ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚੋਂ ਵੱਖ ਹੋਏ ਮਾਝੇ ਦੇ ਸਿਆਸੀ ਆਗੂਆਂ ਨੇ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਉਣ ਦਾ ਐਲਾਨ ਕਰ ਦਿੱਤਾ। ਲੰਘੇ 7 ਦਹਾਕਿਆਂ ਤੋਂ ਸਿਆਸਤ ਵਿਚ ਸਰਗਰਮ ਅਤੇ ਆਪਣੇ ਆਪ ਨੂੰ ਪਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਜੇ ਨੰਬਰ ਦਾ ‘ਸੀਨੀਅਰ ਅਕਾਲੀ’ ਦੱਸਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਇਸ ਦਲ ਦਾ ਪ੍ਰਧਾਨ ਐਲਾਨਿਆ ਗਿਆ ਹੈ। ਅਕਾਲ ਤਖਤ ਸਾਹਿਬ ਦੇ ਸਨਮੁਖ ਕੀਤੀ ਗਈ ਅਰਦਾਸ ਵਿੱਚ ਦਲ ਦੇ ਆਗੂਆਂ ਤੇ ਕਾਰਕੁੰਨਾਂ ਨੇ ਇਹ ਅਹਿਦ ਵੀ ਦੁਹਰਾਇਆ ਹੈ ਕਿ ਉਹ 14 ਦਸੰਬਰ 1920 ਵਿੱਚ ਅਕਾਲ ਤਖਤ ਸਾਹਿਬ ਦੇ ਸਨਮੁਖ ਸਥਾਪਤ ਕੀਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਲ਼ ਸਿਧਾਤਾਂ ਤੇ ਉਦੇਸ਼ਾਂ ਦੀ ਮੁੜ ਸੁਰਜੀਤੀ ਲਈ ਯਤਨਸ਼ੀਲ ਰਹਿਣਗੇ।
ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਰਵਿੰਦਰ ਸਿੰਘ ਬ੍ਰਹਮਪੁਰਾ, ਅਮਰਪਾਲ ਸਿੰਘ ਬੋਨੀ ਅਜਨਾਲਾ, ਮਨਮੋਹਨ ਸਿੰਘ ਸਠਿਆਲਾ, ਉਜਾਗਰ ਸਿੰਘ ਬਡਾਲੀ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਬੰਸ ਸਿੰਘ ਮੰਝਪੁਰ ਤੇ ਮੱਖਣ ਸਿੰਘ ਨੰਗਲ ਦੀ ਅਗਵਾਈ ਵਿਚ ਸਿਆਸੀ ਕਾਰਕੁੰਨ ਤੇ ਵੱਖ-ਵੱਖ ਲਿਕਾਇਆਂ ਦੇ ਮੁਕਾਮੀ ਆਗੂ ਅੱਜ ਸਵੇਰੇ 10.30 ਵਜੇ ਦੇ ਕਰੀਬ ਦਰਬਾਰ ਸਾਹਿਬ ਦੀ ਘੰਟਾ ਘਰ ਵਾਲੀ ਬਾਹੀ ਵੱਲ ਇਕੱਠੇ ਹੋਣੇ ਸ਼ੁਰੂ ਹੋਏ ਅਤੇ ਕੋਈ 12.30 ਵਜੇ ਦੇ ਕਰੀਬ ਨਾਅਰੇ ਲਾਉਂਦਿਆਂ ਅਕਾਲ ਤਖਤ ਸਾਹਿਬ ਵਿਖੇ ਗਏ।
ਅਕਾਲ ਤਖਤ ਸਾਹਿਬ ਵਿਖੇ ਪਹਿਲਾਂ ਤੋਂ ਮੌਜੂਦ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਜਗਤਾਰ ਸਿੰਘ ਸ਼ਹੂਰਾ ਤੇ ਸੁਖਰਾਜ ਸਿੰਘ ਵੱਡੀ ਗਿਣਤੀ ‘ਟਾਸਕ ਫੋਰਸ’ ਲੈਕੇ ਖੜੇ ਸਨ ਜਿਨ੍ਹਾਂ ਨੇ ਟਕਸਾਲੀ ਆਗੂਆਂ ਨੂੰ ਵੇਖਦਿਆਂ ਹੀ ਚਲ ਰਹੇ ਢਾਡੀ ਦਰਬਾਰ ਨੂੰ ਰੋਕ ਕੇ ਮਾਈਕ ਆਦਿ ਲਾਹ ਲਏ।
ਇਸੇ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਦਰਬਾਰ ਸਾਹਿਬ ਦੇ ਸੇਵਾਮੁਕਤ ਅਰਦਾਸੀਏ ਭਾਈ ਧਰਮ ਸਿੰਘ ਨੇ ਅਰਦਾਸ ਕੀਤੀ।
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਉਣ ਬਾਰੇ ਅਰਦਾਸ ਤੋਂ ਬਾਅਦ ਸਾਬਕਾ ਮੰਤਰੀ ਅਤੇ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਪ੍ਰਧਾਨ ਦੇ ਅਹੁਦੇ ਲਈ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਨਾਮ ਪੇਸ਼ ਕੀਤਾ। ਇਸਦੀ ਤਾਈਦ ਡਾ. ਰਤਨ ਸਿੰਘ ਅਜਨਾਲਾ ਨੇ ਕੀਤੀ ਤੇ ਤਾਈਦ ਮਜੀਦ ਉਜਾਗਰ ਸਿੰਘ ਬਡਾਲੀ ਨੇ ਕੀਤੀ।
ਇਸ ਮੌਕੇ ਬੋਲਦਿਆਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਹ ਸਾਥੀ ਆਗੂਆਂ ਦੀ ਰਾਏ ਨਾਲ ਆਉਣ ਵਾਲੇ ਦਿਨਾਂ ਵਿੱਚ ਸ਼੍ਰੋ.ਅ.ਦ (ਟ) ਦਾ ਸੰਵਿਧਾਨ ਤੇ ਢਾਂਚਾ ਲੈਕੇ ਸਾਹਮਣੇ ਆਉਣਗੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਜਿਹੜੇ ਟਕਸਾਲੀ ਆਗੂ ਤੇ ਵਰਕਰ ਇਹ ਮਹਿਸੂਸ ਕਰਦੇ ਹਨ ਕਿ ਸ਼੍ਰੌਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਸਮੇਂ ਦੀ ਲੋੜ ਹੈ ਉਹ ਘਰਾਂ ਤੇ ਸੌੜੀ ਸਿਆਸਤ ਦੀ ਚਾਰ ਦੀਵਾਰੀ ‘ਚ ਬਾਹਰ ਨਿਕਲਣ।
ਬਾਦਲਾਂ ਤੋਂ ਬਾਗੀ ਟਕਸਾਲੀ ਅਕਾਲੀਆਂ ਦੀ ਆਮਦ ਨੂੰ ਵੇਖਦਿਆਂ ਸ਼੍ਰੋ.ਗੁ.ਪ੍ਰ.ਕ ਦੇ ਮੁਲਾਜ਼ਮ ਪੂਰੀ ਤਰ੍ਹਾਂ ਚੌਕਸ ਨਜਰ ਆ ਰਹੇ ਸਨ। ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਤੇ ਅਕਾਲ ਤਖਤ ਸਾਹਿਬ ਨੂੰ ਵੀ ‘ਟਾਸਕ ਫੋਰਸ’ ਦੀ ਮਦਦ ਨਾਲ ਘੇਰੇ ਵਿੱਚ ਲਿਆ ਹੋਇਆ ਸੀ। ਇਸਦੇ ਨਾਲ ਇੱਕ ਏ.ਸੀ.ਪੀ. ਦੀ ਅਗਵਾਈ ਹੇਠ ਵੱਡੀ ਗਿਣਤੀ ਵਰਦੀਧਾਰੀ ਪੁਲਿਸ ਮੁਲਾਜਮ ਵੀ ਸੂਚਨਾ ਕੇਂਦਰ ਦੇ ਬਾਹਰ ਖੜੇ ਸਨ ਤੇ ਚਿੱਟ ਕਪੜੀਏ ਮੁਲਾਜਮ ਸ਼੍ਰੋ.ਅ.ਦ (ਟ) ਦੇ ਆਗੂਆਂ ਤੇ ਕਾਰਕੁੰਨਾਂ ਦੇ ਨਾਲ ਚਲ ਰਹੇ ਸਨ।
ਇਸ ਮੌਕੇ ਸ੍ਰ. ਮਨਜੀਤ ਸਿੰਘ ਕਲਕੱਤਾ ਧੜੇ ਨਾਲ ਸਬੰਧਤ ਪ੍ਰਦੀਪ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਕਲਕੱਤਾ, ਜਥੇਦਾਰ ਤਰਲੋਚਨ ਸਿੰਘ ਅਜੀਤ ਨਗਰ,ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਵੇਈਂ ਪੂਈਂ, ਮਹਿੰਦਰ ਸਿੰਘ ਹੂਸੈਨਪੁਰ, ਕੁਲਦੀਪ ਸਿੰਘ ਤੇੜਾ, ਸਾਬਕਾ ਕਮੇਟੀ ਮੈਂਬਰ ਬਲਦੇਵ ਸਿੰਘ ਐਮ.ਏ., ਚਰਨ ਸਿੰਘ ਫਰੀਦਕੋਟ, ਗੋਪਾਲ ਸਿੰਘ ਜਾਣੀਆਂ, ਕੈਪਟਨ ਅਜੀਤ ਸਿੰਘ ਰੰਘਰੇਟਾ, ਅੰਗਰੇਜ ਸਿੰਘ ਹਰੀਪੁਰਾ, ਦਲਜੀਤ ਸਿੰਘ ਬੱਬੂ, ਸਾਬਕਾ ਸ਼੍ਰੋ.ਗੁ.ਪ੍ਰ.ਕ. ਸਕੱਤਰ ਕੁਲਵੰਤ ਸਿੰਘ ਰੰਧਾਵਾ ਤੇ ਹੋਰ ਹਾਜਰ ਸਨ।