ਕਿਸਾਨ ਜਥੇਬੰਦੀਆਂ ਆਪਣੇ ਧੜੇ ਦੇ ਲੋਕਾਂ ਅਤੇ ਮਾਰਕਸੀ ਕਿਸਮ ਦੇ ਰਾਜਸੀ ਖਿਆਲ ਦੀ ਅਗਵਾਈ ਕਰ ਰਹੀਆਂ ਹਨ ਪਰ ਮੋਰਚੇ ਉਤੇ ਪਹੁੰਚੇ ਲੋਕਾਂ ਦੀ ਗਿਣਤੀ ਅਤੇ ਭਾਵਨਾ ਓਹਨਾਂ ਦੇ ਘੇਰੇ ਅਤੇ ਖਿਆਲ ਤੋਂ ਬਹੁਤ ਵੱਡੀ ਹੈ।ਇਹ ਵਡਿੱਤਣ ਨੂੰ ਕਈ ਜਥੇਬੰਦੀਆਂ ਦੇ ਆਗੂ ਸਿੱਧੇ ਰੂਪ ਵਿਚ ਮੰਨ ਵੀ ਗਏ ਅਤੇ ਸੂਝਵਾਨ ਲੋਕਾਂ ਨੇ ਵੀ ਇਹ ਪੱਖ ਨੂੰ ਅਹਿਮ ਮੰਨਿਆ ਹੈ।ਅਸਲ ਗੱਲ ਜਥੇਬੰਦੀਆਂ ਦੇ ਆਗੂਆਂ ਅਤੇ ਰਾਜਸੀ ਸਮਝ ਦੇ ਚਲੰਤ ਮਾਹਰਾਂ ਦੇ ਮੰਨਣ ਤੋਂ ਅਗਾਂਹ ਸ਼ੁਰੂ ਹੁੰਦੀ ਹੈ।
ਇਹਦਾ ਇਕ ਪੱਖ ਸਰਕਾਰ ਵਲੋਂ ਲੋਕਾਂ ਨੂੰ ਸਮਝਣ ਦਾ ਹੈ।
ਦੂਜਾ ਪੱਖ ਜਿਹੜੇ ਲੋਕ ਉਥੇ ਆਏ ਹਨ ਓਹਨਾਂ ਵਲੋਂ ਆਪਣੇ ਆਪ ਨੂੰ ਸਮਝਣ ਦਾ ਹੈ।
ਏਹ ਦੋਵੇਂ ਪੱਖ ਇਸ ਲਈ ਸਮਝਣੇ ਜਰੂਰੀ ਹਨ ਕਿ ਜਿਥੇ ਗੱਲ ਆ ਖੜੀ ਹੈ ਉਥੇ ਇਹ ਜਥੇਬੰਦੀਆਂ ਦੇ ਆਗੂਆਂ ਜਾਂ ਰਾਜਸੀ ਗਿਆਨ ਦੇ ਮਾਹਰਾਂ ਕਰਕੇ ਨਹੀਂ ਖੜ੍ਹੀ ਹੈ ਸਗੋਂ ਸਰਕਾਰ ਅਤੇ ਲੋਕਾਂ ਦੀ ਆਪਣੇ ਆਪ ਬਾਰੇ ਅਤੇ ਇਕ ਦੂਜੇ ਬਾਰੇ ਬਣੀ ਹੋਈ ਸਮਝ ਕਰਕੇ ਖੜ੍ਹੀ ਹੈ।
ਕਿਸੇ ਦੀ ਸਮਝ ਭਵਿੱਖ ਨੂੰ ਕਿਵੇਂ ਵੇਖ ਰਹੀ ਹੈ ਇਹਦਾ ਕੋਈ ਵੀ ਅੰਦਾਜਾ ਓਨਾ ਚਿਰ ਸਹੀ ਨਹੀਂ ਮੰਨਿਆ ਜਾਂਦਾ ਜਿੰਨਾ ਚਿਰ ਅਮਲ ਵਜੋਂ ਕੁਝ ਵਾਪਰ ਨਾ ਜਾਵੇ।ਜਦੋਂ ਅਮਲ ਵਾਪਰ ਕੇ ਇਤਿਹਾਸ ਬਣ ਜਾਵੇ ਓਦੋਂ ਤੱਥਾਂ ਸਬੂਤਾਂ ਵਾਲੀਆਂ ਹਜਾਰਾਂ ਵਿਆਖਿਆ ਬਣ ਸਕਦੀਆਂ ਹਨ।ਜੋ ਕੁਝ ਚਲੰਤ ਸਮਝ ਤੋਂ ਬਾਹਰ ਵਾਪਰਦਾ ਹੈ ਉਹ ਦਾ ਅੰਦਾਜਾ ਨਿਰੋਲ ਕਲਪਨਾ ਹੁੰਦਾ ਹੈ ਕਿਉਂਕਿ ਉਹ ਕਿਸੇ ਪਹਿਲਾਂ ਬਣਾਏ ਸਿਧਾਂਤਕ ਘੇਰੇ ਵਿਚ ਸੂਤ ਨਹੀਂ ਆਉਂਦੇ ਹੁੰਦੇ ਬਾਅਦ ਵਿਚ ਭਾਵੇਂ ਕੋਈ ਸਿਧਾਂਤ ਘੜ ਲਿਆ ਜਾਵੇ।ਇਸ ਕਰਕੇ ਕਿਸੇ ਵੀ ਅਹਿਮ ਮੌਕੇ ਕਈ ਭਾਂਤ ਦੀ ਕਲਪਨਾ ਕਰਨੀ ਹੀ ਪੈਂਦੀ ਹੈ ਅਤੇ ਸਭ ਨੂੰ ਪਤਾ ਹੁੰਦਾ ਹੈ ਕਿ ਕਿਸੇ ਇਕ ਭਾਂਤ ਦੀ ਕਲਪਨਾ ਸਹੀ ਬੈਠੇਗੀ ਬਾਕੀਆਂ ਨੇ ਗਲਤ ਸਾਬਤ ਹੋਣਾ ਹੈ।ਸਰਕਾਰ ਅਤੇ ਲੋਕਾਂ ਵਿਚੋਂ ਕਿਸੇ ਇਕ ਦੀ ਕਲਪਨਾ ਨੇ ਗਲਤ ਸਾਬਤ ਹੋਣਾ ਹੈ।ਹੁਣ ਤੱਕ ਪਹਿਲੇ ਦੋ ਪੜਾਵਾਂ ਉਤੇ ਸਰਕਾਰ ਗਲਤ ਸਾਬਤ ਹੋ ਗਈ ਹੈ ਪਰ ਹਾਲੇ ਦੋ ਪੜਾਅ ਹੋਰ ਬਾਕੀ ਹਨ।ਜੇ ਸਰਕਾਰ ਅਗਲੇ ਪੜਾਵਾਂ ਵਿਚ ਲੋਕਾਂ ਨੂੰ ਮਾਤ ਵੀ ਦੇਵੇ ਤਾਂ ਵੀ ਓਹਨਾਂ ਦੇ ਬਰਾਬਰ ਹੀ ਆਏਗੀ।ਇਸ ਕਰਕੇ ਮੋਰਚੇ ਤੇ ਬੈਠੇ ਲੋਕ ਸੁਭਾਅ ਪਖੋਂ ਜਿਸ ਯਕੀਨ ਅਤੇ ਵੇਪਰਵਾਹੀ ਵਿਚ ਹਨ ਉਹ ਸਰਕਾਰ ਦੇ ਗਲਤ ਕਾਨੂੰਨਾਂ ਵਿਚੋਂ ਮਿਲੀ ਖੁਰਾਕ ਨਹੀਂ ਹੈ।ਜੇ ਸਰਕਾਰ ਕਾਨੂੰਨਾਂ ਵਾਪਸ ਵੀ ਲੈ ਲਵੇ ਤਾਂ ਵੀ ਇਹ ਮਸਲਾ ਨਿਬੜ ਨਹੀਂ ਚੱਲਿਆ ਕਿਉਂਕਿ ਦੋਵਾਂ ਧਿਰਾਂ ਦੀ ਇਕ ਦੂਜੇ ਬਾਰੇ ਸਮਝ ਵਿਚ ਜਿਹੜਾ ਬਦਲਾਅ ਆ ਗਿਆ ਉਹਦੇ ਨਾਲ ਪਹਿਲੇ ਸਭ ਮਾਮਲੇ ਨਵੇਂ ਅਰਥ ਲੈ ਗਏ ਹਨ ਜਿਸ ਨਾਲ ਨਵੀਂਆਂ ਮੁਸ਼ਕਲਾਂ ਵੀ ਬਣੀਆਂ ਹਨ।ਨਵੇਂ ਅਰਥ ਅਤੇ ਕੁਝ ਸੰਭਾਵੀ ਮੁਸ਼ਕਲਾ ਇਸ ਤਰ੍ਹਾਂ ਹਨ:
(1) ਖਾਲਸਾ ਰਾਜ ਦਾ ਖਿਆਲ:
ਹਕੂਮਤੀ ਧਿਰ ਅਤੇ ਓਥੇ ਡਟੇ ਲੋਕਾਂ ਦੇ ਪੱਖ ਤੋਂ ਵੇਖਣਾ ਹੋਵੇ ਤਾਂ ਅਸਲ ਮਾਮਲਾ ਹੈ ਕਿ ਦਿੱਲੀ ਚਲੋ ਦਾ ਮਤਲਬ ਬਦਲ ਗਿਆ ਹੈ।ਭਾਵੇਂ ਜਥੇਬੰਦੀਆਂ ਦੇ ਆਗੂਆਂ ਅਤੇ ਆਮ ਮਾਹਰਾਂ ਨੂੰ ਹਾਲੇ ਵੀ ਮਾਮਲਾ ਕਾਨੂੰਨਾਂ ਦੇ ਵਾਪਸ ਕਰਨ ਦਾ ਲਗਦਾ ਹੈ ਪਰ ਇਹ ਮਸਲਾ ਸਿਰਫ 26 ਨਵੰਬਰ ਤੱਕ ਹੀ ਸਹੀ ਸੀ।ਇਹ ਗੱਲ ਨੂੰ ਸਿੱਧੇ ਅਸਿੱਧੇ ਤਰੀਕੇ ਨਾਲ ਕਿਹਾ ਜਾਣ ਲੱਗਾ ਹੈ ਕਿ ਕਿਸਾਨਾਂ ਦਾ ਕਾਫਲਾ ਦਿੱਲ਼ੀ ਦੇ ਰਾਹ ਪੈਣ ਮਗਰੋਂ ਇਤਿਹਾਸ ਦਾ ਓਹੀ ਭੂਤ ਜਾਗ ਪਿਆ ਜਿਹੜੇ ਨੂੰ ਵੱਸ ਕਰਨ ਲਈ ਬਹਾਦਰ ਸ਼ਾਹ ਨੇ ਹਰ ਸਿੱਖ ਨੂੰ ਮਾਰ ਦੇਣ ਦੀ ਆਗਿਆ ਦਿੱਤੀ ਸੀ ਅਤੇ ਜਿਹੜੇ ਭੂਤ ਨੂੰ ਵੱਸ ਕਰਨ ਲਈ ਅੱਜ ਵੀ ਕਿਸੇ ਵੀ ਸਿੱਖ ਨੂੰ ਅਤਿਵਾਦੀ ਆਖ ਕੇ ਫੜਿਆ ਜਾ ਸਕਦਾ ਹੈ।ਇਸ ਕਰਕੇ ਅਸਲ ਅੜਿੱਕਾ ਇਹ ਹੈ ਕਿ ਸਰਕਾਰ ਅਤੇ ਜਥੇਬੰਦੀਆਂ ਦੇ ਆਗੂਆਂ ਨੂੰ ਦਿੱਲੀ ਚਲੋ ਦੇ ਅਰਥਾਂ ਨੂੰ ਸਾਵੇਂ ਥਾਂ ਲਿਆਉਣ ਵਿਚ ਡਾਢੀ ਔਖ ਹੋ ਰਹੀ ਤਾਂ ਹੀ ਸਰਕਾਰ 3 ਦੀ 5 ਕਾਨੂੰਨਾਂ ਬਾਰੇ ਗੱਲ ਕਰਨ ਲਈ ਵੀ ਰਾਜੀ ਹੋ ਗਈ।ਇਕ ਪਾਸੇ ਪੁਰਾਣੀ ਜਰਨੈਲੀ ਸੜਕ ਉਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦਗਰ ਤੋਂ ਸੋਨੀਪਤ ਦੀ ਫਿਰਨੀ ਤੱਕ ਕਾਫਲਾ ਫੈਲ ਗਿਆ ਹੈ ਦੂਜੇ ਪਾਸੇ ਏਨਾ ਲੰਮਾ ਕਾਫਲਾ ਬੀਕਾਨੇਰ ਤੋਂ ਦਿੱਲੀ ਵਾਲੇ ਰਾਹ ਉਤੇ ਬੈਠਾ ਹੈ ਦੋਵੇਂ ਪਾਸੇ ਬਹੁਗਿਣਤੀ ਵਿਚ ਪੰਜਾਬ ਦੇ ਓਹ ਲੋਕ ਬੈਠੇ ਹਨ ਜਿਹੜਿਆਂ ਵਿਚ ਦਿੱਲੀ ਜਾਣ ਦਾ ਖਿਆਲ ਉਤੇ ਚੜ੍ਹਾਈ ਕਰਨ ਦੇ ਅਰਥਾਂ ਵਿਚ ਬਦਲ ਗਿਆ।2020 ਵਿਚ ਦਿੱਲੀ 20ਵੀਂ ਵਾਰ ਜਿੱਤਣੀ ਦਾ ਬਿਰਤਾਂਤ ਬੁਲਾਰਿਆਂ ਤੋਂ ਆਮ ਲੋਕਾਂ ਦੇ ਮੂੰਹਾਂ ਤੱਕ ਚੜ੍ਹ ਗਿਆ।
ਹੁਣ ਕਾਨੂੰਨ ਦੀ ਵਾਪਸੀ ਦਾ ਮਾਅਨਾ ਹਕੂਮਤੀ ਧਿਰ ਅਤੇ ਜਥੇਬੰਦੀਆਂ ਲਈ ਤਾਂ ਹੀ ਕੋਈ ਅਰਥ ਰਖਦਾ ਹੈ ਜੇ ਇਹ ਭੂਤ ਮੁੜ ਕੇ ਸੌਂ ਜਾਵੇ।ਜਿਸ ਕਰਕੇ ਕੁਝ ਬੰਦੇ ਵਕਤੀ ਵਰਤਾਰੇ ਦੇ ਅਰਥਾਂ ਨਾਲ ਆਸਵੰਦ ਹਨ ਜਾਂ ਸਰਕਾਰ ਦਾ ਦਿਲ ਧਰਾਅ ਰਹੇ ਹਨ ਕਿ ਜਿਹੜੀ ਮੁੰਡੀਰ ਦਿਨ ਰਾਤ ਓਥੇ ‘ਹੱਕ ਲ਼ੈਣ ਆਏ ਜਾਂ ਹੱਕ ਲੈਣਾ ਜਾਣਦੇ’ ਵਰਗੇ ਗੀਤ ਵਜਾ ਰਹੀ ਹੈ ਉਹ ਪੰਜਾਬ ਆਕੇ ਸਭ ਭੁਲ ਜਾਏਗੀ ਅਤੇ ਮੁੜ ਪਹਿਲਾਂ ਵਾਂਗ ਨਕਲੀ ਚਿੱਟੇ ਦਾ ਜਹਿਰੀ ਪੀਏਗੀ।ਜੇ ਹਕੂਮਤੀ ਧਿਰ ਵੀ ਏਦਾਂ ਅੰਦਾਜਾ ਲਾਉਂਦੀ ਹੁੰਦੀ ਤਾਂ ਓਹਨਾਂ ਨੇ ਹੁਣ ਤੱਕ ਪਹਿਲੇ 5 ਕਾਨੂੰਨਾਂ ਦੀ ਥਾਂ 5 ਨਵੇਂ ਕਾਨੂੰਨ ਬਣਾ ਕੇ ਲੋਕਾਂ ਨੂੰ ਛੇਤੀ ਤੋਂ ਛੇਤੀ ਵਾਪਸ ਤੋਰ ਦੇਣਾ ਸੀ ਪਰ ਹਕੂਮਤੀ ਧਿਰ ਦਾ ਏਹਨਾਂ ਲੋਕਾਂ ਬਾਰੇ ਅੰਦਾਜਾ ਇਹ ਨਹੀਂ ਹੈ।ਓਥੇ ਬੈਠੇ ਲੋਕਾਂ ਦਾ ਆਪਣੇ ਆਪ ਬਾਰੇ ਵੀ ਏਦਾਂ ਦਾ ਅੰਦਾਜਾ ਨਹੀਂ ਹੈ।ਉਹਨਾਂ ਦੀਆਂ ਗੱਲਾਂ ਬਾਰੇ ਬਾਅਦ ਵਿਚ ਜਿਕਰ ਕੀਤਾ ਜਾਏਗਾ।
(2) ਹਕੂਮਤੀ ਧਿਰ ਦੇ ਅੰਦਾਜੇ:
ਹਕੂਮਤੀ ਧਿਰ ਜਿਸਨੂੰ ਸੰਘ ਵਜੋਂ ਜਾਣਿਆ ਜਾਂਦਾ ਹੈ ਉਹਦੀਆਂ ਆਪਣੀਆਂ ਗਿਣਤੀਆਂ ਵੀ ਇਹ ਭੂਤ ਜਗਾਉਣ ਦੀਆਂ ਹਿੱਸੇਦਾਰ ਹਨ ਖਾਸ ਕਰਕੇ ਝੂਠ ਫੈਲਾਉਣ ਦੇ ਸਰਕਾਰੀ, ਵਪਾਰਕ ਅਤੇ ਨਿੱਜੀ ਮਹਿਕਮੇ।(ਇਹ ਧਿਰ ਬਾਰੇ ਦੂਜੇ ਲੇਖ ਵਿਚ ਇਕ ਅੰਦਾਜਾ ਦਿੱਤਾ ਗਿਆ ਹੈ) ਪਰ ਲੋਕਾਂ ਵਲੋਂ ਜਿਹੜੇ ਨਾਅਰੇ ਚੁਟਕਲੇ ਅਤੇ ਗੀਤ ਬਣਾਏ ਜਾ ਰਹੇ ਹਨ ਓਹ ਵੀ ਹਕੂਮਤੀ ਧਿਰ ਬਾਰੇ ਆਮ ਲੋਕਾਂ ਦੀ ਸਮਝ ਪੇਸ਼ ਕਰਦੇ ਹਨ ਕਿਉਂਕਿ ਆਮ ਲੋਕਾਂ ਦੇ ਨਾਅਰੇ ਅਤੇ ਬੋਲ ਕਾਨੂੰਨਾਂ ਬਾਰੇ ਨਹੀਂ ਸਗੋਂ ਹਕੂਮਤੀ ਧਿਰ ਬਾਰੇ ਲੋਕਾਂ ਦੇ ਖਿਆਲ ਨੂੰ ਪੇਸ਼ ਕਰਦੇ ਹਨ।ਲੋਕਾਂ ਦੇ ਬੋਲਾਂ ਅਤੇ ਇਸ਼ਾਰਿਆਂ ਵਿਚ ਕਾਨੂੰਨ ਰੱਦ ਕਰਨ ਨਾਲੋਂ ਆਪਣੇ ਹੱਕ ਦੀ ਗੱਲ ਵੱਧ ਹੈ ਪਰ ਇਹ ਹੱਕ ਸਾਫ ਸ਼ਬਦਾਂ ਵਿਚ ਕਿਤੇ ਨਹੀਂ ਲਿਖਿਆ ਹੋਇਆ।ਇਹ ਬੇਸ਼ਬਦ ਭਾਵਨਾ ਸਭ ਲਈ ਵੱਡੀ ਮੁਸ਼ਕਲ ਹੈ ਜਿਸ ਦੇ ਅਰਥ ਹਕੂਮਤੀ ਧਿਰ ਵਲੋਂ ਮਹਿਸੂਸ ਕੀਤੇ ਜਾ ਰਹੇ ਹਨ ਕਿਉਂਕਿ ਹੱਕ ਦੀ ਗੱਲ ਦੇ ਨਾਲ ਹਕੂਮਤੀ ਧਿਰ ਨੂੰ ਇਤਿਹਾਸਕ ਰੂਪ ਵਿਚ ਵੰਗਾਰਣਾ ਵੀ ਸ਼ਾਮਲ ਹੈ।ਹਕੂਮਤੀ ਧਿਰ ਖੇਤੀ ਕਾਨੂੰਨ ਰੱਦ ਕਰਨ ਤੋਂ ਵੀ ਵੱਧ ਮਾਰੂ ਪੱਖ ਹੈ ਕਿ ਸਿੱਖਾਂ ਲਈ ਜਿਹੜੀ ਨਫਰਤ ਕਈ ਦਹਾਕੇ ਲਾ ਕੇ ਬਣਾਈ ਗਈ ਸੀ ਉਹ ਕੁਝ ਦਿਨ ਵਿਚ ਧੁੰਦ ਵਾਂਗ ਲੱਥ ਗਈ ਅਤੇ ਬਾਕੀ ਦੀ ਵੀ ਪਿਘਲਣੀ ਸ਼ੁਰੂ ਹੋ ਗਈ ਹੈ।ਖਾਸ ਕਰਕੇ ਜੰਗਜੂ ਵਿਰਾਸਤ ਵਾਲੇ ਰਾਜਪੂਤ ਅਤੇ ਜਾਟ ਕਿਸਾਨਾਂ ਸਮੇਤ ਅਨੇਕਾਂ ਸਮਾਜਾਂ ਦੇ ਕਿਸਾਨਾਂ ਵਲੋਂ ਪੰਜਾਬ ਦੇ ਲੋਕਾਂ ਨੂੰ ਭਾਈ ਵਾਂਗ ਮੰਨ ਲੈਣਾ ਅਤੇ ਓਹਨਾਂ ਦੀ ਅਗਵਾਈ ਨਾਲ ਸਹਿਜ ਹੋਣਾ ਹਕੂਮਤੀ ਧਿਰ ਦੇ ਨਫਰਤੀ ਸੋਚ ਅਤੇ ਪੈਂਤੜੇ ਲਈ ਅਣਚਿਤਵਿਆ ਕਹਿਰ ਹੈ।ਕਾਨੂੰਨ ਰੱਦ ਕਰਨ ਨਾਲੋਂ ਇਹ ਵਾਪਰੇ ਨੂੰ ਮੇਟਣਾ ਓਹਨਾਂ ਲਈ ਜਿਆਦਾ ਜਰੂਰੀ ਹੈ।ਕਿਸਾਨਾਂ ਦੇ ਵਾਪਸ ਪਰਤਣ ਨਾਲ ਇਹ ਸਿਆਹੀ ਪੱਕ ਜਾਏਗੀ ਹਕੂਮਤੀ ਧਿਰ ਗਿੱਲੀ ਗਿੱਲੀ ਦਾ ਹੀ ਪੂੰਝਾ ਮਾਰਨ ਲਈ ਤਰਲੋਮੱਛੀ ਹੈ।
3 ਹਕੂਮਤੀ ਪਰਬੰਧ ਦੇ ਮਸਲੇ:ਹਕੂਮਤ ਉਤੇ ਕਾਬਜ ਧਿਰ ਦੀ ਆਪਣੀ ਸਮਝ ਅਤੇ ਲੋੜ ਹੈ ਪਰ ਹਕੂਮਤੀ ਪਰਬੰਧ ਦੇ ਅੰਦਾਜੇ ਵਿਚ ਹੋਰ ਬਹੁਤ ਕੁਝ ਹੈ।ਹਕੂਮਤੀ ਪਰਬੰਧ ਜੋ ਦੁਨੀਆ ਦੇ ਪੂਰੇ ਕਾਨੂੰਨੀ ਅਤੇ ਗੈਰ ਕਾਨੂੰਨੀ ਹਕੂਮਤੀ ਪਰਬੰਧ ਨਾਲ ਜੁੜਿਆ ਹੋਇਆ ਹੈ ਉਹਦੀਆਂ ਆਪਣੀਆਂ ਵੀ ਗਿਣਤੀਆਂ ਹਨ ਜਿਹੜੀਆਂ ਸੰਘੀ ਧਿਰ ਨਾਲੋਂ ਵੀ ਵੱਡੀਆਂ ਹਨ।ਓਹਨਾਂ ਗਿਣਤੀਆਂ ਨੇ ਵੀ ਇਹ ਮਾਮਲੇ ਨੂੰ ਉਭਾਰਣ ਵਿਚ ਹਿੱਸਾ ਪਾਇਆ ਹੈ ਮਿਸਾਲ ਵਜੋਂ ਕਈ ਦਹਾਕੇ ਪਹਿਲਾਂ ਅੰਨ੍ਹੇ ਅਮੀਰਾਂ ਅਤੇ ਵੱਡੇ ਵਪਾਰੀਆਂ ਨੇ ਤਕੜੀਆਂ ਹਕੂਮਤਾਂ ਨਾਲ ਰਲ ਕੇ ਇਹ ਮਿਥ ਲਿਆ 2030 ਤੱਕ ਸਾਰੀ ਦੁਨੀਆ ਦਾ ਢਾਂਚੇ ਨੂੰ ਆਪਣੇ ਮੁਤਾਬਿਕ ਕਰ ਲੈਣਾ ਹੈ।ਇਸ ਕਰਕੇ ਜਦੋਂ ਬਿਮਾਰੀ ਦੇ ਨਾਂ ਹੇਠ ਗਰਮੀ ਦੀ ਰੁਤੇ ਕਰੋਨਾਬੰਦੀ ਨਾਲ ਲੋਕਾਂ ਦੀਆਂ ਚੀਕਾਂ ਕਢਾਈਆਂ ਜਾ ਰਹੀਆ ਸਨ ਉਦੋਂ ਖੇਤੀ ਦੀ ਵਪਾਰੀਕਰਣ ਦੀ ਚੱਕੀ ਫੇਰਨੀ ਸ਼ੁਰੂ ਦਿੱਤੀ।ਦੁਨੀਆ ਦੇ ਹਕੂਮਤੀ ਵਰਤਾਰੇ ਦੇ ਪੱਖ ਤੋਂ ਇਹਦੇ ਦੋ ਪਹਿਲੂ ਹਨ ਪਹਿਲਾਂ ਸਾਰੀ ਦੁਨੀਆ ਨੂੰ ਲੋਕਤੰਤਰੀ ਬਣਾ ਦੇਣਾ ਦੂਜਾ ਸਾਰੀ ਦੁਨੀਆ ਨੂੰ ਬਿਜਲਈ ਵਪਾਰ ਦੇ ਪੂਰਨ ਅਧੀਨ ਕਰ ਦੇਣਾ।
(3 – ੳ) ਲੋਕਤੰਤਰ ਦੇ ਮਸਲੇ:
ਇਹ ਗੱਲ ਪਹਿਲੇ ਲੇਖ ਵਿਚ ਵੀ ਕੀਤੀ ਗਈ ਹੈ ਪਰ ਇਥੇ ਦੁਹਰਾਉਣੀ ਜਰੂਰੀ ਹੈ ਕਿ ਜੇ ਕਿਸਾਨਾਂ ਦੀ ਗੱਲ ਭਾਰਤੀ ਹਕੂਮਤੀ ਢਾਂਚੇ ਵਿਚ ਮੰਨੀ ਜਾਂਦੀ ਹੈ ਤਾਂ ਇਹਦੇ ਮਾਅਨੇ ਬਹੁਤ ਵੱਡੇ ਹਨ।ਪਹਿਲਾ ਇਹ ਰਾਜ ਦੀ ਕੁੱਲ ਵਸੋਂ ਦਾ 60% ਹਿੱਸਾ ਸਿੱਧੇ ਹੀ ਖੇਤੀ ਨਾਲ ਜੁੜਿਆ ਹੈ ਜੋ ਲਗਭਗ 80 ਕਰੋੜ ਬਣਦਾ ਹੈ।ਇਥੇ ਸਭ ਤੋਂ ਵੱਡੇ ਕਿੱਤੇ ਦੀ ਗੱਲ ਸੁਣੇ ਜਾਣਾ, ਵਪਾਰ ਦੀ ਹਕੂਮਤੀ ਧਿਰਾਂ ਉਤੇ ਡੇਢ ਸੌ ਸਾਲ ਪੁਰਾਣੀ ਪਕੜ ਟੁਟਣ ਬਰਾਬਰ ਬਣ ਜਾਂਦਾ ਹੈ।ਦੂਜਾ ਵਾਹੀਕਾਰਾਂ ਦੀ ਗੱਲ ਮੰਨਣ ਦਾ ਮਤਲਬ ਖੇਤਰੀ ਰਾਜਸੀ ਦਲਾਂ ਨੂੰ ਮਜਬੂਤ ਕਰਨਾ ਬਣੇਗਾ ਜਿਸ ਨਾਲ ਮਜਬੂਤ ਕੇਂਦਰ ਦੀ ਗੱਲ ਨੂੰ ਸੱਟ ਵਜੇਗੀ ਕਿਉਂਕਿ ਖੇਤਰੀ ਦਲ ਆਪਣੇ ਲੋਕਾਂ ਦੇ ਹਿਤਾਂ ਦੀ ਅਣਵੇਖੀ ਨਹੀਂ ਕਰ ਸਕਦੇ।ਤੀਜਾ ਅਤੇ ਸਭ ਤੋਂ ਵੱਡਾ ਅਸਰ ਇਹਦੇ ਨਾਲ ਹਕੂਮਤ ਅਤੇ ਵਪਾਰੀਆਂ ਵਲੋਂ ਸ਼ਹਿਰੀਕਰਣ ਨੂੰ ਪਹਿਲ ਦੇਣ ਦਾ ਸੁਪਨਾ ਅਤੇ ਅਮਲ ਮੂਧਾ ਵਜਦਾ ਹੈ।ਚੌਥਾ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਇਥੇ ਖੇਤੀ ਵਾਲਿਆਂ ਦੀ ਗੱਲ ਮੰਨੇ ਜਾਣ ਨਾਲ ਲੋਕਤੰਤਰ ਦਾ ਅਰਥ ਸੰਸਾਰ ਪੱਧਰ ਉਤੇ ਬਦਲ ਜਾਏਗਾ।ਏਥੇ ਖੇਤੀ ਨਾਲ ਜੁੜੇ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਮੁਲਕ ਦੀ ਕੁੱਲ ਧਰਤੀ ਅਤੇ ਲੋਕਾਂ ਦੀ ਗਿਣਤੀ ਦਾ ਤਵਾਜਨ ਯੂਰਪ ਅਮਰੀਕਾ ਆਸਟਰੇਲੀਆਂ ਅਤੇ ਚੀਨ ਨਾਲੋਂ ਵੱਡਾ ਅਤੇ ਉਲਟਾ ਹੈ।
ਜੇ ਇਥੇ ਖੇਤੀ ਵਾਲੇ ਲੋਕਾਂ ਦੀ ਗੱਲ ਮੰਨੀ ਗਈ ਤਾਂ ਓਹ ਦੁਨੀਆ ਦੇ ਖੇਤੀ ਜਗਤ ਦੀ ਅਗਵਾਈ ਬਣ ਜਾਣਗੇ ਕਿਉਂਕਿ ਸਾਰੀ ਦੁਨੀਆ ਵਿਚ ਜਮੀਨ ਉਤੇ ਮਾਲਕਾਂ ਵਜੋਂ ਖੇਤੀ ਕਰਨ ਵਾਲੇ ਲੋਕਾਂ ਦਾ ਲਗਭਗ ਤੀਜਾ ਹਿੱਸਾ ਇਹ ਮੁਲਕ ਅਧੀਨ ਵਸਦਾ ਹੈ।ਇਸ ਕਰਕੇ ਜਦੋਂ ਸੰਸਾਰ ਦੀਆਂ ਹਕੂਮਤਾਂ ਅਤੇ ਵਪਾਰੀ ਖੇਤੀ ਖਤਮ ਕਰਨ ਬਾਰੇ ਸੋਚ ਰਹੇ ਹਨ ਉਦੋਂ ਹੀ ਖੇਤੀ ਕਰਨ ਵਾਲੇ ਲੋਕ ਸਦੀਆਂ ਵਿਚ ਪਹਿਲੀ ਵਾਰੀ ਰਾਜਨੀਤੀ ਨੂੰ ਲੋਕਤੰਤਰੀ ਤਰੀਕੇ ਨਾਲ ਬਦਲਣ ਵਾਲੀ ਧਿਰ ਬਣ ਜਾਣਗੇ।ਹਥਿਆਰਾਂ ਨਾਲ ਰਾਜ ਪਲਟੇ ਕਰਨ ਲਈ ਖੇਤੀ ਵਾਲੇ ਲੋਕਾਂ ਸਦੀਆਂ ਤੋਂ ਫੌਜੀ ਅਤੇ ਬਾਗੀ ਬਣਦੇ ਆਏ ਹਨ ਪਰ ਪਹਿਲੀ ਵਾਰ ਹੈ ਕਿ ਅਜਿਹੇ ਲੋਕ ਨਿਹੱਥੇ ਅਤੇ ਸ਼ਾਂਤਮਈ ਰੂਪ ਵਿਚ ਅਜਿਹੇ ਨੁਕਤੇ ਉਤੇ ਆ ਗਏ ਜਿਸ ਨੇ ਲੋਕਤੰਤਰ ਦੇ ਭਵਿੱਖ ਵਿਚ ਸਹੀ/ਗਲਤ ਹੋਣ ਦਾ ਫੈਸਲਾ ਕਰ ਦੇਣਾ ਹੈ।
(3 – ਅ) ਬਿਜਲਈ ਵਪਾਰ:
ਕਿਸੇ ਵੇਲੇ ਇਹ ਮੰਨਿਆ ਗਿਆ ਸੀ ਕਿ ਦੁਨੀਆ ਵਿਚ ਇਨਕਲਾਬਾਂ ਦੀ ਅਗਵਾਈ ਮੱਧ ਵਰਗੀ ਲੋਕ ਕਰਦੇ ਹਨ ਪਰ ਹੁਣ ਇਹ ਮੰਨਿਆ ਜਾਣ ਲੱਗਾ ਹੈ ਕਿ ਮੱਧ ਵਰਗ ਦੇ ਖਤਮ ਹੋਣ ਦਾ ਵੇਲੇ ਆ ਗਿਆ ਹੈ।ਇਹਦੀ ਪਰਵਾਨਗੀ ਮੱਧ ਵਰਗੀ ਲੋਕ ਆਪ ਹੀ ਦੇ ਰਹੇ ਹਨ।ਪਿਛਲੀ ਸਦੀ ਵਿਚ ਜੋ ਕੁਝ ਮਨੁਖਤਾ ਨੂੰ ਹਕੂਮਤਾਂ ਵਲੋਂ ਬਰਾਬਰੀ ਅਤੇ ਅਜਾਦੀ ਦੇ ਨਾਂ ਹੇਠ ਦੇਣਾ ਸ਼ੁਰੂ ਕੀਤਾ ਦਿੱਤਾ ਗਿਆ ਉਹ ਮੱਧ ਵਰਗ ਦੀਆਂ ਜੜ੍ਹਾਂ ਨੂੰ ਜਮੀਨ ਨਾਲੋਂ ਤੋੜਣ ਵਾਲਾ ਸੀ ਜਿਸ ਦਾ ਅਮਲ ਅਜੋਕੇ ਬਿਜਲਈ ਵਪਾਰ ਦੇ ਖਿਆਲ ਨਾਲ ਪੂਰਾ ਹੁੰਦਾ ਹੈ।ਬਿਜਲਈ ਸੰਚਾਰ ਵਜੋਂ 5 ਜੀ ਦੇ ਆਉਣ ਨਾਲ ਇਹ ਅਮਲ ਪੂਰਾ ਹੋ ਜਾਏਗਾ।ਕਰੋਨਾ ਦੇ ਨਾਂ ਹੇਠ ਸਾਰੀ ਦੁਨੀਆ ਨੂੰ ਇਕਮਦ ਰੋਕ ਦੇਣਾ ਇਹ ਤਜਰਬਾ ਕਰਨਾ ਸੀ ਕਿ ਕੀ ਸਾਰੀ ਦੁਨੀਆ ਦੇ ਮਨੁਖੀ ਅਮਲ ਨੂੰ ਸਰਕਾਰੀ ਹੁਕਮਾਂ ਵਜੋਂ ਰੋਕਿਆ ਜਾ ਸਕਦਾ ਹੈ।ਇਹ ਤਜਰਬਾ ਬਹੁਤ ਹੱਦ ਤੱਕ ਸਫਰ ਰਿਹਾ।ਲੋਕ ਓਨਾ ਡਰ ਵੀ ਗਏ ਜਿੰਨਾ ਕੁ ਲੋੜੀਂਦਾ ਸੀ ਅਤੇ ਲੋਕ ਇਕਦਮ ਬਿਜਲਈ ਵਪਾਰ ਵੱਲ ਉਲਰੇ ਵੀ ਜਿੰਨੀ ਕੁ ਲੋੜ ਸੀ।ਲੋਕਾਂ ਨੇ ਆਪਣੀ ਸਰੀਰਕ ਪਛਾਣ ਅਤੇ ਆਪਣੀਆਂ ਗੱਡੀਆਂ ਦੀ ਪਛਾਣ ਵੀ ਬਿਜਲਈ ਬਣਾ ਲਈ ਹੈ।ਲੋਕਾਂ ਨੂੰ ਅਜਾਦੀ ਨਾਲ ਰਾਖੀ ਜਰੂਰੀ ਹੈ ਦਾ ਨੁਕਤਾ ਸਹੀ ਸਿੱਧ ਹੋਇਆ। ਜਿਸ ਵੇਲੇ ਖੇਤੀ ਦੇ ਕਾਨੂੰਨ ਲਿਆਂਦੇ ਗਏ ਉਸ ਵੇਲੇ ਨਿਤਨ ਗਡਕਰੀ ਨੇ ਕਿਹਾ ਸੀ ਕਿ ਮੁਲਕ ਦੀ ਮਾਲੀ ਹਾਲਤ ਨੂੰ ਚਲਦੀ ਰਖਣ ਲਈ 50-60 ਲੱਖ ਕਰੋੜ ਦੇ ਬਾਹਰੀ ਰੁਪਏ ਦੀ ਲੋੜ ਹੈ।ਭਾਰਤ ਸਰਕਾਰ ਨੂੰ ਓ੍ਹਨਾਂ ਹੀ ਵਪਾਰੀਆਂ ਨੇ ਪੈਸੇ ਲਾਉਣ ਦੀ ਹਾਂ ਕੀਤੀ ਜਿਹੜੇ ਬਿਜਲਈ ਵਪਾਰ ਵਧਾਉਣਾ ਚਾਹੁੰਦੇ ਸਨ।ਜੇ ਖੇਤੀ ਵਾਲੇ ਲੋਕ ਭਾਰਤੀ ਸਰਕਾਰ ਅਤੇ ਹਕੂਮਤੀ ਧਿਰ ਨੂੰ ਝੁਕਾ ਗਏ ਤਾਂ ਭਾਰਤ ਵਿਚ ਤਾਂ ਬਿਜਲਈ ਵਪਾਰ ਦੀ ਚੜ੍ਹਤ ਨੂੰ ਰੋਕ ਲੱਗਣੀ ਹੈ ਅਤੇ ਦੁਨੀਆ ਵਿਚ ਬਿਜਲਈ ਵਪਾਰ ਦੇ 2030 ਤੱਕ ਪੈਰ ਲਗਣ ਦੇ ਖਿਆਲ ਨੂੰ ਵੱਡੀ ਸੱਟ ਵੱਜੇਗੀ।ਇਸ ਤੋਂ ਵੱਡੀ ਸੱਟ ਹਕੂਮਤੀ ਧਿਰ ਦੇ ਬਹੁਗਿਣਤੀ ਹੋਣ ਨੂੰ ਵੱਜੇਗੀ ਕਿਉਂਕਿ ਇਹ ਧਿਰ ਦੀ ਮਾਨਤਾ ਵੀ ਬਿਜਲਈ ਪਰਚਾਰ ਸਿਰ ਉਤੇ ਖੜੀ ਹੈ ਅਤੇ ਦੂਜਾ ਓਹਨਾਂ ਵਪਾਰੀਆਂ ਦੇ ਸਿਰ ਉਤੇ ਖੜੀ ਹੈ ਜਿਹੜੇ ਬਿਜਲਈ ਵਪਾਰ ਰਾਹੀਂ ਆਮ ਵਪਾਰ ਨੂੰ ਖਤਮ ਕਰਨਾ ਚਾਹੁੰਦੇ ਹਨ।ਜੇ ਬਹੁਗਿਣਤੀ ਕਿਤੇ ਵਜੋਂ ਕਿਸਾਨ ਇਕ ਧਿਰ ਬਣ ਗਏ ਹਨ ਤਾਂ ਰਾਜਨੀਤੀ ਹੀ ਨਹੀਂ ਵਪਾਰ ਦੇ ਸਰੋਕਾਰ ਵੀ ਬਦਲਣਗੇ।
(4) ਖੇਤੀ ਅਤੇ ਜਮੀਨ ਦੇ ਮਸਲੇ:
ਸਭ ਤੋਂ ਵੱਧ ਵਸੋਂ ਵਾਲੇ ਚੀਨ ਵਿਚ ਵੀ ਕੁੱਲ ਧਰਤੀ ਦਾ 12% ਹਿੱਸਾ ਹੀ ਖੇਤੀ ਲਈ ਵਰਤਿਆ ਜਾ ਰਿਹਾ ਹੈ ਪਰ ਭਾਰਤੀ ਰਾਜ ਵਿਚ 55% ਤੋਂ ਵੱਧ ਧਰਤੀ ਖੇਤੀ ਲਈ ਵਰਤੀ ਜਾ ਰਹੀ ਹੈ।ਚੀਨ ਵਿਚ ਕੁੱਲ ਤਰੱਕੀ ਦੇ ਬਾਵਜੂਦ ਸਰਕਾਰ ਦੇ ਅੰਦਾਜੋਂ 44% ਵੱਧ ਲੋਕ ਪਿੰਡਾਂ ਵਿਚ ਰਹਿ ਰਹੇ ਹਨ ਅਤੇ ਦੂਜੇ ਪਾਸੇ ਨਵੇਂ ਬਣਾਏ ਖਾਲੀ ਸ਼ਹਿਰਾਂ ਦੀਆਂ ਕਹਾਣੀਆਂ ਅਖਬਾਰਾਂ ਵਿਚ ਛਪ ਚੁੱਕੀਆਂ ਹਨ ਕਿਉਂਕਿ ਲੋਕ ਹਰ ਹਾਲ ਵਿਚ ਪਿੰਡਾਂ ਵਿਚ ਰਹਿਣਾ ਚਾਹੁੰਦੇ ਹਨ।
ਭਾਰਤ ਵਿਚ ਛੋਟੇ ਸ਼ਹਿਰ ਵੱਡੇ ਸ਼ਹਿਰਾਂ ਨਾਲੋਂ ਵੀ ਵੱਧ ਬੇਤਰਤੀਬ ਰੂਪ ਵਿਚ ਫੈਲ ਰਹੇ ਮਿਸਾਲ ਵਜੋਂ ਇਕੱਲੇ ਪੰਜਾਬ ਵਿਚ ਢਾਈ ਹਜਾਰ ਤੋਂ ਉਤੇ ਉਘੜ ਦੁਘੜ ਬਸਤੀਆਂ ਨੂੰ ਸਰਕਾਰ ਨੇ ਪਰਵਾਨਗੀ ਦੇ ਦਿੱਤੀ ਹੈ।ਬੇਤਰਤੀਬੇ ਸ਼ਹਿਰ ਪੇਂਡੂ ਲੋਕਾਂ ਨੂੰ ਵਧੇਰੇ ਖਿਚਦੇ ਹਨ ਜੋ ਸ਼ਹਿਰਾਂ ਵਿਚ ਪਿੰਡਾਂ ਵਰਗੀ ਜਿੰਦਗੀ ਦੀ ਭਾਲ ਕਰਦੇ ਹਨ।ਬੇਤਰਤੀਬੇ ਸ਼ਹਿਰ ਗੰਦਗੀ ਅਤੇ ਗਰੀਬੀ ਨੂੰ ਜਨਮ ਦਿੰਦਾ ਹੈ ਜੋ ਮੱਧਵਰਗ ਦੇ ਖਾਤਮੇ ਲਈ ਅਤੇ ਬਿਜਲਈ ਵਪਾਰ ਦੇ ਵਾਧੇ ਲਈ ਜਰੂਰੀ ਹਨ।ਜਿੰਨੀ ਸ਼ਹਿਰੀ ਅਬਾਦੀ ਵਧੇਰੇ ਗਰੀਬ ਅਤੇ ਬਿਮਾਰ ਹੋਏਗੀ ਓਨਾ ਹੀ ਭੋਜਨ ਅਤੇ ਸਿਹਤ ਦਾ ਵਪਾਰ ਵੱਡਾ ਹੋਏਗਾ।ਆਖਰ ਨੂੰ ਤੰਦਰੁਸਤੀ ਪਰਮ ਮਨੁਖਾਂ ਦੀ ਨਿਸ਼ਾਨੀ ਬਣ ਜਾਏਗੀ।ਜੇ ਖੇਤੀ ਖਤਮ ਨਹੀਂ ਹੁੰਦੀ ਤਾਂ ਖੇਤੀ ਵਾਲੇ ਲੋਕ ਗਰੀਬ ਅਤੇ ਬਿਮਾਰ ਹੋ ਕੇ ਵੀ ਮਜਬੂਤੀ ਦੇ ਸਬੂਤ ਬਣੇ ਰਹਿੰਦੇ ਹਨ ਜੋ ਵਪਾਰਕ ਜੀਵਨ ਆਦਰਸ਼ ਵਿਚ ਬਹੁਤ ਵੱਡਾ ਅੜਿੱਕਾ ਹਨ।ਇਹ ਅੜਿੱਕਾ ਖਤਮ ਕਰਨ ਲਈ ਬੁਨਿਆਦੀ ਲੋੜ ਜਮੀਨੀ ਮਾਲਕੀ ਖਤਮ ਕਰਨ ਦੀ ਹੈ।ਜਮੀਨੀ ਮਾਲਕੀ ਤਾਂ ਹੀ ਖਤਮ ਹੋਏਗੀ ਜੇ ਖੇਤੀ ਨੂੰ ਵਿਰਾਸਤੀ ਧੰਦੇ ਵਜੋਂ ਖਤਮ ਕੀਤਾ ਜਾਵੇ।ਇਹਦੀ ਪਹਿਲ ਖੇਤੀ ਨੂੰ ਵਪਾਰਕ ਰੂਪ ਵਿਚ ਕਰਨ ਨਾਲ ਹੋ ਗਈ ਹੈ ਪਰ ਵਪਾਰੀ ਧਿਰ ਕੋਲ ਜਮੀਨੀ ਮਾਲਕੀ ਜਾਣ ਨਾਲ ਹੀ ਪੂਰੀ ਹੋਣੀ ਹੈ।ਦੋਵਾਂ ਗੱਲਾਂ ਪੂਰੀਆਂ ਹੋਣ ਬਿਨਾ ਲੋਕ ਹਕੂਮਤਾਂ ਖਿਲਾਫ ਲੜਣੋਂ ਨਹੀਂ ਹਟ ਸਕਦੇ।ਇਹ ਨਤੀਜਾ ਜੰਗ ਅਤੇ ਵਪਾਰ ਦੇ ਮਾਹਰਾਂ ਨੇ ਆਪਣੇ ਆਪਣੇ ਤਰੀਕੇ ਨਾਲ ਕੱਢਿਆ ਹੈ।ਜਿਸ ਕਰਕੇ ਇਹਦੇ ਲਈ ਤੀਜੀ ਗੱਲ ਜਰੂਰੀ ਮੰਨੀ ਗਈ ਹੈ ਕਿ ਸੋਚ ਦਾ ਅਮਲ ਬਦਲਣ ਲਈ ਭੋਜਨ ਦਾ ਅਮਲ ਬਦਲਿਆ ਜਾਵੇ।
ਖੇਤੀ ਜਮੀਨ ਤੋਂ ਬਿਨਾ ਹੋ ਸਕਦੀ ਹੈ ਇਹ ਖਿਆਲ ਆਪਣੇ ਆਪ ਵਿਚ ਬਹੁਤ ਵਧੀਆ ਹੈ ਕਿਉਂਕਿ ਜਮੀਨ ਤਾਂ ਕੁੱਲ ਧਰਤੀ ਦਾ ਤੀਜਾ ਹਿੱਸਾ ਵੀ ਨਹੀਂ ਹੈ ਤੀਜੇ ਹਿੱਸੇ ਦਾ ਵੀ ਅੱਗੋਂ ਦਸਵਾਂ ਹਿੱਸਾ ਹੀ ਖੇਤੀ ਯੋਗ ਹੈ ਪਰ ਅਸਮਾਨੀ ਖੇਤੀ ਦਾ ਖਿਆਲ ਦਾ ਬੰਦੇ ਨੂੰ ਧਰਤੀ ਨਾਲੋਂ ਤੋੜਣ ਦਾ ਹੈ।ਅਸਮਾਨ ਬੇਹੱਦ ਵੱਡਾ ਪਿਆ ਹੈ ਅਸਮਾਨ ਵਿਚ ਕਿੰਨੀ ਹੀ ਖੇਤੀ ਹੋ ਸਕਦੀ ਹੈ ਇਹ ਕਲਪਨਾ ਬੰਦੇ ਦੀ ਸੋਚ ਨੁੰ ਉਛਾਲਾ ਮਾਰਦੀ ਹੈ ਪਰ ਅਗਲਾ ਉਛਾਲਾ ਹੈ ਕਿ ਜਦੋਂ ਖੇਤੀ ਅਸਮਾਨ ਵਿਚ ਹੋ ਸਕਦੀ ਹੈ ਤਾਂ ਲੋਕ ਅਸਮਾਨ ਵਿਚ ਕਿਉਂ ਨਹੀਂ ਵਸ ਸਕਦੇ।ਇਹਦੇ ਪਿਛੇ ਅਸਲ ਮਨਸੂਬਾ ਲੋਕਾਂ ਨੂੰ ਧਰਤੀ ਤੋਂ ਚੁੱਕ ਕੇ ਅਸਮਾਨ ਵਿਚ ਕੈਦ ਕਰ ਲੈਣ ਦਾ ਹੈ।ਅੱਜ ਤੱਕ ਲੋਕ ਕਿਸੇ ਵੀ ਸਰਕਾਰ ਤੋਂ ਇਸ ਕਰਕੇ ਕਾਬੂ ਨਹੀਂ ਆਏ ਕਿਉਂਕਿ ਗੱਦੀ ਉਤੇ ਬੈਠਣ ਵਾਲਿਆਂ ਨੂੰ ਧਰਤੀ ਸਮਝ ਨਹੀਂ ਆਉਂਦੀ ਪਰ ਬਗਾਵਤਾਂ ਕਰਨ ਵਾਲਿਆਂ ਨੂੰ ਆਉਂਦੀ ਹੈ।ਜਦੋਂ ਲੋਕ ਅਸਮਾਨ ਵਿਚ ਕੈਦ ਹੋਣਗੇ ਅਤੇ ਹਾਕਮ ਧਰਤੀ ਉਤੇ ਹੋਣਗੇ ਤਾਂ ਲੋਕ ਕਦੇ ਵੀ ਹਾਕਮ ਦਾ ਵਿਰੋਧ ਨਹੀਂ ਕਰ ਸਕਣਗੇ। ਚੰਦ ਤੇ ਬਸਤੀਆਂ ਪਾਉਣ ਦਾ ਸੁਪਨਾ ਪਹਿਲੀ ਨਜਰੇ ਅਮੀਰਾਂ ਦੇ ਵਸਣ ਦਾ ਖਿਆਲ ਲਗਦਾ ਹੈ ਪਰ ਗੱਲ ਇਸ ਤੋਂ ਉਲਟ ਹੈ।ਇਹ ਆਮ ਲੋਕਾਂ ਨੂੰ ਅਸਮਾਨ ਵਿਚ ਕੈਦ ਹੋਣ ਲਈ ਤਿਆਰ ਕਰਨ ਦਾ ਬੀਜ ਹੈ ਜੋ ਉਹਨਾਂ ਤੋਂ ਖੁਸ਼ੀ ਖੁਸ਼ੀ ਧਰਤੀ ਛੁਡਾ ਲਵੇਗਾ ਜਿਵੇਂ ਲੋਕਾਂ ਨੇ ਬਿਜਲ ਸੱਥ ਦੀ ਖੁੱਲ ਨੂੰ ਮਾਣਨ ਦੇ ਨਾਂ ਹੇਠ ਆਪਣੇ ਨਿੱਜੀ ਅਮਲ ਦੀ ਜਾਣਕਾਰੀ ਸਰਕਾਰਾਂ ਅਤੇ ਵਪਾਰੀਆਂ ਨੂੰ ਖੁਸ਼ੀ ਖੁਸ਼ੀ ਸੌਂਪ ਦਿੱਤੀ।ਵਾਤਾਵਰਣ ਦੀ ਕੁੱਲ ਰਾਜਨੀਤੀ ਦਾ ਨਿਚੋੜ ਆਖਰ ਇਹੋ ਹੈ ਕਿ ਲੋਕ ਬੁਰੇ ਅਸਰਾਂ ਤੋਂ ਬਚਣ ਲਈ ਸੋਹਣੇ ਅਸਮਾਨਾਂ ਵਿਚ ਜਾ ਵਸਣ।ਵਾਤਾਵਰਣ ਦੀ ਰਾਜਨੀਤੀ ਨੂੰ ਧਿਆਨ ਵਿਚ ਰੱਖੇ ਬਿਨਾ ਸਮਝ ਨਹੀਂ ਆਉਂਦਾ ਕਿ ਅਸਮਾਨ ਵਿਚ ਨਿਗਾਹ ਰੱਖਣ ਵਾਲਾ ਅਮਰੀਕੀ ਅਦਾਰਾ (ਨਾਸਾ) ਕਿਉਂ ਆਏ ਦਿਨ ਤਸਵੀਰਾਂ ਜਾਰੀ ਕਰਦੀ ਹੈ ਕਿ ਭਾਰਤ ਵਿਚ ਐਨੇ ਥਾਂਵਾਂ ਉਤੇ ਪਰਾਲੀ ਨੂੰ ਅੱਗ ਲੱਗੀ ਹੈ?ਨਾਸਾ ਸਾਡੇ ਲੋਕਾਂ ਉਤੇ ਐਨਾ ਅਹਿਸਾਨ ਕਿਉਂ ਕਰਦਾ ਹੈ ਕਿ ਧਰਤੀ ਹੇਠਲਾ ਪਾਣੀ ਐਥੇ ਐਥੇ ਵਧੇਰੇ ਖਰਾਬ ਅਤੇ ਡੂੰਘਾ ਹੈ?
ਵਾਤਾਵਰਣ ਦੀ ਰਾਜਨੀਤੀ ਸਿੱਧੇ ਰੂਪ ਵਿਚ ਧਰਤੀ ਉਤੇ ਕਬਜਾ ਕਰਨ ਦੀ ਖੇਡ ਹੈ ਇਸ ਕਰਕੇ ਹਵਾ ਦੇ ਪਰਦੂਸ਼ਣ ਦਾ ਰੌਲਾ ਹੈ।ਜੇ ਕਿਸੇ ਵੀ ਸਰਕਾਰ ਨੇ ਸਚਮੁਚ ਪਰਦੂਸ਼ਣ ਘਟਾਉਣਾ ਹੋਵੇ ਤਾਂ ਸਿੱਧੇ ਰੂਪ ਵਿਚ ਉਹ ਸੰਦ ਅਤੇ ਪਰਬੰਧ ਘਟਾਉਣ ਬਦਲਣੇ ਅਤੇ ਸੁਧਾਰਣੇ ਪੈਣਗੇ ਜੋ ਗੰਧਾਲ ਪੈਦਾ ਕਰਦੇ ਹਨ।ਅਸਲ ਪਰਦੂਸ਼ਣ ਧੂੰਏ ਨਾਲੋਂ ਬਾਕੀ ਰੂਪਾਂ ਵਿਚ ਬਹੁਤ ਜਿਆਦਾ ਹੈ ਪਰ ਰੌਲ਼ਾ ਉਸੇ ਦਾ ਪਾਇਆ ਜਾ ਰਿਹਾ ਹੈ ਜਿਸ ਨਾਲ ਆਮ ਲੋਕਾਂ ਦੇ ਜੀਵਨ ਅਮਲ ਉਤੇ ਕਾਬੂ ਪਾਇਆ ਜਾ ਸਕੇ।ਪਿਛਲੀ ਸਦੀ ਵਿਚ ਧਰਤੀ ਦੇ ਸਾਰੇ ਸਮੁੰਦਰਾਂ, ਜਮੀਨ ਅਤੇ ਅਸਮਾਨ ਉਤੇ ਹਕੂਮਤਾਂ ਦਾ ਕਬਜਾ ਹੋ ਗਿਆ ਸੀ ਪਰ ਲੋਕਾਂ ਦੇ ਜੀਵਨ ਅਮਲ ਉਤੇ ਪੂਰਾ ਕਾਬੂ ਨਹੀਂ ਹੋ ਸਕਿਆ ਹੈ।ਇਸ ਲਈ ਲੋਕਾਂ ਦੇ ਜੀਵਨ ਅਮਲ ਉਤੇ ਕਾਬੂ ਪਾਉਣ ਦਾ ਅਗਲਾ ਤਰੀਕਾ ਸਾਰੇ ਜਲ ਥਲ ਅਸਮਾਨ ਉਤੇ ਵਪਾਰਕ ਕਾਬੂ ਹੈ।ਰਾਜਸੀ ਕਾਬੂ ਨੂੰ ਸਭਿਅਕ ਬਣਾਉਣ ਵਜੋਂ ਜਾਣਿਆ ਗਿਆ।ਵਪਾਰਕ ਅਮਲ ਤਰੱਕੀ ਵਜੋਂ ਜਾਣਿਆ ਜਾ ਰਿਹਾ ਹੈ।ਦੁਨੀਆ ਦੀ ਕੁੱਲ ਤਰੱਕੀ ਵਪਾਰਕ ਨੁਕਤਾ ਦੇ ਜੀਵਨ ਅਮਲ ਵਿਚ ਦਖਲ ਹੈ।
ਕਿਸਾਨਾਂ ਨੂੰ ਕਰਜਾ ਮੁਆਫ ਕਰਾਉਣ ਲਈ ਖੁਦਕੁਸ਼ੀਆਂ ਕਿਉਂ ਕਰਨੀਆਂ ਪੈਂਦੀਆਂ ਜਾਂ ਦੂਜੇ ਰੂਪ ਵਿਚ ਕਿਸੇ ਕਿਸਾਨ ਦੇ ਮਰਨ ਤੋਂ ਬਾਅਦ ਸਰਕਾਰਾਂ ਮਦਾਦ ਕਿਉਂ ਕਰਦੀਆਂ ਹਨ।ਇਹ ਲੋਕਾਂ ਨੂੰ ਮਰਨ ਲਈ ਮਜਬੂਰ, ਨਾਂਹਮੁਖੀ ਰੂਪ ਵਿਚ ਉਤਸ਼ਾਹਤ ਕਰਨ ਅਤੇ ਖੇਤੀ ਨੂੰ ਘਾਟੇਵੰਦ ਸਿਧ ਕਰਨ ਦਾ ਅਮਲ ਹੈ।ਜਦੋਂ ਦੁਨੀਆ ਵਪਾਰ ਮੁਖ ਸੋਚ ਨਾਲ ਚਲ ਰਹੀ ਹੈ ਤਾਂ ਕੁੱਲ ਕਾਨੂੰਨ ਬਣਾ ਵੀ ਖੇਤੀ ਘਾਟੇਵੰਦ ਧੰਦਾ ਰਹੇਗੀ।ਜਦੋਂ ਕਿਸਾਨਾਂ ਨੂੰ ਅਮਰੀਕਾ ਵਾਂਗ ਸਰਕਾਰੀ ਖਰਚੇ ਉਤੇ ਪਲ਼ਦੇ ਵਿਖਾਇਆ ਜਾਏਗਾ ਤਾਂ ਬਦਨਾਮ ਲੋਕ ਬਣ ਜਾਣ ਨਾਲ ਓਹਨਾਂ ਉਤੇ ਸਰਕਾਰੀ ਪੈਸਾ ਖਰਚਣ ਦੀ ਸਹੂਲਤ ਬੰਦ ਕਰਨ ਨਾਲ ਕੋਈ ਨਹੀਂ ਬੋਲੇਗਾ।ਜਿਵੇਂ ਹੁਣ ਭਾਰਤ ਸਰਕਾਰ ਨੇ ਦੋ ਵਪਾਰੀਆਂ ਦਾ ਐਨਾ ਕਰਜਾ ਨਵਿਆ ਦਿੱਤਾ ਜਿੰਨਾ ਸਾਰੇ ਮੁਲਕ ਦੇ ਕਿਸਾਨਾਂ ਦਾ ਨਹੀਂ ਸੀ ਪਰ ਕਿਸਾਨਾਂ ਨਾਲ ਇਹ ਤਰੀਕਾ ਨਹੀਂ ਅਪਣਾਇਆ ਜਾਂਦਾ ਸਗੋਂ ਕਿਸ਼ਤਾਂ ਟੁਟਣ ਨਾਲ ਵਿਆਜ ਵਧ ਜਾਂਦਾ ਹੈ।ਗੱਲ ਸਾਫ ਹੈ ਕਿ ਹਕੂਮਤੀ ਪਰਬੰਧ ਖੇਤੀ ਬਾਰੇ ਕੀ ਨੀਤੀ ਰਖਦਾ ਹੈ।ਲੋਕ ਜਿਹੜੇ ਤਰੀਕੇ ਨਾਲ ਵਿਰੋਧ ਕਰ ਰਹੇ ਹਨ ਉਹ ਹਕੂਮਤੀ ਪਰਬੰਧ ਦੀ ਨੀਅਤ ਨੂੰ ਵੰਗਾਰਦਾ ਹੈ।
(5) ਭੋਜਨ ਅਤੇ ਪੈਦਾਵਾਰ ਦਾ ਮਾਮਲਾ:
ਦੁਨੀਆ ਵਿਚ ਵਿਗਿਆਨ ਨੇ ਧਰਮ ਅਤੇ ਭਰਮ ਜਿਵੇਂ ਖਤਮ ਕੀਤੇ ਉਹਦੇ ਦੋ ਤਜਰਬੇ ਭੋਜਨ ਦੇ ਮਾਮਲੇ ਵਿਚ ਹੋਏ ਹਨ ਪਹਿਲਾ ਤਜਰਬਾ ਮੁਰਗੀਆਂ ਦਾ ਗੈਰਕੁਦਰਤੀ ਤਰੀਕੇ ਨਾਲ ਆਂਡੇ ਪੈਦਾ ਕਰਨ ਲਈ ਓਹਨਾਂ ਨੂੰ ਖੁਰਾਕ ਦੇਣਾ ਸੀ।ਦੂਜਾ ਤਜਰਬਾ ਮੁਰਗੀਆਂ ਦੇ ਆਂਡਿਆਂ ਵਾਂਗ ਹੀ ਫਸਲਾਂ ਫਲਾਂ ਅਤੇ ਸਬਜੀਆਂ ਦੇ ਬੀਜ ਪੈਦਾ ਕਰਨਾ ਹੈ।ਆਂਡਿਆਂ ਵਾਂਗ ਅਜਿਹੇ ਬੀਜ ਜੋ ਖਾਣੇ ਦਾ ਸਾਧਨ ਬਣ ਸਕਣ ਪਰ ਅੱਗੋਂ ਜੀਵਨ ਪੈਦਾ ਨਾ ਕਰ ਸਕਣ।ਜੇ ਮਨੁਖੀ ਖੁਰਾਕ ਉਤੇ ਹਕੂਮਤ ਅਤੇ ਵਪਾਰ ਦਾ ਕਬਜਾ ਹੋ ਜਾਵੇ ਤਾਂ ਮਨੁਖਤਾ ਵੀ ਰੰਗ ਬਰੰਗੀਆਂ ਮੱਛੀਆਂ ਅਤੇ ਚਿੜੀਆਂ ਵਾਂਗ ਕੱਚ ਦੇ ਮਹਿਲਾਂ ਵਿਚ ਕੈਦ ਕੀਤੀ ਜਾ ਸਕਦੀ ਹੈ।ਜੋ ਦ੍ਰਿਸ਼ ਬੰਦਾ ਪਰਛਾਵੇਂ ਵਜੋਂ ਵੇਖਦਾ ਹੈ ਉਹ ਅਸਲ ਰੂਪ ਵਿਚ ਵੀ ਵੇਖੇ ਜਾ ਸਕਦੇ ਹਨ।ਬਿਗ ਬੌਸ ਵਰਗੇ ਨਾਟਕ ਇਸੇ ਦੀ ਤਿਆਰੀ ਹਨ ਕਿ ਬੰਦਾ ਆਪਮੁਹਾਰੇ ਸ਼ੀਸੇ ਵਿਚ ਉਤਰ ਜਾਵੇ।ਬੰਦੇ ਨੂੰ ਅਜਿਹੇ ਅਮਲ ਦਾ ਆਦੀ ਹੋਣ ਲਈ ਗੈਰ ਕੁਦਰਤੀ ਤਰੀਕਾ ਦਾ ਭੋਜਨ ਅਮਲ ਬਹੁਤ ਜਰੂਰੀ ਹੈ ਕਿਉਂਕਿ ਕੁਦਰਤੀ ਤਰੀਕੇ ਦਾ ਭੋਜਨ ਕਦੇ ਵੀ ਬਗਾਵਤੀ ਅੰਸ਼ ਬਣ ਜਾਂਦਾ ਹੈ।
ਧਰਤੀ ਉਤੇ ਕੁਲ ਮਨੁਖੀ ਅਬਾਦੀ 8 ਅਰਬ ਹੈ ਅਤੇ ਧਰਤੀ ਇਸ ਤੋਂ ਚੌਗੁਣੀ ਵਸੋਂ ਨੂੰ ਸਾਂਭਣ ਦੇ ਸਮਰਥ ਹੈ ਪਰ ਕਰੋਨਾ ਦੀ ਦਵਾਈ ਤਿਆਰ ਕਰਨ ਵਾਲੇ ਅਬਾਦੀ ਦੇ ਵਾਧੇ ਨੂੰ ਗਰੀਬੀ ਦਾ ਕਾਰਨ ਐਂਵੇ ਨਹੀਂ ਦੱਸ ਰਹੇ।ਅਮਰੀਕਾ ਵਿਚ ਜੰਗਲੀ ਘੋੜਿਆਂ ਨੂੰ ਮਾਰ ਕੇ ਘਟਾਉਣ ਵਾਂਗ ਮਨੁਖੀ ਵਸੋਂ ਨੂੰ ਘਟਾਉਣ ਦੀ ਜੋ ਗੱਲ ਹੋ ਰਹੀ ਹੈ, ਉਹ ਕੋਈ ਬੇਮਾਅਨਾ ਨਹੀਂ ਹੈ।ਸੰਜੇ ਗਾਂਧੀ ਦੀ ਨਸਬੰਦੀ ਮੁਹਿੰਮ ਕੋਈ ਪਾਗਲਪਣ ਨਹੀਂ ਸੀ।ਚੀਨ ਵਲੋਂ ਦੂਜੇ ਬੱਚੇ ਨੂੰ ਟੀਕਾ ਲਾ ਕੇ ਮਾਰ ਦੇਣਾ ਸਚਮੁਚ ਵਸੋਂ ਘਟਾਉਣ ਦੇ ਹਕੂਮਤੀ ਅਮਲ ਸਨ।ਹੁਣ ਕਈ ਭਾਂਤ ਦੇ ਬਚਾਓ ਟੀਕੇ ਬੱਚਿਆਂ ਨੂੰ ਜਰੂਰੀ ਲਾਉਣ ਦੀ ਮੁਹਿੰਮ ਉਸੇ ਅਮਲ ਦਾ ਅਗਲਾ ਰੂਪ ਹੈ।ਕੋਈ ਵੀ ਬੰਦਾ ਇਹ ਗੱਲ ਨੂੰ ਜਰਾ ਜਿੰਨਾ ਧਿਆਨ ਦੇ ਕੇ ਸਮਝ ਸਕਦਾ ਹੈ ਕਿ ਸਰਕਾਰਾਂ ਲੋਕਾਂ ਨੂੰ ਸਹੀ ਭੋਜਨ ਪਾਣੀ ਅਤੇ ਹਵਾ ਮੁਹੱਈਆ ਕਰਾਉਣ ਦੀ ਥਾਂ ਬਿਮਾਰੀਆਂ ਤੋਂ ਬਚਾਉਣ ਲਈ ਜੋ ਸਿਹਤ ਮੁਹਿੰਮਾਂ ਚੱਲ ਰਹੀਆਂ ਹਨ? ਇਹ ਲੋਕ ਭਲਾਈ ਦੇ ਕਿਹੋ ਜਿਹੋ ਅਮਲ ਹਨ ਕਿ ਲੋਕਾਂ ਨੂੰ ਰੋਟੀ ਪਾਣੀ ਚੱਜ ਦਾ ਨਾਂ ਮਿਲੇ ਪਰ ਬਿਮਾਰੀ ਬਚਾਓ ਦੇ ਟੀਕੇ ਸਭ ਨੂੰ ਲਾਓ।ਬਿਮਾਰ ਹੋ ਕੇ ਮਰਨਾ ਮਿਹਣਾ ਨਹੀਂ ਹੈ ਪਰ ਭੁਖ ਨਾਲ ਮਰ ਜਾਣ ਤੋਂ ਵੱਡਾ ਮਿਹਣਾ ਨਹੀਂ ਹੈ।ਜਦੋਂ ਧਰਤੀ ਉਤੇ ਮਣਾਂ ਮੂੰਹੀ ਅਨਾਜ ਖਰਾਬ ਹੋ ਰਿਹਾ ਹੈ ਅਤੇ ਕਰੋੜਾਂ ਲੋਕ ਰੋਜ ਭੁਖੇ ਸੌਂਦਾ ਹਨ ਕਿ ਸਿਰਫ ਨਾਲਾਇਕੀ ਨਹੀਂ ਹੈ ਸਗੋਂ ਲਗਾਤਾਰ ਚੱਲਣ ਵਾਲਾ ਕਤਲੇਆਮ ਹੈ।ਇਸ ਕਰਕੇ ਏਹ ਸਭ ਬਿਮਾਰੀ ਰੋਕੂ ਖੋਜਾਂ ਹੋ ਰਹੀਆਂ ਹਨ ਜੋ ਮਨੁਖ ਦੀ ਪੈਦਾਵਾਰ ਨੁੰ ਅਖੀਰ ਮੁਰਗੀ ਦੇ ਆਂਡਿਆ ਵਾਂਗ ਬਣਾ ਦੇਣਗੀਆਂ ਕਿ ਬੰਦਾ ਅੱਗੇ ਜੀਵਨ ਅਮਲ ਵਧਾ ਨਹੀਂ ਸਕੇਗਾ।ਜਿੰਨਾ ਚਿਰ ਬੰਦਾ ਆਪਣੀ ਨਸਲ ਪੈਦਾ ਕਰਨ ਦੇ ਯੋਗ ਹੈ ਓਨਾ ਚਿਰ ਹੀ ਇਤਿਹਾਸ ਦਾ ਕੋਈ ਮਾਅਨਾ ਹੈ ਓਨਾ ਚਿਰ ਹੀ ਬੰਦਾ ਆਪਣੇ ਹੱਕ, ਪਛਾਣ ਆਦਿ ਗੱਲਾਂ ਲਈ ਲੜ ਸਕਦਾ ਹੈ।
ਓਪਰ ਦਿੱਤੇ ਨੁਕਤੇ ਸਾਰੀ ਦੁਨੀਆ ਦੇ ਵਾਹੀਕਾਰਾਂ ਦੇ ਸਾਹਮਣੇ ਹਨ ਅਤੇ ਸਾਰੀ ਲੋਕਾਈ ਵੀ ਸਾਹਮਣੇ ਹਨ ਸਮੇਤ ਓਹਨਾਂ ਮੁੱਠੀ ਭਰ ਲੋਕਾਂ ਦੇ ਜਿਹੜੇ ਰਾਜੇ ਜਾਂ ਅਮੀਰਾਂ ਵਜੋਂ ਜਾਣੇ ਜਾਂਦੇ ਹਨ।ਏਹ ਮੁੱਠੀ ਭਰ ਲੋਕ ਆਪਣੇ ਸਮੇਤ ਸਭ ਲਈ ਜਿੰਦਗੀ ਨਾ ਜੀਣ ਸਕਣ ਦਾ ਅੜਿੱਕਾ ਬਣੇ ਹੋਏ ਹਨ।ਏਹਨਾਂ ਦਾ ਕੀ ਹੱਲ ਹੋਵੇ ਕਿ ਦੁਨੀਆ ਸੁਖੀ ਵਸੇ? ਇਹਦੇ ਬਾਰੇ ਬਾਕੀ ਦੁਨੀਆ ਦੀ ਤਜਰਬੇ ਅਤੇ ਖਿਆਲ ਦੀ ਚਰਚਾ ਅਗਲੇ ਲੇਖ ਵਿਚ ਕੀਤੀ ਜਾਵੇਗੀ।ਇਥੇ ਸਿਰਫ ਆਖਰੀ ਨੁਕਤੇ ਵਜੋਂ ਮੌਜੂਦਾ ਭਾਰਤੀ ਹਕੂਮਤ ਖਿਲਾਫ ਅੜੇ ਹੋਏ ਵਾਹੀਕਾਰਾਂ ਬਾਰੇ ਗੱਲ ਹੈ ਜੋ ਮੁਢ ਵਿਚ ਅਧੂਰੀ ਛੱਡੀ ਗਈ ਸੀ।
(6) ਵਾਹੀਕਾਰਾਂ ਦਾ ਅਚੇਤ:
ਜਿਹੜੇ ਲੋਕ ਅੱਜ ਸਿੱਖੀ ਦੀ ਭਾਵਨਾ ਕਰਕੇ ਕਿਸਾਨਾਂ ਦੀ ਮੰਗ ਵਜੋਂ ਨਿਹੱਥੇ ਨਿਤਰੇ ਹਨ ਓਹਨਾਂ ਨੂੰ ਦੁਨੀਆ ਦੀ ਰਾਜਨੀਤੀ ਵਪਾਰ ਤਕਨੀਕ ਜਾਂ ਹੋਰ ਪੱਖਾਂ ਦੀ ਜਾਣਕਾਰੀ ਕਿੰਨੀ ਵੀ ਘੱਟ ਹੋਵੇ ਪਰ ਓਹ ਅਚੇਤ ਰੂਪ ਵਿਚ ਉਪਰ ਦੱਸੀਆਂ ਵੱਡੀਆਂ ਰੋਕਾਂ ਦੇ ਸਾਹਮਣੇ ਮਨੁਖਤਾ ਦੀ ਕਿਸਮਤ ਬਦਲਣ ਲਈ ਧਰਤੀ ਉਤੇ ਇਕ ਅਜਿਹੇ ਅਮਲ ਦੀ ਗਵਾਹੀ ਪਾ ਰਹੇ ਹਨ ਜੋ ਅਜੋਕੇ ਸਮੇਂ ਵਿਚ ਵੀ ਅਤੇ ਭਵਿੱਖ ਲਈ ਵੀ ਕੁਦਰਤੀ ਰੂਪ ਵਿਚ ਜਿੰਦਗੀ ਜੀਣ ਦਾ ਹਵਾਲਾ ਅਤੇ ਆਸਰਾ ਬਣ ਸਕਦੀ ਹੈ।ਦੁਨੀਆ ਨੇ ਸੰਤ, ਦਾਰਸ਼ਨਿਕ, ਯੋਧੇ ਅਤੇ ਬੱਚੇ ਦੀ ਮਾਸੂਮੀਅਤ ਨੂੰ ਪਰਵਾਨ ਕੀਤਾ ਹੈ ਕਿ ਏਹਨਾਂ ਲੋਕਾਂ ਨੂੰ ਦੁਨੀਆ ਪੈਸੇ ਦੇ ਰੰਗ ਵਿਚ ਨਹੀਂ ਦਿਸਦੀ ਹੁੰਦੀ।ਗੁਰੂ ਸਾਹਿਬ ਨੇ ਏਹ ਸਭ ਅਮਲ ਕਿਰਤੀ ਵਿਚ ਇਕੱਠੇ ਕੀਤੇ ਹਨ ਜਿਸ ਨੂੰ ਦੁਨੀਆ ਨਾਮ ਰੰਗ ਨਾਲ ਸਮਝ ਆਉਂਦੀ ਹੈ ਅਤੇ ਉਹ ਵੰਡ ਕੇ ਛਕਦਾ ਹੈ।ਨਾਮ ਦੀ ਪੂੰਜੀ ਦੇ ਆਸਰੇ ਏਹ ਕਿਰਤੀ ਅੰਨ ਤੋਂ ਸ਼ਹਾਦਤ ਤੱਕ, ਦੇਗ ਤੇਗ ਲੰਗਰ ਵਰਤਾਉਂਦੇ ਰਹਿੰਦੇ ਹਨ।ਓਹਨਾਂ ਨੂੰ ਫਿਕਰ ਨਹੀਂ ਰਹਿੰਦਾ ਕਿ ਸਰੋਤ ਮੁਕਦੇ ਹਨ ਜਾਂ ਦੇਹਾਂ ਵੀ ਮੁਕ ਜਾਂਦੀਆਂ ਹਨ।ਦੇਗ ਤੇਗ ਦੇ ਨਾਲ ਸਭ ਕੁਝ ਨੂੰ ਵੇਖ ਕੇ ਅਣਡਿੱਠ ਕਰਨ ਦੀ ਸਮਰਥਾ ਵੀ ਸ਼ਾਮਲ ਹੁੰਦੀ ਹੈ ਤਾਂ ਹੀ ਸਰਬਤ ਦੇ ਭਲੇ ਦਾ ਜੈਕਾਰਾ ਏਨਾ ਸੱਚਾ ਹੈ।ਏਹਨਾਂ ਲੋਕਾਂ ਦੇ ਚੁਪੀਤੇ ਅਮਲ ਨਾਲ ਸਮੁੱਚੀ ਦੁਨੀਆ ਵਿਚ ਏਹ ਜੈਕਾਰਾ ਕਈ ਵਾਰ ਬਿਨਾ ਬੁਲਾਇਆ ਵੀ ਗੂੰਜਣ ਲੱਗ ਜਾਂਦਾ ਹੈ।ਜੋ ਸਿਖ ਇਹ ਜੈਕਾਰੇ ਵਿਚ ਸ਼ਾਮਲ ਨਹੀਂ ਹੁੰਦਾ ਉਹ ਆਪਣੇ ਆਪ ਨੂੰ ਊਣਾ ਮਹਿਸੂਸ ਕਰਦਾ ਹੈ ਅਤੇ ਅਗਲੀ ਵਾਰ ਦੇ ਜੈਕਾਰੇ ਵਿਚ ਸ਼ਾਮਲ ਹੋਣ ਤੱਕ ਬੇਚੈਨ ਰਹਿੰਦਾ ਹੈ।ਦਿੱਲੀ ਦੇ ਸ਼ਾਹ ਰਾਹ ਉਤੇ ਕਿੰਨੇ ਹੀ ਲੋਕ ਅਜਿਹੇ ਵੇਖੇ ਜਾ ਸਕਦੇ ਹਨ ਜਿਹੜੇ ਪਿਛਲੀ ਵਾਰ ਦੇ ਜੈਕਾਰੇ ਵਿਚ ਸ਼ਾਮਲ ਨਾ ਹੋਣ ਕਰਕੇ ਇਸ ਵਾਰ ਭਰਪੂਰ ਸ਼ਾਮਲ ਹਨ।ਉਥੇ ਹਾਜਰ ਲੋਕਾਂ ਦਾ ਕੁਝ ਗੱਲਾਂ ਕਰਨ ਮਗਰੋਂ ਆਪੇ ਹੱਥ ਉਤਾਂਹ ਨੂੰ ਉਠਦਾ ਹੈ ਕਿ ‘ਜੋ ਓਹਨੂੰ ਮਨਜੂਰ’।ਏਹਨਾਂ ਪਲਾਂ ਵਿਚ ਏਹ ਲੋਕ ਆਮ ਹਾਲਤਾਂ ਨਾਲੋਂ ਕਿਤੇ ਵੱਧ ਗੁਰੂ ਨੂੰ ਮਹਿਸੂਸ ਕਰ ਰਹੇ ਹਨ।ਪੂਰਨ ਸਿੰਘ ਦੇ ਕਹਿਣ ਵਾਂਗ ਓਹਨਾਂ ਨੂੰ ਅੰਨ ਦਾ ਸੁਆਦ ਵੀ ਨਾਮ ਦਾ ਸੁਆਦ ਹੋਇਆ ਪਿਆ।‘ਕੀ ਹੋਊ’ ਦੇ ਸੁਆਲ ਨਾਲ ਓਹਨਾਂ ਨੂੰ ਜਿੰਦਗੀ ਮੌਤ ਜਾਂ ਜਿਤ ਹਾਰ ਦਾ ਖਿਆਲ ਨਹੀਂ ਆਉਂਦਾ ਬਸ ਇਕੋ ਲਕੀਰ ਮੱਥੇ ਉਤੇ ਉਭਰਦੀ ਹੈ ਕਿ ਆਗੂ ਇਤਿਹਾਸ ਦੀ ਪਿੱਠ ਨਾ ਲੁਆ ਦੇਣ।ਇਹ ਸੰਸਾ ਪਿਛਲੇ ਦਾਗਾਂ ਧੋਣ ਅਤੇ ਨਿਭਾਅ ਕੇ ਸੁਰਖੁਰੂ ਹੋਣ ਦੀ ਇੱਛਾ ਹੈ।
ਓਹਨਾਂ ਨੂੰ ਪਤਾ ਵੀ ਹੈ ਕਿ ਆਗੂ ਕਿਸੇ ਹੋਰ ਖਿਆਲ ਦੇ ਲੋਕ ਹਨ ਪਰ ਉਹ ਮੌਕੇ ਦੀ ਨਜਾਕਤ ਸਾਹਮਣੇ ਸਿਆਣੀ ਮਾਂ ਵਲੋਂ ਕੁਚੱਜੇ ਧੀ-ਪੁੱਤਾਂ ਦੇ ਕੀਤੇ ਉਤੇ ਪੜਦਾ ਪਾਉਣ ਦੀ ਥਾਂ ਭਾਣੇ ਦੀ ਗੱਲ ਕਰਦੇ ਹਨ।ਵੇਖ ਕੇ ਅਣਡਿੱਠ ਕਰਨ ਦੇ ਅਸਲੀ ਦਰਸ਼ਨ ਕਰਾਉਂਦੇ ਹਨ।ਕੁਝ ਲੋਕ ਹਾਲੇ ਓਹੀ ਗਲਤੀ ਕਰਨ ਲਈ ਬਜਿਦ ਹਨ ਜਿਹੜੀ ਸੰਘ ਵਾਲਿਆਂ ਨੇ ਕੀਤੀ ਹੈ।ਜਦੋਂ ਦੁਨੀਆ ਏਹਨਾਂ ਕਿਰਤੀਆਂ ਦੇ ਅੰਦਾਜ ਦੀ ਝਲਕ ਨਾਲ ਰਾਜ ਦੇ ਸਿੱਖ ਸੰਕਲਪ ਨੂੰ ਧਰਤੀ ਉਤੇ ਵਰਤਦਾ ਵੇਖਣ ਲਈ ਆਸਵੰਦ ਹੋ ਗਈ ਹੈ ਓਦੋਂ ਵੀ ਕੁਝ ਲੋਕ ਆਪਣੇ ਮਨਾਂ ਵਿਚੋਂ ਡਰ ਦੀਆਂ ਹੱਦਾਂ ਟੁਟਣ ਨੂੰ ਸਿੱਖ ਰਾਜ ਦਾ ਸੁਪਨਾ ਟੁਟਣ ਵਜੋਂ ਵੇਖ ਰਹੇ ਹਨ।