ਗਿਆਨੀ ਗੁਰਮੁਖ ਸਿੰਘ (ਫਾਈਲ ਫੋਟੋ)

ਆਮ ਖਬਰਾਂ

ਸ਼੍ਰੋਮਣੀ ਕਮੇਟੀ ਨੇ ਗਿਆਨੀ ਗੁਰਮੁਖ ਸਿੰਘ ਦੇ ਘਰ ਦੀ ਬਿਜਲੀ ਪਾਣੀ ਦੀ ਸਪਲਾਈ ਕੱਟੀ

By ਸਿੱਖ ਸਿਆਸਤ ਬਿਊਰੋ

September 18, 2017

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵੱਲੋਂ ਮਕਾਨ ਖਾਲੀ ਕਰਨ ਦਾ ਹੁਕਮ ਦਿੱਤੇ ਜਾਣ ਤੋਂ ਬਾਅਦ ਐਤਵਾਰ (17 ਸਤੰਬਰ) ਨੂੰ ਗਿਆਨੀ ਗੁਰਮੁਖ ਸਿੰਘ ਦੇ ਘਰ ਦਾ ਬਿਜਲੀ-ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ, ਜੋ ਦੇਰ ਸ਼ਾਮ ਨੂੰ ਬਹਾਲ ਕਰ ਦਿੱਤਾ।

ਫਿਲਹਾਲ ਗਿਆਨੀ ਗੁਰਮੁਖ ਸਿੰਘ ਦੇ ਪਰਿਵਾਰ ਨੇ ਮਕਾਨ ਖਾਲੀ ਨਹੀਂ ਕੀਤਾ ਹੈ। ਦੋ ਦਿਨ ਪਹਿਲਾਂ ਗਿਆਨੀ ਗੁਰਮੁਖ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮਕਾਨ ਖਾਲੀ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ ਸੀ। ਦਰਬਾਰ ਸਾਹਿਬ ਸਮੂਹ ਸਥਿਤ ਪਰਿਕਰਮਾ ’ਚ ਬਣੇ ਕੁਆਰਟਰਾਂ ’ਚੋਂ ਇਕ ਕੁਆਰਟਰ ਗਿਆਨੀ ਗੁਰਮੁਖ ਸਿੰਘ ਕੋਲ ਹੈ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਤਬਾਦਲਾ ਹਰਿਆਣਾ ਦੇ ਗੁਰਦੁਆਰਾ ਧਮਧਾਨ ਸਾਹਿਬ ਵਿਖੇ ਬਤੌਰ ਹੈੱਡ ਗ੍ਰੰਥੀ ਕੀਤਾ ਹੈ ਪਰ ਉਨ੍ਹਾਂ ਦਾ ਪਰਿਵਾਰ ਇਥੇ ਹੀ ਰਹਿ ਰਿਹਾ ਹੈ।

ਉਨ੍ਹਾਂ ਦੀ ਪਤਨੀ ਸੁਖਰਾਜ ਕੌਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਦਰਬਾਰ ਸਾਹਿਬ ਦਾ ਮੈਨੇਜਰ ਉਨ੍ਹਾਂ ਦੇ ਘਰ ਆਇਆ ਸੀ ਅਤੇ ਘਰ ਖਾਲੀ ਕਰਨ ਵਾਸਤੇ ਆਖਿਆ ਸੀ। ਇਸ ਸਬੰਧੀ ਉਨ੍ਹਾਂ ਦੀ ਗਿਆਨੀ ਗੁਰਮੁਖ ਸਿੰਘ ਨਾਲ ਗੱਲ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਦੋ ਦਿਨ ਬੀਤਣ ਮਗਰੋਂ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਇਥੇ ਮਕਾਨ ’ਚ ਗਿਆਨੀ ਗੁਰਮੁਖ ਸਿੰਘ ਮਾਪੇ, ਪਤਨੀ ਅਤੇ ਬੇਟਾ ਰਹਿ ਰਿਹਾ ਹੈ। ਉਨ੍ਹਾਂ ਦੇ ਪਿਤਾ ਦਿਲ ਦੇ ਮਰੀਜ਼ ਹਨ ਅਤੇ ਪਿਛਲੇ ਵਰ੍ਹੇ ਉਨ੍ਹਾਂ ਦਾ ਆਪਰੇਸ਼ਨ ਹੋਇਆ ਸੀ, ਮਾਤਾ ਵੀ ਬਿਮਾਰ ਹਨ ਅਤੇ ਬੇਟਾ 12ਵੀਂ ਦਾ ਵਿਦਿਆਰਥੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਇਸ ਵਤੀਰੇ ਕਾਰਨ ਪਰਿਵਾਰ ਨੂੰ ਮੁਸ਼ਕਲ ਆਈ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਨੂੰ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਬਾਰੇ ਸੱਚ ਦਾ ਖੁਲਾਸਾ ਕਰਨ ਲਈ ਇਹ ਸਜ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੇ ਤਣਾਅ ਵਾਲੇ ਮਾਹੌਲ ’ਚ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਇਸ ਲਈ ਸੁਖਬੀਰ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਦਰਬਾਰ ਸਾਹਿਬ ਦੇ ਮੈਨੇਜਰ ਜ਼ਿੰਮੇਵਾਰ ਹੋਣਗੇ।

ਜ਼ਿਕਰਯੋਗ ਹੈ ਕਿ ਸਤੰਬਰ 2015 ਨੂੰ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਇਕ ਪੱਤਰ ਦੇ ਆਧਾਰ ’ਤੇ ਮੁਆਫੀ ਦੇਣ ਦਾ ਫੈਸਲਾ ਕੀਤਾ ਸੀ, ਜਿਸ ਦਾ ਸੰਗਤ ਵੱਲੋਂ ਭਾਰੀ ਵਿਰੋਧ ਹੋਣ ਮਗਰੋਂ 16 ਅਕਤੂਬਰ ਨੂੰ ਇਹ ਫੈਸਲਾ ਵਾਪਸ ਲੈ ਲਿਆ ਗਿਆ। ਇਸ ਫੈਸਲੇ ਸਮੇਂ ਗਿਆਨੀ ਗੁਰਮੁਖ ਸਿੰਘ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਪੰਜ ਸਿੰਘ ਸਾਹਿਬਾਨ ’ਚ ਸ਼ਾਮਲ ਸਨ। ਮਗਰੋਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਡੇਰਾ ਮੁਖੀ ਨੂੰ ਮੁਆਫੀ ਲਈ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਬਾਅ ਪਾਇਆ ਗਿਆ ਸੀ।

ਦੂਜੇ ਪਾਸੇ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਦਾ ਲਗਭਗ ਛੇ ਮਹੀਨੇ ਪਹਿਲਾਂ ਹਰਿਆਣਾ ਦੇ ਗੁਰਦੁਆਰੇ ’ਚ ਤਬਾਦਲਾ ਕੀਤਾ ਸੀ। ਨਿਯਮਾਂ ਮੁਤਾਬਕ ਤਬਾਦਲੇ ਮਗਰੋਂ ਉਨ੍ਹਾਂ ਨੂੰ ਕੁਆਰਟਰ ਖਾਲੀ ਕਰ ਦੇਣਾ ਚਾਹੀਦਾ ਸੀ। ਉਨ੍ਹਾਂ ਨੇ ਕਈ ਵਾਰ ਭੇਜੇ ਨੋਟਿਸ ਅਣਡਿੱਠ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਕੁਆਰਟਰ ਕਿਸੇ ਹੋਰ ਮੁਲਾਜ਼ਮ ਨੂੰ ਅਲਾਟ ਕੀਤਾ ਗਿਆ ਹੈ ਅਤੇ ਖਾਲੀ ਕਰਾਉਣਾ ਜ਼ਰੂਰੀ ਹੈ। ਇਕ ਮੁਲਾਜ਼ਮ ਨੂੰ ਦੋ ਥਾਵਾਂ ’ਤੇ ਕੁਆਰਟਰ ਨਹੀਂ ਮਿਲ ਸਕਦਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: SGPC cuts Electricity and Water Supply of Giani Gurmukh Singh’s House …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: