ਟੀਵੀ ਚੈਨਲ "ਆਜ ਤੱਕ"

ਸਿੱਖ ਖਬਰਾਂ

ਗੁਰਦਾਸਪੁਰ ਹਮਲੇ ਨੂੰ ਸਿੱਖ ਖਾੜਕੂਆਂ ਨਾਲ ਜੋੜਨ ਦੇ ਵਿਰੋਧ ‘ਚ ਸਿੱਖ ਕੌਸਲ ਯੁਕੇ ਨੇ ਆਜ ਤੱਕ ਚੈਨਲ ਨੂੰ ਲਿਖਿਆ ਪੱਤਰ

By ਸਿੱਖ ਸਿਆਸਤ ਬਿਊਰੋ

August 02, 2015

ਨਵੀਂ ਦਿੱਲੀ (2 ਅਗਸਤ, 2015): ਪਿੱਛਲੇ ਦਿਨੀ ਗੁਰਦਾਸਪੁਰ ਦੇ ਦੀਨਾਨਗਰ ਥਾਣੇ ‘ਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਹਮਲੇ ਦੌਰਾਨ ਭਾਰਤੀ ਮੀਡੀਆ ਨੇ ਇਸ ਹਮਲੇ ਨੂੰ ਸਿੱਖ ਖਾੜਕੂ ਲਹਿਰ ਅਤੇ ਸਿੱਖਾਂ ਨਾਲ ਜੋੜਦਿਆਂ ਬਿਨਾ ਸਿਰ-ਪੈਰ ਤੋਂ ਖ਼ਬਰਾਂ ਪ੍ਰਾਸਰਿਤ ਕੀਤੀਆ, ਜਿਸ ਕਰਕੇ ਸੰਸਾਰ ਭਰ ਵਿੱਚ ਬੈਠੀ ਸਿੱਖ ਕੌਮ ਵਿੱਚ ਭਾਰਤੀ ਮੀਡੀਆ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।

ਖ਼ਬਰਾਂ ਦੇਣ ਵਾਲੇ ਹਿੰਦੀ ਟੀਵੀ ਚੈਨਲਾਂ ਵਿੱਚੋਂ “ਆਜ ਤੱਕ” ਨੇ ਬਿਨਾਂ ਤੱਥਾਂ ਦੀ ਤਫਦੀਸ਼ ਕੀਤਿਆਂ ਇਸ ਹਮਲੇ ਨੂੰ ਸਿੱਖਾਂ ਨਾਲ ਜੋੜ ਕੇ ਖ਼ਬਰਾਂ ਪ੍ਰਸਾਰਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।

ਬਰਤਾਨੀਆਂ ਦੀ ਜੱਥੇਬੰਦੀ ਸਿੱਖ ਕੌਂਸਲ ਯੁਕੇ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਇਸ ਹਮਲੇ ਦੀ ਘਟਨਾ ਨੂੰ ਆਜ ਤੱਕ ਟੀਵੀ ਚੈਨਲ ਵੱਲੋਂ ਸਿੱਖਾਂ ਨਾਲ ਜੋੜਨ ਦੇ ਰੋਸ ਚੈਨਲ ਦੇ ਪ੍ਰਬੰਧਕਾਂ ਨੂੰ ਪੱਤਰ ਲਿਖਿਆ ਹੈ।

ਸਿੱਖ ਕੌਂਸਲ ਯੂਕੇ ਦੇ ਸਕੱਤਰ ਜਨਰਲ ਸ੍ਰ. ਗੁਰਮੇਲ ਸਿੰਘ ਨੇ ਪੱਤਰ ਵਿੱਚ ਕਿਹਾ ਹੈ ਕਿ ” ਆਜ ਤੱਕ” ਟੀਵੀ ਚੈਨਲ ਨੇ ਆਪਣੀਆਂ ਖਬਰਾਂ ਵਿੱਚ ਇਹ ਗੱਲ ਲਗਾਤਾਰ ਪ੍ਰਸਾਰੀ ਕਿ ਹਮਲਾਵਰ ਸਿੱਖ ਖਾੜਕੂ ਹਨ। ਭਾਵੇਂ ਕਿ ਥੋੜੇ ਸਮੇਂ ਹਮਲਾਵਰਾਂ ਵੱਲੋਂ ਮਾਰੇ ਨਾਅਰਿਆਂ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਸੀ ਕਿ ਹਮਲਾਵਰ ਸਿੱਖ ਨਹੀਂ ਹਨ, ਪਰ “ਆਜ ਤੱਕ” ਨੇ ਫਿਰ ਵੀ ਸਾਰਾ ਦਿਨ ਇਹ ਖ਼ਬਰ ਪ੍ਰਸਾਰਿਤ ਕੀਤੀ ਕਿ ਹਮਲਾਵਾਰ ਸਿੱਖ ਖਾੜਕੂ ਸਨ”।

ਉਨ੍ਹਾਂ ਕਿਹਾ ਕਿ ਅੰਤ ਵਿੱਚ ਜਦ ਇਸ ਘਟਨਾ ਸਬੰਧੀ ਸਾਰਾ ਭੇਦ ਜ਼ਾਹਿਰ ਹੋ ਗਿਆ ਸੀ, ਤਾਂ ਫਿਰ ਵੀ ਚੈਨਲ ਵੱਲੋਂ ਕੀਤੀ ਗਈ ਗਲਤੀ ਨੂੰ ਮੰਨਿਆ ਨਹੀਂ ਗਿਆ। ਚੈਨਲ ਵੱਲੋਂ ਸਿੱਖਾਂ ਦੇ ਖ਼ਰਾਬ ਕੀਤੇ ਅਕਸ਼ ਦੀ ਨਾ ਤਾਂ ਮਾਫੀ ਮੰਗੀ ਅਤੇ ਨਾਹੀ ਦਿੱਤੀ ਗਈ ਗਲਤ ਖ਼ਬਰ ਦੀ ਸਧਾਈ ਕੀਤੀ ਗਈ।”

ਉਨ੍ਹਾਂ ਪੱਤਰ ਵਿੱਚ ਅੱਗੇ ਲਿਖਿਆ ਕਿ ਚੈਨਲ ਵੱਲੋਂ ਸਿੱਖ ਹਮਲਾਵਰਾਂ ਵੱਲੋਂ ਕੀਤੇ ਹਮਲੇ ਦੀ ਝੂਠੀ ਖ਼ਬਰ ਪ੍ਰਸਾਰਿਤ ਕਰਨ ਕਰਕੇ ਵਿਦੇਸ਼ਾਂ ਵਿੱਚ ਬੈਠੈ ਸਿੱਖ ਚਿੰਤਤ ਸਨ ਅਤੇ ਚੈਨਲ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਹਮਲਾਵਰ ਸਿੱਖ ਖਾੜਕੂ ਅਤੇ ਖਾਲਿਸਤਾਨੀ ਹਨ। ਪੱਤਰ ਦੇ ਅੰਤ ਵਿੱਚ ਉਨ੍ਹਾਂ ਕਿਹਾ ਚੈਨਲ ਬਿਨਾ ਤੱਥਾਂ ਤੋਂ ਇਸ ਅੱਤਵਾਦੀ ਕਾਰਵਾਈ ਦਾ ਦੋਸ਼ ਸਿੱਖ ਖਾੜਕੂਆਂ ਦੇ ਸਿਰ ਮੜ੍ਹਨ ਦੇ ਮਾਮਲੇ ਦੀ ਜਾਂਚ ਕਰੇ ਕਿ ਅਜਿਹਾ ਕਿਉਂ ਹੋਇਆ ਅਤੇ ਸਿੱਖ ਕੌਮ ਦਾ ਅਕਸ਼ ਖ਼ਰਾਬ ਕਰਨ ਲਈ ਚੈਨਲ ਮੁਆਫੀ ਮੰਗੇ।

ਭਾਰਤੀ ਮੀਡੀਆ ਵੱਲੋਂ ਸਿੱਖਾਂ ਦਾ ਅਕਸ਼ ਖਰਾਬ ਕਰਨ ਦੀ ਇਹ ਕੋਈ ਨਵੀਂ ਗੱਲ ਨਹੀ। ਬੀਤੇ ਸਮੇਂ ਦੋਰਾਨ ਵੀ ਅਜਿਹਾ ਬਹੁਤ ਵਾਰੀ ਚੁੱਕਿਆ ਹੈ। ਭਾਰਤੀ ਮੀਡੀਆ ਸਿੱਖਾਂ ਨੂੰ ਬਦਨਾਮ ਕਰਨ ਦਾ ਅਜਿਹਾ ਕੋਈ ਵੀ ਮੌਕਾ ਅਜਾਈ ਨਹੀਂ ਜਾਣ ਦਿੰਦਾ। ਭਾਰਤ ਦੇ ਘਰੇਲੂ ਮੰਤਰੀ ਰਾਜਨਾਥ ਸਿੰਘ ਵੱਲੋਂ ਲੋਕ ਸਭਾ ਵਿੱਚ ਗੁਰਦਾਸਪੁਰ ਘਟਨਾ ਸਬੰਧੀ ਦਿੱਤੇ ਬਿਆਨ ਵਿੱਚ ਉਨ੍ਹਾਂ ਨੇ ਇਸ ਘਟਨਾ ਦਾ ਸਿੱਖ ਖਾੜਕੂਆਂ ਨਾਲ ਕਿਸੇ ਤਰਾਂ ਦਾ ਕੋਈ ਸਬੰਧ ਹੋਣ ਦਾ ਕੋਈ ਜ਼ਿਕਰ ਨਹੀਂ ਕੀਤਾ, ਪਰ ਭਾਰਤੀ ਮੀਡੀਆ ਉਸਤੋਂ ਬਾਅਦ ਵੀ ਇਸ ਘਟਨਾਂ ਵਿੱਚ ਕਿਸੇ ਨਾ ਕਿਸੇ ਤਰਾਂ ਸਿੱਖਾਂ ਨੂੰ ਜੋੜਨ ਤੋਂ ਨਹੀਂ ਬਾਜ਼ ਆਇਆ।

ਗੁਰਦਾਸਪੁਰ ਹਮਲੇ ਸਬੰਧੀ ਭਾਰਤੀ ਘਰੇਲੂ ਮੰਤਰੀ ਦਾ ਲੋਕ ਸਭਾ ਵਿੱਚ ਦਿੱਤਾ ਗਿਆ ਬਿਆਨ, ਵੇਖੋ ਵੀਡੀਓੁ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: