ਵਿਦੇਸ਼

ਸਿਡਨੀ ਦੀ ਧਰਤੀ ਤੇ ਬਣੇਗਾ ਆਸਟ੍ਰੇਲੀਆ ਦਾ ਪਹਿਲਾ ‘ਸਿੱਖ ਗਰਾਮਰ ਸਕੂਲ’

By ਸਿੱਖ ਸਿਆਸਤ ਬਿਊਰੋ

March 21, 2021

ਦਹਾਕਾ ਪਹਿਲਾਂ ਸਿਡਨੀ ਸ਼ਹਿਰ ਨਿਵਾਸੀ ਕੁੱਝ ਪੰਥ ਦਰਦੀਆਂ ਦੀ ਇੱਕ ਬੈਠਕ ਹੋਈ ਜਿਸ ਵਿੱਚ ਵਿਚਾਰਾਂ ਚੱਲ ਪਈਆਂ ਕਿ ਆਸਟ੍ਰੇਲੀਆ ਵਿੱਚ ਸਿੱਖ ਸਕੂਲ ਖੋਲਿਆ ਜਾਵੇ ਤਾਂ ਕਿ ਭਵਿੱਖ ਵਿੱਚ ਸਿਡਨੀ ਵਸਦਾ ਸਿੱਖ ਭਾਈਚਾਰਾ ਵੀ ਆਧੁਨਿਕ ਸਿੱਖਿਆ ਪ੍ਰਬੰਧ ਦੇ ਨਾਲ ਨਾਲ ਗੁਰਮਤਿ ਸਿੱਖਿਆ ਦਾ ਪਸਾਰ ਕਰ ਸਕੇ।

ਸਭ ਪਤਵੰਤੇ ਸੁੱਚੀ ਭਾਵਨਾ ਤਹਿਤ ਇਸ ਰਾਹ ਤੇ ਸਿਰੜ ਨਾਲ ਚੱਲ ਪਏ, ਭਾਵੇਂ ਕਿ ਇਸ ਤਰਾਂ ਦੀ ਵੱਡੀ ਸੰਸਥਾ ਖੋਲ੍ਹਣ ਦਾ ਕੋਈ ਤਜਰਬਾ ਨਹੀਂ ਸੀ, ਪਰ ਪੱਕਾ ਸਿਰੜ ਅਤੇ ਗੁਰੂ ਤੇ ਟੇਕ ਸੀ ਕਿ ਸਤਿਗੁਰੂ ਭਲੀ ਕਰਨਗੇ। ਸੰਗਤਾਂ ਦੇ ਸਹਿਯੋਗ ਨਾਲ ਜ਼ਮੀਨ ਖਰੀਦੀ ਗਈ, ਪਰ ਜ਼ਮੀਨ ਦੇ ਨੇੜੇ ਭੱਠਾ ਹੋਣ ਕਰਕੇ ਸਕੂਲ ਦੀ ਪ੍ਰਵਾਨਗੀ ਮੁਸ਼ਕਿਲ ਸੀ, ਇਸ ਨਾਲ ਦੇਰੀ ਹੋਣੀ ਸੁਭਾਵਿਕ ਸੀ। ਇਸ ਦੌਰਾਨ ਕਈਆਂ ਨੇ ਤਨਜ ਵੀ ਕੱਸੇ ਪਰ ਸਿਰੜੀ ਸਿੱਖ ਗੁਰੂ ਸਾਹਿਬ ਤੇ ਓਟ ਰੱਖ ਕੇ ਯਤਨ ਕਰਦੇ ਰਹੇ।

ਪਹਿਲਾਂ ਖਰੀਦੀ ਜ਼ਮੀਨ 3 ਮਿਲੀਅਨ ਵੇਚ ਕੇ ਹੋਰ ਥਾਂ ਤੇ ਸਕੂਲ ਲਈ ਜ਼ਮੀਨ ਖਰੀਦ ਲਈ ਜੋ ਕਿ ਸਕੂਲ ਦੀ ਪ੍ਰਵਾਨਗੀ ਲਈ ਢੁੱਕਵੀਂ ਸੀ, ਪਰ ਤਨਜ ਕੱਸਣ ਵਾਲਿਆਂ ਨੇ ਫਿਰ ਵੀ ਆਪਣੀ ਆਦਤ ਜਾਰੀ ਰੱਖੀ । ਥੋੜ੍ਹੇ ਸਮੇਂ ਬਾਅਦ ਹੀ ਇਸ ਜ਼ਮੀਨ ਦੇ ਨੇੜਲਾ ਇਲਾਕਾ ਰਿਹਾਇਸ਼ੀ ਇਮਾਰਤਾਂ ਬਣਾਉਣ ਲਈ ਲੋਕਲ ਸਰਕਾਰ ਵੱਲੋਂ ਮਨਜੂਰ ਹੋ ਗਿਆ ਤੇ 3 ਮਿਲੀਅਨ ਦੀ ਥਾਂ ਜ਼ਮੀਨ ਦਾ ਮੁੱਲ 35 ਮਿਲੀਅਨ ਤੱਕ ਪਹੁੰਚ ਗਿਆ।

ਸਤਿਗੁਰਾਂ ਨੇ ਮਿਹਰ ਕੀਤੀ ਸਿੱਖਾਂ ਦੀ ਸੇਵਾ ਨੂੰ ਅਸ਼ੀਸ ਬਖ਼ਸ਼ੀ ਤੇ ਸਕੂਲ ਲਈ ਲੋੜੀਂਦੀ ਪ੍ਰਵਾਨਗੀ ਮਿਲ ਗਈ। ਪਿਛਲੇ ਦਿਨੀਂ ਦੀ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਸੰਗਤਾਂ ਇਕੱਤਰ ਹੋਈਆਂ ਅਤੇ ਭੱਵਿਖ ਦੀ ਵਿਉਂਤਬੰਦੀ ਕੀਤੀ ਗਈ।

ਸਿੱਖ ਗਰਾਮਰ ਸਕੂਲ, ਸਿਡਨੀ ਨੂੰ ਸ਼ੁਰੂ ਕਰਨ ਦਾ ਪੂਰਾ ਬਜਟ 165 ਮਿਲੀਅਨ ਦਾ ਹੋਵੇਗਾ ਜੋ ਸੰਗਤਾਂ ਦੇ ਸਹਿਯੋਗ ਨਾਲ ਪੂਰਾ ਕਰ ਲਿਆ ਜਾਵੇਗਾ।

ਵਧੇਰੇ ਜਾਣਕਾਰੀ ਲਈ ਸਕੂਲ ਦੀ ਵੈੱਬਸਾਈਟ ਤੇ ਗੇੜੀ ਮਾਰ ਆਉਣਾ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: