ਨਵਾਂ ਸ਼ਹਿਰ( 28 ਮਾਰਚ, 2015): ਪਿਛਲੇ ਦਿਨੀ ਇੱਕ ਸ਼ਿਵ ਸੈਨਾ ਆਗੂ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਸ਼ਿਵ ਸੈਨਿਕਾਂ ਵੱਲੋਂ ਗੁੰਡਾਗਰਦੀ ਕਰਦੇ ਹੋਏ ਸਿੱਖ ਰਾਹਗੀਰਾਂ ਦੀ ਕੁੱਟਮਾਰ ਕਰਕੇ ਗਾਲੀਗਲੋਚ ਕਰਨ ਦੇ ਮਾਮਲੇ ਵਿੱਚ ਕਾਰਵਾਈ ਕਰਨ ਲਈ ਸਿੱਖ ਜੱਥੇਬੰਦੀਆਂ ਨੇ ਕਾਰਵਾਈ ਦੀ ਮੰਗ ਕੀਤੀ ਹੈ।
ਨਵਾਂ ਸ਼ਹਿਰ ਦੇ ਡੀਸੀ ਰਾਹੀ ਪੰਜਾਬ ਦੇ ਮੁੱਖ ਮੰਤਰੀ, ਰਾਜਪਾਲ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਦੇ ਨਾਮ ਭੇਜੇ ਪੱਤਰ ਵਿੱਚ ਸਿੱਖ ਜੱਥੇਬੰਦੀਆਂ ਨੇ ਕਿਹਾ ਕਿ ਮੁਹਾਲੀ ਤੋਂ ਅੰਮ੍ਰਿਤਸਰ ਜਾ ਰਹੇ ਇੱਕ ਸਿੱਖ ਨੂੰ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸ਼ਿਵ ਸੈਨਿਕਾਂ ਨੇ ਬੱਸ ਵਿੱਚ ਲਾਹ ਕੇ ਕੁੱਟਿਆ ਅਤੇ ਉਸਦੀ ਦਸਤਾਰ ਲਾਹ ਕੇ ਕੇਸਾਂ ਦੀ ਬੇਅਦਬੀ ਕੀਤੀ।
ਇਸ ਦੌਰਾਨ ਮੌਕੇ ‘ਤੇ ਹਾਜ਼ਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਆਪਣੀ ਡਿਉਟੀ ਨਾ ਨਿਭਾਉਦਿਆਂ ਹੋਇਆਂ ਸ਼ਿਵ ਸੈਨਿਕਾਂ ਤੋਂ ਸਿੱਖ ਨੂੰ ਛੁਡਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ।
ਸਿੱਖ ਜੱਥੇਬੰਦੀਆਂ ਪੰਥ ਖਾਲਸਾ ਪੰਜਾਬ, ਪ੍ਰਨਾਮ ਸ਼ਹੀਦਾਂ ਨੂੰ ਸੰਘਰਸ਼ ਕਮੇਟੀ, ਏਕ ਨੂਰ ਖਾਲਸਾ ਫੌਜ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਮੰਗ ਕੀਤੀ ਕਿ ਸਿੱਖ ਦੀ ਕੁੱਟਮਾਰ ਕਰਨ ਵਾਲ਼ਿਆਂ ਸ਼ਿਵ ਸੈਨਿਕਾਂ ਖਿਲਾਫ ਧਾਰਾ 307 ਅਤੇ 295ਏ ਤਹਿਤ ਪਰਚਾ ਦਰਜ ਕੀਤਾ ਜਾਏ ਅਤੇ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਪੁਲਿਸ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਸਿੱਖ ਜੱਥੇਬੰਦੀਆਂ ਨੇ ਸ਼ਿਵ ਸੈਨਾ ‘ਤੇ ਪੰਜਾਬ ਵਿੱਚ ਪੂਰਨ ਤੌਰ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਤਾਂ ਕਿ ਫਿਰ ਤੋਂ ਅਜਿਹੀ ਘਟਨਾ ਨਾ ਵਾਪਰ ਸਕੇ।