ਸਿੱਖ ਆਗੂ ਪਾਕਿਸਤਾਨ ਦੇ ਧਾਰਮਕਿ ਮਾਮਲਿਆਂ ਦੇ ਮੰਤਰੀ ਨਾਲ ਮੁਲਾਕਾਤ ਸਮੇਂ

ਵਿਦੇਸ਼

ਸਿੱਖ ਆਗੂਆਂ ਨੇ ਪਾਕਿਸਤਾਨ ਦੇ ਧਾਰਮਿਕ ਮਾਮਲ਼ਿਆਂ ਦੇ ਮੰਤਰੀ ਨੂੰ ਮਿਲਕੇ ਨਾਨਕਸ਼ਾਹੀ ਕੈਲੰਡਰ ਜਾਰੀ ਰੱਖਣ ਲਈ ਕੀਤਾ ਧੰਨਵਾਦ

By ਸਿੱਖ ਸਿਆਸਤ ਬਿਊਰੋ

August 31, 2015

ਕੈਲੀਫੋਰਨੀਆ (30 ਅਗਸਤ, 2015 ): ਸਿੱਖ ਵਿਦਵਾਨ ਡਾ: ਅਮਰਜੀਤ ਸਿੰਘ ਦੀ ਅਗਵਾਈ ਵਿਚਲੇ ਇਸ ਵਫਦ ਨੇ ਨਿਊਯਾਰਕ ਦੇ ਬਰੁਕਲਿਨ ਬੌਰੋ ਵਿਖੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਪੀਰ ਮੁਹੰਮਦ ਅਮੀਨ-ਉਲ-ਹਸਨਤ ਨਾਲ ਮੁਲਾਕਾਤ ਕੀਤੀ ਅਤੇ ਪਾਕਿਸਤਾਨ ਸਰਕਾਰ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਜਾਰੀ ਰੱਖਣ ਦੇ ਫੈਸਲੇ ਲਈ ਪਾਕਿਸਤਾਨੀ ਹਕੂਮਤ ਦਾ ਧੰਨਵਾਦ ਕੀਤਾ |

ਨਿਊਯਾਰਕ ਦੇ ਬਰੁਕਲਿਨ ਬੌਰੋ ਵਿਖੇ ਸਿੱਖ ਜਥੇਬੰਦੀਆਂ ਦੇ ਇਕ ਵਫਦ ਨੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਪੀਰ ਮੁਹੰਮਦ ਅਮੀਨ-ਉਲ-ਹਸਨਤ ਨਾਲ ਮੁਲਾਕਾਤ ਕੀਤੀ |

ਸਿੱਖ ਵਫਦ ਨੇ ਪਾਕਿਸਤਾਨ ਵਿਚਲੇ ਗੁਰਦੁਆਰਾ ਸਾਹਿਬਾਨਾਂ ਦੀ ਪੁਰਾਤਨਤਾ ਅਤੇ ਇਤਿਹਾਸਕ ਦਿੱਖ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਰ ਸੇਵਾ ਦੇ ਨਾਂਅ ਥੱਲੇ ਕਿਸੇ ਨੂੰ ਵੀ ਸਿੱਖ ਇਤਿਹਾਸਕ ਵਿਰਸੇ ਨਾਲ ਛੇੜਛਾੜ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ |

ਇਸ ਮੁਲਾਕਾਤ ਦੌਰਾਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀਰ ਸਾਹਿਬ ਨੂੰ ਇਕ ਮੰਗ ਪੱਤਰ ਸੌਾਪਿਆ ਗਿਆ, ਜਿਸ ਵਿਚ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ‘ਚ ਪੈਂਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਐਸ. ਜੀ. ਪੀ. ਸੀ. ਨੂੰ ਦਿੱਤੇ ਜਾਣ ‘ਤੇ ਵਿਰੋਧ ਜਿਤਾਇਆ ਗਿਆ | ਵਫਦ ਮੁਤਾਬਿਕ ਐਸ. ਜੀ. ਪੀ. ਸੀ. ਵੱਲੋਂ ਸਿੱਖ ਵਿਰੋਧੀ ਤਾਕਤਾਂ ਦੇ ਇਸ਼ਾਰੇ ‘ਤੇ ਕਾਰ ਸੇਵਾ ਦੇ ਨਾਂਅ ਥੱਲੇ ਸਿੱਖ ਵਿਰਾਸਤ ਨੂੰ ਖਤਮ ਕੀਤਾ ਜਾ ਰਿਹਾ ਹੈ |

ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਹਕੂਮਤ ਸਿੱਖ ਮਸਲਿਆਂ ‘ਤੇ ਡਟਵਾਂ ਪਹਿਰਾ ਦੇਵੇਗੀ ਅਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਮੰਗਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਸੁਹਿਰਦਤਾ ਨਾਲ ਯਤਨ ਕੀਤਾ ਜਾਵੇਗਾ |

ਇਸ ਵਫਦ ਵਿਚ ਡਾ: ਅਮਰਜੀਤ ਸਿੰਘ ਤੋਂ ਇਲਾਵਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਪੰਨੂ, ਸਿੱਖ ਯੂਥ ਆਫ ਅਮਰੀਕਾ ਦੇ ਜਨਰਲ ਸਕੱਤਰ ਡਾ: ਰਣਜੀਤ ਸਿੰਘ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਤੋਂ ਕਿਰਪਾਲ ਸਿੰਘ ਬਿਿਲੰਗ ਅਤੇ ਜਸਬੀਰ ਸਿੰਘ, ਕੁਲਵੰਤ ਸਿੰਘ ਤੇ ਸੁਖਜਿੰਦਰ ਸਿੰਘ ਬਾਜਵਾ ਸ਼ਾਮਿਲ ਸਨ |

ਇੰਗਲੈਂਡ ਤੋਂ ਸਾਊਥ ਏਸ਼ੀਅਨ ਮਾਮਲਿਆਂ ਦੇ ਵਿਦਵਾਨ ਡਾ: ਇਕਤਿਦਾਰ ਕਰਾਮਤ ਚੀਮਾ ਵੀ ਇਸ ਮੀਟਿੰਗ ਦੌਰਾਨ ਮੌਜੂਦ ਸਨ | ਵਫਦ ਵੱਲੋਂ ਪੀਰ ਸਾਹਿਬ ਨੂੰ ਸਨਮਾਨਿਤ ਵੀ ਕੀਤਾ ਗਿਆ |

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: