ਸ਼੍ਰੋਮਣੀ ਕਮੇਟੀ

ਵਿਦੇਸ਼

ਬਾਹਰਲੇ ਦੇਸ਼ਾਂ ਵਿਚ ਸਿੱਖਾਂ ‘ਤੇ ਨਸਲੀ ਹਮਲੇ ਰੋਕਣ ਲਈ ਬਣਾਈ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਨੇ ਕੋਈ ਵੀ ਵਿਦੇਸ਼ੀ ਸਿੱਖ ਸ਼ਾਮਲ ਨਹੀਂ ਕੀਤਾ

By ਸਿੱਖ ਸਿਆਸਤ ਬਿਊਰੋ

April 10, 2016

ਅੰਮ੍ਰਿਤਸਰ: ਵਿਦੇਸ਼ ’ਚ ਵਸਦੇ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਅਤੇ ਸਿੱਖ ਪਛਾਣ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਨੇ 22 ਮੈਂਬਰੀ ਸਬ-ਕਮੇਟੀ ਕਾਇਮ ਕੀਤੀ ਹੈ, ਜੋ ਇਸ ਸਮੱਸਿਆ ਦੇ ਹੱਲ ਲਈ ਸਿੱਖ ਜਥੇਬੰਦੀਆਂ ਤੇ ਸਿੱਖ ਬੁੱਧੀਜੀਵੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਦੀ ਘੋਖ ਕਰੇਗੀ। ਇਸ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ

ਇਸ ਸਬ-ਕਮੇਟੀ ਦੇ ਕੋ-ਆਰਡੀਨੇਟਰ ਦੀ ਜ਼ਿੰਮੇਵਾਰੀ ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੂੰ ਸੌਂਪੀ ਗਈ ਹੈ ਜਦੋਂ ਕਿ ਕਮੇਟੀ ਮੈਂਬਰਾਂ ਵਿੱਚ ਅੰਤ੍ਰਿੰਗ ਕਮੇਟੀ ਮੈਂਬਰ ਰਾਜਿੰਦਰ ਸਿੰਘ ਮਹਿਤਾ, ਡਾ. ਕਿਰਪਾਲ ਸਿੰਘ ਹਿਸਟੋਰੀਅਨ, ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਸਾਬਕਾ ਉਪ ਕੁਲਪਤੀ ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ, ਡਾ. ਬਲਕਾਰ ਸਿੰਘ, ਡਾ. ਬਲਵੰਤ ਸਿੰਘ ਢਿੱਲੋਂ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਹਰਚੰਦ ਸਿੰਘ ਬੇਦੀ, ਡਾ. ਜਸਬੀਰ ਸਿੰਘ ਸਾਬਰ, ਡਾ. ਸਰਬਜਿੰਦਰ ਸਿੰਘ, ਡਾ. ਪਰਮਵੀਰ ਸਿੰਘ, ਡਾ. ਰੂਪ ਸਿੰਘ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਤੇਜਾ ਸਿੰਘ ਨਿਰਮਲੇ ਖੁੱਡਾ ਕੁਰਾਲਾ, ਪ੍ਰਿੰ: ਰਾਮ ਸਿੰਘ ਕੁਲਾਰ, ਐਡਵੋਕੇਟ ਜਸਵਿੰਦਰ ਸਿੰਘ, ਪ੍ਰਤਾਪ ਸਿੰਘ ਲੁਧਿਆਣਾ, ਡਾ. ਧਰਮਿੰਦਰ ਸਿੰਘ ਉੱਭਾ, ਪ੍ਰਭਜੋਤ ਕੌਰ ਚੰਡੀਗੜ੍ਹ ਅਤੇ ਡਾ. ਗੁਰਬਚਨ ਸਿੰਘ ਬਚਨ ਸ਼ਾਮਲ ਹਨ।

ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਇਸ ਸਬ ਕਮੇਟੀ ਦਾ ਮਕਸਦ ਵਿਦੇਸ਼ਾਂ ਵਿੱਚ ਸਿੱਖ ਪਛਾਣ ਨਾਲ ਸਬੰਧਿਤ ਮਾਮਲਿਆਂ ਨਾਲ ਸਿੱਝਣ ਲਈ ਰਣਨੀਤੀ ਤਿਆਰ ਕਰਨਾ ਹੈ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਕਮੇਟੀ ਵਿੱਚ ਕਿਸੇ ਵੀ ਵਿਦੇਸ਼ੀ ਸਿੱਖ ਜੱਥੇਬੰਦੀ ਦਾ ਨੁਮਾਂਇਦਾ ਸ਼ਾਮਲ ਨਹੀ ਕੀਤਾ ਗਿਆ।

ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲ਼ਿਆਂ ਨੂੰ ਰੋਕਣ ਅਤੇ ਸਿੱਖ ਪਛਾਣ ਬਾਰੇ ਜਾਗਰੁਕਤਾ ਫੈਲਾਣ ਲਈ ਵੱਖ-ਵੱਖ ਦੇਸ਼ਾਂ ਵਿੱਚ ਬਹੁਤ ਸਾਰੀਆਂ ਸਿੱਖ ਜੱਥੇਬੰਦੀਆਂ ਪਿਛਲੇ ਸਮੇਂ ਤੋਂ ਕੰਮ ਕਰ ਰਹੀਆਂ ਹਨ।ਇਨ੍ਹਾਂ ਜੱਥੇਬੰਦੀਆਂ ਕੋਲ ਇਸ ਮਸਲੇ ‘ਤੇ ਕੰਮ ਕਰਨ ਕਾਫੀ ਤਜ਼ਰਬਾ ਹੈ ਅਤੇ ਨਸਲੀ ਹਮਲਿਆਂ ਅਤੇ ਸਿੱਖ ਪਛਾਣ ਦੇ ਮਾਮਲ਼ਿਆਂ ਨਾਲ ਉਨ੍ਹਾਂ ਦਾ ਸਿੱਧਾ ਵਾਹ-ਵਾਸਤਾ ਪੈਂਦਾ ਹੈ।ਇਸ ਕਰਕੇ ਵਿਦੇਸ਼ੀ ਸਿੱਖ ਨੁਮਾਂਇਦਿਆਂ ਨੂੰ ਇਸ ਕਮੇਟੀ ਵਿੱਚ ਸ਼ਾਮਲ ਨਾ ਕਰਨਾ ਸ਼੍ਰੋਮਣੀ ਕਮੇਟੀ ਦੀ ਇਸ ਮਸਲੇ ਬਾਰੇ ਅਪਣਾਈ ਪਹੁੰਚ ਦੀ ਗੰਭੀਰਤਾ ਬਾਰੇ ਦੱਸ ਪਾਉਦਾ ਹੈ।

ਇਸਤੋਂ ਇਲਾਵਾ ਵਿਦੇਸ਼ੀ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਅਤੇ ਹੋਰ ਸਮੱਸਿਆਵਾਂ ਬਾਰੇ ਸੁਝਾਅ ਦੇਣ ਲਈ ਸੱਦੀਆਂ ਜੱਥੇਬੰਦੀਆਂ ਵਿੱਚ ਵੀ ਕਿਸੇ ਵਿਦੇਸ਼ੀ ਸਿੱਖ ਜੱਥੇਬੰਦੀ ਨੂੰ ਸੱਦਾ ਨਹੀਂ ਸੀ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਅਮਰੀਕਾ ਵਿੱਚ ਸਿੱਖ ਪਛਾਣ ਦੇ ਮਸਲੇ ‘ਤੇ ਕੰਮ ਕਰ ਰਹੀ ਅਮਰੀਕੀ ਜੱਥੇਬੰਦੀ ਸਿੱਖ ਕੁਲੀਸ਼ਨ ਦੀ ਮੱਦਦ ਨਾਲ ਅਮਰੀਕੀ ਫੌਜ ਵਿੱਚ ਨੌਕਰੀ ਕਰਦੇ ਕੈਪਟਨ ਸਿਮਰਤਪਾਲ ਸਿੰਘ ਨੇ ਸਿੱਖੀ ਸਰੂਪ ਵਿੱਚ ਰਿਹ ਸੇਵਾਵਾਂ ਨਿਭਾਉਣ ਦੀ ਕਾਨੂੰਨੀ ਲੜਾਈ ਜਿੱਤ ਲਈ ਹੈ।

ਇਸੇ ਤਰਾਂ ਬਰਤਾਨੀਆਂ ਵਿੱਚ ਕੰਮਕਾਰ ਵਾਲੀਆਂ ਥਾਵਾਂ ‘ਤੇ ਸਿੱਖਾਂ ਨੂੰ ਦਸਤਾਰ ਸਜ਼ਾਉਣ ਦੀ ਪ੍ਰਵਾਨਗੀ ਦੇਣ ਲਈ ਕਾਨੂੰਨ ਵਿੱਚ ਸੋਧ ਕੀਤੀ ਗਈ ਹੈ।ਬਰਤਾਨੀਆਂ ਵਿੱਚ ਸਿੱਖ ਹੁਣ ਆਪਣੀ ਮਰਜ਼ੀ ਨਾਲ ਫੈਕਟਰੀਆਂ, ਇਮਾਰਤਸਾਜ਼ੀ, ਵੇਅਰਹਾਊਸ ਜਾਂ ਹੋਰ ਖਤਰਨਾਕ ਥਾਵਾਂ ‘ਤੇ ਕੰਮ ਕਰਨ ਵੇਲੇ ਦਸਤਾਰ ਸਜ਼ਾ ਸਕਿਆ ਕਰਨਗੇ । ਬਰਤਾਨੀਆ ਦੀਆਂ ਸਿੱਖ ਜੱਥੇਬੰਦੀਆਂ ਦੇ ਯਤਨਾਂ ਸਦਕਾ ਇਸ ਨਵੇਂ ਨਿਯਮ ਬਰਤਾਨੀਆ ਵਿੱਚ ਨੂੰ 1 ਅਕਤੂਬਰ, 2015 ਤੋਂ ਲਾਗੂ ਕਰ ਦਿੱਤਾ ਗਿਆ ਹੈ ।ਜਿਸ ਅਨੁਸਾਰ ਦਸਤਾਰ ਪਹਿਨਣ ਵਾਲੇ ਸਿੱਖ ਨੂੰ ਲੋਹ ਟੋਪ ਪਹਿਨਣ ਕੇ ਕੰਮ ਕਰਨ ਵਾਲੇ ਕਾਮੇ ਦੇ ਬਰਾਬਰ ਦੇ ਸਾਰੇ ਹੱਕ ਹੋਣਗੇ ।

ਇਸ ਕਮੇਟੀ ਦੇ ਗਠਨ ਬਾਬਤ ਜਦ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਫੋਨ ‘ਤੇ ਰਾਬਤਾ ਨਹੀਂ ਹੋ ਸਕਿਆ।

ਅੱਜ ਇਥੇ ਕਮੇਟੀ ਦੇ ਐਲਾਨ ਮਗਰੋਂ ਜਥੇਦਾਰ ਅਵਤਾਰ ਸਿੰਘ ਕਿਹਾ ਕਿ ਇਹ ਕਮੇਟੀ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਆਏ ਸੁਝਾਵਾਂ ਨੂੰ ਵਿਚਾਰਨ ਬਾਅਦ ਰਿਪੋਰਟ ਦੇਵੇਗੀ। ਇਸ ਬਾਅਦ ਸ਼੍ਰੋਮਣੀ ਕਮੇਟੀ ਅਗਲੇਰੀ ਕਾਰਵਾਈ ਕਰੇਗੀ। ਮੀਟਿੰਗ ਵਿੱਚ ਸਿੱਖ ਜਥੇਬੰਦੀਆਂ ਨੇ ਸੁਝਾਅ ਦਿੱਤੇ ਸਨ ਕਿ ਨਸਲੀ ਹਮਲੇ ਸਿੱਖਾਂ ਦੀ ਪਛਾਣ ਨਾਲ ਜੁੜੇ ਹੋਏ ਹਨ। ਵਿਦਵਾਨਾਂ ਨੇ ਸੁਝਾਅ ਦਿੱਤਾ ਸੀ ਕਿ ਸਿੱਖ ਧਰਮ ਤੇ ਸਿੱਖ ਪਛਾਣ ਲਈ ਮੁਹਿੰਮ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਜਿਸ ਤਹਿਤ ਵਿਦੇਸ਼ ਵਿਚ ਸੋਸ਼ਲ ਮੀਡੀਆ, ਇਲੈਕਟ੍ਰਾਨਿਕ ਮੀਡੀਆ, ਪ੍ਰਿੰਟ ਮੀਡੀਆ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਸਿੱਖ ਧਰਮ, ਇਤਿਹਾਸ, ਪਛਾਣ ਤੇ ਕਕਾਰਾਂ ਆਦਿ ਬਾਰੇ ਵੱਖ ਵੱਖ ਭਾਸ਼ਾਵਾਂ ਵਿੱਚ ਸਾਹਿਤ ਛਾਪਿਆ ਜਾਣਾ ਚਾਹੀਦਾ ਹੈ। ਵੱਖ ਵੱਖ ਭਾਸ਼ਾਵਾਂ ਦੇ ਮਾਹਿਰ ਪ੍ਰਚਾਰਕ ਭਰਤੀ ਕੀਤੇ ਜਾਣ। ਸ੍ਰ. ਬੇਦੀ ਨੇ ਕਿਹਾ ਕਿ ਇਸ ਕਮੇਟੀ ਦੀ ਮੀਟਿੰਗ ਵਿਸਾਖੀ ਬਾਅਦ ਹੋਵੇਗੀ ਅਤੇ ਮੀਟਿੰਗ ਬਾਅਦ 15 ਦਿਨਾਂ ਅੰਦਰ ਕਮੇਟੀ ਰਿਪੋਰਟ ਸੌਂਪੇਗੀ।

ਦੋ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਵਿਦੇਸ਼ਾਂ ਵਿੱਚ ਸਿੱਖਾਂ ’ਤੇ ਹੁੰਦੇ ਨਸਲੀ ਹਮਲਿਆਂ ਦੇ ਮਾਮਲੇ ਨੂੰ ਵਿਚਾਰਨ ਲਈ ਸਿੱਖ ਬੁੱਧੀਜੀਵੀਆਂ, ਨਿਹੰਗ ਸਿੰਘਾਂ, ਸਿੱਖ ਸੰਪਰਦਾਵਾਂ, ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ, ਸਿੰਘ ਸਭਾਵਾਂ, ਸੇਵਾ ਸੁਸਾਇਟੀਆਂ ਅਤੇ ਹੋਰ ਪਤਵੰਤਿਆਂ ਦੀ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸੱਦੀ ਸੀ। ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਰਿਕਾਰਡ ਕੀਤਾ ਗਿਆ ਸੀ। ਇਨ੍ਹਾਂ ਨੂੰ ਘੋਖਣ ਲਈ ਹੁਣ ਇਹ 22 ਮੈਂਬਰੀ ਸਬ ਕਮੇਟੀ ਬਣਾਈ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: