ਸੁੱਚਾ ਸਿੰਘ ਛੋਟੇਪੁਰ ਬਠਿੰਡਾ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ

ਪੰਜਾਬ ਦੀ ਰਾਜਨੀਤੀ

ਪਾਰਟੀ ਦੇ ਅਸੂਲਾਂ ਮੁਤਾਬਕ ਸਜ਼ਾਯਾਫਤਾ ਸਿੱਧੂ ਨਹੀਂ ਲੜ ਸਕਦੇ ਚੋਣ: ਛੋਟੇਪੁਰ

By ਸਿੱਖ ਸਿਆਸਤ ਬਿਊਰੋ

July 22, 2016

ਬਠਿੰਡਾ: ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ’ਤੇ ਅਸਿੱਧੇ ਢੰਗ ਨਾਲ ਨਿਸ਼ਾਨਾ ਲਾਉਂਦਿਆਂ ਆਖਿਆ ਕਿ ਪਾਰਟੀ ਦੇ ਅਸੂਲਾਂ ਮੁਤਾਬਿਕ ਉਹ ਚੋਣ ਨਹੀਂ ਲੜ ਸਕਣਗੇ ਅਤੇ ਉਨ੍ਹਾਂ ਨੂੰ ਸਿਰਫ਼ ਪ੍ਰਚਾਰ ਦੀ ਜ਼ਿੰਮੇਵਾਰੀ ਹੀ ਸੌਂਪੀ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਇਕ ਮਾਮਲੇ ਵਿੱਚ ਸਜ਼ਾਯਾਫ਼ਤਾ ਹਨ ਅਤੇ ਪਾਰਟੀ ਦਾ ਸਿਧਾਂਤ ਹੈ ਕਿ ਸਜ਼ਾਯਾਫ਼ਤਾ ਵਿਅਕਤੀ ਨੂੰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਜਾ ਸਕਦਾ ਹੈ।

ਛੋਟੇਪੁਰ ਨੇ ਇੱਥੇ ਆਖਿਆ ਕਿ ਸਿੱਧੂ ਦੀ ਪਤਨੀ ਨਵਜੋਤ ਕੌਰ ਚੋਣ ਲੜ ਸਕਦੇ ਹਨ ਜੋ ਚਾਰ ਕੁ ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਨ। ਸਿੱਧੂ ਜੋੜੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਖ਼ਿਲਾਫ਼ ਨਿੱਤਰ ਕੇ ਦੋਹਾਂ ਨੇ ਦਲੇਰੀ ਵਾਲਾ ਫ਼ੈਸਲਾ ਲਿਆ ਹੈ। ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੈਰਿਟ ਦੇ ਆਧਾਰ ’ਤੇ ਟਿਕਟਾਂ ਦੇਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਬੇਦਾਗ਼ ਸ਼ਖਸੀਅਤਾਂ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਉਨ੍ਹਾਂ ਆਖਿਆ ਕਿ ਅਕਾਲੀ ਦਲ ’ਚੋਂ ਕੱਢੇ ਗਏ ਵਿਧਾਇਕ ਪਰਗਟ ਸਿੰਘ ਨੂੰ ਉਹ ‘ਆਪ’ ਵਿੱਚ ਸ਼ਾਮਲ ਕਰਨ ਦੀ ਸਿਫਾਰਸ਼ ਕਰਨਗੇ।

ਛੋਟੇਪੁਰ ਨੇ ਆਖਿਆ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਦਫ਼ਾ ਹੈ ਕਿ ਲੋਕ ਤੀਸਰੇ ਬਦਲ ਦੀ ਤਲਾਸ਼ ਵਿੱਚ ਹਨ ਅਤੇ ‘ਆਪ’ ਨੇ ਲੋਕਾਂ ਨੂੰ ਇਹ ਬਦਲ ਦੇ ਦਿੱਤਾ ਹੈ। ਉਨ੍ਹਾਂ ਕਿਹਾ,”ਹਾਕਮ ਧਿਰ ਨੇ ਲੋਕਾਂ ਦੇ ਮਨ ਪੜ੍ਹ ਲਏ ਹਨ ਜਿਸ ਕਰ ਕੇ ਅਕਾਲੀ ਦਲ ਬੌਖਲਾਹਟ ਵਿੱਚ ਆ ਗਿਆ ਹੈ ਅਤੇ ‘ਆਪ’ ਨੂੰ ਬਦਨਾਮ ਕਰਨ ਵਾਸਤੇ ਨੀਵੇਂ ਪੱਧਰ ਦੇ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ ਜਦੋਂ ਕਿ ਲੋਕਾਂ ਨੇ ਅਕਾਲੀ ਦਲ ਅਤੇ ਕਾਂਗਰਸ ਤੋਂ ਪੂਰੀ ਤਰ੍ਹਾਂ ਨਾਲ ਮੂੰਹ ਫੇਰ ਲਿਆ ਹੈ।” ਅਕਾਲੀ ਦਲ ਨੂੰ ਪ੍ਰਾਈਵੇਟ ਕੰਪਨੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਸਿਰਫ਼ ਬਾਦਲ ਪਰਿਵਾਰ ਹੀ ਪ੍ਰਮੁੱਖ ਹੈ।

ਇਸ ਮੌਕੇ ਪਾਰਟੀ ਦੀ ਔਰਤ ਵਿੰਗ ਦੀ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ, ਸੇਵਾਮੁਕਤ ਪ੍ਰਿੰਸੀਪਲ ਨਰਿੰਦਰਪਾਲ ਭਗਤਾ, ਚੋਣ ਪ੍ਰਚਾਰ ਕਮੇਟੀ ਦੇ ਮੁਖੀ ਬੂਟਾ ਸਿੰਘ ਅਸ਼ਾਂਤ, ਕਾਨੂੰਨੀ ਵਿੰਗ ਦੇ ਨਵਦੀਪ ਜੀਦਾ, ਵਪਾਰ ਵਿੰਗ ਦੇ ਆਗੂ ਅਨਿਲ ਠਾਕੁਰ ਅਤੇ ਮੀਡੀਆ ਇੰਚਾਰਜ ਨੀਲ ਗਰਗ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: