ਸ੍ਰੀ ਅਕਾਲ ਤਖ਼ਤ ਸਾਹਿਬ

ਸਿਆਸੀ ਖਬਰਾਂ

ਸ਼੍ਰੋਮਣੀ ਕਮੇਟੀ ਵਲੋਂ ਸਿੱਖਾਂ ਨੂੰ ਘੱਲੂਘਾਰਾ ਦਿਹਾੜੇ ਮੌਕੇ ਅਕਾਲ ਤਖ਼ਤ ਸਾਹਿਬ ਪਹੁੰਚਣ ਦੀ ਅਪੀਲ

By ਸਿੱਖ ਸਿਆਸਤ ਬਿਊਰੋ

June 02, 2017

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਵੇਲੇ ਦੀ ਸਰਕਾਰ ਵੱਲੋਂ ਕੀਤੇ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ਵਿਚ 6 ਜੂਨ ਨੂੰ ਗੁਰਦੁਆਰਿਆਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾ ਕੇ ਅਰਦਾਸ ਕੀਤੀ ਜਾਵੇ। ਉਨ੍ਹਾਂ ਇਕ ਬਿਆਨ ਵਿਚ ਆਖਿਆ ਕਿ ਜੂਨ ‘84 ਦੇ ਘੱਲੂਘਾਰੇ ਵਿਚ ਉਸ ਸਮੇਂ ਦੀ ਭਾਰਤ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਵਾ ਦਿੱਤਾ ਸੀ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਪੁੱਜੀਆਂ ਨਿਰਦੋਸ਼ ਸੰਗਤਾਂ ਨੂੰ ਫੌਜ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਇਹ ਸੰਸਾਰ ਦੀ ਇੱਕੋ-ਇੱਕ ਅਜਿਹੀ ਦਰਿੰਦਗੀ ਵਾਲੀ ਕਾਰਵਾਈ ਸੀ ਜਿਸ ਵਿਚ ਦੇਸ਼ ਦੀ ਸਰਕਾਰ ਨੇ ਆਪਣੀ ਹੀ ਫੌਜ ਵੱਲੋਂ ਸਿੱਖਾਂ ਦੇ ਧਾਰਮਿਕ ਕੇਂਦਰੀ ਅਸਥਾਨ ‘ਤੇ ਹਮਲਾ ਕਰਵਾ ਕੇ ਆਪਣੇ ਹੀ ਦੇਸ਼ ਵਾਸੀਆਂ ਦੀ ਨਸਲਕੁਸ਼ੀ ਕੀਤੀ ਹੋਵੇ। ਪ੍ਰੋ: ਬਡੂੰਗਰ ਨੇ ਆਖਿਆ ਕਿ ਇਹ ਸਿੱਖ ਕੌਮ ਲਈ ਕਦੇ ਨਾ-ਭੁਲਾਇਆ ਜਾਣ ਵਾਲਾ ਦੁਖਾਂਤ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰੇ ਸਮਾਜ ਵਿਚ ਸਾਂਝੀਵਾਲਤਾ, ਬਰਾਬਰਤਾ ਤੇ ਏਕਤਾ ਪੈਦਾ ਕਰਨ ਦੀ ਬੇਮਿਸਾਲ ਉਦਾਹਰਨ ਹਨ ਅਤੇ ਜੂਨ ‘84 ਦੌਰਾਨ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਸਰਕਾਰ ਦੀ ਅਤਿ ਘਿਨਾਉਣੀ ਕਾਰਵਾਈ ਸੀ।

ਪ੍ਰੋ: ਬਡੂੰਗਰ ਨੇ ਕਿਹਾ ਕਿ 6 ਜੂਨ ਨੂੰ ਸਿੱਖ ਕੌਮ ਵਲੋਂ ਆਪਣੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ ਲਈ ਅਰਦਾਸ ਸਮਾਗਮ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਘੱਲੂਘਾਰੇ ਦੀ ਸਾਲਾਨਾ ਯਾਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਏ ਜਾ ਰਹੇ ਸ਼ਹੀਦੀ ਸਮਾਗਮ ਸਮੇਂ ਪਹੁੰਚਣ ਵਾਲੀਆਂ ਸਮੂਹ ਜਥੇਬੰਦੀਆਂ ਅਤੇ ਸੰਗਤਾਂ ਪੂਰਨ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਗੁਰਮਤਿ ਮਰਯਾਦਾ ਅਨੁਸਾਰ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜੂਨ ‘84 ਵਿਚ ਵਾਪਰੇ ਇਸ ਦੁਖਦਾਈ ਤੇ ਅਸਹਿ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਵਿਚ 6 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅਰਦਾਸ ਸਮਾਗਮਾਂ ਵਿਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨ। ਉਨ੍ਹਾਂ ਇਹ ਵੀ ਕਿਹਾ ਕਿ ਸੰਗਤਾਂ ਆਪੋ-ਆਪਣੇ ਪਿੰਡਾਂ/ਸ਼ਹਿਰਾਂ ਤੇ ਨਜ਼ਦੀਕੀ ਗੁਰਦੁਆਰਿਆਂ ਵਿਚ ਵੀ ਪਾਠ ਤੇ ਅਰਦਾਸ ਕਰਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: