ਜਲੰਧਰ (ਭੁਪਿੰਦਰ ਸਿੰਘ ਮਾਹੀ): ਅੱਜ (14 ਸਤੰਬਰ) ਸਿੱਖ ਜਥੇਬੰਦੀਆਂ ਤੇ ਇਸਾਈ ਆਗੂਆਂ ਵੱਲੋਂ ਸਿੱਖਾਂ ਅਤੇ ਇਸਾਈਆਂ ‘ਚ ਪ੍ਰਚਾਰ ਦੀ ਆੜ ‘ਚ ਨਫਰਤ ਫੈਲਾਉਣ ਵਾਲਿਆਂ ਖਿਲਾਫ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ।
ਸਾਂਝੇ ਤੌਰ ‘ਤੇ ਕੀਤੀ ਗਈ ਇਸ ਸ਼ਿਕਾਇਤ ਵਿਚ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਇਸਾਈ ਪ੍ਰਚਾਰਕਾਂ ਵਲੋਂ ਕਿਹਾ ਗਿਆ ਕਿ ਅੰਕੁਰ ਨਰੂਲਾ ਖਾਂਮਬਰਾ, ਹਰਪ੍ਰੀਤ ਦਿਓਲ ਖੋਜੇਵਾਲ ਕਪੂਰਥਲਾ, ਹਰਜੀਤ ਸਿੰਘ ਸੰਧੂ ਨਕੋਦਰ, ਬਲਜਿੰਦਰ ਸਿੰਘ ਤਾਜਪੁਰ, ਬਲਵੀਰ ਕੌਰ ਬਾਮਬਰੀ ਲੋਕਾਂ ਵਿੱਚ ਅੰਧ ਵਿਸ਼ਵਾਸ ਫੈਲਾ ਰਹੇ ਹਨ, ਜਿਵੇਂ ਕਿ ਅੰਕੁਰ ਨਰੂਲਾ ਆਸਥਾ ਦੇ ਨਾਮ ਤੇ 10 ਰੁਪਏ ਦਾ ਤੇਲ 300 ਰੁਪਏ ਵਿੱਚ ਅਤੇ ਹੋਰ ਦੂਸਰੀਆਂ ਚੀਜ਼ਾਂ ਤੇ ਆਪਣੀ ਤਸਵੀਰ ਲਗਾ ਕੇ ਬਹੁਤ ਉੱਚੇ ਦਾਮਾਂ ‘ਤੇ ਵੇਚ ਰਿਹਾ ਹੈ। ਭੂਤ ਪ੍ਰੇਤ ਦਾ ਡਰ ਪਾ ਕੇ ਬਿਮਾਰੀਆਂ ਠੀਕ ਕਰਨ ਦੇ ਨਾਮ ‘ਤੇ ਠੱਗੀ ਕਰਕੇ ਆਪਣੀ ਜਾਇਦਾਦ ਬਣਾ ਰਿਹਾ ਹੈ, ਜੋ 2010 ਤੋਂ ਬੈਂਕ ਦੇ ਕਰਜ਼ੇ ਕਾਰਨ ਦੀਵਾਲੀਆ ਸੀ ਅੱਜ ਉਹ 35-40 ਕਰੋੜ ਦਾ ਮਾਲਕ ਬਣ ਗਿਆ ਹੈ।
ਜਾਰੀ ਸਾਂਝੇ ਬਿਆਨ ‘ਚ ਉਹਨਾਂ ਕਿਹਾ ਕਿ ਇਹ ਸ਼ਖਸ ਲੋਕਾਂ ਦੇ ਬੈਂਕ ਖਾਤਿਆਂ ਅਤੇ ਮੋਬਾਈਲਾਂ ਵਿੱਚ ਪੈਸੇ ਪੈਣ ਦਾ ਚਮਤਕਾਰ ਅਤੇ ਵਿਦੇਸ਼ਾਂ ਦੇ ਵੀਜ਼ੇ ਲਗਵਾਉਣ ਦਾ ਭਰੋਸਾ ਦੇ ਕੇ ਠੱਗੀ ਮਾਰਦਾ ਹੈ। ਉਹਨਾਂ ਕਿਹਾ ਕੇ ਖਾਸ ਤੌਰ ‘ਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਦੁਆਰਾ ਹੋਰ ਸਿੱਖਾਂ ਨੂੰ ਡੇਰੇ ‘ਤੇ ਲਿਆਉਣ ਦਾ ਕੰਮ ਕਰਦਾ ਹੈ ਅਤੇ ਉਹਨਾਂ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਰੁੱਧ ਗਵਾਹੀਆਂ ਦਿਵਾਉਂਦਾ ਹੈ ਅਤੇ ਸਿੱਖ ਗੁਰੂਆਂ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਵਰਤਦਾ ਹੈ। ਉਹਨਾਂ ਕਿਹਾ ਕੇ ਇਸ ਦੀਆਂ ਸਾਰੀਆਂ ਹਰਕਤਾਂ ਸੌਦੇ ਸਾਧ ਰਾਮ ਰਹੀਮ ਨਾਲ ਮਿਲਦੀਆਂ ਜੁਲਦੀਆਂ ਹਨ। ਉਹਨਾਂ ਮੰਗ ਕੀਤੀ ਕਿ ਉਪਰੋਕਤ ਅਖੌਤੀ ਇਸਾਈ ਪ੍ਰਚਾਰਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਸਿੱਖ ਤਾਲਮੇਲ ਕਮੇਟੀ, ਜੱਥਾ ਸਿਰਲੱਥ ਖ਼ਾਲਸਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਦਮਦਮੀ ਟਕਸਾਲ ਅਜਨਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇੰਟਰਨੈਸ਼ਨਲ ਸਿੱਖ ਫ਼ੈਡਰੇਸ਼ਨ, ਸਤਿਕਾਰ ਕਮੇਟੀ ਅੰਮ੍ਰਿਤਸਰ, ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ, ਵਿਸ਼ਵ ਵਿਜੇ ਕਲਾਈਮੇਟ ਆਦਿ ਜਥੇਬੰਦੀਆਂ ਦੇ ਆਗੂ ਸ. ਦਿਲਬਾਗ ਸਿੰਘ, ਭਾਈ ਪਰਮਜੀਤ ਸਿੰਘ ਅਕਾਲੀ, ਭਾੲੀ ਰਣਜੀਤ ਸਿੰਘ ਦਮਦਮੀ ਟਕਸਾਲ, ਸ. ਹਰੀ ਸਿੰਘ, ਸ. ਤਜਿੰਦਰ ਸਿੰਘ ਪ੍ਰਦੇਸੀ, ਸ. ਹਰਪਾਲ ਸਿੰਘ ਚੱਢਾ, ਹਮੀਦ ਮਸੀਹ, ਲੋਰੈਂਸ ਮਸੀਹ ਚੌਧਰੀ, ਬੂਟਾ ਮਸੀਹ, ਸੰਨੀ ਮਸੀਹ, ਹਰਪ੍ਰੀਤ ਸਿੰਘ ਨੀਟੂ, ਅਮਨਦੀਪ ਸਿੰਘ ਖਾਲਸਾ, ਚਰਨਜੀਤ ਸਿੰਘ, ਜਸਕਰਨ ਸਿੰਘ, ਮੰਗਲਦੀਪ ਸਿੰਘ, ਅਮ੍ਰਿਤਪਾਲ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਗੁਰਲਾਲ ਸਿੰਘ, ਅਜੀਤ ਸਿੰਘ, ਮਨਪ੍ਰੀਤ ਸਿੰਘ ਆਜ਼ਾਦ, ਪਰਮਿੰਦਰ ਸਿੰਘ ਆਦਿ ਮੌਜੂਦ ਸਨ।