ਖਾਸ ਖਬਰਾਂ

ਸਿਲੇਬਸ ਵਿੱਚੋਂ ਸਿੱਖ ਕੌਮ ਦਾ ਇਤਿਹਾਸ ਖ਼ਤਮ ਕਰਕੇ ਸਰਕਾਰ ਨੇ ਖ਼ਾਲਸਾ ਪੰਥ ਨਾਲ ਵੱਡਾ ਧ੍ਰੋਹ ਕੀਤਾ: ਭਾਈ ਲੌਂਗੋਵਾਲ

By ਸਿੱਖ ਸਿਆਸਤ ਬਿਊਰੋ

May 04, 2018

ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਸਿਲੇਬਸ ਲਈ ਤਿਆਰ ਕੀਤੀ ਇਤਿਹਾਸ ਦੀ ਪੁਸਤਕ ਵਿੱਚੋਂ ਗੁਰ-ਇਤਿਹਾਸ, ਸਿੱਖ-ਇਤਿਹਾਸ ਤੇ ਪੰਜਾਬ ਦਾ ਇਤਿਹਾਸ ਖ਼ਤਮ ਕਰਨ ਦੇ ਮਾਮਲੇ ਸਬੰਧੀ ਅਗਲੀ ਰਣਨੀਤੀ ਤੈਅ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਾਰੇ ਮੈਂਬਰਾਂ ਦੀ ਇਕ ਹੰਗਾਮੀ ਇਕੱਤਰਤਾ 7 ਮਈ ਨੂੰ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਈ ਗਈ ਹੈ। ਇਹ ਫੈਸਲਾ ਧਰਮ ਪ੍ਰਚਾਰ ਕਮੇਟੀ ਦੀ ਇਥੇ ਸ਼੍ਰੋਮਣੀ ਕਮੇਟੀ ਦੇ ਉਪ-ਦਫ਼ਤਰ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਹੋਈ ਇਕ ਇਕੱਤਰਤਾ ‘ਚ ਲਿਆ ਗਿਆ। ਇਕੱਤਰਤਾ ਦੌਰਾਨ ਸਰਕਾਰ ਵੱਲੋਂ ਬਾਰ੍ਹਵੀਂ ਜਮਾਤ ਦੇ ਸਿਲੇਬਸ ਵਿੱਚੋਂ ਸਿੱਖ ਇਤਿਹਾਸ ਨੂੰ ਮਨਫੀ ਕਰਨ ਦੀ ਕੋਝੀ ਹਰਕਤ ਸਬੰਧੀ ਨਿੰਦਾ ਮਤਾ ਵੀ ਪਾਸ ਕੀਤਾ ਗਿਆ।

ਇਕੱਤਰਤਾ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਲੇਬਸ ਵਿੱਚੋਂ ਸਿੱਖ ਕੌਮ ਨਾਲ ਸਬੰਧਤ ਇਤਿਹਾਸ ਨੂੰ ਖ਼ਤਮ ਕਰਕੇ ਖ਼ਾਲਸਾ ਪੰਥ ਨਾਲ ਵੱਡਾ ਧ੍ਰੋਹ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਜੇਕਰ ਪੰਜਾਬ ਦੇ ਇਤਿਹਾਸ ਵਿੱਚੋਂ ਕੱਢ ਦੇਈਏ ਤਾਂ ਪਿੱਛੇ ਕੁਝ ਨਹੀਂ ਬਚਦਾ। ਭਾਰਤ ਦੇ ਸੱਭਿਆਚਾਰ ਨੂੰ ਬਚਾਉਣ ਲਈ ਸਿੱਖ ਕੌਮ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਨੂੰ ਕਦੀ ਵੀ ਭੁਲਾਇਆ ਨਹੀ ਜਾ ਸਕਦਾ। ਉਨ੍ਹਾਂ ਪੰਜਾਬ ਦੀ ਕਾਂਗਰਸ ਨੂੰ ਅਕ੍ਰਿਤਘਣ ਆਖਦਿਆਂ ਤਾੜਨਾ ਕੀਤੀ ਕਿ ਉਹ ਸਿੱਖ ਵਿਰੋਧੀ ਕਾਰਵਾਈਆਂ ਨੂੰ ਤੁਰੰਤ ਬੰਦ ਕਰੇ ਅਤੇ ਸਿਲਬੇਸ ਵਿੱਚੋਂ ਸਿੱਖ ਕੌਮ ਦੇ ਇਤਿਹਾਸ ਨੂੰ ਖ਼ਤਮ ਕਰਨ ਦਾ ਫੈਸਲਾ ਤੁਰੰਤ ਬਦਲ ਕੇ ਪਹਿਲਾਂ ਵਾਲੀ ਪੁਸਤਕ ਲਾਗੂ ਕਰੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਤਰਜ਼ਮਾਨ ਸੰਸਥਾ ਹੋਣ ਕਰਕੇ ਇਸ ਗੰਭੀਰ ਮਸਲੇ ਪ੍ਰਤੀ ਅਗਲੀ ਰਣਨੀਤੀ ਅਪਨਾਉਣ ਲਈ 7 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਵਿਚਾਰ ਚਰਚਾ ਕਰੇਗੀ।

ਇਕ ਸਵਾਲ ਦੇ ਜਵਾਬ ਵਿਚ ਭਾਈ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਇਹ ਦੋਸ਼ ਬਿਲਕੁਲ ਨਿਰਮੂਲ ਹੈ ਕਿ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਸਿਲੇਬਸ ਤਿਆਰ ਕਰਨ ਸਮੇਂ ਹੋਈਆਂ 20 ਮੀਟਿੰਗਾਂ ਵਿਚ ਸ਼ਾਮਲ ਹੁੰਦਾ ਰਿਹਾ ਹੈ। ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭੇਜਿਆ ਪੱਤਰ ਦਿਖਾਉਂਦਿਆਂ ਕਿਹਾ ਕਿ ਬੋਰਡ ਵੱਲੋਂ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਸ਼ਾਮਲ ਕਰਨ ਲਈ 23 ਫਰਵਰੀ 2018 ਨੂੰ ਭੇਜੇ ਇਕ ਪੱਤਰ ਰਾਹੀਂ ਸ਼੍ਰੋਮਣੀ ਕਮੇਟੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਇਸ ਤਰੀਕ ਤੋਂ ਬਾਅਦ ਕਿਹੜੀਆਂ 20 ਮੀਟਿੰਗਾਂ ਹੋਈਆਂ। ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਆਪਣੀ ਗਲਤੀ ਨੂੰ ਛਪਾਉਣ ਲਈ ਨਿੱਤ ਨਵੇਂ ਹੱਥਕੰਡੇ ਅਪਨਾ ਰਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਸਿਲੇਬਸ ਬਣਾਉਣ ਵਾਲੀ ਕਮੇਟੀ ਦਾ ਹਿੱਸਾ ਨਹੀਂ ਸੀ, ਸਗੋਂ ਉਸ ਨੂੰ ਤਾਂ ਕੇਵਲ ਕੁਝ ਪਾਠ ਹੀ ਪੜ੍ਹਨ ਲਈ ਭੇਜੇ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਡਾ. ਪਰਮਵੀਰ ਸਿੰਘ ਵੱਲੋਂ ਇਹ ਵੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਜੋ ਪਾਠ ਉਸ ਨੂੰ ਪੜ੍ਹਨ ਲਈ ਦਿੱਤੇ ਗਏ ਉਨ੍ਹਾਂ ਸਬੰਧੀ ਦਿੱਤੇ ਗਏ ਸੁਝਾਵਾਂ ਨੂੰ ਵੀ ਸਿੱਖਿਆ ਬੋਰਡ ਨੇ ਲਾਗੂ ਨਹੀਂ ਕੀਤਾ।

ਇਕੱਤਰਤਾ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਸੁਖਵਰਸ਼ ਸਿੰਘ ਪੰਨੂੰ, ਸ. ਮਨਜੀਤ ਸਿੰਘ ਬੱਪੀਆਣਾ, ਸ. ਤੇਜਿੰਦਰਪਾਲ ਸਿੰਘ ਢਿੱਲੋਂ, ਸ. ਪ੍ਰਿਤਪਾਲ ਸਿੰਘ ਲੁਧਿਆਣਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ. ਜਗਜੀਤ ਸਿੰਘ ਜੱਗੀ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਦਰਸ਼ਨ ਸਿੰਘ ਪੀ.ਏ., ਸ. ਲਖਬੀਰ ਸਿੰਘ ਮੀਤ ਸਕੱਤਰ ਚੰਡੀਗੜ੍ਹ ਉਪ-ਦਫ਼ਤਰ, ਸ. ਜਗੀਰ ਸਿੰਘ ਮੈਨੇਜਰ ਆਦਿ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: