ਅਮਿਤ ਅਰੋੜਾ (ਪੁਰਾਣੀ ਤਸਵੀਰ)

ਆਮ ਖਬਰਾਂ

ਲੁਧਿਆਣਾ ਵਿੱਚ ਸ਼ਿਵ ਸੈਨਾ ਨੌਜਵਾਨ ਮੋਰਚਾ ਦੇ ਪ੍ਰਧਾਨ ਅਮਿਤ ਅਰੋੜਾ ‘ਤੇ ਚੱਲੀਆਂ ਗੋਲੀਆਂ, ਗੰਭੀਰ ਰੂਪ ਵਿੱਚ ਹੋਇਆ ਜ਼ਖਮੀ

By ਸਿੱਖ ਸਿਆਸਤ ਬਿਊਰੋ

February 04, 2016

ਲੁਧਿਆਣਾ (3 ਫਰਵਰੀ, 2016): ਸ਼ਿਵ ਸੈਨਾ ਨੌਜਵਾਨ ਮੋਰਚਾ ਪੰਜਾਬ ਦੇ ਪ੍ਰਧਾਨ ਅਮਿਤ ਅਰੋੜਾ ਨੂੰ ਰਾਤ ਦੋ ਮੋਟਰ ਸਾੲਕਿਲ ਸਵਾਰਾਂ ਵੱਲੋਂ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ, ਜਿਸ ਨਾਲ ਉਹ ਗੰਭੀਰ ਰੁਪ ਵਿੱਚ ਜ਼ਖਮੀ ਹੋ ਗਿਆ।

ਘਟਨਾ ਰਾਤ 8:45 ‘ਤੇ ਉਸ ਸਮੇਂ ਵਾਪਰੀ ਜਦ ਅਰੋੜਾ ਲੁਧਿਆਣਾ ਦੀ ਬਸਤੀ ਜੋਧੇਵਾਲ ਚੌਕ ਵਿਚ ਆਪਣੀ ਕਾਰ ਵਿੱਚ ਬੈਠਾ ਰੇਹੜੀ ਤੋਂ ਸੂਪ ਪੀ ਰਿਹਾ ਸੀ।ਉਸਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਡਾਕਟਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ।

ਇਸ ਸਮੇਂ ਉਸ ਨਾਲ ਉਸਦਾ ਇਕ ਨੌਕਰ ਅਤੇ ਅੰਗਰੱਖਿਅਕ ਵੀ ਸੀ । ਅਮਿਤ ਅਰੋੜਾ ਕਾਰ ਦੀ ਡਰਾਇਵਿੰਗ ਸੀਟ ‘ਤੇ ਬੈਠਾ ਹੋਇਆ ਸੀ ਅਤੇ ਉਸਦੀ ਖਿੜਕੀ ਦਾ ਸ਼ੀਸ਼ਾ ਅੱਧਾ ਖੁੱਲ੍ਹਾ ਹੋਇਆ ਸੀ । ਅਜੇ ਅਰੋੜਾ ਨੇ ਸੂਪ ਪੀਣਾ ਸ਼ੁਰੂ ਹੀ ਕੀਤਾ ਸੀ ਕਿ ਇਸ ਦੌਰਾਨ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਉਸ ਦੇ ਨੇੜੇ ਆ ਕੇ ਰੁਕੇ ਅਤੇ ਉਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਇਨ੍ਹਾਂ ਵਿਚੋਂ ਦੋ ਗੋਲੀਆਂ ਅਰੋੜਾ ਦੇ ਗਰਦਨ ‘ਤੇ ਜਾ ਲੱਗੀਆਂ ਅਤੇ ਉਹ ਲਹੂ ਲੁਹਾਣ ਹੋਕੇ ਸੀਟ ‘ਤੇ ਡਿੱਗ ਪਿਆ । ਕੁਝ ਹੀ ਸੈਕਿੰਡ ਵਿਚ ਮੋਟਰਸਾਈਕਲ ਸਵਾਰ ਇਹ ਹਥਿਆਰਬੰਦ ਨੌਜਵਾਨ ਉਥੋਂ ਫਰਾਰ ਹੋ ਗਏ ।

ਗੰਭੀਰ ਹਾਲਤ ਵਿਚ  ਅਰੋੜਾ ਨੂੰ ਸੀ. ਐਮ. ਸੀ. ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ।

ਸੂਚਨਾ ਮਿਲਦੇ ਪੁਲਿਸ ਕਮਿਸ਼ਨਰ ਸ: ਪਰਮਰਾਜ ਸਿੰਘ ਉਮਰਾਨੰਗਲ, ਡੀ ਸੀ ਪੀ ਸ੍ਰੀ ਨਰਿੰਦਰ ਭਾਰਗਵ, ਏ ਡੀ ਸੀ ਪੀ ਸ੍ਰੀ ਸਤਵੀਰ ਸਿੰਘ ਅਟਵਾਲ ਅਤੇ ਥਾਣਾ ਬਸਤੀ ਜੋਧੇਵਾਲ ਦੇ ਐਸ ਐਚ ਓ ਭਾਰੀ ਪੁਲਿਸ ਫੋਰਸ ਲੈ ਕੇ ਮੌਕੇ ‘ਤੇ ਪਹੰੁਚੇ । ਘਟਨਾ ਤੋਂ ਬਾਅਦ ਸ੍ਰੀ ਅਰੋੜਾ ਦੇ ਭਾਰੀ ਗਿਣਤੀ ਵਿਚ ਸਮਰਥਕ ਸੀ ਐਮ ਸੀ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ ਸਨ, ਜਿਸ ਕਰਕੇ ਪੁਲਿਸ ਵੱਲੋਂ ਇਲਾਕੇ ਵਿਚ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ । ਉਮਰਾਨੰਗਲ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਅੰਗਰੱਖਿਅਕ ਖਿਲਾਫ਼ ਵੀ ਡਿਊਟੀ ‘ਚ ਕੋਤਾਹੀ ਵਰਤਣ ਦੇ ਦੋਸ਼ ਤਹਿਤ ਕਾਰਵਾਈ ਕੀਤੀ ਜਾਵੇਗੀ ।

ਘਟਨਾ ਤੋਂ ਬਾਅਦ ਪੁਲਿਸ ਵੱਲੋਂ ਸ਼ਹਿਰ ਦੀ ਸਖ਼ਤ ਨਾਕਾਬੰਦੀ ਕੀਤੀ ਗਈ ਹੈ । ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਹਮਲਾਵਰਾਂ ਬਾਰੇ ਕੁਝ ਪਤਾ ਨਹੀਂ ਲੱਗਾ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: