ਸੈਨ ਫਰਾਂਸਿਸਕੋ (05 ਜੂਨ, 2011): ਜੂਨ ’84 ਦੇ ਖ਼ੂਨੀ ਜ਼ਖ਼ਮ ਏਨੇ ਅੱਲੇ ਹਨ ਕਿ ਉਨਾਂ ਨੂੰ ਭੁਲਾਇਆ ਹੀ ਨਹੀਂ ਜਾ ਸਕਦਾ। ਭਾਰਤ ਦੀ ਜ਼ਾਲਮ ਸਰਕਾਰ ਨੇ ਸਿੱਖ ਕੌਮ ਨੂੰ ਅਜਿਹੀ ਪੀੜ ਦਿੱਤੀ ਹੈ ਜੋ ਕਦੇ ਆਰਾਮ ਨਹੀਂ ਕਰਨ ਦਿੰਦੀ। ਇਸੇ ਪੀੜ ਕਾਰਨ ਜੂਨ ’84 ਦੀ ਸਿੱਖ ਨਸਲਕੁਸ਼ੀ ਵਾਸਤੇ ਜ਼ਿੰਮੇਵਾਰ ਭਾਰਤੀ ਜ਼ੁਲਮਾਂ ਦੇ ਪ੍ਰਤੀਕ ਉਸਦੀਆਂ ਅੰਬੈਸੀਆਂ, ਕਾਂਸਲੇਟ ਜਨਰਲ, ਸਿੱਖ ਕੌਮ ਵੱਲੋਂ ਕੀਤੇ ਜਾਣ ਵਾਲੇ ਭਾਰੀ ਰੋਸ ਮੁਜ਼ਾਹਰਿਆਂ ਦਾ ਸਾਹਮਣਾ ਕਰਦੇ ਹਨ। ਇਨਾਂ ਮੁਜ਼ਾਹਰਿਆਂ ਵਿਚੋਂ ਅਮਰੀਕਾ ਵਿਚਲਾ ਇੱਕ ਮੁੱਖ ਰੋਸ ਪ੍ਰਦਰਸ਼ਨ ਸੈਨ ਫਰਾਂਸਿਸਕੋ ਦੇ ਭਾਰਤੀ ਕਾਂਸਲੇਟ ਅੱਗੇ ਹੁੰਦਾ ਹੈ, ਜਿਸ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਤੇ ਸੰਗਤਾਂ ਸਾਂਝੇ ਸਹਿਯੋਗ ਨਾਲ ਉਦੱਮ ਕਰਦੀਆਂ ਹਨ। ਸਦਾ ਦੀ ਤਰਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਫਰੀਮਾਂਟ, ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਸਾਹਿਬ ਐਲ ਸਬਰਾਂਟੇ ਤੇ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਨੇ ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਕੈਲੇਫੋਰਨੀਆ ਗੱਤਕਾ ਦਲ, ਖਾਲਿਸਤਾਨ ਅਫੇਅਰਜ਼ ਸੈਂਟਰ ਵਾਸ਼ਿੰਗਟਨ ਡੀ.ਸੀ., ਖਾਲਿਸਤਾਨ ਦੇ ਸ਼ਹੀਦ ਪਰਿਵਾਰ, ਦਲ ਖਾਲਸਾ, ਗੁਰਮਤਿ ਚੇਤਨਾ ਲਹਿਰ ਤੇ ਸਿੱਖਸ ਫਾਰ ਜਸਟਿਸ ਨਾਲ ਮਿਲ ਕੇ ਇਸ ਮੁਜ਼ਾਹਰੇ ਦਾ ਪ੍ਰਬੰਧ ਕੀਤਾ।
ਦੂਤਾਵਾਸ ਦੇ ਕਰਮਚਾਰੀਆਂ ਨੂੰ ਤੇ ਮੁਜ਼ਾਹਰੇ ਵਾਸਤੇ ਇਕੱਠੀਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਨ ਕਰਨ ਵਾਲੇ ਪੰਥਕ ਬੁਲਾਰਿਆਂ ਵਿਚ ਏ.ਜੀ.ਪੀ.ਸੀ. ਦੇ ਸਕੱਤਰ ਭਾਈ ਭਜਨ ਸਿੰਘ ਭਿੰਡਰ, ਨਿਊ ਯਾਰਕ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਏ.ਜੀ.ਪੀ.ਸੀ. ਦੇ ਮੀਤ ਪ੍ਰਧਾਨ ਭਾਈ ਅਵਤਾਰ ਸਿੰਘ ਪੰਨੂ, ਯੂਨੀਵਰਸਿਟੀ ਦੇ ਵਿਦਿਆਰਥੀ ਸ. ਪ੍ਰਭਜੋਤ ਸਿੰਘ, ਵਿਸ਼ੇਸ਼ ਸੱਦੇ ’ਤੇ ਪਹੁੰਚੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ: ਅਮਰਜੀਤ ਸਿੰਘ, ਏ.ਜੀ.ਪੀ.ਸੀ. ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ, ਗੁਰਦੁਆਰਾ ਸਾਹਿਬ ਫਰੀਮਾਂਟ ਦੀ ਸੁਪਰੀਮ ਕੌਂਸਲ ਦੇ ਚੇਅਰਮੈਨ ਭਾਈ ਜਸਵਿੰਦਰ ਸਿੰਘ ਜੰਡੀ, ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਸਿੱਖ ਵਿਦਵਾਨ ਸ. ਪ੍ਰਭਸ਼ਰਨਦੀਪ ਸਿੰਘ, ਸਿੱਖਸ ਫਾਰ ਜਸਟਿਸ ਦੇ ਉਘੇ ਵਕੀਲ ਗੁਰਪਤਵੰਤ ਸਿੰਘ ਪੰਨੂ, ਏ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕੈਲੇਫੋਰਨੀਆ ਦੇ ਪ੍ਰਧਾਨ ਭਾਈ ਕੁਲਜੀਤ ਸਿੰਘ ਨਿੱਝਰ ਤੇ ਭਾਈ ਗੁਰਜੀਤ ਸਿੰਘ ਝਾਮਪੁਰ ਸ਼ਾਮਲ ਸਨ। ਸਕੱਤਰ ਦੀ ਸੇਵਾ ਕਵੀਸ਼ਰੀ ਮਾਹਰ ਭਾਈ ਸਰਵਨ ਸਿੰਘ ਨੇ ਕੀਤੀ ਤੇ ਜੋਸ਼ੀਲੇ ਖਾਲਿਸਤਾਨ ਦੇ ਨਾਹਰੇ ਲਾਉਣ ਦੀ ਸੇਵਾ ਕੈਲੇਫੋਰਨੀਆ ਗੱਤਕਾ ਦਲ ਦੇ ਜਥੇਦਾਰ ਭਾਈ ਜਸਪ੍ਰੀਤ ਸਿੰਘ ਨੇ ਕੀਤੀ।
ਬੁਲਾਰਿਆਂ ਨੇ ਸਪੱਸ਼ਟ ਕਿਹਾ ਕਿ ਭਾਰਤ ਦੀ ਵਹਿਸ਼ੀ ਸਰਕਾਰ ਨੇ ਕਾਂਗਰਸ ਪਾਰਟੀ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ ਤੇ ਆਰ.ਐਸ.ਐਸ. ਦੇ ਸਹਿਯੋਗ ਨਾਲ ਸਿੱਖ ਨਸਲਕੁਸ਼ੀ ਦਾ ਕਾਰਾ ਕੀਤਾ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਗਿਆ ਤੇ ਹਜ਼ਾਰਾਂ ਨਿਹੱਥੇ, ਮਾਸੂਮ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਜਿਸ ਨੂੰ ਸਿੱਖ ਕੌਮ ਕਦੇ ਨਹੀਂ ਭੁੱਲੇਗੀ। ਇਸ ਘੱਲੂਘਾਰੇ ਨੇ ਖਾਲਿਸਤਾਨ ਦੀ ਨੀਂਹ ਰੱਖ ਦਿੱਤੀ ਸੀ, ਹੁਣ ਕੌਮ ਦੀ ਮੰਗ ਸਿੱਖ ਕੌਮ ਦੀ ਅਜ਼ਾਦੀ ਹੈ, ਜੋ ਖਾਲਿਸਤਾਨ ਦੀ ਕਾਇਮੀ ਨਾਲ ਹੀ ਪੂਰੀ ਹੋਣੀ ਹੈ। ਮੁਜ਼ਾਹਰੇ ਦੇ ਸ਼ੁਰੂ ਤੇ ਅੰਤ ਵਿਚ ਅਰਦਾਸ ਕੀਤੀ ਗਈ। ਲੰਗਰ ਦੀ ਸੇਵਾ ਸਦਾ ਵਾਸਤੇ ਗੁਰਦੁਆਰਾ ਸਾਹਿਬ ਫਰੀਮਾਂਟ ਤੋਂ ਪਹੁੰਚੀ। ਇਸ ਵਾਰੀ ਵੀ ਦੂਰੋਂ ਨੇੜਿਓਂ ਸੰਗਤਾਂ ਨੇ ਰੋਸ ਪ੍ਰਦਰਸ਼ਨ ਵਿਚ ਪਹੁੰਚ ਕੇ ਹਾਜ਼ਰੀ ਲੁਆਈ।