ਵਿਦੇਸ਼

ਸ਼ਹੀਦ ਗੁਰਦੇਵ ਸਿੰਘ ਧੀਰਪੁਰਵਾਲਿਆਂ ਦੀ ਬਰਸੀ ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਕੋਲਨ ਵਿਖੇ ਮਨਾਈ ਗਈ

By ਸਿੱਖ ਸਿਆਸਤ ਬਿਊਰੋ

July 05, 2016

ਕੋਲਨ: ਸਿੱਖ ਕੌਮ ਦੇ ਮਹਾਨ ਸ਼ਹੀਦ ਅਤੇ ਸ਼ਹੀਦ ਭਾਈ ਦਿਆਲਾ ਜੀ ਦੇ ਇਤਿਹਾਸ ਨੂੰ ਅਜੋਕੇ ਸਮੇ ਵਿੱਚ ਤਿੰਨ ਜੁਲਾਈ 1987 ਨੂੰ ਮੁੜ ਦੁਹਰਾਉਣ ਵਾਲੇ ਮਹਾਨ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਦੇਬੂ ਧੀਰਪੁਰ ਵਾਲਿਆਂ ਦੀ 29ਵੀਂ ਬਰਸੀ ਭਾਈ ਸਾਹਿਬ ਦੇ ਪ੍ਰਵਾਰ ਅਤੇ ਸਮੂੰਹ ਸਾਧ ਸੰਗਤ ਵੱਲੋਂ 3 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਕੋਲਨ ਜਰਮਨੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ।

ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਜ ਪਾਠ ਦੇ ਭੋਗ ਪਾਏ ਗਏ ਅਤੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਆਸਾ ਕੀ ਵਾਰ ਦੇ ਕੀਰਤਨ ਹੋਏ ਜਿਸ ਵਿੱਚ ਬਾਬਾ ਸੋਹਣ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਦਮਨਦੀਪ ਸਿੰਘ, ਭਾਈ ਮਨਦੀਪ ਸਿੰਘ, ਭਾਈ ਦਲਜੀਤ ਸਿੰਘ, ਬੀਬੀ ਬਲਜੀਤ ਕੌਰ, ਬੀਬੀ ਜਸਲੀਨ ਕੌਰ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਪੰਥਕ ਆਗੂਆਂ ਨੇ ਸ਼ਹੀਦ ਭਾਈ ਗੁਰਦੇਵ ਸਿੰਘ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ ਜਿਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਦੇ ਪ੍ਰਧਾਨ ਭਾਈ ਸੋਹਣ ਸਿੰਘ ਕੰਗ ਨੇ ਭਾਈ ਸਾਹਿਬ ਦੇ ਜੀਵਨ ਅਤੇ ਉਹਨਾਂ ਦੀ ਸ਼ਹੀਦੀ ਬਾਰੇ ਸੰਗਤਾਂ ਨੂੰ ਵਿਸਤਾਰ ਸਹਿਤ ਜਾਣੂ ਕਰਾਇਆ, ਬੱਬਰ ਖਾਲਸਾ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਭਾਈ ਗੁਰਦੇਵ ਸਿੰਘ ਜੀ ਸ਼ਹੀਦੀ ਉਪਰੰਤ ਪ੍ਰਵਾਰ ‘ਤੇ ਹੋਏ ਤਸ਼ੱਸ਼ਦ ਬਾਰੇ ਦੱਸਿਆ ਕਿ ਉਹ ਕਿੰਨਾ ਭਿਆਨਕ ਸਮਾਂ ਸੀ ਜਦੋਂ ਕੋਈ ਕਾਨੂੰਨ ਨਾਮ ਦੀ ਚੀਜ਼ ਨਹੀਂ ਸੀ ਹਰ ਪਾਸੇ ਸਰਕਾਰੀ ਵਰਦੀਧਾਰੀ ਦਹਿਸ਼ਤ ਸੀ ਜਿਸ ਕਿਸੇ ਨੂੰ ਵੀ ਜੀਅ ਕਰਦਾ ਪੁਲਿਸ ਚੁੱਕ ਲੈ ਜਾਂਦੀ ਤੇ ਕੋਹ-ਕੋਹ ਕੇ ਸ਼ਹੀਦ ਕਰ ਦਿੰਦੀ।

ਇਸ ਮੌਕੇ ਸ਼ਹੀਦ ਭਾਈ ਦਵਿੰਦਰ ਸਿੰਘ ਜੀ ਮਾਤਾ ਜੀ ਲਈ ਜਿਹਨਾਂ ਦੀ ਭਾਰੀ ਮੀਹਾਂ ਕਾਰਨ ਘਰ ਦੀ ਛੱਤ ਡਿੱਗ ਪਈ ਸੀ ਦੀ ਸਹਾਇਤਾ ਲਈ ਸੰਗਤਾਂ ਵੱਲੋਂ ਮਾਇਆ ਇੱਕਤਰ ਕੀਤੀ ਗਈ। ਸਟੇਜ ਸਕੱਤਰ ਦੀ ਸੇਵਾ ਭਾਈ ਜਤਿੰਦਰਵੀਰ ਸਿੰਘ ਜਨਰਲ ਸਕੱਤਰ ਸਿੱਖ ਫੈਡਰੇਸ਼ਨ ਜਰਮਨੀ ਨੇ ਬਾਖੂਬੀ ਨਿਭਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਪੰਥਕ ਆਗੂ ਹਾਜ਼ਰ ਸਨ ਜਿਹਨਾਂ ਵਿੱਚ ਜਥੇਦਾਰ ਸਤਨਾਮ ਸਿੰਘ ਬੱਬਰ, ਭਾਈ ਬਲਵੀਰ ਸਿੰਘ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਪ੍ਰਤਾਪ ਸਿੰਘ, ਭਾਈ ਗੁਰਮੁੱਖ ਸਿੰਘ ਗਿਆਨੀ, ਭਾਈ ਹਰਪਾਲ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: