ਪੰਜਾਬ ਦੀ ਰਾਜਨੀਤੀ

ਸਿੱਖ ਕੌਮ 6 ਜੂਨ ਨੂੰ “ਖ਼ਾਲਿਸਤਾਨ ਡੇ” ਵਜੋਂ ਮਨਾਵੇ: ਦਲ ਖ਼ਾਲਸਾ

By ਸਿੱਖ ਸਿਆਸਤ ਬਿਊਰੋ

June 03, 2016

ਅੰਮ੍ਰਿਤਸਰ: ਦਲ ਖ਼ਾਲਸਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਸ਼ਹਾਦਤ ਤੋਂ ਪਹਿਲਾਂ ਕਹੇ ਗਏ ਇਹ ਸ਼ਬਦ ਕਿ “ਜੇਕਰ ਭਾਰਤ ਸਰਕਾਰ ਦਰਬਾਰ ਸਾਹਿਬ ‘ਤੇ ਹਮਲਾ ਕਰਦੀ ਹੈ, ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ” ਨੂੰ ਸਤਿਕਾਰ ਅਤੇ ਸੱਚੀ ਸ਼ਰਧਾ ਭੇਂਟ ਕਰਨ ਲਈ ਵਿਸ਼ਵ ਵਿੱਚ ਵਸਦੀ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ 6 ਜੂਨ ਨੂੰ “ਖਾਲਿਸਤਾਨ ਡੇ” ਵਜੋਂ ਮਨਾਉਣ।

ਦਰਬਾਰ ਸਾਹਿਬ ‘ਤੇ ਭਾਰਤੀ ਫੋਜਾਂ ਵੱਲੋਂ “ਸਾਕਾ ਨੀਲਾ ਤਾਰਾ” ਦੇ ਨਾਂ ਹੇਠ ਕੀਤੇ ਹਮਲੇ ਦੀ 32ਵੀਂ ਵਰ੍ਹੇਗੰਢ ਮੌਕੇ ਜਜ਼ਬੇ ਭਰਪੂਰ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ, “32 ਸਾਲ ਪਹਿਲਾਂ ਦਰਬਾਰ ਸਾਹਿਬ ‘ਤੇ ਹੋਏ ਭਾਰਤੀ ਹਮਲੇ ਨਾਲ, ਅਜ਼ਾਦ ਸਿੱਖ ਰਾਜ ਦੀ ਨੀਂਹ ਰੱਖੀ ਗਈ ਸੀ। ਦਰਬਾਰ ਸਾਹਿਬ ‘ਤੇ ਹੋਏ ਹਮਲੇ ਨਾਲ ਸਿੱਖਾਂ ਅੰਦਰ ਜੋ ਪ੍ਰਭੂਸੱਤਾ ਅਤੇ ਆਜ਼ਾਦੀ ਦੀ ਤਾਂਘ ਮਜ਼ਬੂਤ ਹੋਈ ਸੀ ਉਹ ਸਮੇਂ ਅਤੇ ਰਾਜਨੀਤਿਕ ਹਾਲਾਤਾਂ ਦੇ ਬਦਲਣ ਨਾਲ ਖਤਮ ਨਹੀਂ ਹੋਈ । ਸਿੱਖਾਂ ਵਲੋਂ ਭਾਵੇਂ ਕਿ ਇਨ੍ਹਾਂ ਜਜ਼ਬਾਤਾਂ ਦਾ ਅੱਜ ਕੋਈ ਬਾਹਰੀ ਪ੍ਰਗਟਾਵਾ ਬਹੁਤ ਵੱਡੇ ਪੱਧਰ ਤੇ ਨਜ਼ਰ ਨਹੀਂ ਆ ਰਿਹਾ, ਪਰ ਸਿੱਖਾਂ ਦੀ ਵੱਡੀ ਗਿਣਤੀ ਸਵੈ-ਰਾਜ ਦੀ ਇਛੁੱਕ ਹੈ ਅਤੇ ਉਹ ਦਿੱਲੀ ਦੇ ਅਧੀਨ ਨਹੀਂ ਰਹਿਣਾ ਚਾਹੁੰਦੇ”।

ਦਲ ਖ਼ਾਲਸਾ ਨਾਲ ਜੁੜੇ ਸੈਂਕੜੇ ਸਿਰੜੀ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਨੇ ਅੱਜ ਅੰਮ੍ਰਿਤਸਰ ਸ਼ਹਿਰ ਵਿੱਚ ਢੱਠੇ ਅਕਾਲ ਤਖ਼ਤ ਸਾਹਿਬ ਅਤੇ ਭਾਰਤੀ ਫੋਜਾਂ ਨਾਲ ਜੂਝਦਿਆਂ ਸ਼ਹੀਦ ਹੋਏ ਸਿੱਖ ਯੋਧਿਆਂ ਦੀਆਂ ਤਸਵੀਰਾਂ ਹੱਥਾਂ ਵਿੱਚ ਫੜ੍ਹ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ। ਖਾਲਸਾਈ ਨਿਸ਼ਾਨ ਸਾਹਿਬ ਅਤੇ ਵੱਖ-ਵੱਖ ਸੁਨੇਹੇ ਦਿੰਦੇ ਪੋਸਟਰ ਫੜ੍ਹੀ ਪ੍ਰਦਰਸ਼ਨਕਾਰੀ ਦਲ ਖ਼ਾਲਸਾ ਦਫਤਰ ਤੋਂ ਚੱਲ੍ਹ ਕੇ ਸ਼ਹਿਰ ਦੀਆਂ ਵੱਖੋ ਵੱਖ ਸੜਕਾਂ ਤੋਂ ਹੁੰਦੇ ਹੋਏ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਜਿਥੇ ਉਹਨਾਂ ਅਰਦਾਸ ਨਾਲ ਮਾਰਚ ਦੀ ਸਮਾਪਤੀ ਕੀਤੀ ਅਤੇ ਸ਼ਹੀਦ ਹੋਣ ਵਾਲਿਆ ਨੂੰ ਸ਼ਰਧਾਜਲੀ ਭੇਂਟ ਕੀਤੀ। ਇਸ ਦੌਰਾਨ ਰਾਹ ਵਿੱਚ ਪ੍ਰਦਰਸ਼ਨਕਾਰੀਆਂ ਨੇ ਖ਼ਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਜੁਝਾਰੂ ਸਾਥੀਆਂ ਦੀ ਸਿਫਤ ਸਲਾਹ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, ” ਭਾਰਤੀ ਫੋਜਾਂ ਖਿਲਾਫ ਅਸਾਵੀਂ ਜੰਗ ਲੜ੍ਹ ਕੇ ਸਿੱਖਾਂ ਨੇ ਬਹਾਦਰੀ ਦੀ ਮਿਸਾਲ ਪੈਦਾ ਕੀਤੀ ਹੈ”। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੂਰਬੀਰਤਾ ਅਤੇ ਦ੍ਰਿੜਤਾ ਨਾਲ ਕੌਮੀ ਹੱਕਾਂ ਲਈ ਸੰਘਰਸ਼ ਜਾਰੀ ਰੱਖਣ। ਸਿੱਖ ਕੌਮ ਦੀ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਨੂੰ ਮੰਜਿਲ ਤੱਕ ਪਹੁੰਚਾਉਣ ਲਈ ਉਨ੍ਹਾਂ ਕਹਿਣੀ ‘ਤੇ ਕਰਨੀ ਦੇ ਸਿਧਾਂਤ ਨੂੰ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ, “ਅਸੀਂ ਲੋਕਤੰਤਰਿਕ ਅਤੇ ਸ਼ਾਤਮਈ ਤਰੀਕੇ ਨਾਲ ਆਪਣਾ ਆਜ਼ਾਦੀ ਦਾ ਮਿਸ਼ਨ ਤਾਂ ਹੀ ਸਰ ਕਰ ਸਕਦੇ ਹਾਂ, ਜੇਕਰ ਅਸੀਂ ਇਕੱਠੇ ਹੋ ਕੇ ਇਸ ਰਾਹ ‘ਤੇ ਤੁਰਾਂਗੇ”।

ਪਾਰਟੀ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਵਿਅੰਗ ਕਰਦਿਆਂ ਕਿਹਾ ਕਿ ਭਾਰਤੀ ਹਕੂਮਤ ਨੇ ਸਾਡੇ ਪਵਿੱਤਰ ਅਸਥਾਨਾਂ ਤੇ ਹਮਲਾ ਕਰਕੇ ਸਾਡੇ ਇੱਜ਼ਤ, ਸਵੈਮਾਣ ਨੂੰ ਰੋਲਿਆ, ਹਜ਼ਾਰਾਂ ਨਿਰਦੋਸ਼ਾਂ ਨੂੰ ਮਾਰਿਆ ਅਤੇ ਕੈਦ ਕੀਤਾ ਪਰ ਇਸ ਸਭ ਦੇ ਬਾਵਜੂਦ ‘ਭਾਰਤ ਅੱਜ ਵੀ ਮਹਾਨ ਧਰਮ ਨਿਰਪੱਖ ਦੇਸ਼’ ਹੈ ਅਤੇ ਸਿੱਖਾਂ ਨੂੰ ਸਾਜਿਸ਼ੀ ਢੰਗ ਨਾਲ ‘ਅੱਤਵਾਦੀ’ ਗਰਦਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ 84 ਤੋਂ ਬਾਅਦ ਰਾਜਨੀਤਿਕ ਚਿਹਰੇ ਬਦਲੇ ਹਨ, ਕੁਝ ਸਿੱਖ ਚਿਹਰੇ ਸੂਬਾ ਅਤੇ ਕੇਂਦਰੀ ਪੱਧਰ ‘ਤੇ ਅੱਗੇ ਵੀ ਆਏ ਹਨ, ਪਰ ਇਸ ਨਾਲ ਜੂਨ 84 ਦੇ ਜਖ਼ਮ ਭਰੇ ਨਹੀਂ ਹਨ।

ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦਰਬਾਰ ਸਾਹਿਬ ‘ਤੇ ਭਾਰਤੀ ਫੋਜਾਂ ਵੱਲੋਂ ਕੀਤੇ ਹਮਲੇ ਦੇ ਰੋਸ ਵਜੋਂ 6 ਜੂਨ ਨੂੰ ਪਾਰਟੀ ਵੱਲੋਂ ਦਿੱਤੇ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਹਮਲੇ ਵਿੱਚ ਹਜਾਰਾਂ ਨਿਰਦੋਸ਼ ਨਿਹੱਥੀਆਂ ਸਿੱਖ ਸੰਗਤਾਂ, ਸ਼ਰੋਮਣੀ ਕਮੇਟੀ ਮੁਲਾਜਮ, ਰਾਜਨੀਤਿਕ ਆਗੂ ਅਤੇ ਕਾਰਕੁੰਨ ਭਾਰਤੀ ਫੌਜੀਆਂ ਦੇ ਜੁਲਮਾਂ ਦਾ ਸ਼ਿਕਾਰ ਹੋਏ ਸਨ।

ਉਨ੍ਹਾਂ ਕਿਹਾ, “ਇਹ ਹਮਲਾ ਕਾਨੂੰਨ ਅਨੁਸਾਰ ਬਣੀ ਉਸ ਸਮੇ ਦੀ ਹਕੂਮਤ ਵੱਲੋਂ ਕੀਤਾ ਗਿਆ ਸੀ, ਇਸ ਲਈ ਭਾਰਤੀ ਨਿਜ਼ਾਮ ਤੋਂ ਸਾਨੂੰ ਇਨਸਾਫ ਦੀ ਕੋਈ ਆਸ ਨਹੀਂ ਹੈ”। ਉਨ੍ਹਾਂ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਉਡੀਕ ਕਰ ਰਹੇ ਹਨ ਕਿ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਆਪਣੇ ਆਰਥਿਕ ਮੁਫਾਦਾਂ ਤੋਂ ਉਪਰ ਉੱਠ ਕੇ ਜ਼ਾਲਮ ਹਕੂਮਤ ਖਿਲਾਫ ਕਾਰਵਾਈ ਕਰਨ।

ਮਾਰਚ ਦੀ ਅਗਵਾਈ ਕਰਨ ਵਾਲਿਆਂ ਵਿੱਚ ਸਤਨਾਮ ਸਿੰਘ ਪਾਉਂਟਾ ਸਾਹਿਬ, ਬਲਦੇਵ ਸਿੰਘ ਸਿਰਸਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇਤਾ ਕਰਨੈਲ ਸਿੰਘ ਪੀਰਮੁਹੰਮਦ, ਬਾਬਾ ਅਵਤਾਰ ਸਿੰਘ ਸਾਧਾਂਵਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਸੁਰਜੀਤ ਸਿੰਘ ਰਾਮਗੜ੍ਹ, ਮਨਧੀਰ ਸਿੰਘ, ਅਮਰੀਕ ਸਿੰਘ ਈਸੜੂ, ਨੋਬਲਜੀਤ ਸਿੰਘ, ਰਣਬੀਰ ਸਿੰਘ, ਗੁਰਦੀਪ ਸਿੰਘ ਕਾਲਕੱਟ, ਸੁਖਦੇਵ ਸਿੰਘ, ਜਗਜੀਤ ਸਿੰਘ ਖੋਸਾ, ਅਵਤਾਰ ਸਿੰਘ ਨਰੋਤਮਪੁਰ, ਬਾਬਾ ਸੁਖਵੰਤ ਸਿੰਘ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਸ਼ਾਮਿਲ ਸਨ।

ਸੁਖਚੈਨ ਸਿੰਘ, ਡਾ ਜਸਬੀਰ ਸਿੰਘ ਢਾਂਗੂ, ਦਰਸ਼ਨ ਸਿੰਘ ਬੈਨੀ, ਗੁਰਮੀਤ ਸਿੰਘ ਗੋਗਾ, ਮਨਜੀਤ ਸਿੰਘ ਬੰਬ, ਦਲਜੀਤ ਸਿੰਘ ਮੌਲਾ, ਬਾਬਾ ਬਖਸ਼ੀਸ਼ ਸਿੰਘ, ਸੁਰਿੰਦਰ ਸਿੰਘ ਠੀਕਰੀਵਾਲ, ਕਮਿਕਰ ਸਿੰਘ, ਭਾਈ ਗੁਰਨੇਕ ਸਿੰਘ, ਭਾਈ ਪਿਪਲ ਸਿੰਘ, ਦਲੇਰ ਸਿੰਘ ਆਦਿ ਨੇ ਮਾਰਚ ਵਿੱਚ ਸ਼ਮੂਲੀਅਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: