ਸਿਮਰਨਜੀਤ ਸਿੰਘ ਮਾਨ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ (ਫਤਿਹਗੜ੍ਹ ਸਾਹਿਬ), ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ

ਸਿਆਸੀ ਖਬਰਾਂ

ਬਾਬਾ ਬੰਦਾ ਸਿੰਘ ਬਹਾਦਰ ਇੰਜੀਅਰਿੰਗ ਕਾਲਜ ‘ਚ ਹੋ ਰਹੇ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਈ ਜਾਵੇ: ਮਾਨ

By ਸਿੱਖ ਸਿਆਸਤ ਬਿਊਰੋ

July 13, 2017

ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਮੁੱਖ ਦਫਤਰ ਤੋਂ ਬਿਆਨ ਜਾਰੀ ਕਰਕੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਜੋ ਵਿਦਿਅਕ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੀਆਂ ਹਨ, ਇਨ੍ਹਾਂ ਦੋਵਾਂ ਵਿਦਿਅਕ ਸੰਸਥਾਵਾਂ ਵਿਚ ਵੱਡੇ ਪੱਧਰ ਤੇ ਹਰ ਚੀਜ਼ ਦੀ ਖਰੀਦੋ-ਫਰੋਖਤ ਕਰਦੇ ਸਮੇਂ, ਕਾਲਜ ਦੇ ਫੰਡਾਂ ਦੀ ਦੁਰਵਰਤੋਂ ਕਰਨ, ਬੱਚਿਆਂ ਦੀਆਂ ਫ਼ੀਸਾਂ, ਫਰਨੀਚਰ, ਇਮਾਰਤੀ ਸਾਜੋ-ਸਮਾਨ, ਵਰਦੀਆਂ, ਕਿਤਾਬਾਂ ਆਦਿ ਹਰ ਛੋਟੀ ਤੋਂ ਛੋਟੀ ਚੀਜ਼ ਵਿਚ ਬੀਤੇ ਲੰਮੇ ਸਮੇਂ ਤੋਂ ਵੱਡੇ ਪੱਧਰ ‘ਤੇ ਘਪਲੇ ਹੁੰਦੇ ਆ ਰਹੇ ਹਨ। ਜਿਨ੍ਹਾਂ ਦੀ ਸਾਨੂੰ ਆਪਣੇ ਭਰੋਸੇਯੋਗ ਵਸੀਲਿਆ ਤੋਂ ਪੂਰੀ ਲਿਖਤੀ ਸਬੂਤਾਂ ਸਮੇਤ ਜਾਣਕਾਰੀ ਪ੍ਰਾਪਤ ਹੋਈ ਹੈ। ਜਿਵੇਂ ਕਿ ਦਾਖਲਿਆਂ ਵੇਲੇ ਜੋ ਡੋਨੇਸ਼ਨ (ਚੰਦਾ) ਲੈ ਕੇ ਸੀਟਾਂ ਭਰੀਆਂ ਜਾਂਦੀਆ ਹਨ, ਉਸਦਾ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਚ 78 ਲੱਖ ਰੁਪਇਆ ਇਕੱਠਾ ਹੋਇਆ।

ਇਸ ਵੱਡੀ ਰਕਮ ਨੂੰ ਹਿਸਾਬ-ਕਿਤਾਬ ‘ਚ ਕਿਤੇ ਵੀ ਦਰਜ ਨਹੀਂ ਕੀਤਾ ਗਿਆ ਹੈ। ਇਹ ਵੱਡੀ ਰਕਮ ਕੌਣ ਹੜੱਪ ਕਰ ਗਿਆ, ਇਸ ਬਾਰੇ ਜਾਂਚ ਹੋਣੀ ਜ਼ਰੂਰੀ ਹੈ। ਸ. ਮਨਪ੍ਰੀਤ ਸਿੰਘ ਨੇ ਗੈਰ-ਕਾਨੂੰਨੀ ਤਰੀਕੇ ਆਪਣੀ ਭੈਣ ਨੂੰ ਇੰਜਨੀਅਰਿੰਗ ਕਾਲਜ ਵਿਚ ਤੇ ਆਪਣੀ ਦੂਸਰੀ ਘਰਵਾਲੀ ਨੂੰ ਡਿਪਲੋਮਾ ਕਾਲਜ ਵਿਚ ਲਗਵਾਇਆ ਅਤੇ ਪੱਕੇ ਕਰਵਾਇਆ। ਇਸੇ ਤਰ੍ਹਾਂ ਪਹਿਲੇ ਪ੍ਰਧਾਨ ਮੱਕੜ ਦੇ ਦੋਹਤੇ ਨੂੰ 6 ਸਾਲਾ ਤੋਂ ਪ੍ਰੋਫੈਸਰ ਕੈਟਾਗਿਰੀ ਦਾ ਫਲੈਟ ਵੀ ਦਿੱਤਾ ਹੋਇਆ ਹੈ ਜਿਸ ਦਾ ਕੋਈ ਵੀ ਕਿਰਾਇਆ, ਬਿਜਲੀ, ਪਾਣੀ ਦਾ ਖਰਚਾ ਵਸੂਲ ਨਹੀਂ ਕੀਤਾ ਜਾਂਦਾ। ਮੱਕੜ ਦੀ ਦੋਹਤੀ ਨੂੰ ਸੀਟ ਨਾ ਹੋਣ ਦੇ ਬਾਵਜੂਦ ਵੀ ਡਿਪਲੋਮਾ ਕਾਲਜ ਵਿਚ ਲਗਵਾਇਆ ਗਿਆ ਅਤੇ ਫਿਰ ਜੀ. ਐਸ. ਲਾਂਬਾ ਪ੍ਰਿੰਸੀਪਲ ਨੇ ਆਪਣੇ ਕਾਲਜ ਵਿਚ ਲਿਆਂਦਾ। ਮੱਕੜ ਦੀ ਇਹ ਦੋਹਤੀ ਉਤੇ ਫਲੈਟ ਵਿਚ ਰਹਿ ਰਹੀ ਹੈ।

ਗੁਰਦਾਸ ਬਲਾਕ ਦੀ ਬਣਾਈ ਬਿਲਡਿੰਗ ਵਿਚ ਜੋ 6 ਮੰਜਿ਼ਲਾਂ ਹਨ, ਵੱਡੇ ਪੱਧਰ ‘ਤੇ ਏ.ਸੀ. ਅਤੇ ਹੋਰ ਖ਼ਰਚੇ ਦਿਖਾਕੇ ਕੌਮੀ ਖਜ਼ਾਨੇ ਨੂੰ ਲੁੱਟਿਆ ਗਿਆ। ਇਸ ਬਿਲਡਿੰਗ ਵਿਚ ਕੋਈ ਵੀ ਬਾਥਰੂਮ ਨਹੀਂ ਰੱਖਿਆ ਗਿਆ। ਇਸ ਕੰਮ ਲਈ 6 ਮੰਜਿ਼ਲਾਂ ਬਿਲਡਿੰਗ ਵੱਖਰੀ ਇਸ ਕਰਕੇ ਖੜ੍ਹੀ ਕੀਤੀ ਗਈ ਤਾਂ ਕਿ ਕਮਿਸਨ ਖਾਏ ਜਾ ਸਕਣ। ਇਸ ਕਾਲਜ ਵਿਚ ਜੋ ਫਰਨੀਚਰ ਖਰੀਦਿਆ ਗਿਆ ਹੈ, ਉਹ 70 ਲੱਖ ਦਾ ਟੈਂਡਰ ਰਿਜੈਕਟ ਕਰਕੇ 4 ਕਰੋੜ ਰੁਪਏ ਵਿਚ ਖਰੀਦਿਆ ਗਿਆ ਹੈ। ਮਨਪ੍ਰੀਤ ਸਿੰਘ ਬਿਲਡਿੰਗਾਂ ਵਿਚ ਕੇਵਲ ਵੱਡੇ ਕਮਿਸ਼ਨ ਹੀ ਪ੍ਰਾਪਤ ਨਹੀਂ ਕਰਦਾ, ਬਲਕਿ ਆਪਣੇ ਨਕਲੀ ਨਾਮ ਗੁਰਦੀਪ ਸਿੰਘ ਦੇ ਨਾਮ ‘ਤੇ ਖੁਦ ਵੀ ਠੇਕੇ ਲੈ ਰਿਹਾ ਹੈ। ਇੰਜਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਦੇ ਦਫ਼ਤਰ ਦਾ ਫਰਨੀਚਰ ਸਿਫਟ ਕੀਤਾ ਗਿਆ, ਪੁਰਾਣੇ ਗੈਸਟ ਹਾਊਸ ਦਾ ਪ੍ਰਿੰਸੀਪਲ ਦੇ ਘਰ ਦਾ ਫਰਨੀਚਰ ਕਿੱਥੇ ਖੁਰਦ-ਬੁਰਦ ਹੋ ਗਿਆ ਕੋਈ ਪਤਾ ਨਹੀਂ।

ਸਬੰਧਤ ਖ਼ਬਰ: ਸ਼੍ਰੋਮਣੀ ਕਮੇਟੀ ਵਲੋਂ ਬਣਾਏ ਜਾ ਰਹੇ ਟਰੱਸਟ ਸਿਆਸਤਦਾਨਾਂ ਨੂੰ ਫਾਇਦੇ ਪਹੁੰਚਾਉਣ ਲਈ: ਮਾਨ …

ਇਸੇ ਤਰ੍ਹਾਂ ਇਨ੍ਹਾਂ ਦੋਵਾਂ ਕਾਲਜਾਂ ਵਿਚ ਬਤੌਰ ਐਕਸੀਅਨ ਦੀ ਸੇਵਾ ਕਰ ਰਹੇ ਸ. ਮਨਪ੍ਰੀਤ ਸਿੰਘ ਵੱਲੋਂ ਡਾਕਟਰ ਜੀ.ਐਸ. ਲਾਂਬਾ ਅਤੇ ਦੂਸਰੇ ਕਾਲਜ ਦੇ ਪ੍ਰਿੰਸੀਪਲ ਕਰਨਲ ਆਤਮਜੀਤ ਸਿੰਘ ਨਾਲ ਮਿਲੀਭੁਗਤ ਕਰਕੇ ਕੇਵਲ ਕਰੋੜਾਂ ਰੁਪਏ ਦੀ ਹੇਰਾ-ਫੇਰੀ ਹੀ ਨਹੀਂ ਕੀਤੀ ਗਈ, ਬਲਕਿ ਗੈਰ ਕਾਨੂੰਨੀ ਅਤੇ ਨਿਯਮਾਂ ਦੀ ਉਲੰਘਣਾ ਰਾਹੀਂ ਆਪਣੇ ਰਿਸ਼ਤੇਦਾਰਾਂ, ਪਰਿਵਾਰਿਕ ਮੈਂਬਰਾਂ ਦੀਆਂ ਨਿਯੁਕਤੀਆਂ ਅਤੇ ਤਰੱਕੀਆਂ ਵੀ ਕਰਵਾਈਆ ਗਈਆਂ ਹਨ। ਮਨਪ੍ਰੀਤ ਸਿੰਘ ਨੌਕਰੀ ਲੱਗਣ ਵੇਲੇ ਡਿਪਲੋਮਾ ਸਿਵਲ ਪਾਸ ਸੀ। ਕਦੋਂ ਇਸ ਨੇ ਬੀ.ਟੈਕ, ਐਮ.ਟੈਕ ਕੀਤੀ, ਉਸਦੀ ਜਾਂਚ ਹੋਣੀ ਜ਼ਰੂਰੀ ਹੈ। ਇਸ ਦੀ ਪਤਨੀ ਨੂੰ ਸੀਨੀਅਰ ਹੋਣ ਦੀਆਂ ਸ਼ਰਤਾਂ ਤੋੜਕੇ ਵਾਈਸ-ਪ੍ਰਿੰਸੀਪਲ ਪੋਲੀਟੈਕਨੀਕਲ ਕਾਲਜ ਵਿਖੇ ਬਣਾਇਆ ਗਿਆ। ਪਿਛਲੇ 10 ਮਹੀਨਿਆਂ ਤੋਂ ਛੁੱਟੀ ਲਏ ਬਗੈਰ ਉਸਦੇ ਘਰ ਰਜਿ਼ਸਟਰ ਭੇਜਕੇ ਹਾਜ਼ਰੀ ਲਗਵਾਈ ਜਾਂਦੀ ਆ ਰਹੀ ਹੈ ਅਤੇ ਤਨਖਾਹ ਵੀ ਘਰ ਭੇਜੀ ਜਾਂਦੀ ਹੈ। ਜਿਸਦੀ ਨਿਰਪੱਖਤਾ ਨਾਲ ਸੀਮਤ ਸਮੇਂ ਵਿਚ ਜਾਂਚ ਹੋਣੀ ਅਤਿ ਜ਼ਰੂਰੀ ਹੈ ਅਤੇ ਜੋ ਵੀ ਇਸ ਘਪਲੇਬਾਜ਼ੀ ਵਿਚ ਦੋਸ਼ੀ ਪਾਏ ਜਾਣ, ਉਨ੍ਹਾਂ ਵਿਰੁੱਧ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਅਨੁਸਾਰ ਅਸੀਂ ਤੁਰੰਤ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ।

ਸਬੰਧਤ ਖ਼ਬਰ: ਮੱਕੜ ਦੇ ਪ੍ਰਧਾਨਗੀ ਕਾਲ ‘ਚ ਇਕੋ ਦਿਨ ਖਰੀਦੀ 61 ਏਕੜ ਜ਼ਮੀਨ ਦੀ ਨਿਰਪੱਖ ਜਾਂਚ ਹੋਵੇ: ਬਲਦੇਵ ਸਿੰਘ ਸਿਰਸਾ …

ਸ. ਮਾਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਬਡੂੰਗਰ ਨੂੰ ਕੁਝ ਦਿਨ ਪਹਿਲਾਂ ਆਪਣੇ ਦਸਤਖਤਾਂ ਹੇਠ ਪੱਤਰ ਲਿਖ ਕੇ ਉਪਰੋਕਤ ਭ੍ਰਿਸ਼ਟਾਚਾਰ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ, ਉਥੇ ਸਿੱਖ ਕੌਮ ਦੇ ਦਸਵੰਧ ਅਤੇ ਗੁਰੂ ਦੀ ਗੋਲਕ ਰਾਹੀਂ ਆਏ ਫੰਡਾਂ ਦੀ ਦੁਰਵਰਤੋਂ ਹੋਣ ਉਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਰਿਸ਼ਵਤਖੋਰੀ ਅਤੇ ਘਪਲੇਬਾਜ਼ੀ ਐਨੇ ਨੀਵੇਂ ਪੱਧਰ ‘ਤੇ ਹੋ ਰਹੀ ਹੈ ਕਿ ਪ੍ਰਿੰਸੀਪਲ ਦੇ ਘਰ ਕੋਈ ਮੀਟਰ ਨਹੀਂ ਲੱਗਾ ਹੋਇਆ, ਇਹ ਬਿਜਲੀ ਦੋਵਾਂ ਕਾਲਜਾਂ ਤੋਂ ਜਾ ਰਹੀ ਹੈ। ਜਦੋਂਕਿ ਸਭ ਸਟਾਫ਼ ਇਥੋਂ ਤੱਕ ਚਪੜਾਸੀ ਵੀ ਬਿਜਲੀ ਦੇ ਬਿਲ ਖੁਦ ਭਰਦੇ ਹਨ, ਪਰ ਪ੍ਰਿੰਸੀਪਾਲ ਨਹੀਂ।

ਕਾਲਜ ਦੀਆਂ ਕਾਰਾਂ ਨਿੱਜੀ ਕੰਮਾਂ ਤੇ ਪਰਿਵਾਰਿਕ ਕੰਮਾਂ ਲਈ ਹੀ ਵਰਤੋਂ ਵਿਚ ਆ ਰਹੀਆਂ ਹਨ, ਜਦੋਂਕਿ ਖ਼ਰਚਾ ਕਾਲਜ ਵਿਚ ਪਾਇਆ ਜਾਂਦਾ ਹੈ। ਸਟਾਫ਼ ਨੂੰ ਰੈਗੂਲਰ ਕਰਨ ਵਾਸਤੇ ਨਾਨ-ਟੀਚਿੰਗ 20 ਹਜ਼ਾਰ ਅਤੇ ਟੀਚਿੰਗ ਸਟਾਫ਼ 50 ਹਜ਼ਾਰ ਵਸੂਲ ਕੀਤੇ ਜਾਂਦੇ ਹਨ। ਜੋ ਸਿੱਧੀ ਰਿਸ਼ਵਤਖੋਰੀ ਹੈ। ਸਪੈਸ਼ਲ ਕਲਾਸਾਂ ਦੇ ਨਾਮ ‘ਤੇ ਪ੍ਰਤੀ ਵਿਸ਼ਾ 1000 ਰੁਪਏ ਵਸੂਲਿਆ ਜਾਂਦਾ ਹੈ, ਜਿਸਦਾ ਕੋਈ ਹਿਸਾਬ-ਕਿਤਾਬ ਨਹੀਂ ਰੱਖਿਆ ਗਿਆ। ਇਸ ਨੂੰ ਪ੍ਰਿੰਸੀਪਲ ਅਤੇ ਸਟਾਫ਼ ਵਿਚ 60-40 ਦੀ ਪ੍ਰਤੀਸ਼ਤਾਂ ਅਨੁਸਾਰ ਵੰਡ ਲਿਆ ਜਾਂਦਾ ਹੈ। ਇਸਦੀ ਜਾਂਚ ਹੋਣੀ ਅਤਿ ਜ਼ਰੂਰੀ ਹੈ।

ਸਬੰਧਤ ਖ਼ਬਰ: ਅਨੰਦਪੁਰ ਸਾਹਿਬ ਜ਼ਮੀਨ ਘੁਟਾਲਾ: ਪ੍ਰੋ: ਬਡੂੰਗਰ ਅਤੇ ਮੱਕੜ ਸਣੇ 19 ਨੂੰ ਭੇਜਿਆ ਕਾਨੂੰਨੀ ਨੋਟਿਸ …

ਪ੍ਰਿੰਸੀਪਲ ਦੇ ਘਰ ਕੱਪੜੇ ਧੋਣ ਵਾਲੀ ਮਸੀਨ ਨੂੰ ਹੋਸਟਲ ਦੇ ਨਾਮ ‘ਤੇ ਖਰੀਦਿਆ ਗਿਆ ਅਤੇ ਰੱਖੀ ਪ੍ਰਿੰਸੀਪਲ ਦੇ ਘਰ ਗਈ। 2006 ਤੋਂ ਲੈਕੇ 2009 ਤੱਕ ਪ੍ਰਤੀ ਵਿਦਿਆਰਥੀ 10 ਹਜ਼ਾਰ ਅਤੇ 11 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਗਿਆ, ਜਿਸਦਾ ਕੋਈ ਹਿਸਾਬ ਨਹੀਂ ਰੱਖਿਆ ਗਿਆ। ਪ੍ਰਬੰਧਕੀ ਬਲਾਕ ਜਿਸਦਾ ਖੇਤਰਫ਼ਲ ਤਕਰੀਬਨ 4 ਹਜ਼ਾਰ ਵਰਗ ਫੁੱਟ ਹੈ, ਦਾ ਉਦਘਾਟਨ ਕੀਤਾ ਗਿਆ। ਉਸਦੀ ਕੀਮਤ 4 ਕਰੋੜ 80 ਲੱਖ ਰੁਪਏ ਦੱਸੀ ਗਈ ਜੋ ਕਿ ਵੱਡੇ ਘਪਲੇ ਨੂੰ ਜ਼ਾਹਰ ਕਰਦਾ ਹੈ।

ਸ. ਮਾਨ ਨੇ ਆਪਣੇ ਪੱਤਰ ਵਿਚ ਪ੍ਰੋ. ਬਡੂੰਗਰ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਆਪ ਜੀ ਦੀ ਸ਼ਖਸੀਅਤ ਇਕ ਇਮਾਨਦਾਰੀ ਵਾਲੀ ਅਤੇ ਬੁੱਧੀਜੀਵੀ ਵਾਲੀ ਹੈ। ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਜਾਂ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਰਾਹੀਂ ਆ ਰਹੇ ਫੰਡਾਂ ਤੇ ਫ਼ੀਸਾਂ ਦੀ ਜਿਨ੍ਹਾਂ ਵੀ ਪ੍ਰਬੰਧਕਾਂ ਵੱਲੋਂ ਦੁਰਵਰਤੋਂ ਹੋ ਰਹੀ ਹੈ, ਉਸ ਸੱਚ ਨੂੰ ਸਾਹਮਣੇ ਲਿਆਕੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਵਿਰੁੱਧ ਆਪ ਜੀ ਪਹਿਲ ਦੇ ਆਧਾਰ ‘ਤੇ ਕਾਰਵਾਈ ਕਰਕੇ ਇਨ੍ਹਾਂ ਵਿਦਿਅਕ ਅਦਾਰਿਆਂ ਵਿਚ ਪਾਰਦਰਸ਼ੀ ਪ੍ਰਬੰਧ ਨੂੰ ਕਾਇਮ ਕਰੋਗੇ, ਇਹ ਅਸੀਂ ਉਮੀਦ ਕਰਦੇ ਹਾਂ ਅਤੇ ਜਾਂਚ ਕਰਵਾਉਂਦੇ ਹੋਏ ਸਿੱਖ ਕੌਮ ਨੂੰ ਸੱਚ ਤੋਂ ਜਾਣਕਾਰੀ ਵੀ ਦੇਵੋਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: