ਸਟਾਕਟਨ – ਗਦਰੀ ਬਾਬਿਆਂ ਦੀ ਤਰਾਂ 80ਵਿਆਂ ਦੇ ਖਾੜਕੂ ਸੰਘਰਸ਼ ਸਮੇ ਅਮਰੀਕਾ ਦੀ ਧਰਤੀ ਤੋਂ ਪੰਜਾਬ ਜਾ ਕੇ ਸਿੱਖ ਸੰਘਰਸ਼ ਤੇ ਖਾਲਿਸਤਾਨ ਦੀ ਆਜ਼ਾਦੀ ਲਈ ਸ਼ਹੀਦ ਹੋਏ ਸੂਰਮਿਆਂ “ਭਾਈ ਹਰਜੀਤ ਸਿੰਘ ਢਿਲੋਂ, ਭਾਈ ਸੁਖਬੀਰ ਸਿੰਘ ਢਿਲੋਂ, ਭਾਈ ਚਰਨਜੀਤ ਸਿੰਘ ਚੰਨਾ, ਭਾਈ ਦਵਿੰਦਰ ਸਿੰਘ ਸਿੰਘਪੂਰਾ, ਭਾਈ ਬਲਜਿੰਦਰ ਸਿੰਘ ਰਾਜੂ” ਦੀ ਯਾਦ ਵਿੱਚ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ।
15 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਈ ਤੇ 17 ਤਰੀਕ ਦਿਨ ਐਤਵਾਰ ਨੂੰ ਭੋਗ ਪਾਏ ਗਏ। ਜਿਸ ਤੋਂ ਉਪਰੰਤ ਕੀਰਤਨੀ ਜਥੇ ਨੇ ਕੀਰਤਨ ਦੀ ਸੇਵਾ ਕੀਤੀ ਅਤੇ ਭਾਈ ਮਹਿਲ ਸਿੰਘ “ਚੰਡੀਗੜ ਵਾਲੇ” ਨੇ ਉਹਨਾ ਯੋਧਿਆ ਦੀ ਵਾਰਾਂ ਗਾ ਕੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ।
ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਸਿੱਖ ਸੰਘਰਸ਼ ਦੇ ਉਘੇ ਆਗੂ ਤੇ ਪੰਥ ਸੇਵਕ ਭਾਈ ਦਲਜੀਤ ਸਿੰਘ ਜੀ ਨੇ ਬਿਜਲਈ ਸਾਧਨਾਂ ਰਾਹੀ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ। ਭਾਈ ਦਲਜੀਤ ਸਿੰਘ ਨੇ ਉਨ੍ਹਾਂ ਸ਼ਹੀਦ ਸਿੰਘਾਂ ਨਾਲ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਸ਼ਹੀਦਾਂ ਸਿੰਘਾਂ ਦੀ ਪੰਥ ਪ੍ਰਤੀ ਸੇਵਾ ਨੂੰ ਸੰਗਤਾਂ ਦੇ ਸਨਮੁਖ ਰੱਖਿਆ। ਭਾਈ ਸਾਬ ਨੇ ਪੰਥ ਦੇ ਮੌਜੂਦਾ ਹਾਲਾਤ ਤੇ ਭਵਿੱਖ ਦੀਆਂ ਚੁਣੌਤੀਆਂ ਲਈ ਅਗਾਹ ਕੀਤਾ।
ਇਸ ਤੋਂ ਇਲਾਵਾ ਡਾਕਟਰ ਪ੍ਰਿਤਪਾਲ ਸਿੰਘ, ਭਾਈ ਗੁਰਿੰਦਰਜੀਤ ਸਿੰਘ ਮਾਨਾ (ਸਿੱਖ ਫੈਡਰੇਸ਼ਨ ਯੂ. ਐਸ. ਏ), ਭਾਈ ਧੰਨਾ ਸਿੰਘ ਜੀ (ਪੰਥਕ ਕਮੇਟੀ ਮੈਂਬਰ), ਰਕਾਬ ਸਿੰਘ (SYA), ਬ੍ਰਹਮਦੀਪ ਕੌਰ (SYA) ਨੇ ਵੀ ਸੰਗਤਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ।
ਭਾਈ ਗੁਰਿੰਦਰਜੀਤ ਸਿੰਘ ਮਾਨਾ (ਸਿੱਖ ਫੈਡਰੇਸ਼ਨ ਯੂ. ਐਸ. ਏ), ਨਿਊ ਜਰਸੀ ਤੋਂ ਉਚੇਚੇ ਤੌਰ ਤੇ ਪਹੁੰਚ ਕੇ ਉਹਨਾ ਯੋਧਿਆਂ ਨਾਲ ਬਿਤਾਏ ਪਲ, ਭਾਵੁਕ ਸ਼ਬਦਾਂ ਨਾਲ ਸੰਗਤਾਂ ਵਿੱਚ ਸਾਂਝੇ ਕਰਦੇ ਹੋਏ।
ਸਟੇਜ ਸਕੱਤਰ ਦੀ ਸੇਵਾ ਭਾਈ ਅਮਰਜੀਤ ਸਿੰਘ ਤੁੰਗ ਨੇ ਨਿਭਾਈ ਅਤੇ ਭਾਈ ਜਸਵਿੰਦਰ ਸਿੰਘ ਜੰਡੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ । ਸਮਾਗਮ ਦੀ ਸਮਾਪਤੀ ਤੋਂ ਬਾਅਦ ਸੰਗਤੀ ਰੂਪ ਚ ਇਹਨਾ 5 ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਨੂੰ ਗੁਰੂਦਵਾਰਾ ਸਾਹਿਬ ਚ ਹੋਰਨਾ ਸ਼ਹੀਦ ਸਿੰਘਾ ਦੀਆਂ ਤਸਵੀਰਾਂ ਦੇ ਨਾਲ ਸੁਸ਼ੋਭਿਤ ਕੀਤਾ ਗਿਆ।