ਨਵੀਂ ਦਿੱਲੀ (17 ਫਰਵਰੀ, 2016): ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਭਾਰਤ ਵਿਰੋਧੀ ਨਾਅਰੇ ਲਾਉਣ ਦੇ ਦੋਸ਼ਾਂ ਅਧੀਨ ਦੇਸ਼ ਧਰੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ ‘ਤੇ ਪਟਿਆਲਾ ਹਾਊਸ ਅਦਾਲਤ ‘ਚ ਪੁਲਿਸ ਦੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵਕੀਲਾਂ ਨੇ ਇਕ ਵਾਰ ਫਿਰ ਹਮਲਾ ਕਰ ਦਿੱਤਾ ਪਰ ਪੁਲਿਸ ਨੇ ਕਨੱਈਆ ਕੁਮਾਰ ਨੂੰ ਬਚਾ ਲਿਆ।
ਕਨ੍ਹਈਆ ਕੁਮਾਰ ਦਾ ਦੋ ਦਿਨਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸਨੂੰ ਇੱਥੇ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਦਾ ਗਿਆ ਸੀ।
ਕਨ੍ਹਈਆ ਕੁਮਾਰ ਦੀ ਪੇਸ਼ੀ ਮੌਕੇ ਹੋਏ ਪਟਿਆਲਾ ਹਾਊਸ ਕੋਰਟ ‘ਚ ਵਿਵਾਦ ਦੇ ਚੱਲਦਿਆਂ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ 10 ਮਿੰਟ ‘ਚ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਹੈ । ਅਦਾਲਤ ਨੇ ਕਿਹਾ ਕਿ ਉਨ੍ਹਾਂ ਦੇ ਨਿਰਦੇਸ਼ਾ ਦਾ ਪਾਲਣ ਕਿਉਂ ਨਹੀਂ ਹੋ ਰਿਹਾ ਹੈ। ਪਟਿਆਲਾ ਹਾਊਸ ਅਦਾਲਤ ਨੇ ਕਨੱਈਆ ਕੁਮਾਰ ਨੂੰ 2 ਮਾਰਚ ਤੱਕ ਜੇਲ੍ਹ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਜਦ ਕਨ੍ਹਈਆ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਭਾਜਪਾ ਅਤੇ ਇੱਕ ਵਿਧਾਇਕ ਸਮੇਤ ਕਈ ਵਕੀਲਾਂ ਨੇ ਪੱਤਰਕਾਰ ਅਤੇ ਹੋਰ ਵਿਦਿਆਰਥੀਆਂ ‘ਤੇ ਹਮਲਾ ਕਰਕੇ ਕੁੱਟਮਾਰ ਕੀਤੀ ਸੀ।