ, ਪਟਿਆਲਾ, ਮਾਨਸਾ, ਤਲਵੰਡੀ ਸਾਬੋ, ਭਗਤਾ ਭਾਈ ਕਾ, ਬੁੱਧ ਸਿੰਘ ਵਾਲਾ, ਰੋਡੇ, ਜੋਗੇਵਾਲਾ, ਤਰਨਤਾਰਨ, ਬੀੜ ਬਾਬ ਬੁੱਢਾ ਜੀ ਅਤੇ ਛੇਹਰਟਾ ਵਿੱਚ ਦੀ ਹੁੰਦਾ ਹੋਇਆ 5 ਜੂਨ ਨੂੰ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚੇਗਾ। ਇਸ ਦੌਰਾਨ ਗੁਰਦੁਆਰਾ ਪ੍ਰਮੇਸ਼ਵਰ ਦੁਆਰ (ਸ਼ੇਖੂਪੁਰਾ, ਪਟਿਆਲਾ), ਤਖ਼ਤ ਸ਼੍ਰੀ ਦਮਦਮਾ ਸਾਹਿਬ, ਜੋਗੇਵਾਲਾ ਅਤੇ ਤਰਨਤਾਰਨ ਸਾਹਿਬ ਵਿਖੇ ਰਾਤ ਦੇ ਪੜਾਅ ਹੋਣਗੇ, ਜਿੱਥੇ ਸ਼ਹੀਦਾਂ ਦੀ ਯਾਦ ਵਿੱਚ ਰਾਤ ਦੇ ਦੀਵਾਨ ਅਤੇ ਸਮਾਗਮ ਕੀਤੇ ਜਾਣਗੇ। 6 ਜੂਨ ਨੂੰ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ‘ਬਾਬਾ ਬੰਦਾ ਸਿੰਘ ਬਹਾਦਰ ਖ਼ਿਤਾਬ’ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਯਾਦਗਾਰੀ ਮਾਰਚ ਦੌਰਾਨ ਲੋਹਗੜ੍ਹ ਦੀ ਇਤਿਹਾਸਿਕ ਜੰਗ ਵਿੱਚ ਵਰਤਿਆ ਗਿਆ ਤੋਪ ਦਾ ਗੋਲਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਤੀਰ ਅਤੇ ਹੋਰਨਾਂ ਇਤਿਹਾਸਿਕ ਵਸਤਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਸ ਮੌਕੇ ਭਾਈ ਅਮਰੀਕ ਸਿੰਘ ਈਸੜੂ ਅਤੇ ਜਸਵੀਰ ਸਿੰਘ ਖੰਡੂਰ ਵੀ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,