ਨਿਊਯਾਰਕ: ਅਮਰੀਕਾ ਦੇ ਹਜ਼ਾਰਾਂ ਸਿੱਖਾਂ ਨੇ ਇਥੇ ਮੈਨਹੱਟਨ ਦੇ ਐਨ ਵਿਚਕਾਰ ਕੱਢੀ ਗਈ ਸਾਲਾਨਾ ‘ਸਿੱਖ ਡੇਅ ਪਰੇਡ’ ’ਚ ਸ਼ਿਰਕਤ ਕੀਤੀ। ਸਿੱਖਾਂ ਨੇ ਆਪਣੇ ’ਤੇ ਹੁੰਦੇ ਨਫ਼ਰਤੀ ਅਪਰਾਧਾਂ ਦੀਆਂ ਘਟਨਾਵਾਂ ਦਰਮਿਆਨ ਪਰੇਡ ਰਾਹੀਂ ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਈ। ਇੰਜ ਜਾਪ ਰਿਹਾ ਸੀ ਕਿ ਮੈਨਹੱਟਨ ’ਚ ਦਸਤਾਰਾਂ ਦਾ ਹੜ ਆ ਗਿਆ ਹੈ ਜਦਕਿ 31ਵੀਂ ‘ਸਿੱਖ ਡੇਅ ਪਰੇਡ’ ਦੌਰਾਨ ਵੱਡੀ ਗਿਣਤੀ ’ਚ ਔਰਤਾਂ ਅਤੇ ਬੱਚੇ ਵੀ ਰਵਾਇਤੀ ਪੁਸ਼ਾਕਾਂ ’ਚ ਸਜੇ ਹੋਏ ਸਨ। ਪਰੇਡ ’ਚ ਕੀਰਤਨ ਗਤਕੇ ਦੇ ਪ੍ਰਦਰਸ਼ਨ ਨਾਲ ਹੀ ਝਾਕੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਪਰੇਡ ’ਚ ਨਿਊਯਾਰਕ ਸਿਟੀ ਪੁਲੀਸ ਕਮਿਸ਼ਨਰ ਜੇਮਸ ਓ’ਨੀਲ ਅਤੇ ਹੋਬੋਕੇਨ ਮੇਅਰ ਰਵਿੰਦਰ ਐਸ ਭੱਲਾ ਨੇ ਵੀ ਹਾਜ਼ਰੀ ਭਰੀ।
ਓ ਨੀਲ ਨੇ ਬਾਅਦ ਵਿਚ ਇਕ ਟਵੀਟ ਵਿਚ ਕਿਹਾ ਕਿ ‘ਪਰੇਡ ਦਾ ਹਿੱਸਾ ਬਣਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਸਾਡਾ ਸ਼ਹਿਰ ਭਿੰਨਤਾਵਾਂ ਭਰਿਆ ਬਣ ਰਿਹਾ ਹੈ। ਇਸੇ ਤਰ੍ਹਾਂ ਅਸੀਂ ਵੀ ਨਿਊਯਾਰਕ ਪੁਲਿਸ ਵਿਭਾਗ ਵਿਚ ਵੰਨ ਸੁਵੰਨਤਾ ਲਿਆਉਣ ਲਈ ਪ੍ਰਤੀਬੱਧ ਹਾਂ।”
ਪਰੇਡ ਦੇ ਪ੍ਰਬੰਧਕਾਂ ਵਿਚ ਸ਼ਾਮਿਲ ਸੰਗਠਨ ਸਿੱਖਸ ਆਫ਼ ਨਿਊਯਾਰਕ ਦੇ ਸਹਿ-ਸੰਸਥਾਪਕ ਚਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਪਰੇਡ ਸਾਡੇ ਸੱਭਿਆਚਾਰ ਦਾ ਪ੍ਰਗਟਾਵਾ ਕਰਦੀ ਹੈ। 9/11 ਹਮਲੇ ਦੇ ਬਾਅਦ ਤੋਂ ਸਿੱਖ ਭਾਈਚਾਰੇ ਨੂੰ ਨਫ਼ਰਤ ਨਾਲ ਭਰੀ ਹਿੰਸਾ ਦਾ ਕਈ ਵਾਰ ਸਾਹਮਣਾ ਕਰਨਾ ਪਿਆ ਹੈ। ੳਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਜਿਹੇ ਪ੍ਰਬੰਧਾਂ ਨਾਲ ਲੋਕਾਂ ਨੂੰ ਇਹ ਦੱਸਣ ਵਿਚ ਮਦਦ ਮਿਲੇਗੀ ਕਿ ਸਿੱਖ ਵੀ ਅਮਰੀਕੀਆਂ ਜਾਂ ਹੋਰ ਲੋਕਾਂ ਵਰਗੇ ਹੀ ਹਨ। ਪਰੇਡ ਵਿਚ ਲਾਈਵ ਮਿਊਜ਼ਿਕ ਬੈਂਡ, ਮਾਰਚਿੰਗ ਬੈਂਡ ਅਤੇ ਬੱਚਿਆਂ ਦੀਆਂ ਪੇਸ਼ਕਾਰੀਆਂ ਵੀ ਸ਼ਾਮਿਲ ਸਨ। ਇਸ ਦੌਰਾਨ ਗੱਤਕੇ ਦੇ ਜੌਹਰ ਵੀ ਦਿਖਾਏ ਗਏ।