ਜੱਥੇਦਾਰ ਨੰਦਗੜ੍ਹ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ

ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਨੇ ਨਹੀਂ ਦਿੱਤਾ ਜੱਥੇਦਾਰ ਨੰਦਗੜ ਨੂੰ ਆਖੰਡ ਪਾਠ ਲਈ ਕਰਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ

By ਸਿੱਖ ਸਿਆਸਤ ਬਿਊਰੋ

January 20, 2015

ਤਲਵੰਡੀ ਸਾਬੋ (19 ਜਨਵਰੀ, 2015): ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀ ਅਤੇ ਆਰ. ਐੱਸ. ਐੱਸ ਦੀਆਂ ਪੰਥ ਵਿਰੋਧੀ ਕਾਰਵਾਈਆਂ ਖਿਲਾਫ ਬੋਲਣ ਵਾਲੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੌਂ ਬਾਦਲਾਂ ਦੇ ਇਸ਼ਾਰੇ ‘ਤੇ ਨਿਰਾਦਰੀ ਭਰੇ ਢੰਗ ਨਾਲ ਅਹੁਦੇ ਤੋਂ ਪਾਸੇ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਰਿਹਾਇਸ਼ ‘ਤੇ ਅਖੰਡ ਪਾਠ ਪ੍ਰਕਾਸ਼ ਕਰਵਾਉਣ ਤੋਂ ਤਖ਼ਤ ਦੇ ਪ੍ਰਬੰਧਕਾਂ ਨੇ ਨਾਂਹ ਕਰ ਦਿੱਤੀ ਹੈ। ਇਸ ਤੋਂ ਬਾਅਦ ਜਥੇਦਾਰ ਨੰਦਗੜ੍ਹ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਸਰੂਪ ਲਿਆ ਕੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ।

ਜਥੇਦਾਰ ਨੰਦਗੜ੍ਹ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਬਾਅਦ ਫੈਸਲਾ ਲਿਆ ਸੀ ਕਿ ਉਨ੍ਹਾਂ ਨੇ ਬਾਰਾਂ ਸਾਲ ਤਖ਼ਤ ਦੇ ਜਥੇਦਾਰ ਵਜੋਂ ਸੇਵਾ ਕੀਤੀ ਹੈ। ਇਸ ਲਈ ਉਹ ਇੱਥੋਂ ਜਾਂਦੇ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਉਨ੍ਹਾਂ ਦੀ ਰਿਹਾਇਸ਼ ਵਾਲੀ ਕੋਠੀ ਵਿੱਚ ਵਹਿਗੁਰੂ ਦੇ ਸ਼ੁਕਰਾਨੇ ਵਜੋਂ ਸ਼੍ਰੀ ਅਖੰਡ ਪਾਠ ਕਰਵਾ ਕੇ ਇਹ ਰਿਹਾਇਸ਼ ਛੱਡ ਜਾਣਗੇ।

ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਗਿਆਨੀ ਨੰਦਗੜ੍ਹ ਦੀ ਰਿਹਾਇਸ਼ ਉੱਤੇ ਦੋ ਪਾਠੀ ਸਿੰਘ ਭੇਜ ਦਿੱਤੇ ਸਨ ਜਿਨ੍ਹਾਂ ਨੂੰ ਥੋੜ੍ਹੀ ਦੇਰ ਮਗਰੋਂ ਵਾਪਸ ਬੁਲਾ ਲਿਆ ਗਿਆ। ਜਦੋਂ ਸ਼੍ਰੋਮਣੀ ਕਮੇਟੀ ਕੋਲ ਗਿਆਨੀ ਨੰਦਗੜ੍ਹ ਨੇ 4100 ਰੁਪਏ ਭੇਟਾ ਜਮ੍ਹਾ ਕਰਾਉਣ ਵਾਸਤੇ ਆਪਣੇ ਇੱਕ ਨੇੜਲੇ ਸਾਥੀ ਨੂੰ ਭੇਜਿਆ ਤਾਂ ਪਾਠਾਂ ਦੇ ਇੰਚਾਰਜ ਨੇ ਭੇਟਾ ਜਮ੍ਹਾ ਕਰਨ ਤੋਂ ਇਨਕਾਰ ਕਰ ਦਿੱਤਾ।

ਜੱਥੇਦਾਰ ਨੰਦਗੜ੍ਹ ਨੂੰ ਜਿਸ ਤਰੀਕੇ ਨਾਲ ਅਹੁਦੇ ਤੋਂ ਫਾਰਗ ਕੀਤਾ ਗਿਆ ਹੈ, ਉਸ ਨਾਲ ਸਿੱਖ ਬੁੱਧੀਜੀਵੀਆਂ ਅਤੇ ਪੰਥਕ ਸਰੋਕਾਰ ਨਾਲ ਨੇੜਿਉਂ ਸਬੰਧ ਰੱਖਣ ਵਾਲਿਆਂ ਵੱਲੋ ਪਿੱਛਲੇ ਲੰਬੇ ਸਮੇਂ ਤੋਂ ਤਖਤ ਸਹਿਬਾਨ ਦੇ ਜੱਥੇਦਾਰਾਂ ਦੀ ਨਿਯੁਕਤੀ, ਉਨ੍ਹਾਂ ਦੇ ਕਾਰਜ਼ ਖੇਤਰ ਅਤੇ ਸੇਵਾ ਮੁਕਤੀ ਬਾਰੇ ਵਿਧੀ ਵਿਧਾਨ ਨਿਰਧਾਰਿਤ ਕਰਨ ਦੀ ਜੋ ਲੋੜ ਮਹਿਸੁਸ ਕੀਤੀ ਜਾ ਰਹੀ ਸੀ, ਉਸ ਦੀ ਅਣਹੋਂਦ ਕਰਕੇ ਸਿੱਖ ਕੌਮ ਨੂੰ ਵਾਰ-ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: