ਪਟਿਆਲਾ (1 ਜੁਲਾਈ, 2010): ਪਿਛਲੇ ਦਿਨੀਂ ਕੈਨੇਡਾ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਵੱਲੋਂ ਨਵੰਬਰ 1984 ਦੇ ਘਟਨਾਕ੍ਰਮ ਬਾਰੇ ਕਥਿਤ ਮਾਫੀ ਮੰਗੇ ਜਾਣ ਉੱਤੇ ਪ੍ਰਤੀਕਰਮ ਜ਼ਾਹਰ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਅਜਿਹੀ ਮਾਫੀ ਕੋਈ ਅਰਥ ਨਹੀਂ ਰੱਖਦੀ। ਫੈਡਰੇਸ਼ਨ ਦੇ ਸਕੱਤਰ ਸ. ਬਲਜੀਤ ਸਿੰਘ ਵੱਲੋਂ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਡਾ. ਮਨਮੋਹਣ ਸਿੰਘ ਦੇ ਇਸ ਬਿਆਨ ਦੀ ਸੁਹਿਰਦਤਾ ਸ਼ੱਕ ਦੇ ਘੇਰੇ ਵਿੱਚ ਹੈ। ਮੁਲਕ ਦੇ ਪ੍ਰਧਾਨ ਮੰਤਰੀ ਹੁੰਦਿਆਂ ਡਾ. ਮਨਮੋਹਣ ਸਿੰਘ ਨੇ ਪਿਛਲੇ ਕਰੀਬ ਛੇ ਸਾਲਾਂ ਵਿੱਚ ਕਦੇ ਵੀ ਨਵੰਬਰ 1984 ਦੇ ਸਿੱਖ ਕਲਤੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦਾ ਯਤਨ ਨਹੀਂ ਕੀਤਾ। ਉਹਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਚੱਲ ਰਹੀ ਜਿਸ ਕਾਰਵਾਈ ਦਾ ਜ਼ਿਕਰ ਡਾ. ਮਨਮੋਹਣ ਸਿੰਘ ਨੇ ਕੀਤਾ ਹੈ ਉਸ ਨੂੰ ਦੁਨੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਅਤੇ ਪੀੜਤਾਂ ਨੂੰ ਇਨਸਾਫ ਦੇਣ ਤੋਂ ਮੁਨਕਰ ਹੋਣ ਦੀ ਕਾਰਵਾਈ ਤੋਂ ਵਧੇਰੇ ਹੋਰ ਕੁਝ ਨਹੀਂ ਕਿਹਾ ਜਾ ਸਕਦਾ।
ਫੈਡਰੇਸ਼ਨ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਬਿਆਨ ਦਾ ਮਨੋਰਥ ਕੈਨੇਡਾ ਵੱਸਦੇ ਸਿੱਖਾਂ ਵੱਲੋਂ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਦਾ ਦਰਜਾ ਦਿਵਾਉਣ ਲਈ ਓਟਾਵਾ ਸੂਬੇ ਦੀ ਪਾਰਲੀਮੈਂਟ ਵਿੱਚ ਪਾਈ ਗਈ ਅਰਜੀ (ਪਟੀਸ਼ਨ) ਨੂੰ ਸਿਰੇ ਚੜ੍ਹਨ ਤੋਂ ਰੋਕਣਾ ਹੈ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਦੌਰੇ ਉੱਤੇ ਜਾਣ ਮੌਕੇ ਜਾਰੀ ਕੀਤੇ ਇੱਕ ਬਿਆਨ ਵਿੱਚ ਇਸ ਪਟੀਸ਼ਨ ਦਾ ਸਮਰਥਨ ਕਰਨ ਵਾਲੇ ਸਿੱਖਾਂ ਲਈ ‘ਅਤਿਵਾਦੀ’ ਅਤੇ ‘ਵੱਖਵਾਦੀ’ ਵਰਗੇ ਵਿਸ਼ੇਸ਼ਣ ਵਰਤੇ ਗਏ ਸਨ, ਜਿਸ ਦਾ ਦੁਨੀਆ ਭਰ ਦੇ ਸਿੱਖਾਂ ਨੇ ਬੁਰਾ ਮਨਾਇਆ ਸੀ। ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਵੀ ਪ੍ਰਧਾਨ ਮੰਤਰੀ ਵੱਲੋਂ ਕੈਨੇਡਾ ਦੇ ਸਿੱਖਾਂ ਨੂੰ ਬਦਨਾਮ ਕਰਨ ਲਈ ਅਜਿਹੀ ਸ਼ਬਦਾਵਲੀ ਵਰਤੇ ਜਾਣ ਦੀ ਕਰੜੀ ਨਿਖੇਧੀ ਕੀਤੀ ਗਈ ਹੈ।