ਮਖੂ (28 ਜਨਵਰੀ, 2015): ਖਾਲਸਾ ਰਾਜ ਦੀ ਆਨ ਸ਼ਾਨ ਅਤੇ ਸਲਾਮਤੀ ਲਈ ਸਭਰਾਵਾਂ ਦੇ ਜੰਗ-ਏ ਮੈਦਾਨ ਵਿੱਚ ਸ਼ਹੀਦ ਹੋਣ ਵਾਲੇ ਮਹਾਨ ਸਿੱਖ ਜਰਨੈਲ ਸ. ਸ਼ਾਮ ਸਿੰਘ ਅਟਾਰੀਵਾਲੇ ਦੀ ਯਾਦ ਨੂੰ ਸਮਰਪਿਤ ਮਲਟੀ ਮੀਡਆ ਸਿੱਖ ਮਿਊਜ਼ੀਅਮ ਬਣਾਇਆ ਗਿਆ ਹੈ।
ਸ: ਸ਼ਾਮ ਸਿੰਘ ਅਟਾਰੀ ਦੀ ਲੜਦਿਆਂ-ਲੜਦਿਆਂ 10 ਫਰਵਰੀ 1846 ਵਾਲੇ ਦਿਨ ਸ਼ਹਾਦਤ ਹੋ ਗਈ ਸੀ ਤੇ ਨਾਲ ਹੀ ਹਜ਼ਾਰਾਂ ਹੀ ਹੋਰ ਖਾਲਸਾ ਫ਼ੌਜੀਆਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਸਨ।
ਇਨ੍ਹਾਂ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਸਦੀਵੀ ਮੁੱਖ ਰੱਖਦਿਆਂ ਅਤੇ ਉਨ੍ਹਾਂ ਨੂੰ ਅਕੀਦਤ ਦੇ ਫੁੱਲ ਭੇਂਟ ਕਰਨ ਲਈ ਵਿਸ਼ਵ ਦੇ ਪ੍ਰਸਿੱਧ ਸਕਾਲਰ ਤੇ ਮਿਉਜ਼ੀਆਲੋਜਿਸਟ ਕੈਨੇਡਾ ਨਿਵਾਸੀ ਡਾ: ਰਘਬੀਰ ਸਿੰਘ ਬੈਂਸ ਵੱਲੋਂ ਤਿਆਰ ਕੀਤੇ ਸ਼ਾਮ ਸਿੰਘ ਅਟਾਰੀ ਮਲਟੀ ਮੀਡਆ ਸਿੱਖ ਮਿਊਜ਼ੀਅਮ ਦਾ ਸ਼ੁੱਭ ਉਦਘਾਟਨ ਮਖੂ ਦੇ ਨਜ਼ਦੀਕ ਪਿੰਡ ਫਤਿਹਗੜ ਸਾਭਰਾਂ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਪਣੇ ਕਰ ਕਮਲਾ ਨਾਲ ਸੰਗਤਾਂ ਦੀ ਹਾਜ਼ਰੀ ‘ਚ ਕਰਕੇ ਸੰਸਾਰ ਭਰ ਨੂੰ ਸਮਰਪਿਤ ਕੀਤਾ ਗਿਆ ।
ਇਸ ਅਦੁੱਤੀ ਅਜਾਇਬ ਘਰ ਦਾ ਨਿਰਮਾਣ ਕਾਰ ਸੇਵਾ ਵਾਲੇ ਬਾਬਾ ਸ਼ਿੰਦਰ ਸਿੰਘ ਅਤੇ ਉਨ੍ਹਾਂ ਨਾਲ ਸਹਿਯੋਗੀਆਂ ਵੱਲੋਂ ਕੀਤਾ ਗਿਆ ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜਾਇਬ ਘਰ ਦੇ ਰਚੇਤਾ ਡਾ: ਰਘਬੀਰ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਥਾਪਿਤ ਕੀਤਾ ਇਹ ਵਿਸ਼ਵ ਭਰ ਦਾ ਛੇਵਾਂ ਮਲਟੀ ਮੀਡੀਆ ਸਿੱਖ ਮਿਉਜ਼ੀਅਮ ਹੈ, ਜਿਸ ਨੂੰ ਬਣਾਉਣ ਲਈ 10 ਲੱਖ ਰੁਪਏ ਦੇ ਕਰੀਬ ਖਰਚਾ ਆਇਆ ਹੈ।
ਇਸ ਮਿਉਜ਼ੀਅਮ ‘ਚ ਅਤਿ-ਅਧੁਨਿਕ ਕਿਸਮ ਦੀਆਂ ਤਿੰਨ ਟੱਚ ਸਕਰੀਨਾਂ ਅਤੇ ਤਿੰਨ ਵੱਡੇ ਟੀ.ਵੀ. ਲਗਾਏ ਗਏ ਹਨ । ਇਸ ਦੇ ਨਾਲ ਹੀ ਪਟਿਆਲੇ ਤੋਂ ਗੋਬਿੰਦਰ ਸਿੰਘ ਜੋਹਲ, ਮੋਗਾ ਤੋਂ ਸਤਨਾਮ ਸਿੰਘ ਅਤੇ ਜਲੰਧਰ ਤੋਂ ਸੁਖਵਿੰਦਰ ਸਿੰਘ ਮਸ਼ਹੂਰ ਆਰਟਿਸਟਾਂ ਵੱਲੋਂ ਤਿਆਰ ਕੀਤੀਆਂ 12 ਪੇਟਿੰਗ ਲਗਾਈਆਂ ਗਈਆਂ ਹਨ।
ਇਸ ਤੋਂ ਪਹਿਲਾਂ ਇਸ ਕਿਸਮ ਦੇ ਅਜਾਇਬ ਘਰ ਖਡੂਰ ਸਾਹਿਬ, ਜਲੰਧਰ, ਗਵਾਲੀਅਰ, ਸੁਲਤਾਨਪੁਰ ਅਤੇ ਕੈਨੇਡਾ ‘ਚ ਵੀ ਲਗਾਏ ਜਾ ਚੁੱਕੇ ਹਨ ।