ਸਾਊਥਾਲ (3 ਅਪਰੈਲ 2015): ਵਿਦੇਸ਼ਾਂ ਵਿਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਜਿਹੜਾ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਿਲੀਜ਼ ਕੀਤਾ ਗਿਆ ਸੀ, ਉਸੇ ਆਧਾਰ ਤੇ ਬੀਤੇ ਦਿਨੀਂ ਪੰਜਾਬ ਵਿਚ ਅਤੇ ਪਾਕਿਸਤਾਨ ਵਿਚ ਵੱਖ ਵੱਖ ਸੰਸਥਾਵਾਂ ਵੱਲੋਂ ਚਾਰ ਕੈਲੰਡਰ ਰਿਲੀਜ਼ ਕੀਤੇ ਗਏ ਸਨ, ਉਹਨਾਂ ਕੈਲੰਡਰਾਂ ਦੀਆਂ ਕਾਪੀਆਂ 5 ਅਪ੍ਰੈਲ ਦਿਨ ਐਤਵਾਰ ਨੂੰ ਸ਼ਾਮ 4 ਤੋਂ 6 ਵਜੇ ਤੱਕ ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਵਿਖੇ ਰਿਲੀਜ਼ ਕੀਤੀਆਂ ਜਾਣਗੀਆਂ ।
ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਡਵਾਈਜ਼ਰੀ ਬੋਰਡ ਦੇ ਮੈਂਬਰਾਂ ਸ: ਮਨਮੋਹਣ ਸਿੰਘ ਖਾਲਸਾ, ਸ: ਜੋਗਾ ਸਿੰਘ, ਸ: ਗੁਰਮੀਤ ਸਿੰਘ ਔਲਖ ਅਤੇ ਡਾ: ਪ੍ਰਿਤਪਾਲ ਸਿੰਘ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਕੌਮ ਦੀ ਅੱਡਰੀ ਹਸਤੀ ਲਈ ਅਹਿਮ ਦੱਸਿਆ ਹੈ ।
ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਦਲ ਖਾਲਸਾ ਆਗੂ ਸ: ਮਨਮੋਹਣ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਕੌਮ ਦੀ ਵਿਲੱਖਣ ਅਤੇ ਆਜ਼ਾਦ ਹਸਤੀ ਦੇ ਪ੍ਰਤੀਕ ਇਸ ਨਾਨਕਸ਼ਾਹੀ ਕੈਲੰਡਰ ਨੂੰ ਯੂ ਕੇ ਦੀਆਂ ਪੰਥਕ ਸੰਸਥਾਵਾਂ ਅਤੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦਾ ਸਮਰਥਨ ਹਾਸਲ ਹੈ । ਉਹਨਾਂ ਦੱਸਿਆ ਪਾਕਿਸਤਾਨ ਵਿਚ ਰਿਲੀਜ਼ ਕੀਤੇ ਗਏ ਕੈਲੰਡਰ ਯੂ ਕੇ ਵਿਚ ਪਹੁੰਚ ਚੁੱਕੇ ਹਨ । ਇਸੇ ਤਰ੍ਹਾਂ ਪੰਜਾਬ ਵਿਚ ਵੱਖ ਵੱਖ ਸੰਸਥਾਵਾਂ ਵੱਲੋਂ ਰਿਲੀਜ਼ ਕੀਤੇ ਗਏ ਕੈਲੰਡਰ ਵੀ ਰਿਲੀਜ਼ ਕੀਤੇ ਜਾਣਗੇ ।
ਇਸ ਸਮਾਗਮ ਵਿਚ ਯੂ ਕੇ ਦੀਆਂ ਵੱਖ ਵੱਖ ਪੰਥਕ ਸੰਸਥਾਵਾਂ ਦੇ ਆਗੂਆਂ ਵੱਲੋਂ ਪਹੁੰਚਣ ਦੀ ਅਤੇ ਕਈਆਂ ਵੱਲੋਂ ਕੈਲੰਡਰ ਨਾਲ ਸਹਿਮਤੀ ਪ੍ਰਗਟ ਕੀਤੀ ਗਈ ਹੈ, ਉਹਨਾਂ ਦੇ ਨਾਂ ਇਸ ਤਰ੍ਹਾਂ ਹਨ । ਦਲ ਖਾਲਸਾ ਇੰਟਰਨੈਸ਼ਨਲ ਸ: ਮਹਿੰਦਰ ਸਿੰਘ ਰਾਠੌਰ ਅਤੇ ਸ: ਗੁਰਚਰਨ ਸਿੰਘ, ਅਖੰਡ ਕੀਰਤਨੀ ਜਥਾ ਯੂ ਕੇ ਵੱਲੋਂ ਭਾਈ ਜੋਗਾ ਸਿੰਘ, ਜਰਮਨੀ ਤੋਂ ਭਾਈ ਰੇਸ਼ਮ ਸਿੰਘ ਬੱਬਰ, ਅਮਰੀਕਾ ਤੋਂ ਡਾ: ਪ੍ਰਿਤਪਾਲ ਸਿੰਘ, ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਸ: ਤਰਸੇਮ ਸਿੰਘ ਦਿਓਲ, ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ, ਖਾਲਿਸਤਾਨ ਜਲਵਾਤਨ ਸਰਕਾਰ ਦੇ ਰਾਸ਼ਟਰਪਤੀ ਸ: ਸੇਵਾ ਸਿੰਘ ਲੱਲੀ, ਦਲ ਖਾਲਸਾ ਜਰਮਨੀ ਤੋਂ ਸ: ਸੁਰਿੰਦਰ ਸਿੰਘ ਸੇਖੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਦੇ ਪ੍ਰਧਾਨ ਸ: ਸਰਬਜੀਤ ਸਿੰਘ, ਭਾਈ ਪ੍ਰਿਤਪਾਲ ਸਿੰਘ ਦਲ ਖਾਲਸਾ ਹਿਊਮਨ ਰਾਈਟਸ ਸਵਿਟਜ਼ਰਲੈਂਡ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਸਰਬਜੀਤ ਕੌਰ, ਗੁਰਦੁਆਰਾ ਰਾਮਗੜੀਆ ਸਲੋਹ ਤੋਂ ਸ: ਅਮਰਜੀਤ ਸਿੰਘ ਭੱਚੂ ਦੇ ਇਲਾਵਾ ਬਹੁਤ ਸਾਰੇ ਗੁਰੂ ਘਰਾਂ ਅਤੇ ਸਿੱਖ ਸੰਸਥਾਵਾਂ ਵੱਲੋਂ ਕੈਲੰਡਰ ਨਾਲ ਸਹਿਮਤੀ ਪ੍ਰਗਟ ਕੀਤੀ ਗਈ ਹੈ ।
ਸ: ਮਨਮੋਹਣ ਸਿੰਘ ਖਾਲਸਾ ਨੇ ਹਮ ਖਿਆਲੀ ਸਮੂਹ ਪੰਥਕ ਸੰਸਥਾਵਾਂ, ਗੁਰੂ ਘਰਾਂ ਅਤੇ ਪੰਥਕ ਵਿਦਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਜਿਹੜੇ ਵੀ ਨਾਨਕਸ਼ਾਹੀ ਕੈਲੰਡਰ ਨਾਲ ਸਹਿਮਤੀ ਪ੍ਰਗਟ ਕਰਨਾ ਚਾਹੁੰਦੇ ਹਨ, ਜਾਂ ਸਮਾਗਮ ਵਿਚ ਪਹੁੰਚ ਕੇ ਇਸ ਦੀ ਕਿਸੇ ਤਰ੍ਹਾਂ ਵੀ ਸੁਪੋਰਟ ਦੇ ਚਾਹਵਾਨ ਹਨ, ਉਹਨਾਂ ਨਾਲ ਇਸ 07944 475434 ਨੰਬਰ ਤੇ ਫੋਨ ਕਰਕੇ ਸੰਪਰਕ ਕਰ ਸਕਦੇ ਹਨ ।