ਗੁੜਗਾਉਂ, ਹਰਿਆਣਾ (6 ਨਵੰਬਰ, 2013): ਨਵੰਬਰ 1984 ਨੂੰ ਹੋਦ ਚਿੱਲੜ, ਗੁੜਗਾਉਂ, ਪਟੌਦੀ ਦੇ ਸਿੱਖ ਕਤਲੇਆਮ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ, ਹੋਂਦ ਤਾਲਮੇਲ ਕਮੇਟੀ, ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਗੁੜਗਾਓਂ ਦੀ ਸੰਗਤ ਦੇ ਸਹਿਯੋਗ ਨਾਲ਼ ਗੁਰਦੁਆਰਾ ਸਿੰਘ ਸਭਾ ਸਬਜੀ ਮੰਡੀ ਗੁੜਗਾਉਂ ਵਿਖੇ ਕਰਵਾਇਆ ਗਿਆ। ਇਸ ਗੁਰਮਤਿ ਸਮਾਗਮ ਵਿੱਚ ਗੁਰਦੁਆਰਾ ਸ਼ਹੀਦਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਹੈਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਨੇ ਸਿੱਖ ਸੰਗਤਾਂ ਨੂੰ ਨਵੰਬਰ 1984 ਦੌਰਾਨ ਵਾਪਰੇ ਘੱਲੂਘਾਰੇ ਦੇ ਪੁਰਾਤਨ ਇਤਿਹਾਸ ਵਿੱਚੋਂ ਦ੍ਰਿਸਟਾਂਤ ਦੇ ਕੇ ਸੰਗਤਾਂ ਨੂੰ ਜਾਣੂ ਕਰਵਾਇਆ। ਉਪਰੰਤ ਰਾਗੀ ਭਾਈ ਗਿਆਨ ਸਿੰਘ ਪਟਿਆਲੇ ਵਾਲਿਆਂ ਵਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੰਗਲਾ ਸਾਹਿਬ ਦੇ ਹੈਡ ਗੰਥੀ ਭਾਈ ਰਜਿੰਦਰ ਸਿੰਘ ਜੀ ਨੇ ਉਚੇਚੇ ਤੌਰ ਤੇ ਸਮੂਲੀਅਤ ਕੀਤੀ।
ਇਸ ਗੁਰਮਤਿ ਸਮਾਗਮ ਵਿੱਚ ਇਲਾਕੇ ਦੀਆਂ ਹਜਾਰਾਂ ਸੰਗਤਾਂ ਨੇ ਨਮ ਅੱਖਾਂ ਨਾਲ਼ ਸਮੂਲੀਅਤ ਕਰ, ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਹੋਏ ਸਿੱਖ ਕਤਲੇਆਂਮ ਦੇ ਸ਼ਹੀਦਾਂ ਨੂੰ ਸਰਧਾਜਲੀ ਭੇਂਟ ਕੀਤੀ।ਇਸ ਸਮੇਂ ਹੋਦ ਚਿੱਲੜ ਤਾਲਮੇਲ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆਂ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਦੇਸ਼ ਨੂੰ ਅਜਾਦ ਕਰਵਾਉਣ ਲਈ ਸਿੱਖਾਂ ਦਾ ਯੋਗਦਾਨ 85% ਤੋਂ ਵੀ ਜਿਆਦਾ ਹੈ। ਅਜਾਦੀ ਤੋਂ ਬਾਅਦ ਵੱਖ-ਵੱਖ ਸਮਿਆਂ ਦੌਰਾਨ ਸਿੱਖਾਂ ਦੇ ਹਿਰਦੇ ਛਲਣੀ ਕੀਤੇ ਗਏ ਹਨ। ਕੀ ਕਾਰਨ ਹੈ ਕਿ ਸਿੱਖਾਂ ਨੂੰ ਇੰਨਸਾਫ ਦੇਣ ਦੇ ਨਾਂ ਤੇ ਸੱਭ ਚੁੱਪ ਹੋ ਜਾਂਦੇ ਹਨ?
ਪਿਛਲੇ ਸਮੇਂ ਤੋਂ ਤਾਲਮੇਲ ਕਮੇਟੀ ਦੇ ਮੈਂਬਰਾਂ ਵਲੋਂ ਹਰਿਆਣਾ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਜਾ ਕੇ ਨਵੰਬਰ 1984 ਦੌਰਾਨ ਵਾਪਰੇ ਸਿੱਖ ਕਤਲੇਆਮ ਦੇ ਅੰਕੜੇ ਇਕੱਠੇ ਕੀਤੇ ਗਏ ਹਨ। ਜਿਸ ਵਿੱਚ ਹਜਾਰਾਂ ਸਿੱਖਾਂ ਦੇ ਕਤਲੇਆਮ ਦਾ ਖੁਲਾਸਾ ਹੋਇਆ ਹੈ। ਅਨੇਕਾਂ ਬੀਬੀਆਂ ਦੀਆਂ ਇੱਜਤਾਂ ਨੂੰ ਲੁੱਟਿਆ ਗਿਆ, ਗੈਂਗ ਰੇਪ ਕੀਤੇ ਗਏ, ਅਣਮਨੁੱਖੀ ਤਰੀਕਿਆਂ ਨਾਲ਼ ਉਨਾਂ ਨੂੰ ਕਤਲ ਕਰ ਦਿਤਾ ਗਿਆ ਹੈ। ਅੰਕੜਿਆ ਅਨੁਸਾਰ ਪੰਜਾਬ ਦੇ ਗੁਆਂਢੀ ਹਰਿਆਣੇ ਦੇ 21 ਸ਼ਹਿਰਾਂ ਹੋਦ, ਪਟੌਦੀ, ਗੁੜਗਾਉਂ, ਗੁੜਾ, ਪਟੌਦੀ, ਫਰੀਦਾਬਾਦ, ਰੇਵਾੜੀ, ਰੋਹਤਕ, ਤਾਵਰੂ, ਮਹਿੰਦਰਗੜ੍ਹ, ਰੋਹਤਕ, ਕਰਨਾਲ਼, ਹਿਸਾਰ, ਸਿਰਸਾ, ਭਿਵਾਨੀ, ਜੀਂਦ, ਕੁਰੂਕਸ਼ੇਤਰ, ਪਾਨੀਪਤ, ਯਮੁਨਾਨਗਰ, ਗੋਹਾਨਾ, ਹੇਲੀਮੰਡ ਅਤੇ ਝੱਜਰ ਵਿੱਚ ਸੱਤ ਸੌ ਤੋਂ ਜਿਆਦਾ ਸਿੱਖਾਂ ਨੂੰ ਕਤਲ ਅਤੇ ਗੰਭੀਰ ਜਖਮੀ ਕੀਤਾ ਗਿਆ।
ਬਿਹਾਰ ਦੇ 10 ਸ਼ਹਿਰਾਂ ਵਿੱਚੋਂ ਬੋਕਾਰੋ ਦੇ ਸਟੀਲ ਪਲਾਂਟ ਵਿੱਚ ਤਕਰੀਬਨ 200 ਤੋਂ ਜਿਆਦਾ ਸਿੱਖਾਂ ਨੂੰ ਲੋਹੇ ਦੀ ਭੱਠੀਆਂ ਵਿੱਚ ਸੁੱਟ ਪਿਘਲਾ ਦਿਤਾ ਗਿਆ। ਇਸ ਤੋਂ ਇਲਾਵਾ ਪਟਨਾ, ਧਨਬਾਦ, ਰਾਂਚੀ, ਦੋਲਤਗੰਜ, ਹਜਾਰੀਬਾਗ, ਮੁਜੱਫਰਪੁਰ, ਪਲਾਮੂ, ਸਮਸਤਪੁਰ, ਸਿਵਾਨ ਪ੍ਰਮੁੱਖ ਹਨ ਜਿਥੇ ਸਿੱਖਾਂ ਨੂੰ ਕਤਲ ਕੀਤਾ ਗਿਆ। ਹਿਮਾਚਲ ਵਿੱਚ ਕਾਂਗੜਾ, ਕੁੱਲੂ, ਮੰਡੀ ਅਤੇ ਭੁੰਤਰ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਜੰਮੂ ਦੇ ਊਧਮਪੁਰ ਸ਼ਹਿਰ ਵਿੱਚ ਕਤਲੇਆਮ ਹੋਇਆ। ਮੱਧ ਪ੍ਰਦੇਸ਼ ਵਿੱਚ ਵੀ ਭਾਰੀ ਕਤਲੇਆਮ ਕੀਤਾ ਗਿਆ ਜਿਸ ਵਿੱਚ ਇੰਦੌਰ, ਗਵਾਲੀਅਰ ਅਤੇ ਜੱਬਲਪੁਰ ਪ੍ਰਮੁੱਖ ਹਨ। ਮਹਾਰਾਸਟਰ ਵਿੱਚ ਜਿਥੇ ਦੇਸ ਦੀ ਸਾਬਕਾ ਰਾਸਟਰਪਤੀ ਦਾ ਸ਼ਹਿਰ ਹੈ ਅਤੇ ਦੇਸ਼ ਦੇ ਵੱਡੇ ਐਕਟਰ ਦੀ ਸਹਿ ਤੇ ਕਤਲੇਆਮ ਕੀਤਾ ਗਿਆ ਜਿਸ ਵਿੱਚ ਬੰਬੇ, ਸ੍ਰੀ ਰਾਮਪੁਰ, ਜਲਗਾਉਂ, ਕੋਪਰਗਾਉਂ ਪ੍ਰਮੁੱਖ ਹਨ।
ਉੜੀਸਾ ਵਿੱਚ ਕਾਲਾਹਾਂਡੀ ਵਿੱਚ ਹੀ ਤਕਰੀਬਨ ਦੋ ਦਰਜਨ ਸਿੱਖਾਂ ਨੂੰ ਤੇਲ ਪਾ ਜਿੰਦਾ ਸਾੜਿਆ ਗਿਆ।ਗੁਲਾਬੀ ਸ਼ਹਿਰ ਰਾਜਸਥਾਨ ਨੂੰ ਵੀ ਸਿੱਖਾਂ ਦੇ ਖੂਨ ਨਾਲ਼ ਰੰਗਿਆ ਗਿਆ ਜਿਹਨਾਂ ਵਿੱਚੋਂ ਭਰਤਪੁਰ ਅਤੇ ਅਲਵਰ ਸ਼ਹਿਰ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਉੱਤਰਪ੍ਰਦੇਸ਼ ਦੇ ਕਾਨਪੁਰ ਸ਼ਹਿਰ ਵਿੱਚ ਤਾਂ ਅੱਤ ਹੀ ਹੋ ਗਈ ਸੀ। ਇਕੱਲੇ ਕਾਨਪੁਰ ਵਿੱਚ ਹੀ 500 ਦੇ ਕਰੀਬ ਸਿੱਖ ਸ਼ਹੀਦ ਹੋਏ। ਕਾਨਪੁਰ ਤੋਂ ਇਲਾਵਾ ਰਾਏ ਬਰੇਲੀ, ਲਲਿਤਪੁਰ, ਗਾਜੀਆਬਾਦ, ਵਾਰਾਨਸੀ, ਇਟਾਵਾ, ਲਖਨਊ, ਜਲੌਨ, ਲਖੀਨਪੁਰ ਖੀਰੀ ਅਤੇ ਆਗਰਾ ਪ੍ਰਮੁੱਖ ਹਨ। ਵੈਸਟ ਬੰਗਾਲ ਵਿੱਚ ਵਰਧਮਾਨ ਅਤੇ ਕਲਕੱਤੇ ਤਕਰੀਬਨ ਦਰਜਨਾ ਸਿੰਘ ਫੱਟੜ ਹੋਏ।
ਅਸਾਮ ਦੇ ਕੁਕਰਾਝਾਰ, ਸਨੀਤਪੁਰ ਅਤੇ ਸਿਵਸਾਗਰ ਵਿੱਚ ਦਰਜਨਾਂ ਸਿੱਖਾ ਨੂੰ ਸ਼ਹੀਦ ਕੀਤਾ ਗਿਆ। ਗੋਆ ਦੇ ਬਿਚੋਲਿਮ ਸ਼ਹਿਰ ਵਿੱਚ ਵੀ ਸਿੱਖਾਂ ਦਾ ਕਤਲੇਆਮ ਹੋਇਆ। ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਕਤਲੇਆਮ ਹੋਇਆ। ਕਰਨਾਟਕਾ ਦੇ ਬੈਂਗਲੌਰ ਅਤੇ ਤਾਮਿਲਨਾਡੂ ਦੇ ਪ੍ਰਮੁੱਖ ਸ਼ਹਿਰ ਕੋਇੰਬਟੂਰ ਵਿੱਚ ਵੀ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਇਸ ਤੋਂ ਇਲਾਵਾ ਹਿੰਦੂ ਬਹੁਗਿਣਤੀ ਵਾਲੇ ਨੇਪਾਲ ਦੇ ਸ਼ਹਿਰ ਕਾਠਮੰਡੂ ਵਿੱਚ ਵੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ।
ਇੰਜੀ. ਗਿਆਸਪੁਰਾ ਅਤੇ ਭਾਈ ਘੋਲੀਆ ਨੇ ਕਿਹਾ ਕਿ 26 ਸਾਲਾਂ ਬਾਅਦ ਹੋਦ ਚਿੱਲੜ ਤਾਲਮੇਲ ਕਮੇਟੀ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਝੇ ਯਤਨਾ ਸਦਕਾ ਹਰਿਆਣੇ ਵਿੱਚ ਜਾਂਚ ਕਮਿਸ਼ਨ ਬੈਠਿਆ ਹੈ, ਬਾਕੀ ਦੇ ਰਾਜਾਂ ਵਿੱਚ ਸਿੱਖਾਂ ਨੂੰ ਇੰਨਸਾਫ ਦੇਣ ਦੀ ਕੋਈ ਕੋਸ਼ਿਸ਼ ਵੀ ਨਹੀਂ ਕੀਤੀ ਗਈ, ਉਹਨਾਂ ਮੰਗ ਕੀਤੀ ਕਿ ਹਰੇਕ ਰਾਜ ਵਿੱਚ ਕਮਿਸ਼ਨ ਬੈਠਾਇਆ ਜਾਵੇ ਤਾਂ ਜੋ ਸਿੱਖਾਂ ਵਿੱਚ ਇੰਨਸਾਫ ਦੀ ਆਸ ਬੱਝੇ। ਉਹਨਾਂ ਕਿਹਾ ਕਿ ਉਹ ਇੰਨਸਾਫ ਦੀ ਪ੍ਰਾਪਤੀ ਤੱਕ ਲੜਦੇ ਰਹਿਣਗੇ।
ਇਸ ਮੌਕੇ ਸੰਤੋਖ ਸਿੰਘ ਸਾਹਨੀ ਗੁੜਗਾਉਂ , ਸੈਕਟਰੀ ਅਮਰੀਕ ਸਿੰਘ, ਸਰੂਪ ਸਿੰਘ ਮੱਕੜ, ਮਨਦੀਪ ਸਿੰਘ, ਸੁਖਦੇਵ ਸਿੰਘ ਮੇਵਾਤ, ਲਖਵੀਰ ਸਿੰਘ ਰੰਡਿਆਲ਼ਾ, ਗੁਰਜੀਤ ਸਿੰਘ ਪਟੌਦੀ ,ਗੁਰਮਨਜੀਤ ਸਿੰਘ ਦਿੱਲੀ, ਪ੍ਰਭਜੋਤ ਸਿੰਘ, ਸੁਖਵਿੰਦਰ ਸਿੰਘ ਜੀਰਾ, ਤਰਲੋਚਨ ਸਿੰਘ ਫਿਰੋਜਪੁਰ, ਗੁਰਮੀਤ ਸਿੰਘ ਜੀਰਾ, ਮਲਕੀਤ ਸਿੰਘ ਸਿਰਸਾ, ਕੁਲਵੰਤ ਸਿੰਘ ਲੁਧਿਆਣਾ ਤੋਂ ਇਲਾਵਾ ਲੋਕਲ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਅਤੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਹਾਜਰ ਸਨ।