ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਗੁਰਦੁਆਰਾ ਸ੍ਰੀ ਗਿਆਨ ਗੋਦੜੀ ਸਾਹਿਬ ਹਰਿਦੁਆਰ (ਉੱਤਰਾਖੰਡ) ਮਾਮਲੇ ਸਬੰਧੀ ਗਠਿਤ ਕੀਤੀ ਗਈ ਕਮੇਟੀ ਦੇ ਮੈਂਬਰਾਂ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰਾ ਸਿੰਘ ਰਾਵਤ ਨਾਲ ਮੁਲਾਕਾਤ ਕਰਕੇ ਗੁਰਦੁਆਰਾ ਸਾਹਿਬ ਲਈ ਜਗ੍ਹਾ ਦੇਣ ਦੀ ਮੰਗ ਕੀਤੀ ਤਾਂ ਜੋ ਗੁਰਦੁਆਰਾ ਸਾਹਿਬ ਦੀ ਜਲਦ ਉਸਾਰੀ ਹੋ ਸਕੇ। ਇਸ ਵਫਦ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਹਰਚਰਨ ਸਿੰਘ ਅਤੇ ਐਡੀਸ਼ਨਲ ਸਕੱਤਰ ਹਰਭਜਨ ਸਿੰਘ ਮਨਾਵਾਂ ਸ਼ਾਮਲ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਏ ਇਸ ਵਫਦ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰਾ ਸਿੰਘ ਰਾਵਤ ਨੂੰ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਲਈ ਸੰਜੀਦਾ ਯਤਨ ਕਰਨ ਲਈ ਕਿਹਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਵਿੱਚ ਵਿਕਾਸ ਦੇ ਨਾਮ ‘ਤੇ ਢਾਹੇ ਗਏ ਗੁਰਦੁਆਰਾ ਸਾਹਿਬ ਦੀ ਤੁਰੰਤ ਸਥਾਪਨਾ ਕਰਕੇ ਸਿੱਖਾਂ ਦੀ ਮੰਗ ਨੂੰ ਪੂਰਾ ਕਰਨ ਲਈ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਬੇਹਦ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਮੁੱਖ ਮੰਤਰੀ ਨੇ ਗੰਭੀਰਤਾ ਨਾਲ ਲੈਂਦਿਆਂ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਲਈ ਜਗ੍ਹਾ ਦੇਣ ਦਾ ਭਰੋਸਾ ਦਿੱਤਾ ਹੈ।
ਦੱਸਣਯੋਗ ਹੈ ਕਿ ਗੁਰੁਦਆਰਾ ਗਿਆਨ ਗੋਦੜੀ, ਹਰਿਦੁਆਰ ਹਰਿ ਕੀ ਪੌੜੀ ਵਿਖੇ ਸਥਿਤ ਸੀ ਜਿਸ ਨੂੰ ਬੀਤੇ ਸਮੇਂ ਵਿੱਚ ਵਿਕਾਸ ਦੇ ਨਾਮ ‘ਤੇ ਸਰਕਾਰ ਵੱਲੋਂ ਢਾਹ ਦਿੱਤਾ ਗਿਆ ਸੀ। ਇਸ ਕਾਰਨ ਸਿੱਖ ਸੰਗਤ ਵਿੱਚ ਰੋਸ ਚੱਲਿਆ ਆ ਰਿਹਾ ਹੈ ਅਤੇ ਸਮੇਂ-ਸਮੇਂ ‘ਤੇ ਗੁਰਦੁਆਰਾ ਸਾਹਿਬ ਦੀ ਮੁੜ ਸਥਾਪਨਾ ਲਈ ਸ਼੍ਰੋਮਣੀ ਕਮੇਟੀ ਤੇ ਸੰਗਤ ਵੱਲੋਂ ਜਗ੍ਹਾ ਦੇਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਬੇਸ਼ੱਕ 2001 ਈ: ਵਿੱਚ ਸਰਕਾਰ ਨੇ ਜਗਜੀਤਪੁਰਾ ਵਿਖੇ ਜਗ੍ਹਾ ਦੇਣ ਦੀ ਹਾਮੀ ਭਰੀ ਸੀ, ਪਰ ਪ੍ਰਬੰਧਕਾਂ ਤੇ ਸੰਗਤਾਂ ਵੱਲੋਂ ਜਗ੍ਹਾ ਯੋਗ ਨਾ ਹੋਣ ਕਾਰਨ ਨਾ-ਮਨਜੂਰ ਕਰ ਦਿੱਤੀ ਗਈ। ਸਰਕਾਰ ਵੱਲੋਂ ਦੁਬਾਰਾ ਫਿਰ ਰਾਣੀਪੁਰ ਮੌੜ ‘ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਜਗ੍ਹਾ ਦੀ ਪੇਸ਼ਕਸ਼ ਕੀਤੀ ਗਈ ਜਿਸ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸਹਿਮਤੀ ਦਿੱਤੀ, ਪਰ ਇਹ ਜਗ੍ਹਾ ਸਰਕਾਰ ਦੇ ਸਿੰਚਾਈ ਵਿਭਾਗ ਕੋਲ ਹੋਣ ਕਰਕੇ ਅਜੇ ਤੀਕ ਨਹੀਂ ਮਿਲ ਸਕੀ।
ਸਿੱਖਾਂ ਦੀ ਮੰਗ ਦੇ ਮੱਦੇਨਜ਼ਰ ਹੁਣ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਚਾਰ ਮੈਂਬਰੀ ਕਮੇਟੀ ਗਠਿਤ ਕਰਕੇ ਮਸਲੇ ਦਾ ਹੱਲ ਕਰਨ ਲਈ ਯਤਨ ਆਰੰਭੇ ਹਨ ਅਤੇ ਇਸੇ ਤਹਿਤ ਹੀ ਗਠਿਤ ਕੀਤੀ ਕਮੇਟੀ ਦੇ ਮੈਂਬਰਾਂ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਤੁਰੰਤ ਗੁਰਦੁਆਰਾ ਸਾਹਿਬ ਸਥਾਪਤ ਕਰਨ ਲਈ ਜਗ੍ਹਾ ਦੀ ਮੰਗ ਕੀਤੀ ਹੈ।