ਸੰਗਰੂਰ: ਮਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ਵਿੱਚ ਸੰਗਰੂਰ ਪੁਲੀਸ ਵੱਲੋਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਤੋਂ ਕਰੀਬ ਅੱਠ ਘੰਟਿਆਂ ਤਕ ਪੁੱਛ-ਪੜਤਾਲ ਕੀਤੀ ਗਈ। ਪੁੱਛ-ਪੜਤਾਲ ਤੋਂ ਬਾਅਦ ਨਰੇਸ਼ ਯਾਦਵ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਉਸ ਨਾਲ ਬੇਹੱਦ ਜ਼ਿਆਦਤੀ ਅਤੇ ਮਾੜਾ ਵਿਵਹਾਰ ਕੀਤਾ ਗਿਆ। ਉਸ ਨੇ ਦਾਅਵਾ ਕੀਤਾ ਕਿ ਬੇਅਦਬੀ ਮਾਮਲੇ ਵਿੱਚ ਉਸ ਉਪਰ ਦਬਾਅ ਪਾ ਕੇ ਜ਼ਬਰਦਸਤੀ ਗੱਲ ਮਨਵਾਉਣ ਦੀ ਕੋਸ਼ਿਸ਼ ਕੀਤੀ ਗਈ। ਉਧਰ ਜ਼ਿਲ੍ਹਾ ਪੁਲੀਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਨੇ ਦੋਸ਼ਾਂ ਨੂੰ ਨਕਾਰਦਿਆਂ ਏਨਾ ਜ਼ਰੂਰ ਮੰਨਿਆ ਕਿ ਪੁੱਛ-ਗਿੱਛ ਦੌਰਾਨ ਕੁਝ ਸਖ਼ਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਪੁਖ਼ਤਾ ਸਬੂਤ ਮਿਲ ਗਏ ਹਨ ਅਤੇ ਨਰੇਸ਼ ਯਾਦਵ ਨੂੰ ਗ੍ਰਿਫ਼ਤਾਰ ਕਰਨ ਲਈ ਉਹ ਅਦਾਲਤ ਪਾਸੋਂ ਵਾਰੰਟ ਹਾਸਲ ਕਰੇਗੀ।
ਵਿਧਾਇਕ ਨਰੇਸ਼ ਯਾਦਵ, ‘ਆਪ’ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਲੀਗਲ ਸੈੱਲ ਪੰਜਾਬ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੇ ਚੇਅਰਮੈਨ ਰਜਤ ਗੌਤਮ ਸਵੇਰੇ ਕਰੀਬ ਸਵਾ 11 ਵਜੇ ਸੀਆਈਏ ਬਹਾਦਰ ਸਿੰਘ ਵਾਲਾ ਪੁੱਜੇ। ਬਾਅਦ ਵਿੱਚ ਸੰਸਦ ਮੈਂਬਰ ਭਗਵੰਤ ਮਾਨ ਵੀ ਉਥੇ ਪੁੱਜ ਗਏ। ਇਨ੍ਹਾਂ ਆਗੂਆਂ ਨੂੰ ਸੀਆਈਏ ਕੰਪਲੈਕਸ ਅੰਦਰ ਇਕ ਕਮਰੇ ਵਿੱਚ ਬਿਠਾ ਦਿੱਤਾ ਗਿਆ ਸੀ ਜਦੋਂ ਕਿ ਨਰੇਸ਼ ਯਾਦਵ ਤੋਂ ਵੱਖਰੇ ਕਮਰੇ ’ਚ ਲਗਾਤਾਰ ਪੁੱਛ-ਗਿੱਛ ਚਲਦੀ ਰਹੀ। ਪੁਲੀਸ ਵੱਲੋਂ ਕੀਤੀ ਸਖ਼ਤ ਨਾਕੇਬੰਦੀ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਵਰਕਰ ਉਥੇ ਪੁੱਜੇ ਹੋਏ ਸਨ ਜੋ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ।
ਜ਼ਿਲ੍ਹਾ ਪੁਲੀਸ ਮੁਖੀ ਪ੍ਰਿਤਪਾਲ ਸਿੰਘ ਥਿੰਦ, ਐਸਪੀ ਜਸਕਰਨਜੀਤ ਸਿੰਘ ਤੇਜਾ ਅਤੇ ਸੀਆਈਏ ਇੰਚਾਰਜ ਸਤਨਾਮ ਸਿੰਘ ਵੱਲੋਂ ਵਿਧਾਇਕ ਨਰੇਸ਼ ਯਾਦਵ ਸਮੇਤ ਅੱਠ ਜਣਿਆਂ ਤੋਂ ਸ਼ਾਮ ਸਾਢੇ ਸੱਤ ਵਜੇ ਤਕ ਪੁੱਛ-ਗਿੱਛ ਕੀਤੀ ਗਈ। ਨਰੇਸ਼ ਯਾਦਵ ਅਤੇ ਵਿਜੇ ਕੁਮਾਰ ਨੂੰ ਆਹਮੋ-ਸਾਹਮਣੇ ਬਿਠਾ ਕੇ ਵੀ ਸਵਾਲ ਪੁੱਛੇ ਗਏ। ਇਸ ਤੋਂ ਇਲਾਵਾ ਨੰਦ ਕਿਸ਼ੋਰ, ਗੌਰਵ ਅਤੇ ਡਰਾਈਵਰ ਸੰਜੇ ਕੁਮਾਰ ਤੋਂ ਵੀ ਪੁੱਛਗਿੱਛ ਕੀਤੀ ਗਈ। ਪੁਲੀਸ ਵੱਲੋਂ ਮੋਗਾ ਦੇ ਐਨਆਰਆਈ ਕੇਵਲ ਸਿੰਘ ਸੰਘਾ, ਸ਼ਿਵਦੇਵ ਸਿੰਘ ਅਤੇ ਨਵੀਨ ਸੈਣੀ ਨੂੰ ਵੀ ਤਲਬ ਕੀਤਾ ਹੋਇਆ ਸੀ।
ਦੇਰ ਸ਼ਾਮ ਕਰੀਬ ਪੌਣੇ ਅੱਠ ਵਜੇ ਸੀਆਈਏ ਤੋਂ ਬਾਹਰ ਆਏ ਵਿਧਾਇਕ ਨਰੇਸ਼ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਭਾਵੇਂ ਉਸ ਨੂੰ 10 ਵਾਰ ਪੁੱਛ-ਗਿੱਛ ਲਈ ਸੱਦੇ, ਉਹ ਹਾਜ਼ਰ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਬੇਅਦਬੀ ਮਾਮਲੇ ’ਚ ਉਸ ਨੂੰ ਝੂਠਾ ਫਸਾਇਆ ਜਾ ਰਿਹਾ ਹੈ, ਜੇਕਰ ਪੁਲੀਸ ਇਕ ਵੀ ਸਬੂਤ ਦੇ ਦੇਵੇ ਤਾਂ ਉਹ ਸੂਲੀ ’ਤੇ ਚੜ੍ਹਨ ਲਈ ਤਿਆਰ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਚੜ੍ਹਤ ਕਾਰਨ ਸੂਬਾ ਸਰਕਾਰ ਬੁਖਲਾਹਟ ਵਿੱਚ ਆ ਕੇ ਅਜਿਹੇ ਹਥਕੰਢੇ ਅਪਣਾ ਰਹੀ ਹੈ। ਇਸ ਤੋਂ ਪਹਿਲਾਂ ਐਨਆਰਆਈ ਕੇਵਲ ਸਿੰਘ ਸੰਘਾ ਨੇ ਦੱਸਿਆ ਕਿ ਵਿਜੇ ਕੁਮਾਰ ਵੱਲੋਂ ਟਿਕਟ ਦਿਵਾਉਣ ਜਾਂ ਇਕ ਕਰੋੜ ਰੁਪਏ ਪਾਰਟੀ ਫੰਡ ਦੇਣ ਦੀ ਗੱਲ ਕੋਰਾ ਝੂਠ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਆਪਣੇ ਕਿਸੇ ਦੋਸਤ ਨਾਲ ਦਿੱਲੀ ਵਿੱਚ ਸਿਰਫ਼ 10 ਮਿੰਟ ਵਿਜੇ ਕੁਮਾਰ ਨੂੰ ਮਿਲਿਆ ਸੀ ਜਿਸ ਦੌਰਾਨ ਅਜਿਹੀ ਕੋਈ ਗੱਲ ਨਹੀਂ ਹੋਈ।
ਵਿਧਾਇਕ ਦੇ ਦਿੱਲੀ ਸਥਿਤ ਅਸੈਂਬਲੀ ਹਲਕੇ ਤੋਂ ਆਏ ਮੁਸਲਿਮ ਭਾਈਚਾਰੇ ਨਾਲ ਸਬੰਧਤ ਰਈਸ ਅਹਿਮਦ, ਰਿਆਸਤ ਅਲੀ, ਸ਼ਾਹ ਆਲਮ ਅਤੇ ਆਰਿਫ਼ ਅਲੀ ਨੇ ਕਿਹਾ ਕਿ ਨਰੇਸ਼ ਯਾਦਵ ਹਰ ਧਰਮ ਦਾ ਬੇਹੱਦ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਨਾਲ ਹਰ ਸਾਲ ਈਦ ਮਨਾਉਂਦੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ। ਵਿਰੋਧੀਆਂ ਨੂੰ ਅਜਿਹੀ ਸੌੜੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਬੁਖ਼ਲਾਹਟ ਵਿੱਚ ਆ ਕੇ ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਚੋਣ ਮੈਦਾਨ ਵਿੱਚ ਮੁਕਾਬਲਾ ਕਰਨਾ ਚਾਹੀਦਾ ਹੈ। ਇਸ ਮੌਕੇ ‘ਆਪ’ ਆਗੂ ਬਚਨ ਬੇਦਿਲ, ਅਮਨ ਅਰੋੜਾ, ਐਡਵੋਕੇਟ ਹਰਪਾਲ ਸਿੰਘ ਚੀਮਾ, ਅਬਜਿੰਦਰ ਸੰਘਾ, ਰਾਜਵੰਤ ਸਿੰਘ ਘੁੱਲੀ, ਡਾ. ਏ ਐਸ ਮਾਨ, ਹਰਪ੍ਰੀਤ ਮੀਮਸਾ, ਅਨਵਰ ਭਸੌੜ, ਡਾ. ਅਮਨਦੀਪ ਕੌਰ ਗੋਸਲ, ਗਗਨ ਘੱਗਾ, ਰਣਬੀਰ ਸਿੰਘ ਢੀਂਡਸਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਪੁੱਜੇ ਹੋਏ ਸਨ।