ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ (14 ਅਕਤੂਬਰ, 2017 ਨੂੰ) ਗੁਰਦੁਆਰਾ ਛੋਟਾ ਘਲੂਘਾਰਾ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਹੀ ਰੋਕ ਦਿੱਤਾ। ਮਾਸਟਰ ਜੌਹਰ ਸਿੰਘ ਪਿੰਡ ਚੱਬਾ ਵਿਖੇ ਹੋਏ ਇਕੱਠ ਦੌਰਾਨ ਥਾਪੇ ਗਏ ਕਾਰਜਕਾਰੀ ਜਥੇਦਾਰਾਂ ਵਲੋਂ 12 ਅਕਤੂਬਰ ਨੂੰ ਲਾਈ ਧਾਰਮਿਕ ਸਜ਼ਾ ਤਹਿਤ ਇਥੇ ਸੇਵਾ ਕਰਨ ਪੁੱਜੇ ਸਨ। ਮਿਲੀ ਜਾਣਕਾਰੀ ਮੁਤਾਬਕ ਸ਼੍ਰੋ. ਕਮੇਟੀ ਪ੍ਰਬੰਧਕਾਂ ਨੇ ਤਾਂ ਇਹ ਵੀ ਕਿਹਾ ਕਿ ਜੇ ਮਾਸਟਰ ਜੌਹਰ ਸਿੰਘ ਆਪਣੇ ਉਪਰ ਲੱਗੇ ਦੋਸ਼ਾਂ ਦੀ ਤਨਖਾਹ ਵਜੋਂ ਸੇਵਾ ਨਿਭਾਉਣਾ ਹੀ ਚਾਹੁੰਦਾ ਹੈ ਤਾਂ ਉਹ ਬਣਦੀ ਸਜ਼ਾ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਾਸੋਂ ਲਗਵਾਏ।
ਮਾਸਟਰ ਜੌਹਰ ਸਿੰਘ ਦਰਬਾਰ ਸਾਹਿਬ ਵਿਖੇ ਇੱਕ ਘੰਟਾ ਲੰਗਰ ਵਿੱਚ ਜੂਠੇ ਬਰਤਨ ਸਾਫ ਕਰਨ, ਇੱਕ ਘੰਟਾ ਸੰਗਤ ਦੇ ਜੋੜਿਆਂ ਦੀ ਸੇਵਾ ਕਰਨ ਅਤੇ ਇੱਕ ਘੰਟਾ ਗੁਰਬਾਣੀ ਕੀਰਤਨ ਸਰਵਣ ਕਰਨ ਲਈ ਪੁੱਜਿਆ ਸੀ। ਇਸਦੀ ਜਾਣਕਾਰੀ ਮਿਲਦਿਆਂ ਹੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਗੁਰੂ ਰਾਮਦਾਸ ਸਰਾਂ ਵਾਲੇ ਗੇਟ ‘ਤੇ ਟਾਸਕ ਫੋਰਸ ਅਤੇ ਕਾਫੀ ਗਿਣਤੀ ‘ਚ ਕਮੇਟੀ ਮੁਲਾਜ਼ਮ ਸਵੇਰ ਤੋਂ ਹੀ ਬੈਠੇ ਹੋਏ ਸਨ। ਕਿਸੇ ਵੀ ਅਣਸੁਖਾਵੀਂ ਘਟਨਾ ਦੀ ਰੋਕ ਥਾਮ ਲਈ ਏ.ਸੀ.ਪੀ. ਨਰਿੰਦਰ ਸਿੰਘ, ਐਸ.ਐਚ.ਓ. ਕੋਤਵਾਲੀ ਮੈਡਮ ਰਾਜਵਿੰਦਰ ਕੌਰ ਤੇ ਐਸ.ਐਚ.ਓ. ਗਲਿਆਰਾ ਸੁਖਦੇਵ ਸਿੰਘ, ਸਿਵਲ ਤੇ ਵਰਦੀ ‘ਚ ਪੁਲਿਸ ਮੁਲਾਜਮਾਂ ਸਹਿਤ ਮੌਜੂਦ ਸਨ। ਬਾਅਦ ਦੁਪਿਹਰ 12:15 ਦੇ ਕਰੀਬ ਜਿਉਂ ਹੀ ਮਾਸਟਰ ਜੌਹਰ ਸਿੰਘ ਆਪਣੇ ਚਾਰ ਪੰਜ ਸਾਥੀਆਂ ਸਮੇਤ ਸਰਾਂ ਵਾਲੇ ਪਾਸੇ ਪੁਜੇ ਤਾਂ ਏ.ਸੀ.ਪੀ. ਨਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਨੇ ਉਨ੍ਹਾਂ ਨੂੰ ਆਪਣੇ ਘੇਰੇ ਵਿਚ ਲੈ ਕੇ ਮੈਨੇਜਰ ਸੁਲੱਖਣ ਸਿੰਘ ਤੀਕ ਲੈ ਆਂਦਾ।
ਸਬੰਧਤ ਖ਼ਬਰ: ਗਿਆਨੀ ਗੁਰਬਚਨ ਸਿੰਘ ਵਲੋਂ ਗੁ:ਛੋਟਾ ਘਲੂਘਾਰਾ ਟਰੱਸਟ ਭੰਗ, ਜਨ.ਸਕੱਤਰ ਬੂਟਾ ਸਿੰਘ ਨੂੰ ਪੰਥ ‘ਚੋਂ ਛੇਕਿਆ …
ਮਾਸਟਰ ਜੌਹਰ ਸਿੰਘ ਨੇ ਜਦੋਂ ਆਪਣੇ ਆਉਣ ਦਾ ਕਾਰਨ ਮੈਨੇਜਰ ਸੁਲੱਖਣ ਸਿੰਘ ਨੂੰ ਦੱਸਿਆ ਤਾਂ ਉਸਨੇ ਦੋ ਟੁੱਕ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਾਡੀ ਟਾਸਕ ਫੋਰਸ ਜੌਹਰ ਸਿੰਘ ਨੂੰ ਦਰਬਾਰ ਸਾਹਿਬ ਨਹੀਂ ਜਾਣ ਦੇਵੇਗੀ। ਜਦੋਂ ਮਾਸਟਰ ਜੌਹਰ ਸਿੰਘ ਨੇ ਦੱਸਿਆ ਕਿ ਉਹ ਕਾਰਜਕਾਰੀ ਜਥੇਦਾਰਾਂ ਵਲੋਂ ਲੱਗੀ ਸਜ਼ਾ ਤਹਿਤ ਸੇਵਾ ਕਰਨ ਆਏ ਹਨ ਤਾਂ ਮੈਨੇਜਰ ਸੁਲੱਖਣ ਸਿੰਘ ਇੱਕ ਹੀ ਗੱਲ ‘ਤੇ ਅੜੇ ਰਹੇ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਾਸ ਪੇਸ਼ ਹੋਵੋ। 10 ਮਿੰਟ ਉਥੇ ਰੁਕਣ ਤੋਂ ਬਾਅਦ ਮਾਸਟਰ ਜੌਹਰ ਸਿੰਘ ਉਥੋਂ ਮੁੜ ਆਇਆ। ਵਾਪਸ ਆ ਕੇ ਜੌਹਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਗਿਆਨੀ ਗੁਰਬਚਨ ਸਿੰਘ ਨੂੰ ਜਥੇਦਾਰ ਮੰਨਦਾ ਹੀ ਨਹੀਂ ਸਗੋਂ ਉਹ ਨਵੰਬਰ 2015 ‘ਚ ਚੱਬਾ ਵਿਖੇ ਹੋਏ ਇਕੱਠ ‘ਚ ਥਾਪੇ ਗਏ ਕਾਰਜਕਾਰੀ ਜਥੇਦਾਰਾਂ ਨੂੰ ਹੀ ਮਾਨਤਾ ਦਿੰਦਾ ਹੈ।