ਸ੍ਰੀ ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਵਲੋਂ 22 ਅਕਤੂਬਰ ਨੂੰ ਸੱਦੀ ਗਈ ਹੰਗਾਮੀ ਬੈਠਕ ਨੇ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਵਾਧੂ ਜਥੇਦਾਰ ਲਾ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਦੇ ਨਾਲ-ਨਾਲ ਆਰਜੀ ਤੌਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਵੀ ਹੋਣਗੇ ।
ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਸ਼੍ਰੋਮਣੀ ਕਮੇਟੀ ਵਲੋਂ ਜਥੇਦਾਰਾਂ ਦੀ ਚੋਣ ਲਈ ਵਰਤੇ ਜਾਂਦੇ ਤਰੀਕੇ ਦਾ ਵਿਰੋਧ ਕੀਤਾ ਜਾ ਰਿਹਾ ਹੈ। 2015 ਵਿੱਚ ਹੋਏ ਪੰਥਕ ਇਕੱਠ ਤੋਂ ਬਾਅਦ ਬਣੀ ਵਿਸ਼ਵ ਸਿੱਖ ਪਾਰਲੀਮੈਂਟ ਵਲੋਂ ਵੀ ਬੀਤੇ ਦਿਨੀਂ ਬਿਆਨ ਜਾਰੀ ਕੀਤਾ ਗਿਆ ਸੀ ਕਿ ਗਿਆਨੀ ਗੁਰਬਚਨ ਸਿੰਘ ਵਲੋਂ ਦਿੱਤਾ ਗਿਆ ਅਸਤੀਫਾ ਇੱਕ ਡਰਾਮੇ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ।
20-21 ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਪੰਥਕ ਅਸੈਂਬਲੀ ਦੇ ਪਹਿਲੇ ਇਜਲਾਸ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਿਹਾ ਗਿਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਚੋਣ ਆਪ ਹੁਦਰੇ ਤਰੀਕੇ ਨਾਲ ਅਤੇ ਪੰਥਕ ਵਿਧੀ ਵਿਧਾਨ ਅਨੁਸਾਰ ਚੱਲੇ ਬਗੈਰ ਨਾ ਕੀਤੀ ਜਾਵੇ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਬਜੇ ਹੇਂਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਿਆਰ ਤਰਸਯੋਗ ਹਾਲਾਤਾਂ ‘ਤੇ ਪਹੁੰਚ ਚੁੱਕਾ ਹੈ, ਇਸਦੇ ਨਾਲ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਦੇ ਮਾਣ ਸਤਿਕਾਰ ਵਿੱਚ ਵੱਡਾ ਨਿਘਾਰ ਆਇਆ ਹੈ ,ਜਿਸ ਕਰਕੇ ਸਿੱਖ ਮਨਾਂ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕਾ ਪ੍ਰਤੀ ਭਾਰੀ ਰੋਸ ਹੈ।