ਫਰੈਕਫੋਰਟ (ਗੁਰਚਰਨ ਸਿੰਘ): ਮਹਾਨ ਸੂਰਬੀਰ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੁਰਾਤਨ ਸਿੱਖ ਇਤਿਹਾਸ ਦੀਆਂ ਲੀਹਾਂ ਤੇ ਚਲਦਿਆਂ ਅਦੁੱਤੀ ਕਰਨਾਮੇ ਕਰਦਿਆਂ ਹੋਇਆ ਸ੍ਰੀ ਦਰਬਾਰ ਸਾਹਿਬ ਉਪੱਰ ਹਮਲਾਵਾਰ ਭਾਰਤੀ ਫੌਜਾਂ ਦੀ ਕਮਾਂਡ ਕਰਨ ਵਾਲੇ ਜਨਰਲ ਵੈਦਿਆ ਨੂੰ ਖਾਲਸਾਈ ਰਵਾਇਤਾਂ ਮੁਤਾਬਕ ਸੋਧਾ ਲਾ ਕੇ ਜਿਥੇ ਖਾਲਸਾਈ ਇਤਿਹਾਸ ਨੂੰ ਰੋਸ਼ਨਾਇਆ, ਉੱਥੇ ਮੌਤ ਨਾਲ ਮੁਖੌਲਾ ਕਰਦਿਆਂ ਹੋਇਆਂ 9 ਅਕਤੂਬਰ 1992 ਨੂੰ ਹੱਸਦਿਆ ਹੱਸਦਿਆ ਫਾਂਸੀ ਦੇ ਤਖਤੇ ਤੇ ਝੂਟਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਕੇ, ਸਿੱਖ ਕੌਮ ਦੇ ਦਿਲਾਂ ਅੰਦਰ ਅਮਿੱਟ ਛਾਪ ਛੱਡੀ।
ਇਸ ਦੁਨੀਆਂ ਵਿਚ ਰੋਜ਼ਾਨਾ ਲੱਖਾਂ ਜ਼ਿੰਦਗੀਆਂ ਨਿੱਤ ਜਨਮ ਲੈਦੀਆਂ ਤੇ ਕਾਲ ਵੱਸ ਹੁੰਦੀਆਂ ਪਰ ਉਹਨਾਂ ਦੇ ਨਾਮ ਪਤੇ ਦਿਨ ਯਾਦ ਰੱਖਣ ਦੀ ਕਿਸੇ ਨੂੰ ਲੋੜ ਜਾਂ ਵਿਹਲ ਨਹੀਂ ਹੈ। ਯਾਦ ਉਨਾ ਨੂੰ ਹੀ ਕੀਤਾ ਜਾਦਾ ਹੈ ਜੋ ਆਪਣੀ ਕੌਮ ਜਾਂ ਧਰਮ ਤੇ ਦੇਸ਼ ਵਾਸਤੇ ਅਦੁੱਤੀ ਕਾਰਨਾਮੇ ਕਰ ਗੁਜ਼ਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਵਰਸਾਏ ਖਾਲਸਾ ਪੰਥ ਦੇ ਦੋ ਲਾਡਲੇ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਲਾਸਾਨੀ ਸ਼ਹਾਦਤ ਨਾਲ ਖਾਲਸਾਈ ਇਤਿਹਾਸ ਨੂੰ ਰੋਸ਼ਨ ਕੀਤਾ ਹੀ ਹੈ ।ਪਰ ਨਾਲ ਹੀ ਉਹ ਅਜੋਕੇ ਸਿੱਖ ਕੌਮ ਦੀ ਅਜ਼ਾਦੀ ਦੇ ਸੰਗਰਾਮ ਦੇ ਮੁੱਖ ਕੇਦਰ ਬਿੰਦੂ ਹੋ ਨਿਬੜੇ ਹਨ । ਲੱਖਾਂ ਫੌਜਾਂ ਦੀ ਕਮਾਂਡ ਕਰਨ ਵਾਲਾ ਅਕਾਲ ਤਖਤ ਸਾਹਿਬ ਤੇ ਹਮਲਾਵਰ ਜਰਨਲ ਵੈਦਿਆ ਤਾਂ ਇਤਿਹਾਸ ਦੇ ਘੱਟੇ ਵਿਚ ਗੁਆਚ ਗਿਆ ਹੈ। ਪਰ ਭਾਈ ਜਿੰਦਾ ਤੇ ਭਾਈ ਸੁੱਖਾ ਖਾਲਿਸਤਾਨੀ ਸੰਗਰਾਮ ਦੇ ਸਦੀਵੀ ਸਿੱਖ ਜਰਨੈਲ ਸਥਾਪਤ ਹੋ ਗਏ ਹਨ, ਜਿਨਾਂ ਦੀ ਬਹਾਦਰੀ ਤੇ ਨਿਰਭੈਤਾ ਦਾ ਲੋਹਾ ਦੁਸ਼ਮਣ ਨੇ ਵੀ ਮੰਨਿਆ ਹੈ । ਇਹਨਾਂ ਮਹਾਨ ਸ਼ਹੀਦਾਂ ਦੇ 25ਵੇਂ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀ ਪ੍ਰਬੰਧਕ ਕਮੇਟੀ ਵੱਲੋ ਸਮੂਹ ਸੰਗਤਾਂ ਦੇ ਸਹਿਯੋਗ ਨਾਲ 15 ਅਕਤੂਬਰ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਸੋ ਸਮੂਹ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵੱਲੋ ਨਿਮਰਤਾ ਸਾਹਿਤ ਬੇਨਤੀ ਹੈ ਕਿ ਮਹਾਨ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਨ ਲਈ ਵੱਧ ਤੋਂ ਵੱਧ ਸ਼ਹੀਦੀ ਸਮਾਗਮ ਵਿੱਚ ਹਾਜ਼ਰੀਆਂ ਭਰੀਏ।