ਸਿੱਖ ਖਬਰਾਂ

ਆਪਣੇ ਆਪ ‘ਤੇ ਹਮਲੇ ਦਾ ਡਰਾਮਾ ਕਰਨ ਵਾਲਾ ਸ਼ਿਵ ਸੈਨਾ ਆਗੂ ਅਮਿਤ ਅਰੋੜਾ,ਗਗਨੇਜਾ ਕੇਸ ‘ਚ ਪੁਲਿਸ ਰਿਮਾਂਡ ‘ਤੇ

By ਸਿੱਖ ਸਿਆਸਤ ਬਿਊਰੋ

August 26, 2016

ਜਲੰਧਰ: ਆਰਐਸਐਸ ਦੇ ਪੰਜਾਬ ਮੀਤ ਪ੍ਰਧਾਨ ਬ੍ਰਿਗੇਡੀਅਰ (ਸੇਵਾ ਮੁਕਤ) ਜਗਦੀਸ਼ ਗਗਨੇਜਾ ’ਤੇ ਜਾਨਲੇਵਾ ਹਮਲੇ ਦਾ ਕੇਸ ਸੀਬੀਆਈ ਹਵਾਲੇ ਕਰਨ ਦੇ ਕੀਤੇ ਫੈਸਲੇ ਦੇ 24 ਘੰਟਿਆਂ ਅੰਦਰ ਹੀ ਕਮਿਸ਼ਨਰੇਟ ਪੁਲਿਸ ਨੇ ਮੁਲਜ਼ਮ ਸ਼ਿਵ ਸੈਨਾ ਪੰਜਾਬ ਦੇ ਯੂਥ ਪ੍ਰਧਾਨ ਅਮਿਤ ਅਰੋੜਾ ਤੇ ਉਸ ਦੇ ਤਿੰਨ ਸਾਥੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਜਲੰਧਰ ਲਿਆਂਦਾ ਹੈ। ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਇਨ੍ਹਾਂ ਚਾਰਾਂ ਨੂੰ ਬਾਅਦ ਦੁਪਹਿਰ ਡਿਊਟੀ ਮੈਜਿਸਟਰੇਟ ਕਰਨਜੀਤ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ।

ਅਦਾਲਤ ਨੇ ਇਨ੍ਹਾਂ ਦਾ 7 ਦਿਨਾਂ ਪੁਲਿਸ ਰਿਮਾਂਡ ਦਿੱਤਾ ਹੈ। ਦੱਸਣਯੋਗ ਹੈ ਕਿ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਜੋਤੀ ਚੌਕ ਨੇੜੇ ਜਗਦੀਸ਼ ਗਗਨੇਜਾ ਨੂੰ 6 ਅਗਸਤ ਨੂੰ ਰਾਤ ਤਕਰੀਬਨ 8 ਵਜੇ ਦੋ ਨੌਜਵਾਨਾਂ ਨੇ ਗੋਲੀਆਂ ਮਾਰੀਆਂ ਸਨ। ਗਗਨੇਜਾ ਅਜੇ ਵੀ ਲੁਧਿਆਣਾ ’ਚ ਜ਼ੇਰੇ ਇਲਾਜ ਹਨ ਅਤੇ ਇਕ ਗੋਲੀ ਕੱਢਣੀ ਬਾਕੀ ਹੈ। ਗਗਨੇਜਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਵੀਰਵਾਰ ਜਿਹੜੇ 4 ਜਣਿਆਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਹੈ ਉਨ੍ਹਾਂ ਵਿੱਚ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਤੇ ਉਸ ਅਧੀਨ ਕੰਮ ਕਰਨ ਵਾਲੇ ਮਨੀ, ਸਮਰ ਡਿਸੂਜਾ ਤੇ ਭਾਰਤੀ ਸੰਧੂ ਸ਼ਾਮਲ ਹਨ। ਥਾਣਾ ਡਿਵੀਜ਼ਨ ਨੰਬਰ 4 ਦੇ ਵਧੀਕ ਐਸਐਚਓ ਭਗਵੰਤ ਸਿੰਘ ਭੁੱਲਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਲੁਧਿਆਣਾ ਤੋਂ ਲਿਆਂਦੇ ਗਏ ਇਨ੍ਹਾਂ ਮੁਲਜ਼ਮਾਂ ਦਾ 7 ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗੱਲ ਦਾ ਸੁਰਾਗ ਹੱਥ ਲੱਗਾ ਸੀ ਕਿ ਗਗਨੇਜਾ ’ਤੇ ਹਮਲਾ ਦੀ ਤਾਰ ਇਨ੍ਹਾਂ ਨਾਲ ਜੁੜਦੀ ਹੈ।

ਪੁਲਿਸ ਨੇ ਅਦਾਲਤੀ ਕੰਪਲੈਕਸ ਵਿੱਚ ਮੀਡੀਆ ਕਰਮੀਆਂ ਨੂੰ ਮੁਲਜ਼ਮਾਂ ਦੇ ਨੇੜੇ ਨਹੀਂ ਫੜਕਣ ਦਿੱਤਾ। ਅਦਾਲਤੀ ਕੰਪਲੈਕਸ ’ਚ ਪੁਲਿਸ ਮੁਲਾਜ਼ਮ ਵੱਡੀ ਗਿਣਤੀ ’ਚ ਤਾਇਨਾਤ ਸਨ ਅਤੇ ਅਦਾਲਤ ਵਾਲੇ ਕਮਰੇ ’ਚ ਵੀ ਕਿਸੇ ਪੱਤਰਕਾਰ ਨੂੰ ਨਹੀਂ ਜਾਣ ਦਿੱਤਾ। ਏਸੀਪੀ ਡੀ.ਡੀ. ਸ਼ਰਮਾ ਨੇ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਦੇ ਪਿਛਲੇ ਦਰਵਾਜ਼ਿਓਂ ਕੱਢਿਆ ਗਿਆ। ਏਡੀਸੀਪੀ ਕ੍ਰਾਈਮ ਵਿਵੇਕ ਸੋਨੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਇਸ ਗੱਲ ਦਾ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਦੀ ਇਸ ਘਟਨਾ ’ਚ ਕਿੰਨੀ ਕੁ ਭੂਮਿਕਾ ਰਹੀ ਸੀ।

ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੂੰ ਲੁਧਿਆਣਾ ਪੁਲਿਸ ਨੇ ਇਸੇ ਸਾਲ 24 ਜੂਨ ਨੂੰ ਉਦੋਂ ਗ੍ਰਿਫਤਾਰ ਕੀਤਾ ਸੀ ਜਦੋਂ ਉਸ ਨੇ ਆਪਣੇ ਆਪ ’ਤੇ ਗੋਲੀ ਚਲਾਉਣ ਦਾ ਡਰਾਮਾ ਰਚਿਆ ਸੀ ਤਾਂ ਜੋ ਉਹ ਹੋਰ ਸੁਰੱਖਿਆ ਗਾਰਡ ਹਾਸਲ ਕਰ ਸਕੇ। ਇਸੇ ਤਰ੍ਹਾਂ ਜਲੰਧਰ ’ਚ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਕੰਬੋਜ ਨੇ ਵੀ ਆਪਣੇ ਆਪ ’ਤੇ ਗੋਲੀ ਚਲਾਉਣ ਦਾ ਡਰਾਮਾ ਕੀਤਾ ਸੀ। ਜ਼ਿਕਰਯੋਗ ਹੈ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਗਗਨੇਜਾ ’ਤੇ ਹਮਲਾ ਕਰਨ ਵਾਲਿਆਂ ਦੀ ਸੂਚਨਾ ਦੇਣ ਵਾਲੇ ਨੂੰ 10 ਲੱਖ ਦਾ ਇਨਾਮ ਅਤੇ ਪੁਲਿਸ ਵਿੱਚ ਨੌਕਰੀ ਦੇਣ ਦਾ ਐਲਾਨ ਕੀਤਾ ਹੋਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: