ਪੱਤਰ

ਸੰਤ ਭਿੰਡਰਾਂਵਾਲਿਆਂ ਪ੍ਰਤੀ ਇਕ ਪਾਕਿਸਤਾਨੀ ਮੁਸਲਮ ਫਕੀਰ ਦੀ ਖਾਹਿਸ਼

By ਸਿੱਖ ਸਿਆਸਤ ਬਿਊਰੋ

April 28, 2011

ਨਵੰਬਰ 1984 ਵਿੱਚ ਭਾਰਤ ਤੋਂ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਇੱਕ ਜਥਾ ਪਾਕਿਸਤਾਨ ਵਿਖੇ ਗਿਆ । ਇਹ ਉਹ ਦਰਦਨਾਕ ਸਮਾਂ ਜਦੋਂ ਹਿੰਦੋਸਤਾਨ ਦੇ ਤਖਤ ਤੇ ਬਿਰਾਜਮਾਨ ਬ੍ਰਾਹਮਣਵਾਦੀ ਫਿਰਕਾਪ੍ਰਸਤ ਹਾਕਮਾਂ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਜਾ ਚੁੱਕਾ ਸੀ । ਸ੍ਰੀ ਦਰਬਾਰ ਸਾਹਿਬ ਗੋਲਿਆਂ ਨਾਲ ਛਲਣੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ , ਭਾਈ ਅਮਰੀਕ ਸਿੰਘ ਜੀ ,ਜਨਰਲ ਸ਼ੁਬੇਗ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਤੋਂ ਇਲਾਵਾ ਨਿਰਦੋਸ਼ ਸਿੱਖ ਸੰਗਤ ਭਾਰਤੀ ਫੌਜ ਵਲੋਂ ਸ਼ਹੀਦ ਕੀਤੀ ਜਾ ਚੁੱਕੀ ਸੀ । ਸਿੱਖ ਮਾਨਸਿਕਤਾ ਬੁਰੀ ਤਰਾਂ ਜ਼ਖਮੀ ਸੀ।

ਪਾਕਿਸਤਾਨ ਗਏ ਇਸ ਜਥੇ ਵਿੱਚ ਜਲੰਧਰ ਦੇ ਤਿੰਨ ਵਕੀਲ ਵੀ ਸ਼ਾਮਲ ਸਨ । ਇੱਕ ਸ਼ਾਮ ਇਹ ਤਿੰਨੇ ਵਕੀਲ ਨਨਕਾਣਾ ਸਾਹਿਬ ਦੇ ਬਾਹਰ ਖੇਤਾਂ ਵਲ ਨੂੰ ਨਿਕਲ ਗਏ ਆਪਸੀ ਗੱਲ ਬਾਤ ਕਰਦਿਆਂ ਕਰੀਨ ਚਾਰ ਕੁ ਮੀਲ ਦਾ ਪੈਂਡਾ ਤਹਿ ਕਰ ਲਿਆ । ਇੱਕ ਵੈਰਾਨ ਜਗ੍ਹਾ ਤੇ ਇਹਨਾਂ ਦੀ ਨਜ਼ਰ ਇੱਕ ਝੌਂਪੜੀ ਤੇ ਪਈ ਜਿਸ ਦੇ ਬਾਹਰ ਇੱਕ ਮੁਸਲਮਾਨ ਬਜ਼ੁਰਗ ਖੜਾ ਸੀ ਜਿਸ ਦੀ ਦਿੱਖ ਕਿਸੇ ਪੀਰ ਫਕੀਰ ਵਰਗੀ ਸੀ । ਇਸ ਬਜ਼ੁਰਗ ਨੇ ਇਹਨਾਂ ਸਾਬਤ ਸੂਰਤ ਸਿੱਖਾਂ ਦਾ ਬੜਾ ਆਦਰ ਸਤਿਕਾਰ ਕੀਤਾ । ਪੰਜਾਬ ਦੀ ਸੁੱਖ ਸਾਂਦ ਪੁੱਛਣ ਉਪਰੰਤ ਇੱਕ ਸਵਾਲ ਕੀਤਾ ਕਿ ਤੁਹਾਡੇ ਵਿੱਚ ਕੋਈ ਐਸਾ ਵਿਆਕਤੀ ਹੈ ਜਿਸ ਨੇ ਸੰਤ ਭਿੰਡਰਾਂਵਾਲੇ ਦੀ ਸੰਗਤ ਕੀਤੀ ਹੋਵੇ ਜਾਂ ਸ਼ਰਧਾ ਸਹਿਤ ਨੇੜਿਉਂ ਦਰਸ਼ਨ ਹੀ ਕੀਤੇ ਹੋਣ । ਇਹਨਾਂ ਤਿੰਨਾਂ ਵਕੀਲਾਂ ਨੇ ਨਾਂਹ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਸੰਤਾਂ ਬਾਰੇ ਬੜਾ ਕੁੱਝ ਜਾਣਦੇ ਹਾਂ ਤੁਸੀਂ ਕੋਈ ਘਟਨਾ ਪੁੱਛ ਲਵੋ ਪਰ ਅਸੀਂ ਉਹਨਾਂ ਦੇ ਦਰਸ਼ਨ ਅਤੇ ਸੰਗਤ ਨਹੀਂ ਕਰ ਸਕੇ । ਬਾਰ ਬਾਰ ਪੁੱਛਣ ਤੇ ਜੋ ਖਾਹਸ਼ ਉਸ ਬਜੁਰਗ ਨੇ ਦੱਸੀ ਉਹ ਹੈਰਾਨਕੁਨ ਅਤੇ ਜ਼ਮੀਰ ਨੂੰ ਹਲੂਣਾ ਦੇਣੀ ਵਾਲੀ ਸੀ । ਉਸ ਬਜੁ਼ਰਗ ਨੇ ਹੱਥ ਜੋੜਦਿਆਂ ਇਹਨਾਂ ਨੂੰ ਕਿਹਾ ਕਿ ਮੈਂ ਤਾਂ ਉਸ ਵਿਆਕਤੀ ਦੇ ਪੈਰੀਂ ਹੱਥ ਲਾਉਣਾ ਸੀ ਜਿਸ ਨੂੰ ਸੰਤ ਭਿੰਡਰਾਂਵਲਿਆਂ ਦੇ ਦਰਸ਼ਨ ਜਾਂ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ।ਦੂਜੇ ਪਲ ਹੀ ਉਸ ਨੇ ਗੰਭੀਰ ਹੁੰਦਿਆਂ ਕਿਹਾ ਕਿ ਮੈਂ ਤਾਂ ਨਦੀ ਕਿਨਾਰੇ ਰੁੱਖ ਹਾਂ ਪਰ ਸਿੱਖੋ ਤੁਹਾਨੂੰ ਅਜਿਹਾ ਬੇਸ਼ਕੀਮਤੀ ਹੀਰਾ ਨਸੀਬ ਹੋਇਆ ਸੀ ਜਿਸ ਨੂੰ ਤੁਸੀਂ ਸਾਂਭ ਨਹੀਂ ਸਕੇ । ਸਮਝ ਨਹੀਂ ਸਕੇ । ਦੂਜੇ ਧਰਮ ਦੇ ਪੈਰੋਕਾਰ ਦੇ ਮੂੰਹੋਂ ਇਹ ਲਫਜ਼ ਸੁਣਕੇ ਇਹਨਂਾ ਦੀਆਂ ਧਾਹਾਂ ਨਿੱਕਲ ਗਈਆਂ ਸੰਤਾਂ ਪ੍ਰਤੀ ਸਨੇਹ ਦੇ ਅੱਖਰੂ ਵਹਿ ਤੁਰੇ , ਭਾਰਤ ਵਾਪਸ ਆਣ ਕੇ ਇਹਨਾਂ ਚੋਂ ਦੋ ਨੇ ਜਲਦੀ ਹੀ ਅੰਮ੍ਰਿਤ ਹੀ ਛਕ ਲਿਆ ।

ਫਾਰੂਖ ਅਬਦੁੱਲਾ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਦਰਬਾਰ ਸਾਹਿਬ ਆਇਆ ਅਤੇ ਸੰਤਾਂ ਨੂੰ ਆਖਣ ਲੱਗਾ ਕਿ ਮੈਨੂੰ ਅਸ਼ੀਰਵਾਦ ਦਿਉ ਕਿ ਮੈਂ ਆਪਣੇ ਪਿਤਾ ਦੇ ਪੂਰਨਿਆਂ ਤੇ ਚੱਲ ਸਕਾਂ। ਇਹ ਵੱਖਰੀ ਗੱਲ ਹੈ ਸੰਤਾਂ ਨੇ ਅਸ਼ੀਰਵਾਦ ਦੇਣ ਦੀ ਬਜਾਏ ਇਸ ਨੂੰ ਕਿਹਾ ਕਿ ਅਗਰ ਸ਼ੱਭ ਕਰਮਨ ਵਾਸਤੇ ਅਸ਼ੀਵਾਦ ਚਾਹੀਦਾ ਹੈ ਤਾਂ ਗੁਰੁ ਰਾਮਦਾਸ ਜੀ ਦੇ ਦਰਬਾਰ ਵਿੱਚ ਗੁਰੁ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ ।

– ਸੁਖਰਾਜਦੀਪ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: