ਲੇਖ

ਸਾਕਾ ਨਨਕਾਣਾ ਸਾਹਿਬ: ਅੰਗਰੇਜ਼ ਸਰਕਾਰ ਕਸੂਰਵਾਰ ਨਹੀਂ ਬਲਕਿ ਅਕਾਲੀ ਲੀਡਰਸ਼ਿਪ ਜਿੰਮੇਵਾਰ (ਖਾਸ ਲੇਖ)

By ਸਿੱਖ ਸਿਆਸਤ ਬਿਊਰੋ

February 20, 2018

20 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਚ ਵਾਪਰੇ ਸ਼ਹੀਦੀ ਸਾਕੇ ਦੀ ਯਾਦ ਨੂੰ ਤਾਜ਼ਾ ਕਰਨ ਖਾਤਰ ਹਰ ਸਾਲ ਫਰਵਰੀ ਵਿਚ ਅਖਬਾਰ ਰਸਾਲਿਆਂ ਵਿਚ ਲੇਖ ਛਾਪੇ ਜਾਂਦੇ ਹਨ। ਹਰ ਵਾਰ ਰਵਾਇਤੀ ਲੇਖ ਲਿਖਦਿਆਂ ਇਨ੍ਹਾਂ ਵਿਚ ਦੱਸਿਆ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਪਿੱਠੂ ਮਹੰਤ ਉਸ ਵੇਲੇ ਗੁਰਦੁਆਰਿਆਂ ‘ਤੇ ਕਾਬਜ਼ ਸਨ ਤੇ ਅੰਗਰੇਜ਼ਾਂ ਦੀ ਸ਼ਹਿ ਨਾਲ ਹੀ ਉਨ੍ਹਾਂ ਨੇ ਲਗਭਗ ਡੇਢ ਸੌ ਸਿੱਖਾਂ ਨੂੰ ਇਸ ਦਿਨ ਕਤਲ ਕੀਤਾ। ਇਸਦੀ ਤਫਸੀਲ ਦੇਣ ਤਕ ਹੀ ਇਹ ਲੇਖ ਮਹਿਦੂਦ ਰਹਿੰਦੇ ਹਨ। ਇਸ ਸਾਕੇ ਨਾਲ ਸਬੰਧ ਰੱਖਦੇ ਹੋਰ ਬਹੁਤ ਸਾਰੇ ਸਵਾਲਾਂ ਨੂੰ ਇਨ੍ਹਾਂ ਲੇਖਾਂ ਵਿਚ ਛੇੜਿਆਂ ਹੀ ਨਹੀਂ ਜਾਂਦਾ। ਜਿਨ੍ਹਾਂ ਵਿਚ ਪ੍ਰਮੁੱਖ ਇਹ ਹਨ। ਮਹੰਤਾਂ ਤੋਂ ਪਹਿਲਾਂ ਗੁਰਦੁਆਰਿਆਂ ‘ਤੇ ਕੌਣ ਕਾਬਜ਼ ਸੀ? ਇਸ ਕਤਲੇਆਮ ਬਾਬਤ ਫੌਜਦਾਰੀ ਕੇਸ ਦਾ ਕੀ ਬਣਿਆ? ਹਿੰਦੂਆਂ ਦੀ ਨੁਮਾਇੰਦਾ ਜਮਾਤਾਂ ਅਤੇ ਕਾਂਗਰਸ ਦਾ ਮਹੰਤਾਂ ਬਾਰੇ ਕੀ ਵਤੀਰਾ ਸੀ?

ਉਸ ਵੇਲੇ ਦੇ ਇਤਿਹਾਸ ‘ਤੇ ਨਜ਼ਰ ਮਾਰਿਆਂ ਇਹ ਗੱਲ ਸਪੱਸ਼ਟ ਰੂਪ ਵਿਚ ਉਭਰ ਕੇ ਆਉਂਦੀ ਹੈ ਕਿ ਹਿੰਦੂਆਂ ਦੀ ਨੁਮਾਇੰਦਾ ਜਮਾਤ ਕਾਂਗਰਸ ਪਾਰਟੀ ਅਤੇ ਆਰੀਆ ਸਮਾਜ ਵਰਗੀਆਂ ਹੋਰ ਹਿੰਦੂ ਜੱਥੇਬਦੀਆਂ ਮਹੰਤਾਂ ਦੀ ਖੁੱਲ੍ਹੇਆਮ ਮਦਦ ਕਰਦੀਆਂ ਸਨ। ਜਦਕਿ ਅੰਗਰੇਜ਼ ਸਰਕਾਰ ਨੇ ਮਹੰਤਾਂ ਨੂੰ ਗੁਰਦੁਆਰਿਆਂ ਵਿਚੋਂ ਕੱਢਣ ਵਾਲੇ ਅਕਾਲੀਆਂ ਨੂੰ ਕੁਝ ਨਹੀਂ ਆਖਿਆ। ਹਾਲਾਂਕਿ ਮਹੰਤਾਂ ਨੇ ਸਰਕਾਰੇ-ਦਰਬਾਰੇ ਜਾ ਕੇ ਖੂਬ ਹਾਲ-ਪਾਰ੍ਹਿਆ ਕੀਤੀ। ਕਈ ਥਾਈਂ ਤਾਂ ਪੁਲਿਸ ਨੇ ਮਹੰਤਾਂ ਦੇ ਚੇਲਿਆਂ ਨੂੰ ਗੁਰਦੁਆਰਿਆਂ ਵਿਚੋਂ ਡੰਡੇ ਮਾਰ ਮਾਰ ਬਾਹਰ ਕੱਢਿਆ ਅਤੇ ਉਨ੍ਹਾਂ ਦੀ ਹਮਾਇਤ ਵਿਚ ਆਏ ਹਜ਼ਾਰਾਂ ਹਿੰਦੂਆਂ ‘ਤੇ ਵੀ ਡਾਂਗ ਫੇਰੀ।

ਨਨਕਾਣਾ ਸਾਹਿਬ ਦੇ ਕਤਲੇਆਮ ਦਾ ਮੌਕਾ ਦੇਖਣ ਲਈ ਪੰਜਾਬ ਦਾ ਗਵਰਨਰ ਖੁਦ ਪਹੁੰਚਿਆ ਅਤੇ ਉਸਨੇ ਸਿੱਖਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ। ਕਤਲੇਆਮ ਵਾਲੇ ਦਿਨ ਦੁਪਹਿਰ ਤਕ ਸ਼ੇਖੂਪੁਰੇ ਦਾ ਡੀ.ਸੀ. ਮੌਕੇ ‘ਤੇ ਪੁੱਜਿਆ ਅਤੇ ਸ਼ਾਮ ਨੂੰ ਲਾਹੌਰ ਡਵੀਜ਼ਨ ਦਾ ਕਮਿਸ਼ਨਰ ਇਕ ਸਪੈਸ਼ਲ ਰੇਲ ਗੱਡੀ ਰਾਹੀਂ ਡੇਢ ਸੌ ਅੰਗਰੇਜ਼ ਸਿਪਾਹੀਆਂ ਨੂੰ ਲੈ ਕੇ ਨਨਕਾਣਾ ਸਾਹਿਬ ਅੱਪੜ ਗਿਆ ਸੀ। ਉਸੇ ਰਾਤ ਤਕ ਮਹੰਤ ਨਰੈਣ ਦਾਸ ਸਮੇਤ 26 ਪਠਾਣ ਗ੍ਰਿਫਤਾਰ ਕਰ ਲਏ ਗਏ।

5 ਅਪ੍ਰੈਲ 1921 ਨੂੰ ਇਸ ਕਤਲੇਆਮ ਦਾ ਮੁਕੱਦਮਾ ਸ਼ੁਰੂ ਹੋ ਗਿਆ। 12 ਅਕਤੂਬਰ 1921 ਨੂੰ ਸੈਸ਼ਨ ਕੋਰਟ ਨੇ ਮਹੰਤ ਨਰੈਣ ਦਾਸ ਅਤੇ ਉਸਦੇ 7 ਹੋਰ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ। ਅੱਠ ਨੂੰ ਉਮਰ ਕੈਦ ਅਤੇ 16 ਨੂੰ 7 ਸਾਲ ਸਖਤ ਸਜ਼ਾ ਦਿੱਤੀ ਗਈ।

ਮਹੰਤ ਵਲੋਂ ਇਸ ਫੈਸਲੇ ਦੇ ਖਿਲਾਫ ਹਾਈਕੋਰਟ ਵਿਚ ਕੀਤੀ ਗਈ ਅਪੀਲ ਦਾ 3 ਮਾਰਚ 1922 ਨੂੰ ਫੈਸਲਾ ਹੋ ਗਿਆ। ਇਸ ਵਿਚ ਮਹੰਤ ਦੀ ਸਜ਼ਾ ਘਟਾ ਕੇ ਉਮਰ ਕੈਦ ਵਿਚ ਬਦਲ ਦਿੱਤੀ ਗਈ। ਜਦਕਿ ਤਿੰਨ ਜਣਿਆਂ ਆਤਮਾ ਰਾਮ, ਰਾਂਝਾ ਅਤੇ ਰਿਹਾਣਾ ਦੀ ਫਾਂਸੀ ਬਰਕਰਾਰ ਰਖੀ ਗਈ ਤੇ ਦੋ ਨੂੰ ਉਮਰ ਕੈਦ ਦਾ ਹੁਕਮ ਹੋਇਆ ਤੇ ਬਾਕੀ ਬਰੀ ਕਰ ਦਿੱਤੇ ਗਏ।1978 ਦਾ ਨਿਰੰਕਾਰੀ ਕਾਂਡ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਸਜ਼ਾ ਦਿਵਾਉਣ ਵਾਲੀ ਕਾਰਵਾਈ ਦੀ ਤੁਲਨਾ ਨਨਕਾਣਾ ਸਾਹਿਬ ਦੇ ਸਾਕੇ ਨਾਲ ਕੀਤੀ ਜਾਵੇ ਤਾਂ ਅੰਗਰੇਜ਼ ਸਰਕਾਰ ਕਿਤੇ ਵੱਧ ਇਨਸਾਫ ਪਸੰਦ ਜਾਪਦੀ ਹੈ। ਨਨਕਾਣਾ ਸਾਹਿਬ ਵਿਚ ਹੋਏ ਸਿੱਖਾਂ ਦੇ ਕਾਤਲਾਂ ਨੂੰ ਉਸੇ ਦਿਨ ਗ੍ਰਿਫਤਾਰ ਕਰ ਲਿਆ ਗਿਆ। ਲਗਭਗ ਡੇਢ ਮਹੀਨੇ ਬਾਅਦ ਅਦਾਲਤ ਵਿਚ ਮੁਕੱਦਮਾ ਸ਼ੁਰੂ ਹੋ ਗਿਆ। ਮੈਜਿਸਟ੍ਰੇਟ ਵਲੋਂ ਜੁਰਮ ਆਇਦ ਹੋਣ ਅਤੇ ਸੈਸ਼ਨ ਜੱਜ ਵਲੋਂ ਸਾਢੇ ਛੇ ਮਹੀਨੇ ਵਿਚ ਮੁਕੱਦਮਾ ਨਿਬੇੜ ਦਿੱਤਾ ਗਿਆ ਹੈ। ਜਿਸ ਵਿਚ ਮੁੱਖ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਈ। ਹਾਲਾਂਕਿ ਬਹੁਤ ਸਾਰੇ ਸਿੱਖਾਂ ਨੇ ਮਹਾਤਮਾ ਗਾਂਧੀ ਦੇ ਕਹਿਣ ‘ਤੇ ਮੁਕੱਦਮੇ ਦੀ ਪੈਰਵਈ ਨਹੀਂ ਸੀ ਕੀਤੀ ਅਤੇ ਗਵਾਹੀਆਂ ਵੀ ਨਹੀਂ ਦਿਤੀਆਂ।ਇਸ ਤੋਂ ਬਾਅਦ ਹਾਈ ਕੋਰਟ ਨੇ ਸਿਰਫ ਸਾਢੇ ਪੰਜ ਮਹੀਨਿਆਂ ਵਿਚ ਦੋਸ਼ੀਆਂ ਦੀਆਂ ਅਪੀਲਾਂ ਦਾ ਨਿਬੇੜਾ ਕਰ ਦਿੱਤਾ।

ਪਰ ਨਨਕਾਣਾ ਸਾਹਿਬ ਕਤਲੇਆਮ ਦੇ ਫੌਜਦਾਰੀ ਕੇਸ ਦੇ ਫੈਸਲੇ ਦਾ ਜ਼ਿਕਰ ਕਰਨਾ ਸਾਕੇ ਦੀ ਤਫਸੀਲ ਦੇਣ ਵੇਲੇ ਬਹੁਤ ਜ਼ਰੂਰੀ ਹੈ। ਰਵਾਇਤੀ ਇਤਿਹਾਸ ਵਿਚ ਬਹੁਤ ਸਾਰੀਆਂ ਉਹ ਗੱਲਾਂ ਲਕੋਅ ਲਈਆਂ ਜਾਂਦੀਆਂ ਹਨ, ਜੋ ਅੰਗਰੇਜ਼ਾਂ ਦੇ ਹੱਕ ਵਿਚ ਜਾਂਦੀਆਂ ਹਨ। ਅਜਿਹਾ ਕਰਨਾ ਇਤਿਹਾਸ ਨਾਲ ਨਾਇਨਸਾਫੀ ਹੈ।

1. ਮਹੰਤ ਕੌਣ ਸਨ?

ਗੁਰਦੁਆਰਾ ਸੁਧਾਰ ਲਹਿਰ ਵਿਚ ਮੌਕੇ ਜ਼ਿਕਰ ਵਿਚ ਆਏ ਖਲਨਾਇਕ ਮਹੰਤ ਅੰਗਰੇਜ਼ਾਂ ਦਾ ਰਾਜ ਆਉਣ ਤੋਂ ਪਹਿਲਾਂ ਹੀ ਗੁਰਦੁਆਰਿਆਂ ‘ਤੇ ਕਾਬਜ਼ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਰਕਾਰ ਦੀ ਅਸਲੀ ਵਾਗਡੋਰ ਉਸਦੇ ਪ੍ਰਧਾਨ ਮੰਤਰੀ ਹਿੰਦੂ ਰਾਜਪੂਤ ਧਿਆਨ ਸਿੰਘ ਡੋਗਰੇ ਦੇ ਹੱਥ ਵਿਚ ਸੀ। ਡੋਗਰਿਆਂ ਦਾ ਕੁਲ ਪੁਰੋਹਿਤ ਪੰਡਤ ਜੱਲਾ ਉਸਦਾ ਖਾਸ ਸਲਾਹਕਾਰ ਸੀ। ਜਾਂ ਇਉਂ ਕਹਿ ਲਿਆ ਜਾਵੇ ਕਿ ਪੰਡਤ ਜੱਲਾ ਪ੍ਰਧਾਨ ਮੰਤਰੀ ਧਿਆਨ ਸਿੰਘ ਰਾਹੀਂ ਆਪਣੀਆਂ ਖਹਾਇਸ਼ਾਂ ਨੂੰ ਪੂਰੀਆਂ ਕਰਾਉਂਦਾ ਸੀ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਮਹਾਰਾਜਾ ਰਣਜੀਤ ਸਿੰਘ ਦੇ ਜਾਂ ਇਉਂ ਕਹਿ ਲਵੋ ਕਿ ਧਿਆਨ ਸਿੰਘ ਡੋਗਰੇ ਤੇ ਪੰਡਤ ਜੱਲੇ ਦਾ ਹੀ ਦੌਰ ਸੀ ਜ਼ਿਕਰ ਵਿਚ ਆਏ ਮਹੰਤ ਗੁਰਦੁਆਰਿਆਂ ਦੇ ਮਾਲਕ ਬਣ ਬੈਠੇ। ਇਸ ਗੱਲ ਦੀ ਗਵਾਹੀ ਭਰਦਿਆਂ ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਦੇ ਸਫਾ 417 ‘ਤੇ ਲਿਖਦੇ ਹਨ: ”ਸਤਿਗੁਰਾਂ ਦੇ ਵੇਲੇ ਅਤੇ ਬੁੱਢੇ ਦਲ ਦੇ ਸਮੇਂ ਗੁਰਦੁਆਰਿਆਂ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ। ਗੁਰਦੁਆਰੀਆ (ਗੁਰਦੁਆਰੇ ਦਾ ਪ੍ਰਬੰਧਕ / ਸੇਵਾਦਾਰ ) ਉਹ ਹੋਇਆ ਕਰਦਾ ਜੋ ਵਿਦਵਾਨ ਗੁਰਮਤਿ ਦਾ ਪੱਕਾ ਅਤੇ ਉਚੇ ਆਚਾਰ ਵਾਲਾ ਹੁੰਦਾ। ਜ਼ਮਾਨੇ ਦੀ ਗਰਦਿਸ਼ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿਚ ਮੁੱਖ ਗੁਰਦੁਆਰਿਆਂ ਦਾ ਪ੍ਰਬੰਧ ਸਾਰਾ ਉਲਟ ਪੁਲਟ ਕਰ ਦਿੱਤਾ। ਜਿਸ ਦਾ ਅਸਰ ਦੇਸ਼ ਦੇ ਗੁਰਦੁਆਰਿਆਂ ‘ਤੇ ਵੀ ਹੌਲੀ ਹੌਲੀ ਹੋਇਆ ਅਰ ਕੌਮ ਵਿਚੋਂ ਗੁਰਮਤਿ ਪ੍ਰਚਾਰ ਅਲੋਪ ਹੁੰਦਾ ਗਿਆ, ਤਿਉਂ ਤਿਉਂ ਮਰਿਆਦਾ ਵੀ ਬਿਗੜ ਦੀ ਗਈ ਅਰ ਇਥੋਂ ਤਕ ਦੁਰਦਸ਼ਾ ਹੋਈ ਕਿ ਸਿੱਖ ਗੁਰਦੁਆਰੇ ਕੇਵਲ ਕਹਿਣ ਨੂੰ ਹੀ ਗੁਰਧਾਮ ਰਹਿ ਗਏ।”

ਗੁਰਦੁਆਰਿਆਂ ‘ਤੇ ਕਾਬਜ਼ ਮਹੰਤ ਭਗਵੇਂ ਲੀੜਿਆਂ ਵਾਲੇ ਹਿੰਦੂ ਸਾਧ ਸਨ ਤੇ ਇਨ੍ਹਾਂ ਦੇ ਨਾਂਅ ਨਰੈਣ ਦਾਸ, ਸੁੰਦਰ ਦਾਸ, ਹਰੀ ਦਾਸ, ਕਿਸ਼ਨ ਦਾਸ, ਬਿਸ਼ਨ ਦਾਸ, ਜੀਵਨ ਦਾਸ ਵਗੈਰਾ-ਵਗੈਰਾ ਸਨ। ਕਈਆਂ ਦੇ ਨਾਵਾਂ ਪਿੱਛੇ ਸਿੰਘ ਵੀ ਲੱਗਦਾ ਸੀ ਪਰ ਉਨ੍ਹਾਂ ‘ਚੋਂ ਜਿਆਦਾਤਰ ਦੇ ਲੱਛਣ ਨਰੈਣ ਦਾਸ ਹੋਣਾ ਵਰਗੇ ਸੀ। ਬਹੁਤੇ ਮਹੰਤਾਂ ਦੇ ਅੱਜ ਕਲ੍ਹ ਦੇ ਹਿੰਦੂ ਸਾਧਾਂ ਵਾਗੂੰ ਦਾੜ੍ਹੀ ਕੇਸ ਰੱਖੇ ਹੁੰਦੇ ਸਨ ਤੇ ਕਈ ਘੋਨ ਮੋਨ ਸਨ। ਇਹ ਲੋਕ ਗੁਰਦੁਆਰਿਆਂ ਦੇ ਉਸੇ ਤਰ੍ਹਾਂ ਗੱਦੀ-ਦਰ-ਗੱਦੀ ਮਾਲਕ ਸਨ ਜਿਵੇਂ ਕਿ ਅੱਜ ਕਲ੍ਹ ਹਿੰਦੂ ਡੇਰਿਆਂ ਦੇ ਹਨ। ਮਾੜੀ ਮੋਟੀ ਸਿੱਖ ਰਹਿਤ ਮਰਿਆਦਾ ਨੂੰ ਇਹ ਸਿਰਫ ਅਣਸਰਦੇ ਨੂੰ ਹੀ ਨਿਭਾਉਂਦੇ ਸਨ, ਜਦਕਿ ਸਿੱਖਾਂ ਵਿਚ ਵਰਜਿਤ ਬਹੁਤ ਸਾਰੀਆਂ ਹਿੰਦੂ ਰਹੁ-ਰੀਤਾਂ ਨੂੰ ਉਹ ਬੜੇ ਚਾਅ ਨਾਲ ਨਿਭਾਉਂਦੇ ਸਨ। ਬਹੁਤ ਸਾਰੇ ਗੁਰਦੁਆਰਿਆਂ ਵਿਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਰੱਖੀਆਂ ਹੁੰਦੀਆਂ ਸਨ। ਇਹ ਲੋਕ ਵਿਭਚਾਰੀ, ਬਲਾਤਕਾਰੀ, ਅੱਯਾਸ਼ ਵੀ ਸਨ। ਮਹੰਤਾਂ ਦੇ ਦੌਰ ਦਾ ਇਤਿਹਾਸ ਲਿਖਣ ਵੇਲੇ ਉਨ੍ਹਾਂ ਦੇ ਵਿਭਚਾਰੀ ਅਤੇ ਅੱਯਾਸ਼ੀ ਵਾਲੇ ਪੱਖ ਨੂੰ ਤਾਂ ਉਭਾਰਿਆ ਜਾਂਦਾ ਹੈ ਪਰ ਸਿੱਖ ਮਰਿਯਾਦਾ ਦੇ ਖਿਲਾਫ ਉਨ੍ਹਾਂ ਦੇ ਕਰਮ ਨੂੰ ਬੜੀ ਮਾਮੂਲੀ ਜਗ੍ਹਾ ਦਿੱਤੀ ਜਾਂਦੀ ਹੈ। ਅੱਜ ਕਲ੍ਹ ਵੀ ਜਦੋਂ ਕਿਸੇ ਗ੍ਰੰਥੀ ਜਾਂ ਸਿੱਖ ਸੰਤ ਬਾਬੇ ਦੀ ਨਿੱਜੀ ਆਚਰਨ ਪੱਖੋਂ ਗਿਰਨ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਇਸਦਾ ਖੂਭ ਰੌਲਾ ਪੈਂਦਾ ਹੈ। ਪਰ ਅਨੇਕਾਂ ਗੁਰਦੁਆਰਿਆਂ ਵਿਚ ਸਿੱਖੀ ਰਹੁ-ਰੀਤਾਂ ਦੇ ਉਲਟ ਹੋ ਰਹੇ ਕਰਮਕਾਂਡਾਂ ‘ਤੇ ਕੋਈ ਖਾਸ ਉਜਰ ਨਹੀਂ ਹੁੰਦਾ। ਕਾਂਗਰਸ ਅਤੇ ਹਿੰਦੂਆਂ ਵਲੋਂ ਅੱਧੇ ਰੂਪ ਵਿਚ ਤਨੋਂ ਅਤੇ ਪੂਰੇ ਰੂਪ ਵਿਚ ਮਨੋਂ ਮਹੰਤਾਂ ਦੇ ਹਮਾਇਤੀ ਹੋਣ ਕਾਰਨ, ਇਤਿਹਾਸਕਾਰਾਂ ਨੇ ਗੁਰਦੁਆਰਿਆਂ ‘ਤੇ ਕਾਬਜ਼ ਇਨ੍ਹਾਂ ਹਿੰਦੂ ਸਾਧਾਂ ਨੂੰ ਹਿੰਦੂ ਨਾ ਆਖ ਕੇ ਮਹੰਤ ਹੀ ਲਿਿਖਆ। ਔਸਤ ਸਿੱਖਾਂ ਨੇ ਕਦੇ ਮਨੋਂ ਆਪਣੇ ਆਪ ਨੂੰ ਹਿੰਦੂਆਂ ਤੋਂ ਅਲਿਹਦਾ ਨਹੀ ਸਮਝਿਆ ਇਸ ਮਨੋਅਵੱਸਥਾ ਤਹਿਤ ਉਹਦੇ ਵਾਸਤੇ ਕਿਸੇ ਅਜਿਹੇ ਹਿੰਦੂ ਨੂੰ ਹਿੰਦੂ ਕਹਿਣਾ ਔਖਾ ਹੈ, ਜੋ ਸਿੱਖਾਂ ਦੇ ਖਿਲਾਫ ਭੁਗਤ ਰਿਹਾ ਹੋਵੇ। ਇਸੇ ਮਾਨਸਿਤਕਾ ਤਹਿਤ ਨਰੈਣ ਦਾਸ ਹੁਰਾਂ ਨੂੰ ਹਿੰਦੂ ਕਹਿਣ ਦੀ ਬਜਾਏ ਸਿਰਫ ਮਹੰਤ ਹੀ ਆਖਿਆ ਗਿਆ। ਠੀਕ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਸਾਰੀ ਉਮਰ ਤੰਗ ਕਰਨ ਵਾਲੇ ਹਿਮਾਚਲ ਦੇ ਰਾਜਿਆਂ ਭੀਮ ਚੰਦ ਕਹਿਲੂਰੀਆ, ਕਿਰਪਾਲ ਚੰਦ ਕਟੋਚੀਆ, ਕੇਸਰੀਆ ਚੰਦ ਜਸਵਾਲੀਆ, ਸੁਖਦਿਆਲ ਜਸਰੋਟੀਆ, ਹਰੀ ਚੰਦ ਹਿੰਡੂਰੀਆ, ਪ੍ਰਿਥੀ ਚੰਦ ਡਢਵਾਲੀਆ, ਫਤਹਿ ਸ਼ਾਹ ਸ੍ਰੀਨਗਰੀਆ ਵਰਗਿਆਂ ਨੂੰ ਹਿੰਦੂ ਰਾਜੇ ਕਹਿਣ ਦੀ ਬਜਾਏ ‘ਪਹਾੜੀ ਰਾਜਿਆਂ’ ਦਾ ਨਾਓ ਦਿੱਤਾ ਗਿਆ ਹੈ। ਇਸੇ ਹੀ ਕੜੀ ਵਿਚ ਮਹਾਰਾਜ ਦੇ ਰਣਜੀਤ ਸਿੰਘ ਦੇ ਰਾਜ ਨਾਲ ਧਰੋਹ ਕਮਾਉਣ ਵਾਲੇ ਦਰਬਾਰੀਆਂ ਜੰਮੂ ਦੇ ਹਿੰਦੂ ਰਾਜਪੂਤਾਂ ਧਿਆਨ ਸਿੰਘ ਤੇ ਗੁਲਾਬ ਸਿੰਘ ਵਰਗਿਆਂ ਨੂੰ ਡੋਗਰਿਆਂ ਦੇ ਨਕਾਬ ਥੱਲੇ ਲਕੋ ਲਿਆ ਗਿਆ ਹੈ। ਕਹਿਣ ਦਾ ਭਾਵ ਸਿੱਖਾਂ ਨੂੰ ਦੁੱਖ ਦੇਣ ਵਾਲੇ ਇਹ ਤਿੰਨੋਂ ਕਿਸਮ ਦੇ ਖਲਨਾਇਕਾਂ ਦੇ ਹਿੰਦੂ ਹੋਣ ਨੂੰ ਲਕੋਣ ਖਾਤਰ ਇਨ੍ਹਾਂ ਦੇ ਨਾਂਅ ਪਹਾੜੀ ਰਾਜੇ, ਡੋਗਰੇ ਅਤੇ ਮਹੰਤ ਰੱਖੇ ਗਏ ਹਨ।

20ਵੀਂ ਸਦੀ ਦੇ ਸ਼ੁਰੂ ਵਿਚ ਆਰੰਭ ਹੋਈ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਅੰਗਰੇਜ਼ਾਂ ਨੂੰ ਮਹੰਤਾਂ ਨੂੰ ਸ਼ਹਿ ਦੇਣ ਦੇ ਦੋਸ਼ ਨੂੰ ਪੜਚੋਲਣ ਤੋਂ ਪਹਿਲਾਂ ਉਸ ਵੇਲੇ ਦੇ ਹਾਲਤਾਂ ‘ਤੇ ਨਜ਼ਰ ਮਾਰਨੀ ਜ਼ਰੂਰੀ ਹੈ।

2. ਸਿੱਖਾਂ ਦੀ ਵਿਰੋਧੀ ਆਰੀਆ ਸਮਾਜੀ ਲਹਿਰ ਦਾ ਦੌਰ

19ਵੀਂ ਸਦੀ ਦੇ ਅਖੀਰ ਵਿਚ ਇਕ ਗੁਜਰਾਤੀ ਬਾਹਮਣ ਸਵਾਮੀ ਦਯਾ ਨੰਦ ਸਰਸਵਤੀ ਪੰਜਾਬ ਆਇਆ ਅਤੇ ਇਸਨੇ ਆਰੀਆ ਸਮਾਜੀ ਲਹਿਰ ਖੜ੍ਹੀ ਕੀਤੀ। ਆਰੀਆ ਸਮਾਜ ਭਾਵੇਂ ਮੂਲ ਰੂਪ ਵਿਚ ਸ਼ੁੱਧ ਹਿੰਦੂ ਜਮਾਤ ਸੀ ਪਰ ਮੂਰਤੀ ਪੂਜਾ ਦੇ ਵਿਰੋਧੀ ਹੋਣ ਕਰਕੇ ਉਸਨੇ ਬਹੁਤ ਸਾਰੇ ਸਿੱਖਾਂ ਨੂੰ ਆਪਣੇ ਨਾਲ ਰਲਾ ਲਿਆ ਸੀ। ਸਵਾਮੀ ਦਯਾ ਨੰਦ ਦੇ ਗ੍ਰੰਥ ਸਤਿਆਰਥ ਪ੍ਰਕਾਸ਼ ਵਿਚ ਸਿੱਖ ਗੁਰੂਆਂ ਬਾਰੇ ਬੇਢਵੀਆਂ ਟਿੱਪਣੀਆਂ ਦਾ ਪਤਾ ਲੱਗਣ ਅਤੇ ਸਿੱਖ ਸਿਧਾਂਤਾਂ ਦੀ ਖਿੱਲੀ ਉਡਾਉਣ ਵਰਗੀਆਂ ਕਾਰਵਾਈਆਂ ਤੋਂ ਦੁਖੀ ਹੋ ਕੇ ਗਿਆਨੀ ਦਿੱਤ ਸਿੰਘ ਨੇ ਆਰੀਆ ਸਮਾਜ ਦੇ ਖਿਲਾਫ ਸਿਧਾਂਤਕ ਮੁਹਿੰਮ ਵਿੱਢੀ ਅਤੇ ਭਰੇ ਜਲਸੇ ਵਿਚ ਸਵਾਮੀ ਦਯਾ ਨੰਦ ਨੂੰ ਬਹਿਸਾਂ ਰਾਹੀਂ ਹਰਾਇਆ।

ਆਰੀਆ ਸਮਾਜ ਨੇ ਬਹੁਤ ਸਾਰੇ ਸ਼ਹਿਰੀ ਅਤੇ ਕੁਲੀਨ ਵਰਗ ਦੇ ਹਿੰਦੂਆਂ ਨੂੰ ਆਪਣੇ ਨਾਲ ਰਲਾ ਲਿਆ। ਆਰੀਆ ਸਮਾਜ ਨੇ ਸਿੱਖਾਂ ਨੂੰ ਹਿੰਦੂ ਕਿਹਾ ਅਤੇ ਸਿੱਖਾਂ ਦੀਆਂ ਅੱਡਰੀਆਂ ਰਹੁ-ਰੀਤਾਂ ਦਾ ਖੰਡਨ ਕੀਤਾ। ਆਰੀਆ ਸਮਾਜ ਨੇ ਇਸੇ ਨੀਤੀ ਤਹਿਤ ਸਿੱਖਾਂ ਦੇ ਕਕਾਰ ਛੁਡਾਉਣ ਦੀ ਮੁਹਿੰਮ ਵਿੱਢੀ। ਸਿੱਖੀ ਛੱਡ ਰਹੇ ਲੋਕਾਂ ਨੂੰ ਸ਼ਰੇ-ਬਾਜ਼ਾਰ ਜਲਸਿਆਂ ਵਿਚ ਲਿਆ ਕੇ ਤਾੜੀਆਂ ਦੀ ਗੜਗੜਾਹਟ ਵਿਚ ਕੇਸ ਕਤਲ ਕਰਨੇ, ਹੁੱਕੇ ਪਿਆਉਣੇ, ਕਛਹਿਰੇ ਤੇ ਕਿਰਪਾਨਾਂ ਲਹਾ ਕੇ ਅਗਾਂਹ ਤੋਂ ਅਜਿਹਾ ਨਾ ਕਰਨ ਦੇ ਬਚਨ ਲੈਣੇ ਇਕ ਆਮ ਜਿਹਾ ਦਸਤੂਰ ਬਣ ਗਿਆ ਸੀ। ਗੁਰਦੁਆਰਿਆਂ ਵਿਚ ਸਿੱਖ ਮਰਿਆਦਾ ਨੂੰ ਹਟਾ ਕੇ ਟੱਲ ਖੜਕਾਉਣ ਦੀ ਵੀ ਮੁਹਿੰਮ ਵਿੱਢੀ ਗਈ। (ਭਾਈ ਕਾਨ੍ਹ ਸਿੰਘ ਨਾਭਾ: ਜੀਵਨ ਤੇ ਰਚਨਾ; ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਫਾ 78)

ਇਸੇ ਮੁਹਿੰਮ ਤਹਿਤ ਪਰਚੇ (ਪੈਂਫਲਿਟ) ਛਪਵਾਕੇ ਅਤੇ ਅਖਬਾਰੀ ਲੇਖ ਲਿਖ ਕੇ ਕਿਹਾ ਗਿਆ ਕਿ ਸਿੱਖ, ਹਿੰਦੂ ਹੀ ਹਨ। ਸਿੱਖਾਂ ਦੀ ਕੋਈ ਜਥੇਬੰਦੀ ਨਾ ਹੋਣ ਕਾਰਨ, ਆਰੀਆ ਸਮਾਜੀ ਇਸ ਪ੍ਰਚਾਰ ਮੁਹਿੰਮ ਦਾ ਸਿੱਖਾਂ ‘ਤੇ ਵੀ ਬਹੁਤ ਅਸਰ ਹੋ ਰਿਹਾ ਸੀ।

1897 ਵਿਚ ਇਸ ਪ੍ਰਚਾਰ ਦਾ ਜਵਾਬ ਦੇਣ ਲਈ ਨਾਭਾ ਰਿਆਸਤ ਦੇ ਰਾਜਾ ਹੀਰਾ ਸਿੰਘ ਦੇ ਦੌਰ ਵਿਚ ਭਾਈ ਕਾਹਨ ਸਿੰਘ ਨੇ ਰਿਆਸਤ ਦੇ ਨਹਿਰੀ ਮਹਿਕਮੇ ਦੇ ਅਫਸਰ ਹੁੰਦਿਆਂ, ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਬਿਲਕੁਲ ਵੱਖਰਾ ਹੋਣ ਦੀ ਵਜਾਹਤ ਕਰਦੀ ਇਕ ਕਿਤਾਬ ਲਿਖੀ ਜਿਸਦਾ ਨਉਂ ਸੀ, ‘ਹਮ ਹਿੰਦੂ ਨਹੀਂ।’ ਭਾਈ ਸਾਹਿਬ ਨੂੰ ਪੂਰਾ ਇਲਮ ਸੀ ਕਿ ਹਿੰਦੂਆਂ ਵਲੋਂ ਇਸ ਕਿਤਾਬ ਦਾ ਵਿਰੋਧ ਕੀਤਾ ਜਾਵੇਗਾ। ਇਸ ਕਿਤਾਬ ਦੇ ਲਿਖਾਰੀ ਵਜੋਂ ਉਨ੍ਹਾਂ ਨੇ ਆਪਣਾ ਨਉਂ ਕਾਹਨ ਸਿੰਘ ਨੂੰ ਲਕੋਂਦਿਆਂ ਆਪਣੇ ਉਪ-ਨਾਮ ਹਰਿ ਬਰਿਜੇਸ਼ ਦੇ ਅੰਗਰੇਜ਼ੀ ਵਿਚ ਮੁਢਲੇ ਅੱਖਰ ਸਿਰਫ ਐਚ.ਬੀ. ਹੀ ਦਰਜ ਕੀਤੇ। ਇਹ ਕਿਤਾਬ ਰਿਆਸਤ ਤੋਂ ਬਾਹਰ ਅੰਗਰੇਜ਼ੀ ਰਾਜ ਵਿਚ ਪੈਂਦੇ ਲਾਹੌਰ ਤੋਂ ਛਪਾਈ ਗਈ। ਇਹ ਕਿਤਾਬ ਛਪਣ ਦੀ ਦੇਰ ਸੀ ਕਿ ਰਿਆਸਤ ਦੀਆਂ ਹਿੰਦੂ ਜਥੇਬੰਦੀਆਂ ਨੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਇਸ ਕਿਤਾਬ ਦੇ ਖਿਲਾਫ ਜਲਸਿਆਂ, ਮੁਜ਼ਾਹਰਿਆਂ ਰਾਹੀਂ ਅੰਦੋਲਨ ਚਲਾ ਕੇ ਇਉਂ ਕਹਿੰਦਿਆਂ ਸਿੰਗਾਂ ‘ਤੇ ਮਿੱਟੀ ਚੱਕੀ ਕਿ ਹਾਂ-ਹਾਂ ਇਸ ਕਿਤਾਬ ‘ਚ ਇਹ ਕਿਉਂ ਲਿਿਖਆ ਹੈ ਕਿ ਸਿੱਖ, ਹਿੰਦੂ ਨਹੀਂ ਹਨ। ਇਹ ਕਿਹਾ ਗਿਆ ਕਿ ਇਹ ਕਿਤਾਬ ਦਾ ਲਿਖਾਰੀ ਭਾਈ ਕਾਹਨ ਸਿੰਘ ਹੀ ਹੈ, ਸੋ ਸਰਕਾਰ ਨੂੰ ਚਾਹੀਦਾ ਹੈ ਕਿ ਕਾਹਨ ਸਿੰਘ ਵਲੋਂ ਸਿੱਖਾਂ ਨੂੰ ਅ-ਹਿੰਦੂ ਕਹਿਣ ਦੇ ‘ਘੋਰ ਪਾਪ’ ਕਾਰਨ, ਉਹ ਕਾਹਨ ਸਿੰਘ ਨੂੰ ਫੌਰਨ ਨੌਕਰੀ ਤੋਂ ਬਰਤਰਫ ਕਰੇ। ਮਹਾਰਾਜਾ ਹੀਰਾ ਸਿੰਘ ਨੇ ਹਿੰਦੂਆਂ ਦੇ ਇਸ ਦਬਾਅ ਥੱਲ੍ਹੇ ਭਾਈ ਕਾਨ੍ਹ ਸਿੰਘ ਨੂੰ ਨੌਕਰੀਓਂ ਕੱਢ ਦਿੱਤਾ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਮਹਾਰਾਜਾ ਨਾਭਾ ਨੂੰ ਸਾਰੇ ਫੂਲਕੀਆ ਰਾਜਿਆਂ ਵਿਚੋਂ ਸਿੱਖ ਹਿਤੈਸ਼ੀ ਰਾਜਾ ਮੰਨਿਆ ਜਾਂਦਾ ਹੈ। ਨਾ ਹੀ ਰਿਆਸਤੀ ਰਾਜਿਆਂ ਨੂੰ ਹਿੰਦੂਆਂ ਦੀਆਂ ਵੋਟਾਂ ਦੀ ਲੋੜ ਸੀ ਤੇ ਨਾ ਹੀ ਕਿਸੇ ਹਿੰਦੂਪ੍ਰਸਤ ਕੇਂਦਰੀ ਸਰਕਾਰ ਦਾ ਡਰ ਸੀ। ਇਸ ਘਟਨਾ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਆਰੀਆ ਸਮਾਜੀ ਲਾਣਾ ਕਿੰਨਾ ਚਾਂਭਲਿਆ ਹੋਇਆ ਸੀ ਅਤੇ ਉਹ ਸਿੱਖ ਪ੍ਰਚਾਰਕਾਂ ਨੂੰ ਕਿਸ ਹੱਦ ਤਕ ਡਰਾ ਕੇ ਮੂੰਹ ਬੰਦ ਕਰਾਉਣ ਸਫਲ ਹੋ ਚੁੱਕਿਆ ਸੀ। ਤੇ ਸਿੱਖ ਰਾਜੇ ਵੀ ਉਨ੍ਹਾਂ ਦੀ ਦਾਬ ਮੰਨਦੇ ਸੀ।

ਉਪਰਲਾ ਮਾਮਲਾ ਠੰਡਾ ਪੈਣ ਤੋਂ ਬਾਅਦ ਭਾਈ ਕਾਹਨ ਸਿੰਘ ਨੂੰ 1902 ਵਿਚ ਰਾਜਾ ਨਾਭਾ ਨੇ ਰਿਆਸਤੀ ਨੌਕਰੀ ਵਿਚ ਤਾਂ ਮੁੜ ਸ਼ਾਮਲ ਕਰ ਲਿਆ ਪਰ ਉਸਨੂੰ ਅੰਗਰੇਜ਼ੀ ਵਾਇਸਰਾਏ ਦੇ ਏਜੰਟ ਦੇ ਦਫਤਰ ਵਿਚ ਰਿਆਸਤ ਦਾ ਵਕੀਲ ਮੁਕੱਰਰ ਕਰ ਦਿੱਤਾ। ਇਸ ਨਾਲ ਇਹ ਪ੍ਰਭਾਵ ਦਿੱਤਾ ਗਿਆ ਕਿ ਭਾਵੇਂ ਕਾਹਨ ਸਿੰਘ ਦੀ ਬਹਾਲੀ ਹੋ ਗਈ ਹੈ ਪਰ ਉਸਦਾ ਰਿਆਸਤੀ ਰਾਜਧਾਨੀ ਵਿਚ ਦਖਲ ਖਤਮ ਕਰ ਦਿੱਤਾ ਗਿਆ ਹੈ।

3. ਅੰਗਰੇਜ਼ਾਂ ਅਤੇ ਸਿੱਖ ਰਾਜੇ ਦਾ ਫਰਕ

1905 ਦੀ ਗੱਲ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੀਆਂ ਪੌੜੀਆਂ ਅਤੇ ਪਰਕਰਮਾ ਵਿਚ ਅਨੇਕ ਬ੍ਰਾਹਮਣ ਡਕੌਤ ਅਤੇ ਭਾਟੜੇ ਵੱਖ ਵੱਖ ਦੇਵੀਆਂ ਦੀਆਂ ਮੂਰਤੀਆਂ ਲੈਕੇ ਬੈਠਦੇ ਸਨ ਅਤੇ ਹਰ ਯਾਤਰੀ ਪਾਸੋਂ ਕੌਡੀ, ਦਮੜੀ, ਧੇਲਾ ਜਾਂ ਪੈਸਾ ਮੂਰਤੀ ਦੇ ਨਾਂ ‘ਤੇ ਹੋਰਨਾਂ ਹਿੰਦੂ ਤੀਰਥਾਂ ਵਾਂਗ ਉਗਰਾਉਂਦੇ ਸਨ। ਇਥੋਂ ਤਕ ਕਿ ਲਾਚੀ ਬੇਰੀ ਦੇ ਸਾਹਮਣੇ ਪਰਕਰਮਾ ਦੇ ਇਕ ਕਮਰੇ ਵਿਚ ਬਹੁ-ਭੁਜਾਂ ਵਾਲੀ ਇਕ ਹਿੰਦੂ ਦੇਵੀ ਦੀ ਮੂਰਤੀ ਰੱਖੀ ਹੋਈ ਸੀ। ਜਿਸਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਨੂੰ ਨੰਗੇ ਪੈਰੀਂ ਬੜੀ ਅਧੀਨਗੀ ਨਾਲ ਖੜ੍ਹੇ ਦਿਖਾਇਆ ਗਿਆ ਸੀ। ਇਨੀਂ ਦਿਨੀਂ ਸਿੰਘ ਸਭਾ ਲਹਿਰ ਦੇ ਅਸਰ ਹੇਠ ਇਸ ਸਿੱਖ ਵਿਰੋਧੀ ਰੀਤ ਵਿਰੁੱਧ ਆਵਾਜ਼ ਉਠਣ ਲੱਗੀ। ਝਗੜਾ ਵਧਦਾ ਵਧਦਾ ਅੰਗਰੇਜ਼ ਡਿਪਟੀ ਕਮਿਸ਼ਨਰ ਕੋਲ ਪਹੁੰਚ ਗਿਆ। ਡਿਪਟੀ ਕਮਿਸ਼ਨਰ ਨੇ ਇਹ ਮੂਰਤੀਆਂ ਗੁਰਦੁਆਰੇ ਵਿਚੋਂ ਚੁੱਕਣ ਦਾ ਹੁਕਮ ਦੇ ਦਿੱਤਾ। ਹਿੰਦੂਆਂ ਨੇ ਦਰਬਾਰ ਸਾਹਿਬ ਦੀ ਪਰਕਰਮਾ ‘ਚੋਂ ਮੂਰਤੀਆਂ ਚੁੱਕਣ ਦਾ ਜ਼ਬਰਦਸਤ ਵਿਰੋਧ ਕੀਤਾ। ਆਰੀਆ ਸਮਾਜ ਭਾਵੇਂ ਖੁਦ ਮੂਰਤੀ ਪੂਜਾ ਦਾ ਵਿਰੋਧੀ ਸੀ ਪਰ ਹਰਿਮੰਦਰ ਸਾਹਿਬ ਤੋਂ ਮੂਰਤੀਆਂ ਚੱਕਣ ਦੀ ਉਸ ਨੂੰ ਬਹੁਤ ਤਕਲੀਫ ਹੋਈ। ਆਰੀਆ ਸਮਾਜੀਆਂ ਨੇ ਤੇਰਾਂ ਹਜ਼ਾਰ ਦਸਤਖਤ ਕਰਾਕੇ ਸਰਕਾਰ ਨੂੰ ਇਕ ਪਟੀਸ਼ਨ ਭੇਜ ਕੇ ਹਿੰਦੂ ਮੂਰਤੀਆਂ ਮੁੜ ਹਰਿਮੰਦਰ ਸਾਹਿਬ ਵਿਚ ਰੱਖਣ ਦੀ ਫਰਿਆਦ ਕੀਤੀ ਅਤੇ ਮਹਾਰਾਜਾ ਨਾਭਾ ਤੋਂ ਵੀ ਇਸ ਕੰਮ ਵਿਚ ਸਹਾਇਤਾ ਮੰਗੀ। (ਵੀਹਵੀ ਸਦੀ ਦੀ ਸਿੱਖ ਰਾਜਨੀਤੀ, ਪ੍ਰਕਾਸ਼ਕ ਸਿੰਘ ਬ੍ਰਦਰਜ਼; ਸਫਾ 44)

ਹਿੰਦੂਆਂ ਨੇ ਲੱਖ ਬੂ ਦੁਹਾਈ ਪਾਉਣ ਦੇ ਬਾਵਜੂਦ ਡੀ.ਸੀ. ਨੇ ਕਿਸੇ ਵੀ ਦਬਾਅ ਥੱਲ੍ਹੇ ਨਾ ਆ ਕੇ ਉਨ੍ਹਾਂ ਦੀ ਗੱਲ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ।

ਸਿੱਖ ਰਹਿਤ ਨੂੰ ਪਿਆਰ ਕਰਨ ਵਾਲੇ ਭਾਈ ਕਾਹਨ ਸਿੰਘ ਨਾਭਾ ਨੇ ਰਿਆਸਤ ਵਾਲੇ ਆਪਣੇ ਸਰਕਾਰੀ ਲੈਟਰਪੈਡ ਉਤੇ ਅੰਮ੍ਰਿਤਸਰ ਦੇ ਡੀ.ਸੀ. ਨੂੰ ਚਿੱਠੀ ਲਿਖ ਕੇ ਮੂਰਤੀਆਂ ਚੁਕਾਉਣ ਦੇ ਦਲੇਰਾਨਾ ਫੈਸਲੇ ‘ਤੇ ਵਧਾਈ ਦਾ ਖਤ ਲਿਖ ਦਿੱਤਾ। ਮੂਰਤੀਆਂ ਦੇ ਹੱਕ ਵਿਚ ਆਏ ਇਕ ਡੈਪੂਟੇਸ਼ਨ ਨੂੰ ਡੀ.ਸੀ. ਨੇ ਇਕ ਸਿੱਖ ਮਰਿਆਦਾ ਦੇ ਗੂੜ੍ਹ ਗਿਆਨੀ ਵਜੋਂ ਦਿਤੀ ਰਾਏ ਆਪਣੇ ਹੱਕ ਵਿੱਚ ਭੁਗਤਾਉਣ ਲਈ ਭਾਈ ਕਾਹਨ ਸਿੰਘ ਨਾਭਾ ਦੀ ਉਕਤ ਚਿੱਠੀ ਡੈਪੂਟੇਸ਼ਨ ਨੂੰ ਦਿਖਾ ਦਿੱਤੀ। ਇਸ ਡੈਪੂਟੇਸ਼ਨ ਨੇ ਫੌਰਨ ਮਹਾਰਾਜਾ ਨਾਭਾ ਸਰਦਾਰ ਹੀਰਾ ਸਿੰਘ ਪਾਸ ਪਹੁੰਚ ਕੇ ਭਾਈ ਕਾਨ੍ਹ ਸਿੰਘ ਨਾਭਾ ਦੀ ਸ਼ਿਕਾਇਤ ਕਰਦਿਆਂ ਆਖਿਆ, ”ਇਹ ਚਿੱਠੀ ਸਰਕਾਰੀ ਕਾਗਜ਼ ‘ਤੇ ਲਿਖੀ ਹੋਣ ਕਾਰਨ ਇਹ ਪ੍ਰਭਾਵ ਪੈਂਦਾ ਹੈਕਿ ਨਾਭੇ ਦੀ ਰਿਆਸਤੀ ਸਰਕਾਰ ਖੁਦ ਵੀ ਹਰਿਮੰਦਰ ਸਾਹਿਬ ਵਿਚੋਂ ਮੂਰਤੀਆਂ ਚੁੱਕਣ ‘ਤੇ ਖੁਸ਼ ਹੈ। ਸੋ ਹਿੰਦੂਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦਿਆਂ ਮਹਾਰਾਜਾ ਨਾਭਾ ਹੀਰਾ ਸਿੰਘ ਨੇ ਭਾਈ ਕਾਹਨ ਸਿੰਘ ਨਾਭਾ ਨੂੰ ਮੁੜ ਨੌਕਰਿਓਂ ਬਰਤਰਫ ਕਰ ਦਿੱਤਾ। ਭਾਵ ਇਹ ਹੋਇਆ ਕਿ ਮਹਾਰਾਜਾ ਵੀ ਦਰਬਾਰ ਸਾਹਿਬ ਵਿਚੋਂ ਮੁਰਤੀਆਂ ਚੁਕੱਣ ਦੇ ਖਿਲਾਫ ਸੀ।

4. ਹਿੰਦੂਆਂ ਦੇ ਵਿਰੋਧ ਦੇ ਬਾਵਜੂਦ ਅੰਗਰੇਜ਼ਾਂ ਨੇ ਆਨੰਦ ਮੈਰਿਜ ਐਕਟ ਬਣਾਇਆ

ਆਰੀਆ ਸਮਾਜੀ ਸਿੱਖਾਂ ਦੀ ਹਰ ਉਸ ਰਹੁ-ਰੀਤ ਦਾ ਵਿਰੋਧ ਕਰਦੇ ਸਨ ਜਿਹੜੀ ਕਿ ਸਿੱਖਾਂ ਨੂੰ ਹਿੰਦੂਆਂ ਤੋਂ ਵੱਖ ਦਰਸਾਉਂਦੀ ਸੀ। ਇਸੇ ਕੜੀ ਦੇ ਤਹਿਤ ਉਨ੍ਹਾਂ ਨੇ ਸਿੱਖਾਂ ਵਿਚ ਪ੍ਰਚਲਤ ਆਨੰਦ ਕਾਰਜ ਰੀਤ ਮੁਤਾਬਕ ਵਿਆਹ ਕਰਨ ਦਾ ਵਿਰੋਧ ਕੀਤਾ। ਸਿੱਖਾਂ ਨੂੰ ਕਿਹਾ ਗਿਆ ਕਿ ਉਹ ਹਿੰਦੂ ਰੀਤ ਮੁਤਾਬਕ ਪੰਡਤਾਂ ਰਾਹੀਂ ਅੱਗ ਦੁਆਲੇ ਫੇਰੇ ਲੈ ਕੇ ਵਿਆਹ ਰਚਾਉਣ। ਇਸੇ ਪ੍ਰਭਾਵ ਅਧੀਨ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਪੁਜਾਰੀ ਵੀ ਆਨੰਦ ਕਾਰਜ ਰੀਤ ਨੂੰ ਮਾਨਤਾ ਦੇਣੋਂ ਇਨਕਾਰੀ ਹੋਏ ਬੈਠੇ ਸਨ। ਉਸ ਵੇਲੇ ਦੇ ਵੱਡੇ ਰਈਸ ਸ. ਸੁੰਦਰ ਸਿੰਘ ਮਜੀਠੀਆ ਆਪਣੇ ਨਵੇਂ ਵਿਆਹੇ ਪੁੱਤਰ ਕ੍ਰਿਪਾਲ ਸਿੰਘ ਅਤੇ ਉਸਦੀ ਪਤਨੀ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ। ਉਨ੍ਹਾਂ ਨੇ ਪ੍ਰਸਾਦ ਅਤੇ ਇਕ ਸੌ ਇਕ ਰੁਪਈਆ ਭੇਟਾ ਕੀਤਾ। ਪਰ ਤਖਤ ‘ਤੇ ਬੈਠੇ ਪੁਜਾਰੀਆਂ ਨੇ ਉਨ੍ਹਾਂ ਨੂੰ ਇਹ ਆਖ ਕੇ ਵਾਪਸ ਮੋੜ ਦਿੱਤਾ ਕਿ ਇਸ ਜੋੜੀ ਦਾ ਵਿਆਹ ਗੁਰਮਤਿ ਮੁਤਾਬਕ ਆਨੰਦ ਕਾਰਜ ਰੀਤ ਰਾਹੀਂ ਹੋਇਆ ਹੈ ਸੋ ਤੁਹਾਡੀ ਅਰਦਾਸ ਅਸੀਂ ਨਹੀਂ ਕਰਦੇ। ਹਿੰਦੂਆਂ ਨੇ ਲਿਖਤੀ ਪ੍ਰਚਾਰ ਮੁਹਿੰਮ ਵੀ ਆਨੰਦ ਕਾਰਜ ਰੀਤ ਦੇ ਖਿਲਾਫ ਵਿੱਢੀ ਹੋਈ ਸੀ। ਇਸ ਲਈ ਛਾਪੇ ਪਰਚਿਆਂ ਵਿਚ ਇਥੋਂ ਤਕ ਲਿਿਖਆ ਗਿਆ ਸੀ ਕਿ ਆਨੰਦ ਕਾਰਜ ਰੀਤ ਰਾਹੀਂ ਹੋਏ ਵਿਆਹ ਤੋਂ ਬਾਅਦ ਪੈਦਾ ਹੋਏ ਬੱਚੇ ਹਰਾਮੀ ਹਨ।

ਗੁਰਮਤਿ ਨੂੰ ਮੰਨਣ ਵਾਲੇ ਸਿੱਖਾਂ ਲਈ ਇਹ ਗੱਲਾਂ ਬਹੁਤ ਜਲਾਲਤ ਭਰੀਆ ਸਨ। ਟਿੱਕਾ ਰਿਪੁਦਮਨ ਸਿੰਘ ਨਾਭਾ ਉਸ ਵੇਲੇ ਵਾਇਸ ਰਾਏ ਹਿੰਦ ਦੀ ਇਗਜ਼ੈਕਟਿਵ ਕੌਂਸਲ ਦੇ ਮੈਂਬਰ ਸਨ। ਉਦੋਂ ਨਾਮਧਾਰੀ ਮੁੱਖੀ ਅਤੇ ਹੋਰ ਤੀਹ ਪ੍ਰਮੱਖ ਸਿੱਖਾਂ ਨੇ ਅਨੰਦ ਕਾਰਜ ਵਿਆਹ ਦੇ ਤਰੀਕੇ ਨੂੰ ਕਾਨੂੰਨੀ ਮਾਨਤਾ ਦਿਵਾਉਣ ਖਾਤਰ ਟਿੱਕਾ ਸਾਹਿਬ ਨੂੰ ਦਰਖਾਸਤ ਦਿਤੀ। ਅਗੋਂ ਉਨ੍ਹਾਂ ਨੇ ਕੌਂਸਲ ਦੇ ਕਾਨੂੰਨ ਮਹਿਕਮੇ ਬਾਰੇ ਮੈਂਬਰ ਨੂੰ ਇਕ ਖਤ ਲਿਖ ਕੇ ਬੇਨਤੀ ਕੀਤੀ ਕਿ ਸਿੱਖਾਂ ਵਿਚ ਆਨੰਦ ਕਾਰਜ ਰੀਤ ਰਾਹੀਂ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਲਈ ਆਨੰਦ ਮੈਰਿਜ ਐਕਟ ਪਾਸ ਕੀਤਾ ਜਾਵੇ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਰਾਏ ਜਾਣਨ ਲਈ ਇਹ ਬੇਨਤੀ ਸੂਬਾਈ ਸਰਕਾਰ ਨੂੰ ਭੇਜ ਦਿੱਤੀ। ਪੰਜਾਬ ਦੇ ਮੁੱਖ ਸਕੱਤਰ ਨੇ ਕੇਂਦਰ ਸਰਕਾਰ ਨੂੰ ਇਸਦੇ ਜੁਆਬ ਵਿਚ ਇਹ ਲਿਿਖਆ ਕਿ ਅਜਿਹਾ ਐਕਟ ਬਣਾਉਣ ਦੀ ਕੋਈ ਲੋੜ ਇਸ ਲਈ ਨਹੀਂ ਜਾਪਦੀ ਕਿ ਆਨੰਦ ਰੀਤ ਰਾਹੀਂ ਹੋਏ ਵਿਆਹ ਬਾਰੇ ਅਜੇ ਤਕ ਕੋਈ ਕਾਨੂੰਨੀ ਬਿਖੇੜਾ ਤਾਂ ਖੜ੍ਹਾ ਨਹੀਂ ਹੋਇਆ। ਕੇਂਦਰ ਸਰਕਾਰ ਨੇ ਇਸਦੇ ਜੁਆਬ ਵਿਚ ਪੰਜਾਬ ਸਰਕਾਰ ਨੂੰ ਲਿਿਖਆ ਕਿ ਗਵਰਨਰ ਪੰਜਾਬ ਇਸਦੀ ਲੋੜ ਬਾਰੇ ਟਿੱਕਾ ਰਿਪੁਦਮਣ ਸਿੰਘ ਤੋਂ ਖੁਦ ਪੁਛ ਲੈਣ। ਪੁੱਛਣ ‘ਤੇ ਟਿੱਕਾ ਸਾਹਿਬ ਨੇ ਇਹ ਜੁਆਬ ਦਿੱਤਾ ਕਿ ਭਾਵੇਂ ਅੱਜ ਤਕ ਤਾਂ ਕੋਈ ਕਾਨੂੰਨੀ ਬਿਖੇੜਾ ਖੜ੍ਹਾ ਨਹੀਂ ਹੋਇਆ ਪਰ ਸਿੱਖਾਂ ਨੂੰ ਸ਼ੱਕ ਹੈ ਕਿ ਕਲ੍ਹ ਨੂੰ ਕੋਈ ਅਜਿਹਾ ਬਿਖੇੜਾ ਖੜ੍ਹਾ ਹੋ ਸਕਦਾ ਹੈ। ਗਵਰਨਰ ਨੇ ਇਸ ਸ਼ੱਕ ਨੂੰ ਦੂਰ ਕਰਨ ਖਾਤਰ ਹੀ ਇਹ ਐਕਟ ਬਣਾਉਣ ਦੀ ਸਹਿਮਤੀ ਦਿੰਦਿਆਂ ਕੇਂਦਰ ਸਰਕਾਰ ਨੂੰ ਲਿਿਖਆ ਕਿ ਇਹ ਐਕਟ ਇਕੱਲੇ ਪੰਜਾਬ ਦੀ ਬਜਾਏ ਸਮੁੱਚੇ ਭਾਰਤ ਵਿਚ ਵੀ ਲਾਗੂ ਹੋਣਾ ਚਾਹੀਦਾ ਹੈ।

ਸਰਕਾਰ ਨੇ ਆਪਣੇ ਦਸਤੂਰ ਮੁਤਾਬਕ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਪ੍ਰਭਾਵਤ ਧਿਰਾਂ ਦੀ ਰਾਇ ਲੈਣ ਲਈ ਇਸਦਾ ਖਰੜਾ ਜਾਰੀ ਕੀਤਾ। ਹਿੰਦੂਆਂ ਨੇ ਖਾਸਕਰ ਆਰੀਆ ਸਮਾਜਿਆਂ ਨੇ ਉਸੇ ਤਰ੍ਹਾਂ ਲਿਖਤਾਂ ਅਤੇ ਮੁਜ਼ਾਹਰਿਆਂ ਰਾਹੀਂ ਆਨੰਦ ਮੈਰਿਜ ਐਕਟ ਦਾ ਵਿਰੋਧ ਕੀਤਾ। ਬਹੁਤ ਸਾਰੇ ਹਿੰਦੂ ਵਫਦ ਵੀ ਇਸਦੇ ਖਿਲਾਫ ਸਰਕਾਰ ਨੂੰ ਮਿਲੇ ਅਤੇ ਤੇਰਾਂ ਹਜਾਰ ਦਸਤਖਤਾਂ ਵਾਲੀ ਇਕ ਪਟੀਸ਼ਨ ਵੀ ਦਿਤੀ । ਅੰਤ ਨੂੰ ਸਰਕਾਰ ਨੇ ਹਿੰਦੂਆਂ ਦੇ ਇਸ ਵਿਰੋਧ ਦੀ ਪ੍ਰਵਾਹ ਨਾ ਕਰਦਿਆਂ ਇਹ ਐਕਟ ਪਾਸ ਕਰ ਦਿੱਤਾ। ਸੋ ਸਿੱਖਾਂ ਦੀ ਇਕ ਬਹੁਤ ਵੱਡੀ ਮੰਗ ਸਰਕਾਰ ਨੇ ਬਿਨਾਂ ਕਿਸੇ ਅੰਦੋਲਨ ਤੋਂ ਪੂਰੀ ਕਰ ਦਿੱਤੀ। ਇਹ ਗੱਲ ਦੇਖਣ ਨੂੰ ਤਾਂ ਭਾਵੇਂ ਆਮ ਜਿਹਾ ਇਨਸਾਫ ਹੀ ਜਾਪੇ ਪਰ ਜੇ ਇਸਨੂੰ ਅਜੋਕੇ ਹਾਲਤ ਨਾਲ ਮਿਲਾ ਕੇ ਦੇਖਿਆ ਜਾਵੇ ਤੇ ਇਸ ਵਿਚੋਂ ਅੰਗਰੇਜ਼ ਦੀ ਨਿਰਪੱਖਤਾ ਝਲਕਦੀ ਹੈ। ਪਾਠਕ ਅੰਦਾਜ਼ਾ ਲਾਉਣ ਕਿ ਸਿੱਖਾਂ ਦੀ ਕੋਈ ਅਜਿਹੀ ਮੰਗ ਅੱਜ ਦੀ ਸਰਕਾਰ ਪੂਰੀ ਕਰਨ ਲਈ ਤਿਆਰ ਨਹੀ, ਜੋ ਸਿੱਖਾਂ ਨੂੰ ਹਿੰਦੂਆਂ ਨਾਲੋਂ ਇਕ ਵੱਖਰੇ ਧਰਮ ਲਈ ਮਾਨਤਾ ਦਿੰਦੀ ਹੋਵੇ। ਪਰ ਅੰਗਰੇਜ਼ ਸਰਕਾਰ ਵਲੋਂ ਬਿਨਾਂ ਕਿਸੇ ਹੀਲ ਹੁੱਜਤ ਤੋਂ ਸਿੱਖਾਂ ਦੀ ਅਜਿਹੀ ਮੰਗ ਮੰਨ ਲੈਣਾ ਅੱਜ ਦੀ ਤਰੀਕ ਵਿਚ ਅਹਿਮ ਹੈ।

ਅੰਗਰੇਜ਼ਾਂ ਵਲੋਂ ਅਨੰਦ ਮੈਰਿਜ ਐਕਟ ਪਾਸ ਕਰਨਾ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਚੋਂ ਮੂਰਤੀਆਂ ਚੁੱਕਣ ਦੇ ਹੁਕਮ ਦੇਣਾ, ਦੋ ਅਜਿਹੀਆਂ ਗੱਲਾਂ ਹਨ ਜੋ ਕਿ ਸਿੱਖਾਂ ਵਲੋਂ ਗੁਰਦੁਆਰਿਆਂ ਵਿਚੋਂ ਮਹੰਤਾਂ ਨੂੰ ਕੱਢਣ ਵਾਲੀ ਮੁਹਿੰਮ ਤੋਂ ਪਹਿਲਾਂ ਦੀਆਂ ਹਨ। ਜੇ ਸਰਕਾਰ ਮਹੰਤਾਂ ਦੀ ਪਿੱਠ ‘ਤੇ ਹੁੰਦੀ ਤਾਂ ਸਿੱਖਾਂ ਦੇ ਬਿਨਾਂ ਕਿਸੇ ਅੰਦੋਲਨ ਤੋਂ ਅਤੇ ਮਹੰਤਾਂ ਦੇ ਵਿਰੋਧ ਦੇ ਬਾਵਜੂਦ ਇਹ ਗੱਲਾਂ ਕਿਉਂ ਮੰਨ ਲਈਆਂ।

ਹੁਣ ਇਥੇ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਾਵੇਗਾ ਜਿਨ੍ਹਾਂ ਦਾ ਸਬੰਧ ਅਕਾਲੀਆਂ ਵਲੋਂ ਗੁਰਦੁਆਰਿਆਂ ‘ਤੇ ਕਬਜ਼ੇ ਕਰਕੇ ਮਹੰਤਾਂ ਨੂੰ ਬਾਹਰ ਕੱਢਣ ਨਾਲ ਹੈ। ਇਸ ਜ਼ਿਕਰ ਵਿਚ ਸਾਰੇ ਸਾਕੇ ਦਾ ਵਿਸਥਾਰ ਨਾ ਦਿੰਦਿਆਂ ਸਿਰਫ ਸਰਕਾਰ ਵਲੋਂ ਮਹੰਤਾਂ ਦੀ ਪਿੱਠ ‘ਤੇ ਹੋਣ ਜਾਂ ਨਾ ਹੋਣ ਦੇ ਨਜ਼ਰੀਏ ਤੋਂ ਹੀ ਦੇਖਿਆ ਜਾਵੇਗਾ।

5. ਬਾਬੇ ਦੀ ਬੇਰ ਗੁਰਦੁਆਰੇ ‘ਤੇ ਕਬਜ਼ਾ

ਸਿਆਲਕੋਟ ਵਿਚ ਗੁਰਦੁਆਰਾ ਸਾਹਿਬ ਬਾਬੇ ਦੀ ਬੇਰ ਦੇ ਮਹੰਤ ਗਿਆਨੀ ਗਿਆਨ ਸਿੰਘ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਮਹੰਤ ਹਰਨਾਮ ਦਾਸ ਗੱਦੀ ‘ਤੇ ਬੈਠਾ ਜੋ ਕਿ ਛੋਟੀ ਉਮਰ ਦਾ ਨਾ ਤਜ਼ਰਬੇਕਾਰ ਹੀ ਸੀ। ਇਸਨੂੰ ਲੋਕਲ ਹਿੰਦੂਆਂ ਨੇ ਵਰਗਲਾ ਕੇ ਇਕ ਪਤਿਤ ਗੰਢਾ ਸਿੰਘ ਓਬਰਾਏ ਨੂੰ ਗੁਰਦੁਆਰੇ ਦਾ ਮੈਨੇਜਰ ਲਗਾ ਦਿੱਤਾ। 9 ਅਕਤੂਬਰ 1920 ਨੂੰ ਅਕਾਲੀ ਸਿੰਘ ਇਸ ਗੁਰਦੁਆਰੇ ‘ਤੇ ਕਬਜ਼ਾ ਕਰਨ ਗਏ। ਮਹੰਤ ਦੇ ਬੰਦਿਆਂ ਨਾਲ ਅਕਾਲੀਆਂ ਦੀ ਹੱਥੋ ਪਾਈ ਵੀ ਹੋਈ। ਅਗਲੇ ਦਿਨ ਮੈਨੇਜਰ ਗੰਢਾ ਸਿੰਘ ਨੇ ਪੁਲਸ ਕਪਤਾਨ ਦੀ ਕੋਠੀ ਜਾ ਕੇ ਦਾਦ ਫਰਿਆਦ ਕੀਤੀ। ਉਹਨੇ ਇਕ ਥਾਣੇਦਾਰ ਤੇ ਪੁਲਿਸ ਦੀ ਗਾਰਦ ਘੱਲ ਦਿੱਤੀ। ਥਾਣੇਦਾਰ ਨੇ ਆ ਕੇ ਅਕਾਲੀਆਂ ਨਾਲ ਮਾੜੀ ਮੋਟੀ ਹਮਤੋ-ਤੁਮਤੋ ਕੀਤੀ। ਅਕਾਲੀਆਂ ਨੇ ਅੱਗੋਂ ਇਕ ਦੀਆਂ ਚਾਰ ਸੁਣਾਈਆਂ, ਫੇਰ ਪੁਲਿਸ ਕੋਈ ਬਹਾਨਾ ਬਣਾ ਕੇ ਇਥੋਂ ਖਿਸਕ ਗਈ ਤੇ ਮੁੜ ਕੇ ਨਹੀਂ ਆਈ। ਅਗਲੇ ਦਿਨ ਗੰਢਾ ਸਿੰਘ ਕੁਝ ਹਿੰਦੂਆਂ ਨੂੰ ਲੈ ਕੇ ਆਇਆ ਪਰ ਅਕਾਲੀ ਸਿੰਘਾਂ ਮੂਹਰੇ ਪੇਸ਼ ਨਾ ਗਈ। ਉਨ੍ਹਾਂ ਨੇ ਗੁਰਦੁਆਰਾ ਸਟੋਰ ਦੇ ਜ਼ਿੰਦੇ ਤੋੜ ਕੇ ਲੰਗਰ ‘ਤੇ ਕਬਜ਼ਾ ਕਰ ਲਿਆ। ਤਿੰਨ ਚਾਰ ਦਿਨਾਂ ਪਿਛੋਂ ਜ਼ਿਲ੍ਹੇ ਵਿਚੋਂ ਹੋਰ ਅਕਾਲੀ ਜੱਥੇ ਪਹੁੰਚ ਗਏ। ਉਨ੍ਹਾਂ ਨੇ ਸ. ਖੜਕ ਸਿੰਘ ਦੀ ਪ੍ਰਧਾਨਗੀ ਵਿਚ ਲੋਕਲ ਸਿੰਘਾਂ ਦੀ ਕਮੇਟੀ ਬਣਾ ਕੇ ਗੁਰਦੁਆਰਾ ਪ੍ਰਬੰਧ ਉਨ੍ਹਾਂ ਦੇ ਸਪੁਰਦ ਕਰ ਦਿੱਤਾ। ਇਹੀ ਖੜਕ ਸਿੰਘ ਬਾਅਦ ਵਿਚ ਸਿੱਖ ਪੰਥ ਦੇ ਉੱਘੇ ਲੀਡਰ ਬਣੇ।

6. ਅਕਾਲ ਤਖਤ ‘ਤੇ ਪੰਥ ਦਾ ਕਬਜ਼ਾ

ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ‘ਤੇ ਕਬਜ਼ੇ ਦਾ ਬਿਰਤਾਂਤ ਤਾਂ ਬਹੁਤ ਸਾਰੇ ਅਖਬਾਰਾਂ ਰਸਾਲਿਆਂ ਵਿਚ ਛਪ ਚੁੱਕਾ ਹੈ ਸੰਖੇਪ ਵਿਚ ਦੱਸਿਆ ਜਾਂਦਾ ਹੈ ਕਿ 12 ਅਕਤੂਬਰ 1920 ਨੂੰ ਅਕਾਲੀ ਸਿੰਘਾਂ ਨੇ ਇਥੇ ਕਬਜ਼ਾ ਕਰਕੇ ਪਹਿਰਾ ਲਾ ਦਿੱਤਾ। ਪੁਜਾਰੀ ਤਾਂ ਡਰਦੇ ਪਹਿਲਾਂ ਹੀ ਭੱਜ ਗਏ ਸਨ ਜਿਹੜੇ ਉਨ੍ਹਾਂ ਦੇ ਸੇਵਾਦਾਰ ਬਚੇ ਉਨ੍ਹਾਂ ਨੂੰ ਅਕਾਲੀਆਂ ਨੇ ਕੰਨੋਂ ਫੜ ਕੇ ਬਾਹਰ ਕੱਢ ਦਿੱਤਾ। ਅਕਾਲ ਤਖਤ ਸਾਹਿਬ ਦਾ ਪ੍ਰਬੰਧ ਸ. ਤੇਜਾ ਸਿੰਘ ਭੁੱਚਰ ਨੂੰ ਸੌਂਪ ਦਿੱਤਾ ਗਿਆ।

ਇਸ ਗੱਲ ਦਾ ਪਤਾ ਤਾਂ ਕਿਸੇ ਕਿਤਾਬ ਤੋਂ ਨਹੀਂ ਲੱਗਦਾ ਕਿ ਪੁਜਾਰੀਆਂ ਨੇ ਸਰਕਾਰ ਕੋਲ ਕੋਈ ਦਾਦ ਫਰਿਆਦ ਕੀਤੀ ਕਿ ਨਹੀਂ। ਪਰ ਕਈ ਦਿਨਾਂ ਬਾਅਦ ਇਥੋਂ ਦੇ ਪੁਜਾਰੀ ਭੱਜਕੇ ਬੁਰਜ ਅਕਾਲੀ ਫੂਲਾ ਸਿੰਘ ਵਿਚ ਬੈਠੇ ਨਿਹੰਗਾਂ ਕੋਲ ਗਏ ਉਨ੍ਹਾਂ ਨੂੰ ਪੰਜ ਬੱਕਰੇ, ਦੋ ਬੋਰੀਆਂ ਖੰਡ, ਇਕ ਬੋਰੀ ਬਦਾਮ, ਆਟਾ ਤੇ ਹੋਰ ਰਸਦ ਪੇਸ਼ ਕਰਕੇ ਅਕਾਲ ਤਖਤ ਤੋਂ ਅਕਾਲੀਆਂ ਦਾ ਕਬਜ਼ਾ ਛੁਡਾਉਣ ਲਈ ਪ੍ਰੇਰਕੇ ਸੱਦ ਲਏ । ਪਰ ਅਕਾਲੀਆਂ ਨੇ ਨਿਹੰਗਾਂ ਨੂੰ ਵੀ ਡਾਂਗਾਂ ਮਾਰ ਮਾਰ ਸਿੱਧੇ ਕਰਕੇ ਲਿਖਤੀ ਮੁਆਫੀ ਮੰਗਵਾਈ। ਇਥੋਂ ਜ਼ਾਹਰ ਹੁੰਦਾ ਹੈ ਕਿ ਪੁਜਾਰੀਆਂ ਨੇ ਅਕਾਲੀਆਂ ਦਾ ਕਬਜ਼ਾ ਛੁਡਾਉਣ ਲਈ ਸਰਕਾਰ ਪਾਸ ਜ਼ਰੂਰ ਅਰਜ਼ ਗੁਜਾਰੀ ਹੋਊ।ਅਤੇ ਇਮਦਾਦ ਨਾ ਮਿਲਣ ਦੀ ਸੂਰਤ ਵਿੱਚ ਹੀ ਨਿਹੰਗਾ ਵਾਲਾ ਰਾਹ ਅਖਿਿਤਆਰ ਕੀਤਾ ।

7 (ੳ) ਸਰਕਾਰ ਨੇ ਕਬਜ਼ੇ ਨੂੰ ਕਾਨੂੰਨੀ ਮਾਨਤਾ ਦਿੱਤੀ

ਅੰਗਰੇਜ਼ ਸਰਕਾਰ ਨੇ ਅਕਾਲ ਤਖਤ ਸਾਹਿਬ ‘ਤੇ ਕਬਜ਼ੇ ਦੇ ਅਕਾਲੀਆਂ ਦੇ ਕਬਜ਼ੇ ਨੂੰ ਕਾਨੂੰਨੀ ਕਰਾਰ ਦੇਣ ਲਈ ਕਬਜ਼ੇ ਵਾਲੇ ਦਿਨ ਹੀ ਕਾਰਵਾਈ ਸ਼ੁਰੂ ਕਰ ਦਿੱਤੀ। ਕਬਜ਼ੇ ਤੋਂ ਦੂਜੇ ਦਿਨ ਭਾਵ 14 ਅਕਤੂਬਰ 1920 ਨੂੰ ਪੰਜਾਬ ਦੇ ਗਵਰਨਰ ਵਲੋਂ ਅਕਾਲੀਆਂ ਨੂੰ ਲਿਖਤੀ ਕਬਜ਼ਾ ਦੇਣ ਵਾਲਾ ਹੁਕਮ ਡੀ.ਸੀ.ਤਕ ਪੁੱਜ ਗਿਆ ਸੀ। ਕਬਜ਼ੇ ਤੋਂ ਬਾਅਦ ਕੁਝ ਹੀ ਘੰਟਿਆਂ ਵਿਚ ਅਕਾਲੀਆਂ ਦੇ ਕਬਜ਼ੇ ਨੂੰ ਮਾਨਤਾ ਦੇਣ ਵਾਲੀ ਕਾਰਵਾਈ ਜਿਸ ਤਰ੍ਹਾਂ ਪੂਰੀ ਹੋਈ ਅਤੇ ਅਕਾਲੀਆਂ ਦੇ ਨਾਂਹ ਨੁੱਕਰ ਕਰਨ ਦੇ ਬਾਵਜੂਦ ਵੀ ਫਟਾਫਟ ਕਬਜ਼ੇ ਦਾ ਕਾਗਜ਼ ਲਿਿਖਆ ਇਸ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਸਰਕਾਰ ਨੂੰ ਅਕਾਲੀਆਂ ਦੇ ਕਬਜ਼ੇ ਦਾ ਚਾਅ ਚੜ੍ਹਿਆ ਪਿਆ ਸੀ।

15 ਅਕਤੂਬਰ ਸਵੇਰੇ 10 ਵਜੇ ਡਿਪਟੀ ਕਮਿਸ਼ਨਰ ਦਾ ਹੁਕਮ ਲੈ ਕੇ ਦਰਬਾਰ ਸਾਹਿਬ ਦੇ ਸਰਬਰਾਹ ਸ. ਸੁੰਦਰ ਸਿੰਘ ਜੀ ਰਾਮਗੜ੍ਹੀਆ ਅਕਾਲੀਆਂ ਦੇ ਜਥੇਦਾਰ, ਸ. ਤੇਜਾ ਸਿੰਘ ਭੁੱਚਰ ਪਾਸ ਪੁੱਜੇ ਤੇ ਆਖਿਆ ਕਿ ਡੀ.ਸੀ. ਸਾਹਿਬ ਨੇ ਤੁਹਾਨੂੰ ਸੱਦਿਆ ਹੈ। ਪਰ ਅਕਾਲੀਆਂ ਦੇ ਮਨ ਵਿਚ ਸਰਕਾਰ ਵਿਰੋਧੀ ਭਾਵਨਾ ਹੋਣ ਕਰਕੇ ਇਸਨੂੰ ਗਲਤ ਅਰਥਾਂ ਵਿਚ ਲਿਆ ਅਤੇ ਸੁਨੇਹੇ ਦੇ ਜੁਆਬ ਵਿਚ ਆਖਿਆ ਕਿ ਅਸੀਂ ਨੀ ਡੀ.ਸੀ. ਕੋਲ ਜਾਣਾ, ਜੇ ਡੀ.ਸੀ. ਨੂੰ ਸਾਡੀ ਲੋੜ ਹੈ ਤਾਂ ਪੁਲਿਸ ਗ੍ਰਿਫਤਾਰ ਕਰਕੇ ਲੈ ਜਾਵੇ।

ਸ. ਰਾਮਗੜ੍ਹੀਆ ਉਨ੍ਹੀਂ ਪੈਰੀਂ ਡੀ.ਸੀ. ਕੋਲ ਗਏ ਅਤੇ ਡੀ.ਸੀ. ਦਾ ਮੋੜਵਾਂ ਸੁਨੇਹਾ ਲਿਆਏ, ਜਿਸ ਵਿਚ ਡੀ.ਸੀ. ਦਾ ਕਹਿਣਾ ਸੀ ਕਿ ਮੈਂ ਅਕਾਲੀਆਂ ਨੂੰ ਆਪਣੀ ਕਚਹਿਰੀ ਨਹੀਂ ਸੱਦ ਰਿਹਾਂ ਬਲਕਿ ਰਾਮ ਬਾਗ ਵਿਚ ਸਥਿਤ ਆਪਣੀ ਕੋਠੀ ‘ਤੇ ਬੁਲਾ ਰਿਹਾ ਹਾਂ, ਬਸ ਕੁਝ ਗੱਲ ਕਰਨੀ ਹੈ, ਗਲਤ ਨਾ ਸਮਝੋ, ਮੇਰੀ ਕੋਠੀ ਆਓ।

ਧਰਮ ਸਿੰਘ, ਬਸੰਤ ਸਿੰਘ ਰਸਾਲਦਾਰ ਨੌਸ਼ਹਿਰਾ ਪੰਨੂਆਂ, ਤੇਜਾ ਸਿੰਘ ਭੁੱਚਰ, ਤੇਜਾ ਸਿੰਘ ਚੂੜ੍ਹਕਾਣਾ ਅਤੇ ਕਰਤਾਰ ਸਿੰਘ ਝੱਬਰ ਡੀ.ਸੀ. ਦੀ ਕੋਠੀ ਪੁੱਜੇ। ਡੀ.ਸੀ. ਨਾਲ ਅੰਗਰੇਜ਼ੀ ਵਿਚ ਗੱਲ ਕਰਨ ਲਈ ਖਾਲਸਾ ਕਾਲਜ ਦੇ ਪ੍ਰੋਫੈਸਰ ਪ੍ਰੋ. ਕਸ਼ਮੀਰਾ ਸਿੰਘ, ਬਾਵਾ ਹਰੀ ਕ੍ਰਿਸ਼ਨ ਸਿੰਘ ਨੂੰ ਵੀ ਅਕਾਲੀਆਂ ਨੇ ਉਥੇ ਸੱਦ ਲਿਆ। ਡੀ.ਸੀ.ਮਿਸਟਰ ਬਾਲਟਨ ਸਾਹਬ ਤੇ ਪੁਲਿਸ ਕਪਤਾਨ ਖੜ੍ਹੇ ਹੋ ਕੇ ਅਕਾਲੀਆਂ ਨੂੰ ਮਿਲੇ ਅਤੇ ਆਪਣੇ ਬਰਾਬਰ ਕੁਰਸੀਆਂ ‘ਤੇ ਬਿਠਾਇਆ। ਡੀ.ਸੀ. ਨੇ ਗਵਰਨਰ ਵਲੋਂ ਆਇਆ ਅੰਗਰੇਜ਼ੀ ਵਿਚ ਟਾਈਪ ਕੀਤਾ ਸੰਦੇਸ਼ ਲਿਖਾਇਆ ਅਤੇ ਇਸਦਾ ਉਰਦੂ ਤਰਜ਼ਮਾ ਵੀ ਸੁਣਾਇਆ ਗਿਆ। ਦੱਸਿਆ ਗਿਆ ਇਸ ਵਿਚ ਲਿਿਖਆ ਸੀ ਕਿ ਜੋ ਆਪ ਨੇ ਦਰਬਾਰ ਸਾਹਿਬ ਉਪਰ ਕਬਜ਼ਾ ਕਰ ਲਿਆ ਹੈ ਸਰਕਾਰ ਇਸ ਵਿਚ ਕੋਈ ਦਖਲ ਨਹੀਂ ਦੇਣਾ ਚਾਹੁੰਦੀ ਪਰ ਇਸਦੇ ਪ੍ਰਬੰਧ ਵਿਚ ਸਰਕਾਰ ਦਾ ਜੋ ਥੋੜ੍ਹਾ ਬਹੁਤਾ ਸਬੰਧ ਹੈ ਅਸੀਂ ਉਸਨੂੰ ਵੀ ਖਤਮ ਕਰਨਾ ਚਾਹੁੰਦੇ ਹਾਂ ਸੋ ਤੁਸੀਂ ਕੋਈ ਪ੍ਰਬੰਧਕ ਕਮੇਟੀ ਮੁਕੱਰਰ ਕਰੋ ਅਤੇ ਅਸੀਂ ਉਸਦੇ ਨਾਂਅ ਦਰਬਾਰ ਸਾਹਿਬ ਦਾ ਕਬਜ਼ਾ ਲਿਖ ਦਿੰਦੇ ਹਾਂ। ਅਕਾਲੀਆਂ ਨੂੰ ਕੋਈ ਆਸ ਨਹੀਂ ਸੀ ਕਿ ਉਹ ਐਨੀ ਛੇਤੀ ਉਨ੍ਹਾਂ ਨੂੰ ਕਬਜ਼ਾ ਦੇਣ ਲਈ ਤਿਆਰ ਹੋ ਜਾਣਗੇ। ਇਸਦੇ ਜੁਆਬ ਵਿਚ ਉਨ੍ਹਾਂ ਨੇ ਡੀ.ਸੀ. ਨੂੰ ਆਖਿਆ ਕਿ ਇਕ ਦਿਨ ਸਾਰਾ ਪੰਥ ਇਕੱਠਾ ਹਊਗਾ ਓਹੀ ਪ੍ਰਬੰਧਕ ਕਮੇਟੀ ਚੁਣੇਗਾ।

7 (ਅ) ਸਰਕਾਰ ਕਬਜ਼ਾ ਲਿਖਣ ਲਈ ਕਾਹਲੀ

ਸਰਕਾਰ ਅਕਾਲੀਆਂ ਦੇ ਕਬਜ਼ੇ ਨੂੰ ਕਾਨੂੰਨੀ ਮਾਨਤਾ ਦੇਣ ਲਈ ਏਨੀ ਕਾਹਲੀ ਸੀ ਕਿ ਡੀ.ਸੀ. ਨੇ ਅਕਾਲੀਆਂ ਨੂੰ ਝੱਟ ਉਤਰ ਦਿੱਤਾ ਕਿ ਸਰਕਾਰ ਸਾਹਿਬ ਤੁਸੀਂ ਇਕ ਆਰਜ਼ੀ ਕਮੇਟੀ ਹੁਣੇ ਬਣਾਓ ਅਤੇ ਫੌਰਨ ਕਬਜ਼ੇ ਦੀ ਲਿਖਤ ਲਓ। ਜਦੋਂ ਤੁਹਾਡਾ ਪੰਥ ਇਕੱਠਾ ਹੋ ਕੇ ਪੱਕੀ ਕਮੇਟੀ ਬਣਾਊਗਾ ਤਾਂ ਇਹ ਆਰਜ਼ੀ ਕਮੇਟੀ ਓਹਨੂੰ ਕਬਜ਼ਾ ਦੇਣ ਲਈ ਆਜ਼ਾਦ ਹੈ।

ਸਿੰਘ ਮੰਨ ਗਏ ਅਤੇ ਬਾਹਰ ਆ ਕੇ ਬੈਠੀ ਹੋਰ ਸੰਗਤ ਨੂੰ ਆ ਕੇ ਡੀ.ਸੀ. ਵਾਲੀ ਗੱਲ ਦੱਸੀ ਤਾਂ ਸੰਗਤਾਂ ਨੇ ਇਹ ਨਾਂਅ ਤਜਵੀਜ਼ ਕੀਤੇ ਸ. ਤੇਜਾ ਸਿੰਘ ਚੂੜ੍ਹਕਾਣਾ, ਸ. ਕਰਤਾਰ ਸਿੰਘ ਝੱਬਰ, ਬਾਬਾ ਕੇਹਰ ਸਿੰਘ ਪੱਟੀ, ਭਾਈ ਬਹਾਦਰ ਸਿੰਘ ਹਕੀਮ, ਮੁਕੰਦ ਸਿੰਘ ਟਾਲ ਵਾਲਾ ਅਤੇ ਦੋ ਹੋਰਨਾਂ ਦੇ ਨਾਂਅ ਸਨ। ਦੋ ਪ੍ਰੋਫੈਸਰਾਂ ਦੇ ਨਾਂਅ ਵੀ ਜੋੜ ਲਏ ਗਏ। ਭਾਈ ਤੇਜਾ ਸਿੰਘ ਨੇ ਭਾਈ ਗੁਰਦਿਆਲ ਸਿੰਘ ਨਾਮਧਾਰੀ ਦਾ ਵੀ ਨਾਂਅ ਪੇਸ਼ ਕੀਤਾ ਪਰ ਸ. ਝੱਬਰ ਨੇ ਮੁਖਾਲਫਤ ਕੀਤੀ ਕਿ ਨਾਮਧਾਰੀ ਦੇਹਧਾਰੀ ਗੁਰੂਆਂ ਨੂੰ ਮੰਨਦੇ ਹਨ ਇਸ ਲਈ ਨਾਮਧਾਰੀ ਨੂੰ ਇਸ ਕਮੇਟੀ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਸੰਗਤ ਨੇ ਇਸਦੀ ਪ੍ਰੋੜ੍ਹਤਾ ਕੀਤੀ, ਜਿਸ ‘ਤੇ ਭਾਈ ਤੇਜਾ ਸਿੰਘ ਵਾਕਆਊਟ ਕਰਕੇ ਚਲੇ ਗਏ। ਇਨ੍ਹਾਂ ਨੌਂ ਮੈਂਬਰਾਂ ਦੀ ਕਮੇਟੀ ਬਣਾ ਕੇ ਲਿਸਟ ਡੀ.ਸੀ. ਨੂੰ ਦੇ ਦਿੱਤੀ ਗਈ। ਡੀ.ਸੀ. ਨੇ ਇਕ ਵੱਖਰੇ ਕਾਗਜ਼ ‘ਤੇ ਕਬਜ਼ੇ ਦੀ ਲਿਖਤ ਦੇ ਦਿੱਤੀ।

8. ਪੰਜਾ ਸਾਹਿਬ ‘ਤੇ ਪੰਥ ਦਾ ਕਬਜ਼ਾ। ਸਰਕਾਰ ਵਲੋਂ ਕਬਜ਼ੇ ‘ਚ ਸਹਾਇਤਾ

ਗੁਰਦੁਆਰਾ ਪੰਜਾ ਸਾਹਿਬ ‘ਤੇ ਕਬਜ਼ਾ ਕਰਨ ਲਈ ਜੱਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਇਕ 25 ਸਿੰਘਾਂ ਦਾ ਜੱਥਾ 19 ਨਵੰਬਰ 1920 ਹਸਨ ਅਬਦਾਲ ਰੇਲਵੇ ਸਟੇਸ਼ਨ ‘ਤੇ ਲਗਭਗ 3 ਵਜੇ ਪਹੁੰਚ ਗਿਆ। ਜੱਥੇ ਨੇ ਗੁਰਦੁਆਰੇ ਮਹੰਤ ਸੰਤ ਸਿੰਘ ਨੂੰ ਆਖਿਆ ਕਿ ਜੱਥਾ ਦਰਸ਼ਨ ਕਰਨ ਆਇਆ ਹੈ ਇਸ ਲਈ ਸਾਨੂੰ ਰਹਾਇਸ਼ ਲਈ ਕੋਈ ਵੱਡਾ ਕਮਰਾ ਦੇ ਦਿਓ, ਤੇ ਮਹੰਤ ਨੇ ਇਕ ਕਮਰਾ ਦੇ ਦਿੱਤਾ।

ਮਹੰਤ ਨੂੰ ਜਥੇ ਦੇ ਆਉਣ ਦੀ ਕਨਸੋਅ ਪਹਿਲਾਂ ਹੀ ਮਿਲ ਚੁੱਕੀ ਸੀ ਤੇ ਉਸਨੇ ਜ਼ਿਲ੍ਹਾ ਹੈੱਡਕੁਆਰਟਰ ਕੈਮਲਪੁਰ ਟੈਲੀਗ੍ਰਾਮ ਭੇਜ ਕੇ ਪੁਲਸ ਮੰਗਵਾਈ ਹੋਈ ਸੀ। ਪਰ ਪੁਲਿਸ ਨੇ ਅਕਾਲੀਆਂ ਨੂੰ ਕੁਝ ਨਾ ਆਖਿਆ, ਸਗੋਂ ਥਾਣੇਦਾਰ ਖੁਦ ਗੁਰਦੁਆਰੇ ਤੋਂ ਬਾਹਰ ਚਲਾ ਗਿਆ। ਮਹੰਤ ਸੰਤ ਸਿੰਘ ਨੇ ਪੁਲਿਸ ਵਾਲਾ ਦਾਅ ਫੇਲ੍ਹ ਹੋਣ ‘ਤੇ ਹਸਨ ਅਬਦਾਲ ਵਿਚ ਲੱਗੀ ਮਾਲ ਮੰਡੀ ਵਿਚੋਂ ਬਦਮਾਸ਼ਾਂ ਨੂੰ ਅਕਾਲੀਆਂ ਨਾਲ ਲੜਨ ਵਾਸਤੇ ਭਾੜੇ ‘ਤੇ ਕਰ ਲਿਆ ਤੇ ਹਨ੍ਹੇਰੇ ਵਿਚ ਗੁਰਦੁਆਰੇ ਦੇ ਚੌਂਹ ਕਮਰਿਆਂ ਵਿਚ ਬਦਮਾਸ਼ ਬਿਠਾ ਦਿੱਤੇ।

ਮਹੰਤ ਦੇ ਸੱਦੇ ‘ਤੇ ਆਈ ਪੁਲਿਸ ਨਾਲ ਇਕ ਮੈਜਿਸਟ੍ਰੇਟ ਸ. ਰਤਨ ਸਿੰਘ ਤਹਿਸੀਲਦਾਰ ਵੀ ਆਇਆ ਹੋਇਆ ਸੀ। ਉਹਨੇ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਮਿਲ ਕੇ ਆਖਿਆ ਕਿ ਤੁਸੀਂ ਆਪਣਾ ਕੰਮ ਚੁੱਪ ਚਾਪ ਕਰੀ ਜਾਓ ਪਰ ਲੜਾਈ ਨਾ ਕਰਿਓ। ਝੱਬਰ ਨੇ ਮੈਜਿਸਟ੍ਰੇਟ ਨੂੰ ਗੁਰਦੁਆਰੇ ਵਿਚ ਬਦਮਾਸ਼ਾਂ ਦੇ ਬੈਠੇ ਹੋਣ ਦੀ ਗੱਲ ਦੱਸੀ। ਮੈਜਿਸਟ੍ਰੇਟ ਨੇ ਪੁਲਿਸ ਨੂੰ ਹੁਕਮ ਦਿੱਤਾ ਕਿ ਬਦਮਾਸ਼ਾਂ ਨੂੰ ਫੌਰਨ ਗ੍ਰਿਫਤਾਰ ਕਰੋ। ਪੁਲਿਸ ਇੰਸਪੈਕਟਰ ਦੀ ਇਕ ਸੀਟੀ ਮਾਰਨ ਦੀ ਦੇਰ ਸੀ ਕਿ ਗੁਰਦੁਆਰੇ ਵਿਚੋਂ 40-50 ਮੁਸਲਮਾਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਕੇ ਹਵਾਲਾਤੇ ਘੱਲ ਦਿੱਤਾ। ਹਸਨ ਅਬਦਾਲ ਦੇ ਨੇੜੇ ਪੀਰ ਬੁੱਧੂ ਸ਼ਾਹ ਦੇ ਖਾਨਦਾਨ ਵਿਚੋਂ ਸੱਯਦਾਂ ਦਾ ਪਿੰਡ ਸੀ। ਇਹ ਪਿੰਡ ਵਾਸੀ ਅਗਲੇ ਦਿਨ ਆ ਕੇ ਸ. ਝੱਬਰ ਨੂੰ ਮਿਲੇ ਤੇ ਮਦਦ ਦੀ ਪੇਸ਼ਕਸ਼ ਕੀਤੀ।

9. ਹਸਨ ਅਬਦਾਲ ਦੇ ਹਿੰਦੂ ਮਹੰਤ ਦੇ ਹੱਕ ‘ਚ

ਅਕਾਲੀ ਜਥੇ ਵਲੋਂ ਗੁਰਦੁਆਰੇ ਵਿਚ ਪਹਿਲੀ ਰਾਤ ਕੱਟਣ ਤੋਂ ਅਗਲੀ ਸਵੇਰ ਕੀਰਤਨ ਦਰਬਾਰ ਸਜਾਇਆ ਸੀ ਮਹੰਤ ਸੰਤ ਸਿੰਘ ਨੇ ਅਕਾਲੀ ਰਾਗੀ ਜਥੇ ਨੂੰ ਟਾਇਮ ਦੇਣ ਤੋਂ ਨਾਂਹ ਕਰ ਦਿੱਤੀ। ਭੋਗ ਤੋਂ ਬਾਅਦ ਸ਼ਹਿਰ ਦੇ ਇਕ ਲਾਲਾ ਰਾਮ ਚੰਦ ਨੇ ਆਪਣੀ ਤਕਰੀਰ ਇਓਂ ਸ਼ੁਰੂ ਕੀਤੀ: ”ਹਸਨ ਅਬਦਾਲ ਕੇ ਹਿੰਦੂ ਭਾਈਓ! ਯੇਹ ਲੋਗ ਜੋ ਹਮਾਰੇ ਗੁਰਦੁਆਰੇ ਪਰ ਕਬਜ਼ਾ ਕਰਨੇ ਕੇ ਲੀਯੇ ਆਏ ਹੈਂ, ਇਨ ਕੇ ਮੁਤੱਲਕ ਕੁਛ ਬਤਾਨਾ ਚਾਹਤਾ ਹੂੰ। ਮੈਂ ਇਨ ਸਭ ਸਿੰਘੋਂ ਕੋ ਤੋ ਨਹੀਂ ਜਾਨਤਾ ਮਗਰ ਇਨਕੇ ਜਥੇਦਾਰ ਝੱਬਰ ਸਾਹਿਬ ਕੋ ਅੱਛੀ ਤਰ੍ਹਾਂ ਜਾਨਤਾ ਹੂੰ। ਮੈਂ ਸ਼ਾਹਦਰਾ ਔਰ ਸਾਂਗਲਾ ਕੇ ਦਰਮਿਆਨ ਜੋ ਰੇਲ ਲਾਈਨ ਨਈ ਬਣੀ ਥੀ, ਵਹਾਂ ਚਾਰ ਸਾਲ ਠੇਕੇਦਾਰ ਰਹਾ ਥਾ। ਇਸ ਇਲਾਕੇ ਮੈਂ ਜੱਟ ਸਿੱਖੋਂ ਕੀ ਇਕ ਵਿਰਕ ਕੌਮ ਆਬਾਦ ਹੈ। ਜੋ ਖੈਬਰ ਕੇ ਪਠਾਨੋਂ ਕੀ ਤਰ੍ਹਾਂ ਚੋਰ ਡਾਕੂ ਔਰ ਸਭ ਕੇ ਸਭ ਬਦਮਾਸ਼ ਹੈਂ। ਉਨ ਮੇਂ ਸੇ ਯਹ ਝੱਬਰ ਸਾਹਿਬ ਭੀ ਹੈਂ। ਅਗਰ ਇਨ ਲੋਗੋਂ ਨੇ ਗੁਰਦੁਆਰੇ ਪਰ ਕਬਜ਼ਾ ਕਰ ਲੀਆ ਤੋ ਯਿਹ ਇਨ ਕਾ ਅੱਡਾ ਬਨ ਜਾਏਗਾ ਔਰ ਯਹ ਲੋਗ ਹਸਨ ਅਬਦਾਲ ਕੇ ਹਿੰਦੂਓਂ ਕੀ ਖੂਬਸੂਰਤ ਲੜਕੀਓਂ ਔਰ ਔਰਤੇਂ ਉਠਾ ਕੇ ਲੇ ਜਾਏਂਗੇ।” ਇੰਝ ਲਾਲਾ ਜੀ ਨੇ ਸ਼ਹਿਰ ਦੇ ਹਿੰਦੂਆਂ ਨੂੰ ਅਕਾਲੀਆਂ ਖਿਲਾਫ ਭੜਕਾਉਣ ਦੀ ਕੋਈ ਕਸਰ ਨਾ ਛੱਡੀ। ਹਿੰਦੂਆਂ ਨੂੰ ਸੰਬੋਧਨ ਕਰਕੇ ‘ਹਮਾਰੇ ਗੁਰਦੁਆਰੇ’ ਕਹਿਣ ਦਾ ਭਾਵ ਇਹ ਸੀ ਕਿ ਇਹ ਗੁਰਦੁਆਰਾ ਸਿੱਖਾਂ ਦਾ ਨਹੀਂ ਬਲਕਿ ਹਿੰਦੂਆਂ ਦਾ ਹੈ। ਇਸਦੇ ਜੁਆਬ ਵਿਚ ਸ. ਝੱਬਰ ਨੇ ਵੀ ਇਕ ਲੰਬੀ ਚੌੜੀ ਤਕਰੀਰ ਕੀਤੀ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸਿੱਖ ਤਾਂ ਹਜ਼ਾਰਾਂ ਹਿੰਦੂ ਲੜਕੀਆਂ ਨੂੰ ਅਬਦਾਲੀ ਹੋਰਾਂ ਦੇ ਲਸ਼ਕਰਾਂ ਤੋਂ ਛੁਡਾ ਕੇ ਲਿਆਂਦੇ ਰਹੇ ਹਨ। ਸੋ ਸਿੱਖਾਂ ‘ਤੇ ਅਜਿਹਾ ਇਲਜ਼ਾਮ ਲਾਉਣ ਵਾਲੇ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ਮੌਕੇ ਸ. ਅਮਰ ਸਿੰਘ ਝਬਾਲ ਨੇ ਵੀ ਝੱਬਰ ਨੂੰ ਆਖਿਆ ਕਿ ਇਹ ਇਲਾਕਾ ਹਿੰਦੂਆਂ ਦਾ ਗੜ੍ਹ ਹੈ, ਸਿੱਖਾਂ ਦੀ ਤਾਕਤ ਥੋੜ੍ਹੀ ਹੈ ਸੋ ਸਾਨੂੰ ਇਥੋਂ ਵਾਪਸ ਚਲੇ ਜਾਣਾ ਚਾਹੀਦਾ ਹੈ। ਪਰ ਝੱਬਰ ਸਾਹਬ ਨਹੀਂ ਮੰਨੇ। ਇਹ ਉਹੀ ਅਮਰ ਸਿੰਘ ਹੈ ਜਿਹੜਾ ਕਬਜੇ ਨਾ ਕਰਨ ਬਾਬਤ ਮਹਾਤਮਾ ਗਾਂਧੀ ਦਾ ਏਲਚੀ ਬਣਕੇ ਜੱਥੇਦਾਰ ਝੱਬਰ ਨੂੰ ਗੁਰੂਦੁਆਰਾ ਡੇਰਾ ਸਾਹਿਬ ਲਾਹੌਰ ‘ਚ ਮਿਿਲਆ ਸੀ ਜਦੋਂ ਝੱਬਰ ਦਾ ਜੱਥਾ ਹਸਨਬਦਾਲ ਨੂੰ ਜਾਂਦਿਆ ਗੁਰਦੁਆਰੇ ਵਿੱਚ ਠਹਿਿਰਆ ਸੀ। ਇਹ ਸੰਭਾਵਨਾ ਹੈ ਕਿ ਅਮਰ ਸਿੰਘ ਝੱਬਰ ਦੇ ਜੱਥੇ ਤੋਂ ਅਗਲੇ ਦਿਨ ਹੀ ਹਸਨਬਦਾਲ ਪਹੁੰਚ ਗਿਆ ਹੋਵੇ। ਕਿਉਂਕਿ ਇਹ ਸੰਭਵ ਨਹੀ ਕਿ ਉਹ ਜੱਥੇ ਨੂੰ ਇੱਕ ਪਾਸੇ ਤਾਂ ਕਬਜਾ ਮੁਹਿੰਮ ਬੰਦ ਕਰਨ ਦੀ ਸਲਾਹ ਦੇ ਰਿਹਾ ਹੋਵੇ ਤੇ ਨਾਲੋਂ ਨਾਲ ਕਬਜਾ ਕਰਨ ਵਾਲਿਆ ਦਾ ਹਮਸਫਰ ਬਣਕੇ ਵੀ ਤੁਰੇ।

ਅਗਲੇ ਦਿਨਾਂ ਦੌਰਾਨ ਆਲੇ ਦੁਆਲੇ ਤੋਂ ਹੋਰ ਵੀ ਸਿੱਖਾਂ ਦੇ ਬਹੁਤ ਸਾਰੇ ਜਥੇ ਪਹੁੰਚ ਗਏ ਅਤੇ ਰਸਦ ਪਾਣੀ ਤੇ ਮਾਇਆ ਵੀ ਬਹੁਤ ਹੋ ਗਈ। ਮਹੰਤ ਡਰ ਗਿਆ ਅਤੇ ਸਾਲਸਾਂ ਨੇ ਅਕਾਲੀਆਂ ਨਾਲ ਉਸਦਾ ਸਮਝੌਤਾ ਕਰਾ ਦਿੱਤਾ।50 ਰੁਪਏ ਮਹੀਨਾ ਖਰਚਾ ਅਤੇ ਕਈ ਹੋਰ ਖਰਚਿਆਂ ਸਮੇਤ ਸੰਤ ਸਿੰਘ ਗੁਰਦੁਆਰੇ ਦਾ ਕਬਜ਼ਾ ਦੇਣ ਲਈ ਸਹਿਮਤ ਹੋ ਗਿਆ। ਇਸ ਸਮਝੋਤੇ ਦਾ ਅਰਦਾਸਾਂ ਹੋ ਗਿਆ। ਪਰ ਕੁੱਝ ਮਿੰਟਾਂ ਪਿੱਛੋ ਇਕ ਹਿੰਦੂ ਸੈਨਤ ਮਾਰ ਕੇ ਸੰਤ ਸਿੰਘ ਨੂੰ ਉਥੋਂ ਉਠਾ ਕੇ ਬਾਹਰ ਲੈ ਗਿਆ। ਸ. ਝੱਬਰ ਨੇ ਮਹੰਤ ਨੂੰ ਆਖਿਆ ”ਨਾ ਜਾਹ ਲੋਕਾਂ ਨੇ ਤੈਨੂੰ ਵਿਗਾੜ ਦੇਣਾ ਏ ਤੇ ਤੈਨੂੰ ਇਹ ਵੇਲਾ ਹੱਥ ਨਹੀਂ ਆਉਣਾ।” ਪਰ ਵਿਗਾੜਣ ਵਾਲਿਆ ਦੇ ਇਰਾਦੇ ਤਾਂ ਪਹਿਲਾਂ ਹੀ ਭੈੜੇ ਸਨ। ਸੋ ਮਹੰਤ ਉਨ੍ਹਾਂ ਦੇ ਆਖਣ ‘ਤੇ ਬਾਹਰ ਚਲਿਆ ਗਿਆ ਤੇ ਸਮਝੌਤਿਉਂ ਮੁਕਰ ਗਿਆ। ਅਰਦਾਸੇ ਵੇਲੇ ਇਹ ਆਖਿਆ ਗਿਆ ਸੀ ਕਿ ਜਿਹੜਾ ਇਸ ਸਮਝੋਤੇ ਮੁਕਰੂ ਉਹ ਗੁਰੂ ਦਾ ਸਿੱਖ ਨਹੀ। ਸਰਬਸਮਤੀ ਨਾਲ ਮਤਾ ਪਾਸ ਹੋਇਆ ਕਿ ਮਹੰਤ ਨੂੰ ਅਰਦਾਸੇ ਤੋਂ ਮੁਕਰਨ ਬਦਲੇ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ, ਜਦ ਤੱਕ ਮਹੰਤ ਅਕਾਲ ਤਖਤ ਮਾਫ ਨਹੀ ਕੀਤਾ ਜਾਂਦਾ ਉਦੋਂ ਤੱਕ ਉਹਨੂੰ ਗੁਰਦੁਆਰੇ ਨਾ ਵੜ੍ਹਨ ਦਿੱਤਾ ਜਾਵੇ। ਦਰਵਾਜੇ ਤੇ ਪਹਿਰੇਦਾਰਾ ਨੂੰ ਆਖਿਆ ਗਿਆ ਕਿ ਮਹੰਤ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ।

10. ਹਿੰਦੂਆਂ ਦਾ ਗੁਰਦੁਆਰੇ ‘ਤੇ ਧਾਵਾ

ਅਗਲੀ ਸਵੇਰ ਅਜੇ ਦੀਵਾਨ ਦਾ ਭੋਗ ਵੀ ਨਹੀਂ ਸੀ ਪਿਆ ਕਿ ਲਗਭਗ ਤਿੰਨ ਚਾਰ ਹਜ਼ਾਰ ਹਿੰਦੂਆਂ ਨੇ ਡਾਂਗਾਂ ਸੋਟੇ ਫੜ ਕੇ ਗੁਰਦੁਆਰੇ ਨੂੰ ਘੇਰਾ ਪਾ ਲਿਆ। ਝੱਬਰ ਸਾਹਿਬ ਨੇ ਪੁਲਿਸ ਕਪਤਾਨ ਨੂੰ ਖਬਰ ਕਰਕੇ ਕਿਹਾ ਕਿ ਇਨ੍ਹਾਂ ਹਜ਼ਾਰਾਂ ਦੇ ਹਜ਼ੂਮ ਵਾਸਤੇ ਮੇਰੇ ਬਾਜਾਂ ਵਰਗੇ 25 ਸਿੰਘ ਹੀ ਕਾਫੀ ਹਨ, ਜੇ ਕਹੋਂ ਤਾਂ ਛੱਡਾਂ? ਪੁਲਿਸ ਕਪਤਾਨ ਨੇ ਕਿਹਾ ਕਿ ਨਹੀਂ-ਨਹੀਂ ਇਨ੍ਹਾਂ ਦਾ ਇੰਤਜ਼ਾਮ ਮੈਂ ਖੁਦ ਕਰਦਾ ਹਾਂ। ਉਹ ਨੇ ਸੀਟੀ ਮਾਰਕੇ ਸਿਪਾਹੀਆਂ ਨੂੰ ਹਿੰਦੂ ਹਜ਼ੂਮ ਨੂੰ ਡਾਂਗਾਂ ਮਾਰ ਮਾਰ ਕੇ ਦਬੱਲਣ ਦਾ ਹੁਕਮ ਦਿੱਤਾ। ਹਜ਼ੂਮ ਵਿਚੋਂ ਜਿਹੜੇ ਬੰਦੇ ਗੁਰਦੁਆਰੇ ਦੇ ਅੰਦਰ ਵੜ ਗਏ ਸਨ ਪੁਲਿਸ ਨੇ ਉਨ੍ਹਾਂ ਨੂੰ ਵੀ ਕੁੱਟ ਕੁੱਟ ਬਾਹਰ ਕੱਢਿਆ। ਮੁੜ ਅਜਿਹੀ ਕਾਰਵਾਈ ਦੀ ਪੇਸ਼ਬੰਦੀ ਸਤਹਿਤ ਸਾਰੇ ਰਾਹਾਂ ‘ਤੇ ਪੁਲਿਸ ਪਹਿਰਾ ਬਿਠਾ ਦਿੱਤਾ।

11. ਫਿਰ ਹਿੰਦੂ ਔਰਤਾਂ ਗੁਰਦੁਆਰੇ ‘ਚ ਭੇਜੀਆਂ

ਕੋਈ ਪੇਸ਼ ਨਾ ਜਾਂਦੀ ਵੇਖ ਕੇ ਸ਼ਹਿਰ ਦੇ ਹਿੰਦੂਆਂ ਨੇ ਅਗਲੀ ਰਾਤ ਆਪਣੀਆਂ ਲਗਭਗ ਦੋ ਢਾਈ ਸੌ ਤੀਵੀਆਂ ਗੁਰਦੁਆਰੇ ਵਿਚ ਵਾੜ ਦਿੱਤੀਆਂ। ਇਸ ਸ਼ਰਾਰਤ ਦਾ ਮਕਸਦ ਇਹ ਸੀ ਕਿ ਤੀਵੀਆਂ ਸਿੰਘਾਂ ਨਾਲ ਹੱਥੋ-ਪਾਈ ਦਾ ਕੋਈ ਬਹਾਨਾ ਬਣਾਉਣਗੀਆਂ ਤੇ ਫੇਰ ਸਿੰਘਾਂ ‘ਤੇ ਤੀਵੀਆਂ ਨੂੰ ਹੱਥ ਪਾਉਣ ਦਾ ਰੌਲਾ ਪਾਇਆ ਜਾਵੇਗਾ। ਝੱਬਰ ਨੇ ਅਕਾਲੀਆਂ ਨੂੰ ਇਨ੍ਹਾਂ ਔਰਤਾਂ ਦਾ ਸਭ ਕੁਝ ਚੁੱਪਚਾਪ ਬਰਦਾਸ਼ਤ ਕਰਨ ਦਾ ਹੁਕਮ ਦੇ ਦਿੱਤਾ ਤੇ ਇਕ ਹੋਰ ਤਰਕੀਬ ਘੜੀ।

ਜਿਹੜੀ ਪੁਲਿਸ ਗਾਰਦ ਗੁਰਦੁਆਰੇ ਦੇ ਬਾਹਰ ਬੈਠੀ ਸੀ ਉਨ੍ਹਾਂ ਵਿਚੋਂ ਇਕ ਨਿਵੇਕਲੀ ਜਿਹੀ ਮਦਦ ਮੰਗੀ। ਪੁਲਿਸ ਨੇ ਮਦਦ ਕਰਦਿਆਂ ਝੱਬਰ ਦੇ ਕਹੇ ਮੁਤਾਬਕ ਸ਼ਹਿਰ ਦੇ ਹਿੰਦੂਆਂ ਨੂੰ ਆਖਿਆ ”ਤੁਸੀਂ ਚੰਗੇ ਬੰਦੇ ਹੋ! ਤੁਹਾਡੀਆਂ ਜਨਾਨੀਆਂ ਗੁਰਦੁਆਰਾ ਸਾਹਿਬ ਇਕੱਲੀਆਂ ਬੈਠੀਆਂ ਹਨ। ਝੱਬਰ ਦੇ ਨਾਲ ਤਾਂ ਡਾਕੂ ਬਦਮਾਸ਼ ਬਾਰ ਦੇ ਜੱਟ ਆਏ ਹੋਏ ਹਨ। ਉਨ੍ਹਾਂ ਤੁਹਾਡੀਆਂ ਤੀਵੀਆਂ ਲੈ ਕੇ ਤੁਰ ਜਾਣਾ ਹੈ ਫਿਰ ਵੇਖਦੇ ਰਹੋਗੇ। ਜਾਓ ਆਪਣੀਆਂ ਤੀਵੀਆਂ ਉਠਾ ਲਿਆਓ। ਨਹੀਂ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਨਾ ਹੀ ਅਸੀਂ ਕੋਈ ਰਿਪੋਰਟ ਲਿਖਣੀ ਹੈ।” ਲਾਲੇ ਫੌਰਨ ਆਏ ਤੇ ਆਪਣੀਆਂ ਤੀਵੀਆਂ ਨੂੰ ਉਠਾ ਕੇ ਲੈ ਗਏ। ( ਅਕਾਲੀ ਮੋਰਚੇ ਤੇ ਝੱਬਰ , ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਸਫਾ 91)

ਬਾਅਦ ਵਿਚ ਪਤਾ ਲੱਗਾਕਿ ਇਨ੍ਹਾਂ ਲਾਲਿਆਂ ਦੀ ਬਾਹਰੋਂ ਕਮਾਨ ਰਾਵਲਪਿੰਡੀ ਦੇ ‘ਸ਼ਾਂਤੀ’ ਅਖਬਾਰ ਦਾ ਐਡੀਟਰ ਕਿਸ਼ਨ ਚੰਦ ਕਰ ਰਿਹਾ ਸੀ।

13. ਹਕੂਮਤ ਨੇ ਮਹੰਤ ਦੀ ਇਕ ਨਾ ਸੁਣੀ

ਸਾਰੇ ਹਰਬੇ ਫੇਲ੍ਹ ਹੋ ਜਾਣ ਤੋਂ ਬਾਅਦ ਮਹੰਤ ਸੰਤ ਸਿੰਘ ਨੇ ਜਦੋਂ ਸਰਕਾਰੇ ਦਰਬਾਰੇ ਬਹੁਤਾ ਪਿੱਟ ਸਿਆਪਾ ਕੀਤਾ ਤਾਂ ਕੈਮਲਪੁਰ ਜ਼ਿਲ੍ਹੇ ਦਾ ਡੀ.ਸੀ. ਅਤੇ ਐਸ.ਪੀ. ਮਹੰਤ ਦੀ ਫਰਿਆਦ ਸੁਣਨ ਲਈ ਹਸਨ ਅਬਦਾਲ ਦੇ ਡਾਕ ਬੰਗਲੇ ਪੁੱਜੇ। ਐਸ.ਪੀ. ਅੰਗਰੇਜ਼ ਸੀ ਅਤੇ ਡੀ.ਸੀ. ਪੰਜਾਬ ਦੇ ਜ਼ਿਲ੍ਹਾ ਗੁਜਰਾਤ ਦੇ ਪਿੰਡ ਕੁੰਜਾਹ ਦਾ ਵੜੈਚ ਜੱਟ ਚੌਧਰੀ ਸੁਲਤਾਨ ਅਹਿਮਦ ਸੀ। ਦੋਵੇਂ ਧਿਰਾਂ ਉਨ੍ਹਾਂ ਸਾਹਮਣੇ ਪੇਸ਼ ਹੋਈਆਂ। ਮਹੰਤ ਸੰਤ ਸਿੰਘ ਅਤੇ ਕਰਤਾਰ ਸਿੰਘ ਝੱਬਰ ਦਾ ਪੱਖ ਸੁਣਨ ਤੋਂ ਬਾਅਦ ਡੀ.ਸੀ. ਨੇ ਮਹੰਤ ਸੰਤ ਸਿੰਘ’ਤੇ ਗੁਰਦੁਆਰੇ ਵਿਚ ਵੜਨ ਦੀ ਪਾਬੰਦੀ ਦਾ ਹੁਕਮ ਸੁਣਾਇਆ। ਰੋਅਬ ਨਾਲ ਗੱਲ ਕਰਦਿਆਂ ਮਹੰਤ ਨੇ ਆਖਿਆ ”ਮੈਂ ਗੁਰਦੁਆਰੇ ਜਾਸਾਂ (ਜਾਉਂਗਾ)।” ਡੀ.ਸੀ. ਨੇ ਦੁਬਾਰੇ ਫੇਰ ਆਖਿਆ ”ਸੰਤ ਸਿੰਘ ਤੁਮ ਮਤ ਜਾਓ।” ਸੰਤ ਸਿੰਘ ਨੇ ਫੇਰ ਆਖਿਆ ”ਮੈਂ ਜਾਸਾਂ, ਜਾਸਾਂ।” ਮਹੰਤ ਦਾ ਇਨਕਾਰ ਸੁਣਕੇ ਡੀ.ਸੀ. ਨੇ ਪੁਲਿਸ ਨੂੰ ਆਖਿਆ ”ਮਹੰਤ ਸੰਤ ਸਿੰਘ ਨੂੰ ਹੁਣੇ ਹੱਥ ਕੜੀ ਲਾ ਦਿਓ।” ਮਹੰਤ ਨੇ ਜਦੇ ਪਲਟ ਕੇ ਆਖਿਆ ”ਹਜ਼ੂਰ ਮੈਂ ਗੁਰਦੁਆਰੇ ਨਹੀਂ ਜਾਸਾਂ।” ਮਹੰਤ ਨੇ ਆਪਣੇ ਨਾਲ ਵਕੀਲ ਵੀ ਲਿਆਂਦਾ ਸੀ ਅਤੇ ਗੁਰਦੁਆਰੇ ਨੂੰ ਝਗੜੇ ਵਾਲੀ ਜਾਇਦਾਦ ਕਰਾਰ ਦੇ ਕੇ ਦਫਾ 145 ਤਹਿਤ ਸਰਕਾਰੀ ਕਬਜ਼ੇ ਹੇਠ ਲੈਣ ਲਈ ਇਕ ਦਰਖਾਸ ਡੀ.ਸੀ. ਨੂੰ ਦਿੱਤੀ। ਡੀ.ਸੀ. ਨੇ ਇਹ ਕਹਿ ਕੇ ਟਰਕਾ ਦਿੱਤਾ ਕਿ ਸਬੂਤ ਲੈ ਕੇ ਕੈਮਲਪੁਰ ਆਓ, ਉਥੇ ਤੁਹਾਡੀ ਦਰਖਾਸਤ ‘ਤੇ ਗੌਰ ਕਰਾਂਗੇ। ਡੀ.ਸੀ. ਅਤੇ ਐਸ.ਪੀ. ਦੇ ਜਾਣ ਤੋਂ ਬਾਅਦ ਸਿੱਖਾਂ ਦੀ ਹਮਾਇਤ ਵਿਚ ਆਏ ਸਾਰੇ ਸੱਜਣ ਝੱਬਰ ਸਾਹਬ ਨਾਲ ਜੇਤੂ ਜਲੂਸ ਦੀ ਸ਼ਕਲ ਵਿਚ ਗੁਰਦੁਆਰਾ ਸਾਹਿਬ ਪੁੱਜੇ।

ਇਸ ਮੌਕੇ ਵੀ ਹਕੂਮਤ ਅਕਾਲੀਆਂ ਦੇ ਪੱਖ ਵਿਚ ਸ਼ਰੇਆਮ ਭੁਗਤ ਰਹੀ ਜਾਪਦੀ ਹੈ। ਕਾਨੂੰਨਨ ਗੁਰਦੁਆਰੇ ਵਿਚ ਬੈਠੇ ਮਹੰਤ ਨੂੰ ਗੁਰਦੁਆਰੇ ਵੜਨੋਂ ਰੋਕਣਾ, ਨਾ ਮੰਨਣ ‘ਤੇ ਗ੍ਰਿਫਤਾਰ ਕਰਨ ਦਾ ਹੁਕਮ ਸੁਨਾਉਣਾ, ਉਸ ਵੱਲੋਂ ਦਿੱਤੀ ਦਫਾ 145 ਲਾਉਣ ਦੀ ਦਰਖਾਸਤ ‘ਤੇ ਮੌਕੇ ‘ਤੇ ਗੌਰ ਨਾ ਕਰਨਾ ਸਾਬਤ ਕਰਦਾ ਹੈ ਕਿ ਹਕੂਮਤ ਅਕਾਲੀਆਂ ਨੂੰ ਕਬਜ਼ਾ ਕਰਾਉਣਾ ਮਨੋਂ ਚਾਹੁੰਦੀ ਹੈ। ਨਹੀਂ ਤਾਂ ਕਬਜ਼ਾ ਕਰਨ ਆਏ ਅਕਾਲੀਆਂ ਨੂੰ ਕਿਹਾ ਜਾ ਸਕਦਾ ਸੀ ਕਿ ਜੇ ਮਹੰਤ ਦਾ ਕਬਜ਼ਾ ਗੈਰ-ਕਾਨੂੰਨੀ ਹੈ ਤਾਂ ਤੁਸੀਂ ਕਾਨੂੰਨੀ ਤੌਰ ‘ਤੇ ਆਪਣੀ ਦਰਖਾਸਤ ਕਰੋ। ਇਸ ਦੇ ਉਲਟ ਮਹੰਤ ਦਾ ਕਬਜ਼ਾ ਛੁਡਾ ਕੇ ਉਸਨੂੰ ਆਪਦੀ ਅਰਜ਼ ਕਰਨ ਲਈ ਕਿਹਾ ਗਿਆ।

14. ਗੁਰਦੁਆਰਾ ਸੱਚਾ ਸੌਦਾ ‘ਤੇ ਕਬਜ਼ਾ

27 ਦਸੰਬਰ 1920 ਨੂੰ 40-50 ਸਿੱਖਾਂ ਦਾ ਜੱਥਾ ਭਾਈ ਦਲੀਪ ਸਿੰਘ ਅਤੇ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਗੁਰਦੁਆਰਾ ਸੱਚਾ ਸੌਦਾ ਪਹੁੰਚਿਆ। ਇਥੋਂ ਦੇ ਮਹੰਤ ਦਾ ਨਾਂਅ ਵੀ ਨਰੈਣ ਦਾਸ ਸੀ।ਅਕਾਲੀਆਂ ਨੇ ਮਹੰਤ ਅਤੇ ਉਸਦੇ ਚੇਲੇ ਇਕੱਠੇ ਕੀਤੇ ਤੇ ਉਨ੍ਹਾਂ ਨੂੰ ਗੁਰਦੁਆਰੇ ‘ਚ ਮੂਰਤੀ ਪੂਜਾ, ਤੰਬਾਕੂਨੋਸ਼ਾਂ ਤੋਂ ਕੀਰਤਨ ਕਰਵਾਉਣ ਅਤੇ ਨਜਾਇਜ਼ ਤੀਵੀਆਂ ਰੱਖਣ ਦੇ ਇਲਜ਼ਾਮ ਤਹਿਤ ਗੁਰਦੁਆਰਾ ‘ਚੋਂ ਬਾਹਰ ਕੱਢ ਮਾਰਿਆ। ਸਿੰਘਾਂ ਨੂੰ ਹੁਕਮ ਦਿੱਤਾ ਕਿ ਅੰਦਰੋਂ ਤਾਂ ਕੋਈ ਸੂਈ ਵੀ ਬਾਹਰ ਨਹੀਂ ਨਿਕਲਣ ਦੇਣੀ ਤੇ ਬਾਹਰੋਂ ਡਾਂਗ ਸੋਟੇ ਵਾਲਾ ਕੋਈ ਅੰਦਰ ਨਹੀਂ ਵੜਣ ਦੇਣਾ। ਮਹੰਤ ਨੇ ਚੂੜ੍ਹਕਾਣਾ ਮੰਡੀ ਥਾਣੇ ਜਾ ਕੇ ਕਬਜ਼ੇ ਦੀ ਰਿਪੋਰਟ ਲਿਖਾਈ ਪਰ ਕੋਈ ਪੁਲਿਸ ਵਾਲਾ ਉਹਦੇ ਨਾਲ ਨਹੀਂ ਤੁਰਿਆ। ਇਥੇ ਵੀ ਮਹੰਤਾਂ ਵੱਲੋਂ ਪੁਲੀਸ ਨੂੰ ਦਿੱਤੀ ਦਰਖਾਸਤ ਨੂੰ ਵੀ ਅਣਸੁਣਿਆ ਕਰਨਾ ਸਰਕਾਰ ਵੱਲੋਂ ਮਹੰਤਾਂ ਦੀ ਪਿੱਠ ਪੂਰਨ ਦੇ ਦੋਸ਼ ਨੂੰ ਖਾਰਜ ਕਰਦਾ ਹੈ। ਗੁਰਦੁਆਰਾ ਤਰਨਤਾਰਨ ‘ਤੇ ਕਬਜ਼ਾ

29 ਜਨਵਰੀ 1921 ਨੂੰ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਇਕ ਜੱਥਾ ਗੁਰਦੁਆਰਾ ਤਰਨਤਾਰਨ ਸਾਹਿਬ ‘ਤੇ ਕਬਜ਼ੇ ਲਈ ਪੁੱਜਿਆ। ਇਸੇ ਰਾਤ ਪੁਜਾਰੀਆਂ ਤੇ ਅਕਾਲੀਆਂ ਵਿਚਕਾਰ ਟਕਰਾਅ ਹੋਇਆ, ਦੋਵੇਂ ਧਿਰਾਂ ਦੇ ਬੰਦੇ ਫੱਟੜ ਹੋਏ। ਬਾਅਦ ਵਿਚ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦੋ ਅਕਾਲੀ ਸ਼ਹੀਦ ਹੋ ਗਏ। ਪੁਜਾਰੀਆਂ ‘ਤੇ ਤਾਂ ਪੁਲਿਸ ਨੇ ਰਾਤ ਪਰਚਾ ਦਰਜ ਕਰ ਲਿਆ ਸੀ ਪਰ ਅਗਲੀ ਸਵੇਰੇ ਤਕ ਅਕਾਲੀਆਂ ਦੇ ਖਿਲਾਫ ਪੁਜਾਰੀਆਂ ਦਾ ਪਰਚਾ ਦਰਜ ਨਹੀਂ ਕੀਤਾ। ਕਿਉਂਕਿ ਅਕਾਲੀਆਂ ਨੇ ਆਪਣੇ ਫੱਟੜ ਰਾਤ ਨੂੰ ਹੀ ਹਸਪਤਾਲ ਭਰਤੀ ਕਰਵਾ ਦਿੱਤੇ ਸਨ ਤੇ ਕਿਹਾ ਕਿ ਸਾਡੇ ਸਿੰਘ ਸ਼ਹੀਦ ਹੋ ਜਾਣ ਦੀ ਖਬਰ ਸੁਣ ਕੇ ਆਪਣੇ ਬੰਦੇ ਆਪ ਹੀ ਫੱਟੜ ਕੀਤੇ ਹਨ। ਬਾਅਦ ਵਿਚ ਪਤਾ ਨਹੀਂ ਅਕਾਲੀਆਂ ਦਾ ਨਾਂਅ ਪਰਚੇ ਵਿਚ ਕਿਵੇਂ ਆਇਆ ਜਿਸ ਵਿਚ 9 ਜਨਵਰੀ 1922 ਨੂੰ 15 ਅਕਾਲੀਆਂ ਨੂੰ ਇਕ ਇਕ ਸਾਲ ਦੀ ਕੈਦ ਅਤੇ ਪੰਜਾਹ ਹਜ਼ਾਰ ਜੁਰਮਾਨਾ ਹੋਇਆ। ਜਦਕਿ ਪੰਦਰਾਂ ਪੁਜਾਰੀਆਂ ਨੂੰ ਤਿੰਨ ਤਿੰਨ ਸਾਲ ਦੀ ਕੈਦ ਤੇ ਪੰਜਾਹ ਹਜ਼ਾਰ ਜੁਰਮਾਨਾ ਹੋਇਆ। ਅਪੀਲ ਦੌਰਾਨ ਸੈਸ਼ਨ ਜੱਜ ਨੇ ਪੁਜਾਰੀਆਂ ਦੀ ਸਜ਼ਾ ਨੌਂ-ਨੌਂ ਮਹੀਨੇ ਅਤੇ ਅਕਾਲੀਆਂ ਦੀ ਛੇ-ਛੇ ਮਹੀਨੇ ਕਰ ਦਿੱਤੀ। ਤਰਨਤਾਰਨ ਦੇ ਨੇੜੇ 14 ਫਰਵਰੀ ਨੂੰ ਨੌਰੰਗਾਬਾਦ ਅਤੇ 18 ਫਰਵਰੀ 1921 ਨੂੰ ਖਡੂਰ ਸਾਹਿਬ ਦੇ ਮਹੰਤਾਂ ਨੇ ਅਕਾਲੀਆਂ ਤੋਂ ਡਰਦਿਆਂ ਪੰਥ ਦੀ ਪਾਬੰਦੀ ‘ਚ ਰਹਿ ਕੇ ਸੇਵਾ ਕਰਨੀ ਮੰਨ ਲਈ।

15. ਗੁਰਦੁਆਰਾ ਗੁਰੂ ਕੇ ਬਾਗ ‘ਤੇ ਕਬਜ਼ਾ

31 ਜਨਵਰੀ 1921 ਨੂੰ ਕਰਤਾਰ ਸਿੰਘ ਝੱਬਰ ਦੀ ਅਗਵਾਈ 50 ਸਿੰਘਾਂ ਦਾ ਜੱਥਾ ਅੰਮ੍ਰਿਤਸਰ ਤੋਂ ਟਾਂਗਿਆਂ ਰਾਹੀਂ ਅਤੇ ਉਥੋਂ ਪੈਦਲ ਚੱਲ ਕੇ ਗੁਰਦੁਆਰਾ ਗੁਰੂ ਕੇ ਬਾਗ ਘੁੱਕੇ ਵਾਲੀ ਰੋਡ ਪੁੱਜ ਗਿਆ। ਇਥੇ ਇਨ੍ਹਾਂ ਨੇ ਆਲੇ ਦੁਆਲੇ ਪਿੰਡਾਂ ਵਿਚ ਖਬਰ ਕਰ ਦਿੱਤੀ ਤਾਂ 400-500 ਸਿੰਘਾਂ ਦਾ ਇਕੱਠ ਹੋ ਗਿਆ। ਅਗਲੀ ਸਵੇਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਝੱਬਰ ਨੇ ਜਥੇ ਦੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਗੁਰਦੁਆਰੇ ਦੇ ਹਾਤੇ ਵਿਚ ਮਹੰਤ ਦੇ ਬੰਦਿਆਂ ਨੂੰ ਬਾਹਰ ਕੱਢ ਦਿਓ, ਪੰਜ ਸਿੰਘ ਗੁਰਦੁਆਰੇ ਦੇ ਅੰਦਰ ਬੈਠ ਜਾਓ, ਦਸ ਸਿੰਘ ਗੁਰਦੁਆਰੇ ਦੇ ਬਾਹਰਲੇ ਦਰਵਾਜ਼ੇ ਅੱਗੇ ਬੈਠੋ।ਅੱਜ ਸਾਰੇ ਸਿੰਘ ਰਾਤ ਗੁਰਦੁਆਰੇ ਵਿਚ ਹੀ ਰਹੋ। ਭਲਕੇ ਮਹੰਤ ਨੂੰ ਉਸਦੇ ਡੇਰੇ ਤੋਂ ਕੱਢਾਂਗੇ। ਇਸ ਕਾਰਵਾਈ ਨਾਲ ਮਹੰਤ ਡਰ ਗਿਆ, ਉਸ ਨੇ ਸਰਦਾਰ ਅਮਰ ਸਿੰਘ ਝਬਾਲ ਨੂੰ ਵਿਚ ਪਾ ਕੇ ਕਬਜ਼ਾ ਅਕਾਲੀਆਂ ਨੂੰ ਦੇਣ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਅੱਗੇ ਤੋਂ ਮੈਂ ਪ੍ਰਬੰਧਕ ਕਮੇਟੀ ਦੇ ਹੁਕਮ ਮੁਤਾਬਕ ਗੁਰਦੁਆਰਾ ਦਾ ਪ੍ਰਬੰਧ ਕਰਾਂਗਾ। ਪਰ ਸ.ਝੱਬਰ ਨੇ ਕਿਹਾ ਕਿ ਨਹੀਂ ਮਹੰਤ ਨੂੰ ਇਕ ਵਾਰੀ ਗੁਰਦੁਆਰੇ ‘ਚੋਂ ਜ਼ਰੂਰ ਕੱਢ ਕੇ ਇਸਦਾ ਕਬਜ਼ਾ ਤੋੜਨਾ ਲਾਜ਼ਮੀ ਹੈ। ਇਸ ‘ਤੇ ਮਹੰਤ ਸੁੰਦਰ ਦਾਸ ਨੇ ਇਕ ਕੋਰੇ ਕਾਗਜ਼ ‘ਤੇ ਇਕਰਾਰਨਾਮਾ ਲਿਖ ਕੇ ਦੇ ਦਿੱਤਾ ਕਿ ਉਹ ਕਬਜ਼ਾ ਛੱਡ ਰਿਹਾ ਹੈ। ਅਕਾਲੀਆਂ ਨੇ ਲੋਕਲ ਸੰਗਤ ਦੀ ਇਕ ਕਮੇਟੀ ਬਣਾ ਕੇ ਪ੍ਰਬੰਧ ਉਸਨੂੰ ਸੌਂਪ ਦਿੱਤਾ। ਇਸ ਮੌਕੇ ਵੀ ਅਮਰ ਸਿੰਘ ਝਬਾਲ ਮਹੰਤ ਦੇ ਹੱਕ ਵਿੱਚ ਹੀ ਭੁਗਤਿਆ।

ਇਸੇ ਸਾਲ ਮਾਰਚ ਵਿਚ ਜਦੋਂ ਮੂਹਰਲੀ ਕਤਾਰ ਦੀ ਅਕਾਲੀ ਲੀਡਰਸ਼ਿਪ ਜੇਲ੍ਹਾਂ ਵਿਚ ਜਾਣ ਕਰਕੇ ਅਕਾਲੀ ਲਹਿਰ ਠੰਢੀ ਪੈ ਗਈ ਤਾਂ ਮਹੰਤ ਨੇ ਦੁਬਾਰੇ ਕਬਜ਼ੇ ਦੀ ਸੋਚੀ। ਉਸਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੁਲਾਜ਼ਮ ਨੂੰ 500 ਰੁਪਏ ਰਿਸ਼ਵਤ ਦੇ ਕੇ ਆਪਣੇ ਇਕਰਾਰਨਾਮੇ ਵਾਲਾ ਕਾਗਜ਼ ਖਿਸਕਾ ਲਿਆ।

ਮਹੰਤ ਨੇ ਇਸ ਕਾਰਸਤਾਨੀ ਤੋਂ ਬਾਅਦ ਅਗਸਤ ਮਹੀਨੇ ਵਿਚ ਗੁਰਦੁਆਰੇ ‘ਤੇ ਕਬਜ਼ਾ ਕਰਕੇ ਲੋਕਲ ਕਮੇਟੀ ਦੇ ਸਕੱਤਰ ਨੂੰ ਦਫਤਰੋਂ ਕੱਢ ਦਿੱਤਾ ਅਤੇ ਉਸਦੇ ਕਾਗਜ਼ ਪੱਤਰ ਪਾੜ ਦਿੱਤੇ। 23 ਅਗਸਤ 1921 ਨੂੰ ਅਕਾਲੀਆਂ ਨੇ ਫੇਰ ਮਹੰਤ ਨੂੰ ਗੁਰਦੁਆਰਿਓਂ ਬਾਹਰ ਕੱਢ ਦਿੱਤਾ।

ਮਹੰਤ ਨੇ ਸਰਕਾਰੇ ਦਰਬਾਰੇ ਫਰਿਆਦ ਕੀਤੀ ਕਿ ਅਕਾਲੀਆਂ ਦਾ ਕਬਜ਼ਾ ਗੈਰ ਕਾਨੂੰਨੀ ਹੈ ਅਤੇ ਮੈਂ ਉਨ੍ਹਾਂ ਨਾਲ ਕੋਈ ਇਕਰਾਰ ਨਹੀਂ ਕੀਤਾ। ਇਸ ‘ਤੇ ਇਕ ਅੰਗਰੇਜ਼ ਅਫਸਰ ਮਿਸਟਰ ਮੈਕਫਰਸਨ ਪੁਲਿਸ ਲੈਕੇ ਗੁਰਦੁਆਰਾ ਗੁਰੂ ਕੇ ਬਾਗ ਪੁੱਜਿਆ। ਉਥੇ ਮੌਜੂਦ ਅਕਾਲੀ ਆਗੂ ਸ. ਦਾਨ ਸਿੰਘ ਨੇ ਅੰਗਰੇਜ਼ ਨੂੰ ਦੱਸਿਆ ਕਿ ਮਹੰਤ ਨੇ ਇਕ ਲਿਖਤ ਰਾਹੀਂ ਕਬਜ਼ਾ ਲੋਕਲ ਕਮੇਟੀ ਨੂੰ ਦਿੱਤਾ ਸੀ, ਪਰ ਉਹ ਲਿਖਤ ਤਾਂ ਲੱਭ ਨਹੀਂ ਰਹੀ ਪਰ ਪੁਰਾਣੇ ਅਖਬਾਰਾਂ ਵਿਚ ਮਹੰਤ ਵਲੋਂ ਕਬਜ਼ਾ ਛੱਡਣ ਦੀਆਂ ਲੱਗੀਆਂ ਖਬਰਾਂ ਦਿਖਾਈਆਂ। ਇਹ ਖਬਰਾਂ ਦੇਖ ਕੇ ਹੀ ਅੰਗਰੇਜ਼ ਅਫਸਰ ਨੇ ਅਕਾਲੀਆਂ ਦੀ ਗੱਲ ਨੂੰ ਸੱਚ ਮੰਨਿਆ ਅਤੇ ਮਹੰਤ ਸੁੰਦਰ ਦਾਸ ਨੂੰ ਉਥੋਂ ਤਿੱਤਰ ਹੋ ਜਾਣ ਦਾ ਹੁਕਮ ਸੁਣਾਇਆ। ਉਹਨੇ ਗੁਰਦੁਆਰੇ ਦੀ ਰਾਖੀ ਵਾਸਤੇ ਇਕ ਪੁਲਿਸ ਦਸਤਾ ਵੀ ਬਿਠਾ ਦਿੱਤਾ। ਕੁਝ ਦਿਨਾਂ ਬਾਅਦ ਉਹਨੇ ਕਮੇਟੀ ਨੂੰ ਲਿਿਖਆ ਕਿ ਹੁਣ ਪੁਲਿਸ ਰਾਖੀ ਦੀ ਲੋੜ ਨਹੀਂ ਜਾਪਦੀ ਪਰ ਜੇ ਫਿਰ ਵੀ ਕਮੇਟੀ ਚਾਹੁੰਦੀ ਹੈ ਤਾਂ ਪੁਲਿਸ ਦਾ ਖਰਚਾ ਭਰ ਕੇ ਪਹਿਰਾ ਹੋਰ ਵਧਾ ਸਕਦੀ ਹੈ। ਕਮੇਟੀ ਨੇ ਸਰਕਾਰ ਨੂੰ ਲਿਿਖਆ ਕਿ ਹੁਣ ਸਭ ਠੀਕ-ਠਾਕ ਹੈ ਪੁਲਿਸ ਦੀ ਲੋੜ ਨਹੀਂ।

ਹੋਰ ਗੁਰਦੁਆਰਿਆਂ ‘ਤੇ ਕਬਜ਼ੇ

ਇਥੇ ਗੱਲ ਜ਼ਿਕਰਯੋਗ ਹੈ ਕਿ ਅਕਾਲੀ ਜਥੇ ਉਨ੍ਹਾਂ ਪ੍ਰਮੁੱਖ ਗੁਰਦੁਆਰਿਆਂ ‘ਤੇ ਵੀ ਕਬਜ਼ੇ ਕਰ ਰਹੇ ਸਨ ਜਿਨ੍ਹਾਂ ਦੇ ਪੁਜਾਰੀਆਂ ਬਾਰੇ ਗੁਰਮਤਿ ਦੀ ਘੋਰ ਉਲੰਘਣਾ ਅਤੇ ਨਿੱਜੀ ਆਚਰਨ ਬਾਰੇ ਸ਼ਿਕਾਇਤਾਂ ਸਨ। ਇਸੇ ਦੌਰਾਨ ਅਕਾਲੀਆਂ ਨੇ ਹੋਰ ਬਹੁਤ ਸਾਰੇ ਗੁਰਦੁਆਰਿਆਂ ‘ਤੇ ਕਬਜ਼ੇ ਕੀਤੇ। ਇਨ੍ਹਾਂ ਵਿਚ ਭਾਈ ਜੋਗਾ ਸਿੰਘ ਦਾ ਗੁਰਦੁਆਰਾ ਪਿਸ਼ੌਰ, ਗੁਰਦੁਆਰਾ ਜਮਰੌਦ, ਸੱਚਾ ਸੌਦਾ ਗੁਰਦੁਆਰੇ ਨੇੜੇ ਗੁਰਦੁਆਰਾ ਬਾਵੇ ਕੀ ਕੇਰ, ਸ਼ੇਖੂਪੁਰੇ ਮਹਾਰਾਣੀ ਨਕੈਣ ਦਾ ਗੁਰਦੁਆਰਾ ਪ੍ਰਮੁੱਖ ਹਨ। ਇਨ੍ਹਾਂ ਦਿਨਾਂ ਵਿਚ ਅਕਾਲੀਆਂ ਦਾ ਦਬਕਾ ਐਨਾ ਹੋ ਗਿਆ ਸੀ ਕਿ ਬਹੁਤ ਸਾਰੇ ਗੁਰਦੁਆਰਿਆਂ ਦੇ ਮਹੰਤ ਮੁਆਫੀ ਮੰਗ ਕੇ ਪੰਥਕ ਮਰਿਆਦਾ ਮੁਤਾਬਕ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਰਾਜ਼ੀ ਹੋ ਗਏ।

16. ਕਬਜ਼ਿਆਂ ਬਾਰੇ ਸਰਕਾਰ ਚੁੱਪ

ਇਥੇ ਇਹ ਗੱਲ ਧਿਆਨ ਮੰਗਦੀ ਹੈ ਕਿ ਆਪਣੇ ਧਾਰਮਿਕ ਫਰਜ਼ਾਂ ਪੱਖੋਂ ਤਾਂ ਅਕਾਲੀਆਂ ਦਾ ਗੁਰਦੁਆਰਿਆਂ ‘ਤੇ ਕਬਜ਼ਾ ਕਰਨ ਦਾ ਕੰਮ ਜਾਇਜ਼ ਸੀ ਪਰ ਸਰਕਾਰੀ ਨਜ਼ਰੀਏ ਤੋਂ ਇਹ ਕੰਮ ਗੈਰ ਕਾਨੂੰਨੀ ਸੀ। ਗੁਰਦੁਆਰਿਆਂ ‘ਤੇ ਕਬਜ਼ਿਆਂ ਦੀਆਂ ਉਪਰ ਦੱਸੀਆਂ ਘਟਨਾਵਾਂ ਨੂੰ ਜੇ ਦੇਖਿਆ ਜਾਵੇ ਤਾਂ ਨਨਕਾਣਾ ਸਾਹਿਬ ਦੇ ਸਾਕੇ ਤਕ ਸਰਕਾਰ ਨੇ ਮਹੰਤਾਂ ਦੀਆਂ ਅਰਜ਼-ਦਰਖਾਸਤਾਂ ਦੇ ਬਾਵਜੂਦ ਵੀ ਅਕਾਲੀਆਂ ਨੂੰ ਕਬਜ਼ੇ ਕਰਨ ਤੋਂ ਨਹੀਂ ਰੋਕਿਆ, ਸਗੋਂ ਕਈ ਥਾਈਂ ਕਬਜ਼ਿਆਂ ਵਿਚ ਅਸਿੱਧੀ ਅਤੇ ਸਿੱਧੀ ਸਹਾਇਤਾ ਵੀ ਕੀਤੀ। ਇਕ ਤਰ੍ਹਾਂ ਨਾਲ ਇਹ ਸਿੱਧਾ ਪੱਖਪਾਤ ਸੀ। ਸੋ ਮਹੰਤਾਂ ਦੇ ਹਮਾਇਤੀਆਂ ਵਲੋਂ ਸਰਕਾਰ ‘ਤੇ ਪੱਖਪਾਤ ਦਾ ਇਲਜ਼ਾਮ ਸ਼ੋਭਦਾ ਹੈ ਪਰ ਸਿੱਖਾਂ ਵਲੋਂ ਅੰਗਰੇਜ਼ ਸਰਕਾਰ ਨੂੰ ਮਹੰਤਾਂ ਪੱਖੀ ਕਹਿਣਾ ਕਿਸੇ ਤਰ੍ਹਾਂ ਵੀ ਯੋਗ ਨਹੀਂ।

17. ਗਾਂਧੀ ਨੂੰ ਮਹੰਤਾਂ ਨਾਲ ਹੇਜ਼

ਉਸ ਵੇਲੇ ਦਾ ਕਾਂਗਰਸ ਦਾ ਚੋਟੀ ਦਾ ਆਗੂ ਮੋਹਨ ਦਾਸ ਕਰਮਚੰਦ ਗਾਂਧੀ ਸਿੱਖ ਵਿਰੋਧੀ ਉਸ ਮਾਨਸਿਕਤਾ ਦੀ ਤਰਜ਼ਮਾਨੀ ਕਰਦਾ ਸੀ ਜੋ ਕਿ ਸਿੱਖਾਂ ਨੂੰ ਹਿੰਦੂ ਬਣਾਉਣ ਲਈ ਗੁਰਦੁਆਰਿਆਂ ਨੂੰ ਮੰਦਰਾਂ ਵਿਚ ਤਬਦੀਲ ਕਰਨ ਦੇ ਏਜੰਡੇ ‘ਤੇ ਕੰਮ ਕਰ ਰਿਹਾ ਸੀ। ਗੁਰਦੁਆਰਿਆਂ ‘ਤੇ ਕਾਬਜ਼ ਮਹੰਤ ਇਸ ਏਜੰਡੇ ਨੂੰ ਬਾਖੂਬੀ ਨਿਭਾਉਂਦੇ ਹੋਏ ਇਸੇ ਬ੍ਰਾਹਮਣਵਾਦੀ ਲਾਬੀ ਦੇ ਹੱਥਠੋਕੇ ਬਣੇ ਹੋਏ ਸਨ। ਗਾਂਧੀ ਨੂੰ ਸਿੱਖਾਂ ਨਾਲ ਹਮਦਰਦੀ ਦਿਖਾਉਣ ਦੀ ਸਿਰਫ ਇਹ ਮਜ਼ਬੂਰੀ ਸੀ ਕਿ ਉਹ ਸਿੱਖਾਂ ਦੇ ਗੁੱਸੇ ਨੂੰ ਸਰਕਾਰ ਵਿਰੋਧੀ ਗੁੱਸੇ ਵਿਚ ਬਦਲ ਸਕੇ। ਇਸਦੇ ਨਾਲ ਨਾਲ ਉਹਨੂੰ ਗੁਰਦੁਆਰਿਆਂ ਵਿਚ ਪੰਥਕ ਮਰਿਯਾਦਾ ਬਹਾਲ ਹੋਣੀ ਚੁੱਭ ਰਹੀ ਸੀ। ਸਿੱਖਾਂ ਨਾਲ ਹਮਦਰਦੀ ਦੀ ਮਜ਼ਬੂਰੀ ਦੇ ਬਾਵਜੂਦ ਵੀ ਉਹ ਮਹੰਤਾਂ ਨਾਲ ਹੇਜ਼ ਕਰਨੋਂ ਨਹੀਂ ਰੁਕਿਆ।

ਹਾਲੇ ਗੁਰਦੁਆਰਿਆਂ ‘ਤੇ ਕਬਜ਼ੇ ਦੀ ਸ਼ੁਰੂਆਤ ਹੀ ਹੋਈ ਸੀ ਸਿਰਫ ਸਿਆਲਕੋਟ ਅਤੇ ਅਕਾਲ ਤਖਤ ਸਾਹਿਬ ‘ਤੇ ਹੀ ਇਕ ਅਕਾਲੀਆਂ ਦਾ ਕਬਜ਼ਾ ਹੋਇਆ ਸੀ। ਇਨ੍ਹਾਂ ਦੋ ਕਬਜ਼ਿਆਂ ਦਾ ਹੀ ਗਾਂਧੀ ਨੂੰ ਏਨਾ ਦੁੱਖ ਹੋਇਆ ਕਿ 20 ਅਕਤੂਬਰ 1920 ਨੂੰ ਲਾਹੌਰ ਦੇ ਬਰੈਡਲੇ ਹਾਲ ਵਿਚ ਚੱਲ ਰਹੇ ਸਿੱਖ ਲੀਗ ਦੇ ਸਮਾਗਮ ਮੌਕੇ ਗਾਂਧੀ ਨੇ ਇਹ ਆਖਿਆ:

ਮੁਝੇ ਮਾਲੂਮ ਹੂਆ ਹੈ ਕਿ ਕੁਛ ਨੌਜਵਾਨ ਸਿੱਖ ਗੁਰਦੁਆਰੋਂ ਪਰ ਕਬਜ਼ੇ ਕਰ ਰਹੇ ਹੈਂ ਯਿਹ ਠੀਕ ਨਹੀਂ ਹੈ, ਮਹੰਤ ਲੋਗੋਂ ਕੋ ਨਿਕਾਲ ਕਰ ਗੁਰਦੁਆਰੋਂ ਕਾ ਕਬਜ਼ਾ ਕਰਨਾ ਜਬਰ ਹੈ। ਕਾਂਗਰਸ ਦਾ ਕਾਮ ਕਰਨਾ ਚਾਹੀਏ।

18. ਗਾਂਧੀ ਦਾ ਫੇਰ ਸੁਨੇਹਾ ‘ਕਬਜ਼ੇ ਨਾ ਕਰੋ’

ਅਕਾਲ ਤਖਤ ਸਾਹਿਬ ‘ਤੇ ਕਬਜ਼ੇ ਤੋਂ ਬਾਅਦ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਜਿਹੜਾ ਜੱਥਾ ਪੰਜਾ ਸਾਹਿਬ ਨੂੰ ਰਵਾਨਾ ਹੋਇਆ, ਉਹਨੇ 17 ਨਵੰਬਰ 1920 ਦੀ ਰਾਤ ਲਾਹੌਰ ਦੇ ਗੁਰਦੁਆਰਾ ਸ਼ਹੀਦ ਗੰਜ ਮੁਕਾਮ ਕੀਤਾ। ਇਥੇ ਹੀ ਮਹਾਤਮਾ ਗਾਂਧੀ ਦਾ ਸੁਨੇਹਾ ਲੈ ਕੇ ਸਰਦਾਰ ਅਮਰ ਸਿੰਘ ਝਬਾਲੀ ਸ. ਝੱਬਰ ਪਾਸ ਪਹੁੰਚੇ ਅਤੇ ਕਿਹਾ:

”ਮਹਾਤਮਾ ਗਾਂਧੀ ਆਖਦੇ ਹਨ ਕਿ ਇਸੇ ਸਾਲ 31 ਦਸੰਬਰ ਸਵਰਾਜ ਹੋ ਜਾਣਾ ਹੈ (ਭਾਵ ਕਾਂਗਰਸ ਦਾ ਰਾਜ-ਭਾਗ ਹੋ ਜਾਣਾ ਹੈ।) ਸੋ ਤੁਸੀਂ ਸਾਰੇ ਜਣੇ ਗੁਰਦੁਆਰਿਆਂ ਦੇ ਕਬਜ਼ਿਆਂ ਦਾ ਕੰਮ ਛੱਡ ਕੇ ਕਾਂਗਰਸ ਦਾ ਕੰਮ ਕਰੋ। ਜਦੋਂ ਕਾਂਗਰਸ ਦੇ ਹੱਥ ਰਾਜ ਆ ਗਿਆ ਤੁਹਾਡੇ ਸਾਰੇ ਮਸਲੇ ਹੱਲ ਕਰ ਦਿਆਂਗੇ।”

ਏਸ ਦੇ ਜੁਆਬ ਵਿਚ ਸ. ਝੱਬਰ ਨੇ ਆਖਿਆ ”ਸ. ਸਾਹਿਬ! ਮੈਨੂੰ ਗਾਂਧੀ ਜੀ ਦੇ ਇਸ ਪ੍ਰੋਗਰਾਮ ‘ਤੇ ਫਿਲਹਾਲ ਕੋਈ ਯਕੀਨ ਨਹੀਂ ਕਿ ਐਡੀ ਛੇਤੀ ਅੰਗਰੇਜ਼ ਹਿੰਦੁਸਤਾਨ ਛੱਡ ਕੇ ਟੁਰ ਜਾਣ, ਪਰ ਜੇਕਰ ਇਹ ਗੱਲ ਮੰਨ ਵੀ ਲਈ ਜਾਵੇ ਤੇ ਸਵਰਾਜ ਹੋ ਵੀ ਜਾਵੇ ਤਾਂ ਸਾਡੇ ਗੁਰਦੁਆਰੇ ਹੋਰ ਜ਼ਿਆਦਾ ਖਤਰੇ ਵਿਚ ਪੈ ਜਾਣਗੇ। ਆਜ਼ਾਦ ਹਿੰਦੁਸਤਾਨ ਵਿਚ ਹਿੰਦੂ ਰਾਜ ਹੋਵੇਗਾ। ਇਸ ਵੇਲੇ ਰਾਜ ਅੰਗਰੇਜ਼ ਦਾ ਹੈ। ਅਸੀਂ ਗੁਰਦੁਆਰਿਆਂ ‘ਤੇ ਕਬਜ਼ੇ ਕਰਦੇ ਹਾਂ। ਹਕੂਮਤ ਚੁੱਪ ਹੈ ਕਿਉਂਕਿ ਅੰਗਰੇਜ਼ਾਂ ਦਾ ਸਾਡੇ ਨਾਲ ਕੋਈ ਧਾਰਮਿਕ ਵਿਰੋਧ ਨਹੀਂ। ਜੇਕਰ ਗਾਂਧੀ ਦੇ ਕਹੇ ਮੁਤਾਬਕ ਸੱਚਮੁੱਚ ਹਿੰਦੂ ਰਾਜ ਹੋ ਜਾਵੇ ਤਾਂ ਫਿਰ ਸਾਨੂੰ ਗੁਰਦੁਆਰਿਆਂ ਦੇ ਨੇੜੇ ਕਿਸੇ ਨਹੀਂ ਆਉਣ ਦੇਣਾ। ਹਿੰਦੂ ਸਾਡੇ ਨਾਲ ਧਾਰਮਿਕ ਵਿਰੋਧ ਰੱਖਦਾ ਹੈ। ਇਸ ਲਈ ਅਸੀਂ ਪੰਜਾ ਸਾਹਿਬ ਜ਼ਰੂਰ ਜਾਵਾਂਗੇ।

ਸ. ਝੱਬਰ ਦਾ ਇਹ ਬਿਆਨ ਇਕ ਪਾਸੇ ਸਰਕਾਰ ਵਲੋਂ ਮਹੰਤਾਂ ਦੀ ਪਿੱਠ ਥਾਪੜਣ ਵਾਲੇ ਦੋਸ਼ ਦਾ ਖੰਡਨ ਕਰਦਾ ਹੈ, ਦੂਜਾ ਉਨ੍ਹਾਂ ਦੀ ਦੂਰਅੰਦੇਸ਼ੀ ਨੂੰ ਵੀ ਜ਼ਾਹਰ ਕਰਦਾ ਹੈ ਜਿਸ ਵਿਚ ਉਨ੍ਹਾਂ ਨੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਗੁਰਦੁਆਰਿਆਂ ਦੀ ਆਜ਼ਾਦੀ ਵਧੇਰੇ ਖਤਰੇ ਵਿਚ ਪੈ ਜਾਵੇਗੀ। ਤੀਜਾ ਇਹ ਗਲ ਵੀ ਸਾਬਤ ਹੁੰਦੀ ਹੈ ਕਿ ਅਮਰ ਸਿੰਘ ਝਬਾਲ ਵਰਗੇ ਉਚ ਕੋਟੀ ਦੇ ਅਕਾਲੀ ਆਗੂਆਂ ਨੂੰ ਗੁਰੁਦਆਰਿਆਂ ਦੀ ਅਜਾਦੀ ਦਾ ਫਿਕਰ ਘੱਟ ਅਤੇ ਗਾਂਧੀ ਦੇ ਏਲਚੀ ਬਣਨ ਦੀ ਜਿਆਦੇ ਖਸ਼ੀ ਸੀ । ਅੱਗੇ ਦੱਸਿਆ ਜਾਵੇਗਾ ਕਿ ਇਹ ਝਬਾਲ ਭਾਈ ਕਿਵੇਂ ਗਾਂਧੀ ਦੇ ਏਜੰਡੇ ਤੇ ਕੰਮ ਕਰ ਰਹੇ ਸਨ ।

19. ਨਨਕਾਣਾ ਸਾਹਿਬ ਕਬਜ਼ੇ ਦੀਆਂ ਤਿਆਰੀਆਂ

ਗੁਰਦੁਆਰਾ ਖਰਾ ਸੌਦਾ (ਸੱਚਾ ਸੌਦਾ) ‘ਤੇ ਕਬਜ਼ਾ ਹੋਣ ਕਰਕੇ ਨਨਕਾਣਾ ਸਾਹਿਬ ਦੇ ਨੇੜੇ ਅਕਾਲੀਆਂ ਨੂੰ ਇਕ ਚੰਗਾ ਹੈੱਡਕੁਆਰਟਰ ਮੁਹੱਈਆ ਹੋ ਗਿਆ। ਮਾਇਆ ਦੀ ਘਾਟ ਵੀ ਹੌਲੀ ਹੌਲੀ ਪੂਰੀ ਹੋਣ ਲੱਗੀ। ਇਥੋਂ ਹੀ ਉਨ੍ਹਾਂ ਨੇ ਨਨਕਾਣਾ ਸਾਹਿਬ ‘ਤੇ ਕਬਜ਼ੇ ਦੀਆਂ ਵਿਉਂਤਾ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਇਸ ਬਾਰੇ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਨੂੰ ਸ਼ਰੇਆਮ ਲਲਕਾਰਨਾ ਵੀ ਸ਼ੁਰੂ ਕਰ ਦਿੱਤਾ।

ਧਾਰਮਿਕ ਦੀਵਾਨਾਂ ਦੇ ਜ਼ਰੀਏ ਅਕਾਲੀਆਂ ਨੇ ਅੰਦਰੂਨੀ ਰੂਪ ਵਿਚ ਕਬਜ਼ੇ ਲਈ ਲਾਮਬੰਦੀ ਸ਼ੁਰੂ ਕੀਤੀ ਹੋਈ ਸੀ, ਇਕ ਦਿਨ ਸ਼ੇਖੂਪੁਰਾ ਜ਼ਿਲ੍ਹੇ ਦੇ ਪਿੰਡ ਧਾਰੋਵਾਲੀ ਵਿਚ ਸਿੱਖਾਂ ਦਾ ਦੀਵਾਨ ਸਜਿਆ ਹੋਇਆ ਸੀ ਤੇ ਸ. ਕਰਤਾਰ ਸਿੰਘ ਝੱਬਰ ਤਕਰੀਰ ਕਰ ਰਹੇ ਸਨ। ਦੀਵਾਨ ਦੇ ਇਕ ਪਾਸੇ ਮਹੰਤ ਨਰੈਣ ਦਾਸ ਦੇ ਹਮਾਇਤੀ ਮਹੰਤ ਸੁੰਦਰ ਦਾਸ ਸ਼ਤਾਬਗੜ੍ਹੀਆ ਤੇ ਸੰਤ ਹਰੀ ਦਾਸ ਸੂਹੀਏ ਬਣਕੇ ਅਕਾਲੀਆਂ ਦੀ ਵਿਉਂਤਬੰਦੀ ਦਾ ਜਾਇਜ਼ਾ ਲੈਣ ਲਈ ਖੜ੍ਹੇ ਸਨ। ਜਿਉਂ ਹੀ ਸ. ਝੱਬਰ ਦੀ ਨਿਗਾਹ ਇਨ੍ਹਾਂ ‘ਤੇ ਪਈ ਤਾਂ ਉਨ੍ਹਾਂ ਨੇ ਤਕਰੀਰ ਦਾ ਰੁੱਖ ਬਦਲਦਿਆਂ ਨਨਕਾਣਾ ਸਾਹਿਬ ਦੇ ਬਦਚਲਣ ਮਹੰਤ ਨਰੈਣ ਦਾਸ ਦੀਆਂ ਕਹਾਣੀਆਂ ਛੇੜਦੇ ਹੋਏ ਆਖਿਆ:

”ਖਾਲਸਾ ਜੀ ਹੁਣ ਸਮਾਂ ਨੇੜੇ ਆ ਰਿਹਾ ਹੈ ਜਿਸ ਦਿਨ ਖਾਲਸਾ ਨਰੈਣ ਦਾਸ ਮਹੰਤ, ਜੋ ਆਈਆਂ ਸਿੱਖ ਸੰਗਤਾਂ ਨੂੰ ਕਾਲੇ ਫਨੀਅਰ ਵਾਂਗੂੰ ਫੁੰਕਾਰੇ ਮਾਰ ਮਾਰ ਡਰਾਂਉਦਾ ਹੈ ਅਤੇ ਜੋ ਅਜਿਹੇ ਪਵਿੱਤਰ ਗੁਰਧਾਮ ਦਾ ਮਹੰਤ ਹੁੰਦਾ ਹੋਇਆ ਡੂਮਣੀ ਨੂੰ ਘਰ ਵਸਾਈ ਬੈਠਾ ਹੈ, ਦੇ ਫਨੀਅਰ ਫਨ ਨੂੰ ਖਾਲਸਾ ਕੁਚਲੇਗਾ?”

20. ਮਹੰਤ ਦਾ ਸਿਰ ਵੱਢਣ ਦੀਆਂ ਗੱਲਾਂ

ਉਪਰੋਕਤ ਦੀਵਾਨ ਵਿਚ ਝੱਬਰ ਦੀ ਤਕਰੀਰ ਹਾਲੇ ਵਿਚੇ ਹੀ ਸੀ ਕਿ ਸੰਗਤ ਵਿਚ ਇਕ ਨੌਜਵਾਨ ਹੱਥ ਜੋੜਕੇ ਖੜ੍ਹਾ ਹੋਇਆ ਤੇ ਬੋਲਿਆ, ”ਸੱਚੇ ਪਾਤਸ਼ਾਹ ਦਾਸ ਨੂੰ ਹੁਕਮ ਹੋਵੇ ਤਾਂ ਦਾਸ ਮਹੰਤ ਨਰੈਣ ਦਾਸ ਦਾ ਸਿਰ ਵੱਢ ਲਿਆਉਂਦਾ ਹਾਂ।”

ਝੱਬਰ ਜੀ ਨੇ ਉਸ ਸਿੰਘ ਨੂੰ ਸਮਝਾ ਬੁਝਾ ਕੇ ਬਿਠਾ ਦਿੱਤਾ। ਜਦ ਝੱਬਰ ਜੀ ਲੈਕਚਰ ਖਤਮ ਕਰਕੇ ਬੈਠੇ ਤਾਂ ਦੀਵਾਨ ਦੇ ਸਕੱਤਰ ਨੇ ਪੋਚਾ ਪਾਉਣ ਦੀ ਖਾਤਰ ਇਹ ਕਿਹਾ ਕਿ ”ਖਾਲਸਾ ਜੀ ਉਸ ਨੌਜਵਾਨ ਸਿੰਘ ਨੇ ਭਾਵੇਂ ਅਜਿਹੇ ਸ਼ਬਦ ਵਰਤੇ ਹਨ ਪਰ ਉਸ ਦਾ ਭਾਵ ਸਿਰ ਵੱਢਣ ਦਾ ਨਹੀਂ ਸੀ, ਇਹ ਸੁਣਦੇ ਹੀ ਉਹ ਨੌਜਵਾਨ ਫਿਰ ਖੜ੍ਹਾ ਹੋ ਗਿਆ ਤੇ ਬੋਲਿਆ:

”ਸੱਚੇ ਪਾਤਸ਼ਾਹ ਮੈਂ ਕਦੀ ਝੂਠ ਤੇ ਨਹੀਂ ਆਖਦਾ ਮੇਰੇ ਪਾਸ ਛੱਵੀ ਭੀ ਹੈ ਤੁਸੀਂ ਹੁਕਮ ਦਿਓ, ਜੇਕਰ ਮੈਂ ਮਹੰਤ ਨਰੈਣ ਦਾਸ ਦਾ ਸਿਰ ਵੱਢ ਕੇ ਨਾ ਲਿਆਵਾਂ ਤਾਂ ਮੈਂ ਆਪਣੇ ਪਿਓ ਦਾ ਪੁੱਤਰ ਨਹੀਂ।” ਇਸ ਪ੍ਰੇਮੀ ਨੇ ਇਸ ਤੋਂ ਥੋੜ੍ਹਾ ਚਿਰ ਪਿਛੋਂ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਮੋਹਰੀਆਂ ਵਿਚ ਥਾਂ ਹਾਸਲ ਕੀਤੀ।

ਇਸੇ ਤਰ੍ਹਾਂ ਸ਼ੇਖੂਪੁਰੇ ਮਹਾਰਾਣੀ ਨਕੈਣ ਦੇ ਗੁਰਦੁਆਰੇ ਮਹੰਤ ਨਰੈਣ ਦਾਸ ਦਾ ਇਕ ਚੇਲਾ ਲੱਧਾ ਰਾਮ ਦਾਰੂ ਦੀ ਲੋਰ ਵਿਚ ਦੀਵਾਨ ਵਾਲੀ ਥਾਂ ਪਹੁੰਚ ਗਿਆ। ਲੋਰ ਵਿਚ ਆ ਕੇ ਅਕਾਲੀਆਂ ਨੂੰ ਝੇਡ ਕਰਕੇ ਆਖਣ ਲੱਗਾ ਕਿ ਮੈਨੂੰ ਝੱਬਰ ਵਿਖਾਓ ਕਿਹੜਾ ਹੈ? ਮੈਂ ਵੀ ਉਹਦੇ ਜੱਥੇ ਵਿਚ ਭਰਤੀ ਹੋਣਾ ਹੈ। ਅਕਾਲੀਆਂ ਨੇ ਓਹਦੀ ਚੰਗੀ ਛਿੱਤਰ ਪਰੇਡ ਕਰਕੇ ਮੂੰਹ ਕਾਲਾ ਕੀਤਾ ਤੇ ਗਧੇ ‘ਤੇ ਜਲੂਸ ਕੱਢਿਆ ਅਤੇ ਸ. ਝੱਬਰ ਨੇ ਲਲਕਾਰ ਕੇ ਆਖਿਆ ”ਲੱਧਾ ਰਾਮ! ਮੇਰਾ ਇਕ ਸੁਨੇਹਾ ਹੈ ਜੋ ਚੰਗੀ ਤਰ੍ਹਾਂ ਕੰਨ ਖੋਲ੍ਹ ਕੇ ਸੁਣ ਲੈ ਅਤੇ ਇਹ ਸੁਨੇਹਾ ਆਪਣੇ ਗੁਰੂ ਮਹੰਤ ਨਰੈਣ ਦਾਸ ਨੂੰ ਜਾ ਕੇ ਦੇਵੀਂ ਕਿ ਅਕਾਲੀਆਂ ਨੇ ਤੇਰੇ ਇਕ ਚੇਲੇ ਨੂੰ ਭਰਤੀ ਕਰ ਲਿਆ ਹੈ, ਹੁਣ ਤੈਨੂੰ ਭਰਤੀ ਕਰਨ ਲਈ ਮੈਂ ਸ੍ਰੀ ਨਨਕਾਣਾ ਸਾਹਿਬ ਖੁਦ ਆਵਾਂਗਾ।”

21. ਨਰੈਣ ਦਾਸ ਵਲੋਂ ਸਰਕਾਰ ਕੋਲ ਪਹੁੰਚ

ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਕਬਜ਼ੇ ਦੇ ਖਤਰੇ ਨੂੰ ਭਾਂਪਦਿਆਂ ਆਪਣੇ ਖਾਸਮ-ਖਾਸ ਕਰਤਾਰ ਸਿੰਘ ਬੇਦੀ ਪਾਸ ਪਹੁੰਚ ਕੀਤੀ। ਇਹ ਕਰਤਾਰ ਸਿੰਘ ਬੇਦੀ ਗਵਰਨਰ ਪੰਜਾਬ ਦੇ ਐਗਜੈਕਟਿਵ ਕੌਂਸਲ ਮੈਂਬਰ ਸੀ ਅਤੇ ਇਹ ਉਨ੍ਹਾਂ ਬੇਦੀ ਜਗੀਰਦਾਰਾਂ ਵਿਚੋਂ ਇਕ ਸੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਕੁੱਲ ‘ਚੋਂ ਹੋਣ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਜਗੀਰਾਂ ਲਾਈਆਂ ਹੋਈਆਂ ਸਨ। ਕਰਤਾਰ ਸਿੰਘ ਬੇਦੀ ਨੇ ਲਾਹੌਰ ਡਵੀਜ਼ਨ ਦੇ ਕਮਿਸ਼ਨਰ ਮਿਸਟਰ ਸੀ.ਕੇ. ਕਿੰਗ ਕੋਲੋਂ ਮਹੰਤ ਖਾਤਰ ਹਿਫਾਜ਼ਤ ਮੰਗੀ। ਕਮਿਸ਼ਨਰ ਨੇ ਬੜਾ ਟਰਕਾਊ ਜਿਹਾ ਜੁਆਬ ਦਿੰਦਿਆਂ ਬੇਦੀ ਨੂੰ ਆਖਿਆ ਕਿ ਮਹੰਤ ਨੂੰ ਜਿਹੜੇ ਬੰਦਿਆਂ ਤੋਂ ਖਤਰਾ ਜਾਪਦਾ ਹੈ ਉਨ੍ਹਾਂ ਦੀਆਂ ਜ਼ਮਾਨਤਾਂ ਲਈ ਉਹ ਸੀ.ਆਰ.ਪੀ.ਸੀ. ਦੀ ਦਫਾ 107 (ਜੀਹਨੂੰ ਅੱਜ ਕਲ੍ਹ ਸੱਤ ਇਕਵੰਜਾ ਆਖਦੇ ਹਨ) ਦੇ ਤਹਿਤ ਜ਼ਮਾਨਤਾਂ ਲੈਣ ਦੀ ਵੀ ਦਰਖਾਸਤ ਮੈਜਿਸਟ੍ਰੇਟ ਕੋਲ ਦੇ ਸਕਦਾ ਹੈ। ਜੇ ਫੇਰ ਵੀ ਖਤਰਾ ਨਾ ਟਲੇ ਤਾਂ ਡੀ.ਸੀ. ਨੂੰ ਦਰਖਾਸਤ ਦੇ ਕੇ ਪੁਲਿਸ ਦੀ ਗਾਰਦ ਵੀ ਲੈ ਸਕਦਾ ਹੈ ਪਰ ਪੁਲਸ ਦਾ ਖਰਚਾ ਮਹੰਤ ਨੂੰ ਭਰਨਾ ਪਵੇਗਾ। ਜੇ ਇਸਦੇ ਬਾਵਜੂਦ ਵੀ ਕੋਈ ਗੁਰਦੁਆਰੇ ‘ਤੇ ਕਬਜ਼ਾ ਕਰ ਲੈਂਦਾ ਹੈ ਤਾਂ ਮਹੰਤ ਫੇਰ ਵੀ ਆਪਣੀ ਬਹਾਲੀ ਲਈ ਦੀਵਾਨੀ ਦਾਅਵਾ ਕਰ ਸਕਦਾ ਹੈ। ਦੋਸ਼ੀਆਂ ਨੂੰ ਸਜ਼ਾ ਦੇਣ ਲਈ ਮੁਕੱਦਮਾ ਕਰ ਸਕਦਾ ਹੈ।

22. ਮਹੰਤ ਦਾ ਡਰ ਹੋਰ ਵਧਿਆ

ਗਵਰਨਰ ਦੀ ਐਗਜ਼ੈਕਟਿਵ ਕੌਂਸਲ ਦੇ ਮੈਂਬਰ ਦਾ ਰੁਤਬਾ ਮੰਤਰੀ ਬਰਾਬਰ ਦਾ ਸੀ। ਜਦੋਂ ਏਨੇ ਅਸਰ ਰਸੂਖ ਵਾਲੇ ਬੰਦੇ ਰਾਹੀਂ ਵੀ ਜੇ ਮਹੰਤ ਸਰਕਾਰ ਤੋਂ ਆਪਣੀ ਹਿਫਾਜ਼ਤ ਬਾਰੇ ਕੋਈ ਠੋਸ ਯਕੀਨ ਦਹਾਨੀ ਨਾ ਲੈ ਸਕਿਆ ਤਾਂ ਉਸਦਾ ਡਰ ਹੋਰ ਵਧ ਗਿਆ। ਓਹਨੇ 500 ਸਾਧ ਮੁਕਤਸਰ ਤੋਂ ਲਿਆਂਦੇ। ਸਾਧਾਂ ਨੇ ਨਰੈਣ ਦਾਸ ਨੂੰ ਕਿਹਾ ਕਿ ਗੁਰਦੁਆਰਾ ਸਾਡੀ ਕਮੇਟੀ ਦੇ ਨਾਂਅ ਲਵਾ। ਮਹੰਤ ਦੇ ਇਨਕਾਰ ਕਰਨ ‘ਤੇ ਸਾਧ ਇਹ ਕਹਿੰਦੇ ਉਥੋਂ ਭੱਜ ਗਏ ਕਿ ਜੇ ਗੁਰਦੁਆਰਾ ਸਾਨੂੰ ਨਹੀਂ ਮਿਲਣਾ ਤਾਂ ਅਸੀਂ ਕਿਉਂ ਅਕਾਲੀਆਂ ਨਾਲ ਲੜੀਏ?

ਉਨ੍ਹੀਂ ਦਿਨੀਂ ਲਾਲਾ ਲਾਜਪਤ ਰਾਏ ਆਰੀਆ ਸਮਾਜ ਦਾ ਉੱਘਾ ਆਗੂ ਲਾਹੌਰ ਰਹਿੰਦਾ ਸੀ। ਇਹ ਹਿੰਦੂਆਂ ਦਾ ਇਕ ਬੜਾ ਚਤੁਰ ਆਗੂ ਮੰਨਿਆ ਗਿਆ ਸੀ। ਮਹੰਤ ਨਰੈਣ ਦਾਸ ਓਹਦੇ ਕੋਲ ਪਹੁੰਚਿਆ ਅਤੇ ਕਬਜ਼ਾ ਟਾਲਣ ਲਈ ਕੋਈ ਜੁਗਤ ਪੁੱਛੀ। ਲਾਜਪਤ ਰਾਏ ਨੇ ਸਲਾਹ ਦਿੱਤੀ ਕਿ ਇਕ ਟਰੱਸਟ ਬਣਾ ਕੇ ਗੁਰਦੁਆਰਾ ਟਰੱਸਟ ਦੇ ਨਾਂ ਲਵਾ ਦੇ। ਮਹੰਤ ਨੇ ਟਰੱਸਟ ਬਣਾਉਣ ਦੇ ਖਰਚੇ ਵਜੋਂ 3000 ਰੁਪਏ ਲਾਲਾ ਲਾਜਪਤ ਰਾਏ ਨੂੰ ਦੇ ਦਿੱਤੇ। ਲਾਲਾ ਜੀ ਨੇ ਟਰੱਸਟ ਵਿਚ ਸਾਰੇ ਆਪਣੇ ਬੰਦਿਆਂ ਦੇ ਨਾਂਅ ਪਾ ਲਏ। ਮਹੰਤ ਨੇ ਲਾਲੇ ਨੂੰ ਆਖਿਆ ਕਿ ਅਕਾਲੀਆਂ ਨਾਲ ਲੜਨ ਲਈ ਬੰਦੇ ਵੀ ਘੱਲੋ। ਲਾਲਾ ਜੀ ਨੇ ਚਤੁਰਾਈ ਦਾ ਸਬੂਤ ਦਿੰਦਿਆਂ ਮਹੰਤ ਨੂੰ ਆਖਿਆ ਕਿ ਅਕਾਲੀਆਂ ਨਾਲ ਤਾਂ ਤੈਨੂੰ ਖੁਦ ਹੀ ਲੜਣਾ ਪਵੇਗਾ। ਮਹੰਤ ਕਹਿੰਦਾ ਜੇ ਲੜਣਾ ਹੀ ਮੈਂ ਹੋਵੇ ਤਾਂ ਕਬਜ਼ਾ ਟਰੱਸਟ ਨੂੰ ਕਾਹਦਾ? ਸੋ, ਟਰੱਸਟ ਦਾ ਇਥੇ ਹੀ ਭੋਗ ਪੈ ਗਿਆ। ਤੇ ਮਹੰਤ ਵਲੋਂ ਦਿੱਤੇ ਤਿੰਨ ਹਜ਼ਾਰ ਰੁਪਏ ਲਾਲਾ ਜੀ ਕੋਲ ਹੀ ਰਹਿ ਗਏ।

23. ਮਹੰਤ ਵਲੋਂ ਪਠਾਣਾਂ ਦੀ ਭਰਤੀ

ਸਰਕਾਰੀ ਮਦਦ ਨਾ ਮਿਲਣ, ਟਰੱਸਟ ਬਣਾਉਣ ਵਰਗੀਆਂ ਕਾਨੂੰਨੀ ਘੁਣਤਰਾਂ ਵਿਚੇ ਰਹਿ ਜਾਣ ਅਤੇ ਸਾਧਾਂ ਦੀ ਧਾੜ ਵਲੋਂ ਵੀ ਨੱਠ ਜਾਣ ਤੋਂ ਨਿਰਾਸ਼ ਹੋਏ ਨਰੈਣ ਦਾਸ ਨੇ ਅਖੀਰ ਨੂੰ ਗੁੰਡਿਆਂ ਤੋਂ ਆਪਣੀ ਰਾਖੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਇਸ ਕੰਮ ਲਈ ਓਹਨੂੰ ਰਾਂਝਾ ਅਤੇ ਰਿਹਾਣਾ ਦੀ ਅਗਵਾਈ ਵਿਚ 40-50 ਪਠਾਣਾਂ ਨੂੰ ਭਾੜੇ ‘ਤੇ ਲੈ ਆਂਦਾ। ਪਠਾਣ ਕੌਮ ਲੜਣ ਮਰਨ ਲਈ ਮਸ਼ਹੂਰ ਹੈ। ਇਸੇ ਕੌਮ ਵਿਚੋਂ ਕਈ ਗੁੰਡਾ ਕਿਸਮ ਦੇ ਅਨਸਰ ਪੈਸੇ ਖਾਤਰ ਮਹੰਤ ਕੋਲ ਭਰਤੀ ਹੋ ਗਏ। ਮਹੰਤ ਕੋਲ ਕਈ ਆਪਣੇ ਲਾਇਸੈਂਸੀ ਹਥਿਆਰ ਸਨ ਤੇ ਕਈ ਗੈਰ ਲਾਇਸੈਂਸੀ ਵੀ ਹੋਣਗੇ।

24. ਮਹੰਤ ਨੇ ਅੰਗਰੇਜ਼ਾਂ ਮੂਹਰੇ ਮੁੜ ਹਾੜ੍ਹੇ ਕੱਢੇ

ਅਕਾਲੀਆਂ ਵਲੋਂ ਨਨਕਾਣਾ ਸਾਹਿਬ ਦੇ ਗੁਰਦੁਆਰੇ ‘ਤੇ ਕਬਜ਼ੇ ਦੀਆਂ ਤਿਆਰੀਆਂ ਤੇਜ ਹੋ ਗਈਆਂ ਸਨ। ਹਜ਼ਾਰਾਂ ਅਕਾਲੀਆਂ ਵਲੋਂ ਗੁਰਦੁਆਰੇ ‘ਤੇ ਕਬਜ਼ੇ ਲਈ ਆਉਣ ਦੀਆਂ ਰਿਪੋਰਟਾਂ ਮਹੰਤ ਕੋਲ ਲਗਾਤਾਰ ਪੁੱਜ ਰਹੀਆਂ ਸਨ। ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਉਸਨੂੰ ਯਕੀਨ ਹੋ ਗਿਆ ਕਿ ਭਾੜੇ ਦੇ ਗੁੰਡਿਆਂ ਦੇ ਬਾਵਜੂਦ ਉਹ ਮਹਿਫੂਜ਼ ਨਹੀਂ ਹੈ। ਸੋ ਡਰੇ ਹੋਏ ਮਹੰਤ ਨੇ ਜਨਵਰੀ ਦੇ ਸ਼ੁਰੂ ਵਿਚ ਸਰਕਾਰ ਨੂੰ ਤਾਰ ਘੱਲੀ, ਜਿਸ ਵਿਚ ਉਹਨੇ ਲਿਿਖਆ:

”ਸਿੱਖਾਂ ਨੇ ਗੁਰਦੁਆਰਾ ਜਨਮ ਅਸਥਾਨ (ਨਨਕਾਣਾ ਸਾਹਿਬ) ਉਤੇ ਤਾਕਤ ਦੇ ਬਲ ਨਾਲ ਕਬਜ਼ਾ ਕਰਨ ਦਾ ਐਲਾਨ ਕੀਤਾ ਹੈ। ਇਸ ਮਕਸਦ ਲਈ ਅਕਾਲੀ ਆਗੂਆਂ ਨੇ ਦਸ ਹਜ਼ਾਰ ਆਦਮੀ ਇਕੱਠੇ ਕਰ ਲਏ ਹਨ, ਹਾੜੇ – ਹਾੜੇ ਰਹਿਮ ਕਰਕੇ ਮੈਨੂੰ ਬਚਾਓ। ਮੈਂ ਪੁਲਿਸ ਵਗੈਰਾ ਦੇ ਖਰਚੇ ਸਹਿਣ ਲਈ ਤਿਆਰ ਹਾਂ। ਜੇ ਥਾਂ ਤੇ ਹੀ ਕੋਈ ਮੌਤ ਹੋ ਗਈ ਤਾਂ ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਗਰਦਾਂਨਾਗਾ। ਖਦਸ਼ੇ ਦੇ ਵੇਲੇ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ। ਕਿਰਪਾ ਕਰਕੇ ਪੁਲਿਸ ਗਾਰਦ ਤਾਬੜਤੋੜ ਭੇਜੋ। (‘ਅਕਾਲੀ ਮੋਰਚਿਆਂ ਦਾ ਇਤਿਹਾਸ’ ਲਿਖਾਰੀ ਸੋਹਣ ਸਿੰਘ ਜੋਸ਼; ਆਰਸੀ ਪਬਲੀਸ਼ਰ ਦਿੱਲੀ; ਸਫਾ 66)

ਇਸ ਤੋਂ ਪਹਿਲਾਂ ਕਮਿਸ਼ਨਰ ਮਿਸਟਰ ਕਿੰਗ ਨੇ ਕਰਤਾਰ ਸਿੰਘ ਬੇਦੀ ਨੂੰ ਕਿਹਾ ਸੀ ਕਿ ਮਹੰਤ ਨੂੰ ਜੇ ਬਹੁਤਾ ਡਰ ਹੈ ਤਾਂ ਉਹ ਖਰਚਾ ਭਰ ਕੇ ਪੁਲਿਸ ਦੀ ਗਾਰਦ ਲੈ ਸਕਦਾ ਹੈ। ਪਰ ਹੁਣ ਮਹੰਤ ਵਲੋਂ ਖਰਚਾ ਦੇਣ ਦੀ ਪੇਸ਼ਕਸ਼ ‘ਤੇ ਜਦੋਂ ਪੁਲਿਸ ਹਿਫਾਜ਼ਤ ਮੰਗੀ ਤਾਂ ਸਰਕਾਰ ਨੇ ਉਹ ਵੀ ਨਹੀਂ ਦਿੱਤੀ। ਹਜ਼ਾਰਾਂ ਅਕਾਲੀਆਂ ਵਲੋਂ ਇਕੱਠੇ ਹੋ ਕੇ ਕਬਜ਼ਾ ਕਰਨ ਦੀਆਂ ਤਿਆਰੀਆਂ ਦੀ ਇਕ ਰਿਪੋਰਟ ਡੀ.ਐਸ.ਪੀ. ਨੇ ਵੀ ਆਪਣੇ ਉੱਚ ਅਧਿਕਾਰੀਆਂ ਨੂੰ ਘੱਲੀ ਸੀ। ਪਰ ਸ਼ੇਖੂਪੁਰੇ ਦੇ ਡੀ.ਸੀ. ਮਿਸਟਰ ਕਰੀ ਨੇ ਮਹੰਤ ਦੀ ਮੰਗ ਇਹ ਕਹਿ ਕੇ ਰੱਦ ਕਰ ਦਿੱਤੀ ਕਿ ਉਹ ਤਾਂ ਐਵੇਂ ਵਾਧੂ ਡਰੀ ਜਾਂਦੈ।

25. ਸ਼ਹੀਦੀ ਸਾਕਾ ਵਾਪਰ ਗਿਆ

ਗੁਰਦੁਆਰਾ ਨਨਕਾਣਾ ਸਾਹਿਬ ਦੇ ਕਬਜ਼ੇ ਲਈ 20 ਫਰਵਰੀ 1921 ਸਵੇਰ ਤੜਕੇ ਦਾ ਸਮਾਂ ਮਿੱਥਿਆ ਗਿਆ ਸੀ। ਦਸ ਹਜ਼ਾਰ ਤੋਂ ਵੱਧ ਹਥਿਆਰਬੰਦ ਅਕਾਲੀਆਂ ਵਲੋਂ ਇਕ ਗੁਰੀਲਾ ਐਕਸ਼ਨ ਵਰਗੀ ਕਾਰਵਾਈ ਕਰਕੇ ਗੁਰਦੁਆਰਾ ਸਾਹਿਬ ‘ਤੇ ਕਬਜ਼ਾ ਕੀਤਾ ਜਾਣਾ ਸੀ।ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਨੇ ਇਸ ਕਾਰਵਾਈ ਨੂੰ ਰੋਕ ਦਿੱਤਾ। ਭਾਈ ਲਛਮਣ ਸਿੰਘ ਦੀ ਅਗਵਾਈ ਵਾਲੇ ਲਗਭਗ 150 ਸਿੰਘਾਂ ਦੇ ਜਥੇ ਨੂੰ ਇਸ ਐਕਸ਼ਨ ਦੇ ਰੱਦ ਹੋ ਜਾਣ ਦੀ ਪਹਿਲਾਂ ਕੋਈ ਖਬਰ ਨਾ ਪਹੁੰਚ ਸਕੀ। ਜਦੋਂ ਗੁਰਦੁਆਰਾ ਸਾਹਿਬ ਦੇ ਐਨ ਨੇੜੇ ਪਹੁੰਚਦਿਆਂ ਜਦੋਂ ਉਨ੍ਹਾਂ ਨੂੰ ਰੁਕਣ ਦਾ ਸੁਨੇਹਾ ਪੁੱਜਾ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਅਰਦਾਸ ਕਰ ਚੁੱਕੇ ਹਾਂ ਹੁਣ ਨਹੀਂ ਰੁਕ ਸਕਦੇ। ਗੁਰਦੁਆਰੇ ਵਿਚ ਇਸ ਜਥੇ ਦੇ ਲਗਭਗ ਸਾਰੇ ਸਿੰਘਾਂ ਨੂੰ ਮਹੰਤ ਦੇ ਗੁੰਡਿਆਂ ਨੇ ਸ਼ਹੀਦ ਕਰ ਦਿੱਤਾ, ਜਿਸ ਦਾ ਵਿਸਥਾਰ ਹਰ ਵਰ੍ਹੇ ਅਖਬਾਰ ਰਸਾਲਿਆਂ ਵਿਚ ਛਪਦਾ ਰਹਿੰਦਾ ਹੈ।

26. ਸਾਕੇ ਤੋਂ ਬਾਅਦ ਦੇ ਹਾਲਾਤ

ਸਾਕੇ ਵਾਲੇ ਦਿਨ ਲਗਭਗ ਬਾਰਾਂ ਵਜੇ ਡੀ.ਸੀ. ਮਿਸਟਰ ਕਰੀ ਵੀ ਮੌਕੇ ‘ਤੇ ਪਹੁੰਚ ਗਿਆ। ਸ਼ਾਮ ਨੂੰ ਕਮਿਸ਼ਨਰ ਲਾਹੌਰ ਡਿਵੀਜ਼ਨ ਮਿਸਟਰ ਕਿੰਗ ਲਗਭਗ ਡੇਢ ਸੌ ਗੋਰੇ ਸਿਪਾਹੀਆਂ ਨੂੰ ਲੈ ਕੇ ਇਕ ਵਿਸ਼ੇਸ਼ ਰੇਲ ਗੱਡੀ ਰਾਹੀਂ ਨਨਕਾਣਾ ਸਾਹਿਬ ਪੁੱਜ ਗਿਆ। ਮਹੰਤ ਸਣੇ 26 ਬੰਦਿਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਪਹੁੰਚਾ ਦਿੱਤਾ ਗਿਆ। ਗੁਰਦੁਆਰੇ ਨੂੰ ਝਗੜੇ ਵਾਲੇ ਥਾਂ ਗਰਦਾਨ ਕੇ ਸੀ.ਪੀ.ਸੀ. ਦੀ ਦਫਾ 145 ਦੇ ਤਹਿਤ ਗੁਰਦੁਆਰੇ ਨੂੰ ਸਰਕਾਰੀ ਜ਼ਿੰਦੇ ਲਗਾ ਦਿੱਤੇ ਗਏ।

22 ਫਰਵਰੀ ਨੂੰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਲਗਭਗ 2200 ਸਿੰਘਾਂ ਦਾ ਜਥਾ ਨਨਕਾਣਾ ਸਾਹਿਬ ਪੁੱਜਾ। ਮਰਨ-ਮਾਰਨ ‘ਤੇ ਉਤਰਿਆ ਅਕਾਲੀ ਜੱਥਾ ਜਦੋਂ ਗੁਰਦੁਆਰੇ ਵਿਚ ਵੜਣ ‘ਤੇ ਬਜਿੱਦ ਹੋਇਆ ਤਾਂ ਕਮਿਸ਼ਨਰ ਨੇ ਦਫਾ 145 ਚੱਕ ਲਈ ਅਤੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਕਰਤਾਰ ਸਿੰਘ ਝੱਬਰ ਦੇ ਹਵਾਲੇ ਕੀਤੀਆਂ ਮੌਕੇ ‘ਤੇ ਹੀ ਇਕ ਕਮੇਟੀ ਬਣੀ ਜਿਸਦੇ ਪ੍ਰਧਾਨ ਸ. ਹਰਬੰਸ ਸਿੰਘ ਅਟਾਰੀ ਬਣੇ। ਯਕਦਮ ਕਮਿਸ਼ਨਰ ਨੇ ਇਸ ਕਮੇਟੀ ਦੇ ਨਾਮ ਗੁਰਦੁਆਰੇ ਦਾ ਕਬਜ਼ਾ ਲਿਖ ਦਿੱਤਾ ਅਤੇ ਪੁਲਿਸ ਹਟਾ ਲਈ।

27. ਗਵਰਨਰ ਨੇ ਮੌਕਾ ਦੇਖਿਆ

ਇਸਤੋਂ ਅਗਲੇ ਭਲਕ ਗਵਰਨਰ ਦੀ ਐਗਜ਼ੈਕਟਿਵ ਦੇ ਮੈਂਬਰ ਸ. ਸੁੰਦਰ ਸਿੰਘ ਮਜੀਠੀਆ ਦੀ ਰਾਵਲਪਿੰਡੀ ਤੋਂ ਤਾਰ ਆਈ ਕਿ ਸ਼ਹੀਦਾਂ ਦਾ ਸਸਕਾਰ ਨਹੀਂ ਕਰਨਾ ਮੈਂ ਲਾਟ ਸਾਹਿਬ (ਗਵਰਨਰ) ਨੂੰ ਲੈ ਕੇ ਨਨਕਾਣੇ ਪੁੱਜ ਰਿਹਾ ਹਾਂ।

23 ਫਰਵਰੀ ਨੂੰ ਗਵਰਨਰ ਪੰਜਾਬ ਇਕ ਸਪੈਸ਼ਲ ਰੇਲ ਗੱਡੀ ਰਾਹੀਂ ਨਨਕਾਣੇ ਪੁੱਜੇ। ਉਨ੍ਹਾਂ ਦੇ ਨਾਲ ਸਾਰੀ ਐਗਜ਼ੈਕਟਿਵ ਕੌਂਸਲ (ਵਜਾਰਤ/ ਮੰਤਰੀ ਮੰਡਲ) ਵੀ ਸੀ। ਹੋਰ ਬਹੁਤ ਸਾਰੇ ਅੰਗਰੇਜ਼ ਅਫਸਰ ਵੀ ਸਨ। ਸਾਰਿਆਂ ਨੇ ਜੋੜੇ ਲਾਹ ਕੇ ਗੁਰਦੁਆਰਾ ਸਾਹਿਬ ਦਾ ਅੰਦਰਲਾ ਹਾਲ ਦੇਖਿਆ। ਜਦ ਲਾਟ ਸਾਹਬ ਨੇ ਬਾਰਾਂਦਰੀ ਦੇ ਅੰਦਰ ਹੋਇਆ ਲਹੂ-ਲੁਹਾਣ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਛਮ-ਛਮ ਅੱਥਰੂ ਕਿਰ ਰਹੇ ਸਨ। ਬਹੁਤ ਸਾਰੇ ਲੋਕ ਕੋਠਿਆਂ ‘ਤੇ ਚੜ੍ਹ ਕੇ ਇਹ ਦ੍ਰਿਸ਼ ਵੇਖ ਰਹੇ ਸਨ। ਇਨ੍ਹਾਂ ਵਿਚੋਂ ਇਕ ਨੌਜਵਾਨ ਨੇ ਆਖਿਆ ਕਿ ਸਾਡੇ ਸਿੰਘ ਕਮਿਸ਼ਨਰ ਕਿੰਗ ਅਤੇ ਡੀ.ਸੀ. ਕਰੀ ਨੇ ਮਰਵਾਏ ਹਨ। ਭੀੜ ਨੇ ਕਿੰਗ-ਕਰੀ, ਕਿੰਗ-ਕਰੀ ਆਖ ਕੇ ਬਹੁਤ ਰੌਲਾ ਪਾਇਆ।

ਫੇਰ ਸ. ਹਰਬੰਸ ਸਿੰਘ ਅਟਾਰੀ ਅਤੇ ਸ. ਕਰਤਾਰ ਸਿੰਘ ਝੱਬਰ ਗਵਰਨਰ ਦੇ ਨਾਲ ਰੇਲਵੇ ਸਟੇਸ਼ਨ ਤਕ ਗਏ। ਸਟੇਸ਼ਨ ‘ਤੇ ਜਦ ਗਵਰਨਰ ਗੱਡੀ ਵਿਚ ਵੜਣ ਲੱਗਾ ਤਾਂ ਝੱਬਰ ਨੇ ਉਸਨੂੰ ਆਖਿਆ ”ਸਾਹਬ ਬਹਾਦਰ ਤੁਸੀਂ ਸ਼ਹੀਦਾਂ ਨਾਲ ਜੋ ਹਮਦਰਦੀ ਕੀਤੀ ਹੈ ਉਸਦੇ ਅਸੀਂ ਸ਼ੁਕਰਗੁਜ਼ਾਰ ਹਾਂ, ਪਰ ਹੁਣ ਸਾਨੂੰ ਕੋਈ ਆਖਦਾ ਹੈ ਕਿ ਹਰਿਦੁਆਰ ਤੋਂ 400 ਸਾਧੂ ਆ ਰਹੇ ਹਨ,ਕੋਈ ਆਖਦਾ ਹੈ ਕਿ ਭੱਟੀ ਵੀ ਤਿਆਰ ਹੋ ਰਹੇ ਹਨ।ਕਬਜ਼ਾ ਲੈਣ ਲਈ ਸਾਡੇ 200 ਜਵਾਨਾਂ ਨੇ ਜਾਨਾਂ ਦਿੱਤੀਆਂ ਹਨ,ਪਰ ਹੱਥ ਨਹੀਂ ਚੁੱਕਿਆ, ਹੁਣ ਜੇਕਰ ਕੋਈ ਸਾਡੇ ਪਾਸੋਂ ਧੱਕੇ ਨਾਲ ਕਬਜ਼ਾ ਖੋਹਣ ਆਇਆ ਤਾਂ ਅਸੀਂ ਚੁੱਪ ਨਹੀਂ ਰਹਿਣਾ, ਸਿੱਖਾਂ ਵਾਲੇ ਹੱਥ ਵਿਖਾਵਾਂਗੇ।

ਇਹ ਸੁਣਕੇ ਲਾਟ ਸਾਹਬ ਨੇ ਸ. ਸੁੰਦਰ ਸਿੰਘ ਮਜੀਠੀਆ ਨੂੰ ਆਪਣੇ ਡੱਬੇ ਵਿਚ ਸੱਦ ਕੇ ਆਖਿਆ ਕਿ ਝੱਬਰ ਨੂੰ ਕਹਿ ਦਿਓ ਕਿ ਅਮਨ ਰੱਖਣ ਦੀ ਜ਼ਿੰਮੇਵਾਰੀ ਸਾਡੀ ਹੈ, ਉਹ ਕੋਈ ਫਿਕਰ ਨਾ ਕਰੇ, ਮੈਂ ਕਲ੍ਹ ਨੂੰ ਹੀ ਇਥੇ ਸਿੱਖ ਮਿਲਟਰੀ ਭੇਜ ਦਿੰਦਾ ਹਾਂ।

ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਅਸਥਾਨ ‘ਤੇ ਅਕਾਲੀਆਂ ਵਲੋਂ ਕਬਜ਼ਾ ਕਰਨ ਦੀ ਸਕੀਮ ਨੂੰ ਮਾਸਟਰ ਤਾਰਾ ਸਿੰਘ ਸਮੇਤ ਅਕਾਲੀ ਲੀਡਰਾਂ ਨੇ ਠੁੱਸ ਕਰ ਦਿੱਤਾ। ਸਾਰੇ ਜਥੇ ਰੋਕ ਦਿੱਤੇ। ਪਰ ਸ. ਲਛਮਣ ਸਿੰਘ ਦੀ ਅਗਵਾਈ ਵਾਲਾ ਲਗਭਗ ਡੇਢ ਸੌ ਸਿੰਘਾਂ ਦਾ ਜੱਥਾ ਰੋਕੇ ‘ਤੇ ਵੀ ਨਾ ਰੁਕਿਆ। ਇਸ ਜਥੇ ਨੂੰ ਮਹੰਤ ਨਰੈਣ ਦਾਸ ਦੇ ਗੁੰਡਿਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦੇ ਵੇਰਵੇ ਵੀ ਲੇਖਾਂ ਵਿਚ ਪੜ੍ਹਣ ਨੂੰ ਅਕਸਰ ਮਿਲ ਜਾਂਦੇ ਹਨ। ਪਰ ਜਿਸ ਢੰਗ ਨਾਲ ਸਿੰਘਾਂ ਨੇ ਗੁਰਦੁਆਰੇ ‘ਤੇ ਕਬਜ਼ਾ ਕਰਨ ਦੀ ਵਿਉਂਤਬੰਦੀ ਕੀਤੀ ਸੀ ਉਹ ਆਮ ਤੌਰ ‘ਤੇ ਲੇਖਾਂ ਅਤੇ ਤਕਰੀਰਾਂ ਵਿਚੋਂ ਗਾਇਬ ਰਹਿੰਦੀ ਹੈ। ਇਹ ਵਿਉਂਤਬੰਦੀ ਇਕ ਫੌਜੀ ਅਪ੍ਰੇਸ਼ਨ ਤੋਂ ਘੱਟ ਨਹੀਂ ਸੀ। ਇਸ ਵਿਉਂਤਬੰਦੀ ਦਾ ਵਿਸਥਾਰ ਜਾਣਕੇ ਵਿਉਂਤਬੰਦੀ ਦੇ ਰੂਹੇ-ਰਵਾਂ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ‘ਤੇ ਮਨ ਅਸ਼-ਅਸ਼ ਕਰ ਉਠਦਾ ਹੈ।

28. ਲੰਮੇ ਸਮੇਂ ਦੀ ਵਿਉਂਤਬੰਦੀ

ਅਕਾਲੀਆਂ ਵਲੋਂ ਗੁਰਦੁਆਰਿਆਂ ‘ਤੇ ਕਬਜ਼ੇ ਕਰਨ ਦੇ ਅਹਿਮ ਵਾਕੇ ਜਥੇਦਾਰ ਝੱਬਰ ਦੀ ਅਗਵਾਈ ਹੇਠ ਵੀ ਹੋਏ। ਇਨ੍ਹਾਂ ਵਿਚ ਉਨ੍ਹਾਂ ਨੇ ਕਮਾਲ ਦੀ ਦਲੇਰੀ, ਅਕਲਮੰਦੀ ਦਾ ਸਬੂਤ ਦਿੱਤਾ। ਖਾਸ ਕਰਕੇ ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਕਬਜ਼ਾ ਕਰਨ ਦੀ ਉਨ੍ਹਾਂ ਨੇ ਲੰਮੀ ਵਿਉਂਤਬੰਦੀ ਕੀਤੀ ਸੀ। ਗੁਰਦੁਆਰੇ ਦੇ ਨਾਂ ਸੈਂਕੜੇ ਮੁਰੱਬੇ ਜ਼ਮੀਨ ਤੋਂ ਇਲਾਵਾ ਚੜ੍ਹਾਵਾ ਬਹੁਤ ਸੀ। ਸੋ ਇਸ ਪੈਸੇ ਦੇ ਆਸਰੇ ਮਹੰਤ ਬਹੁਤ ਤਾਕਤਵਰ ਬਣਿਆ ਬੈਠਾ ਸੀ। ਅਕਾਲੀਆਂ ਦੇ ਕਬਜ਼ੇ ਡਰੋਂ ਉਸਨੇ ਬਹੁਤ ਸਾਰੇ ਗੁੰਡੇ ਬਦਮਾਸ਼ ਆਪਣੇ ਹੱਥ ਵਿਚ ਕੀਤੇ ਹੋਏ ਸਨ ਅਤੇ ਕਈ ਦਰਜਨ ਗੁੰਡੇ ਤਾਂ ਉਸਨੇ ਗੁਰਦੁਆਰੇ ਵਿਚ ਕਬਜ਼ੇ ਤੋਂ ਪਹਿਲਾਂ ਪੱਕੇ ਹੀ ਬਿਠਾ ਲਏ ਸਨ। ਮਹੰਤ ਦੀ ਹਥਿਆਰਬੰਦ ਤਾਕਤ ਦੇ ਮੱਦੇਨਜ਼ਰ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਪਤਾ ਸੀ ਕਿ ਮਹੰਤਾਂ ਦੇ ਇਸ ਗੜ੍ਹ ਨੂੰ ਤੋੜਨ ਲਈ ਮੁਕਾਬਲੇ ਵਿਚ ਉਸ ਤੋਂ ਵੀ ਵੱਡੀ ਤਾਕਤ ਅਤੇ ਵਿਉਂਤਬੰਦੀ ਦੀ ਲੋੜ ਪੈਣੀ ਹੈ। ਜੱਥੇਦਾਰ ਜੀ ਨੇ ਇਸ ਮੋਰਚੇ ਨੂੰ ਸਰ ਕਰਨ ਲਈ ਹਰ ਤਰ੍ਹਾਂ ਦਾ ਹੀਲਾ ਵਸੀਲਾ ਬਣਾ ਲਿਆ ਸੀ।

29. ਕਬਜ਼ੇ ਲਈ ਲਾਮਬੰਦੀ

ਗੁਰਦੁਆਰਾ ਜਨਮ ਅਸਥਾਨ ‘ਤੇ ਕਬਜ਼ਾ ਕਰਨ ਦੀ ਸਕੀਮ ਕਈ ਮਹੀਨਿਆਂ ਤੋਂ ਜਥੇਦਾਰ ਝੱਬਰ ਦੇ ਦਿਮਾਗ ਵਿਚ ਸੀ। ਉਨ੍ਹਾਂ ਨੇ ਬਹੁਤ ਸਾਰੇ ਸਿੰਘਾਂ ਨੂੰ ਕਬਜ਼ਾ ਕਰਨ ਲਈ ਪ੍ਰੇਰਤ ਕਰਨ ਦੀ ਮੁਹਿੰਮ ਵਿੱਢੀ ਹੋਈ ਸੀ। ਉਨ੍ਹਾਂ ਨੂੰ ਦੱਸਿਆ ਜਾਂਦਾ ਸੀ ਕਿ ਆਪਾਂ ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਕਬਜ਼ਾ ਕਰਨਾ ਹੈ ਸੋ ਤੁਸੀਂ ਤਿਆਰ ਰਹੋ। ਜਦੋਂ ਵੀ ਕਬਜ਼ੇ ਦਾ ਹੁਕਮ ਮਿਲੇ ਤੁਸੀਂ ਫੌਰਨ ਪਹੁੰਚ ਜਾਣਾ ਹੈ। ਸਾਂਦਲ ਬਾਰ ਦੇ ਇਲਾਕੇ ਵਿਚ ਇਸ ਕਬਜ਼ੇ ਦੀ ਚਰਚਾ ਆਮ ਸੀ। ਬਹੁਤ ਸਾਰੇ ਸਿੱਖਾਂ ਨੇ ਸ. ਝੱਬਰ ਨੂੰ ਸੁਨੇਹੇ ਪੁਚਾਏ ਕਿ ਜਦੋਂ ਕਬਜ਼ਾ ਕਰਨਾ ਹੋਵੇ ਸਾਨੂੰ ਜ਼ਰੂਰ ਦੱਸਣਾ। ਇਨ੍ਹਾਂ ਸਿੱਖਾਂ ਦੇ ਨਾਂਅ ਸ. ਝੱਬਰ ਨੋਟ ਕਰੀ ਗਿਆ ਜੋ ਕਿ ਕਬਜ਼ੇ ਲਈ ਸੁਨੇਹੇ ਭੇਜਣ ਵਿਚ ਬਹੁਤ ਕੰਮ ਆਏ। 30. ਸੂਹੀਏ ਵੀ ਤਿਆਰ ਕੀਤੇ

ਕੋਈ ਫੌਜੀ ਪਲਟਣ ਅਪ੍ਰੇਸ਼ਨ ਕਰਨ ਵੇਲੇ ਦੁਸ਼ਮਣ ਦੇ ਇਲਾਕੇ ਦੀ ਪੈੜ ਚਾਲ ਕੱਢਣ ਲਈ ਆਪਣੇ ਸੂਹੀਏ ਘੱਲ ਕੇ ਸਾਰਾ ਭੇਦ ਪਤਾ ਕਰਾਉਂਦੀ ਹੈ ਇਸਨੂੰ ਫੌਜੀ ਭਾਸ਼ਾ ਵਿਚ ਰੈਕੀ ਕਰਨਾ ਕਿਹਾ ਜਾਂਦਾ ਹੈ। ਐਨ ਇਸੇ ਤਰ੍ਹਾਂ ਜਥੇਦਾਰ ਝੱਬਰ ਨੇ ਰੈਕੀ ਕਰਨ ਲਈ ਆਪਣੇ ਸੂਹੀਏ ਨਨਕਾਣਾ ਸਾਹਿਬ ਛੱਡੇ ਹੋਏ ਸਨ ਅਤੇ ਇਕ ਤਾਂ ਪੱਕਾ ਮਹੰਤਾਂ ਦੇ ਨਾਲ ਹੀ ਰਹਿੰਦਾ ਸੀ।

ਅਜਿਹੇ ਸੂਹੀਏ ਨੂੰ ਖਾਲਸਾ ਜੀ ਦੇ ਬੋਲਬਾਲੇ ਵਿਚ ਬਿਜਲਾ ਸਿੰਘ ਕਿਹਾ ਜਾਂਦਾ ਹੈ। ਅਜਿਹਾ ਹੀ ਇਕ ਬਿਜਲਾ ਸਿੰਘ ਜ਼ਿਲ੍ਹਾ ਮਿੰਟਗੁੰਮਰੀ ਦੇ ਪਿੰਡ ਭੋਜੀਆਂ ਦਾ ਵਰਿਆਮ ਸਿੰਘ ਸੀ। ਇਹ ਪੱਕੇ ਤੌਰ ‘ਤੇ ਨਨਕਾਣਾ ਸਾਹਿਬ ਰਹਿੰਦਾ ਸੀ ਤੇ ਮਹੰਤ ਦੀ ਸਾਰੀ ਰਿਪੋਰਟ ਜਥੇਦਾਰ ਝੱਬਰ ਨੂੰ ਘੱਲਦਾ ਸੀ। ਇਹ ਸਿੰਘ ਰੋਟੀ ਪਾਣੀ ਭਾਈ ਉੱਤਮ ਸਿੰਘ ਦੇ ਕਾਰਖਾਨੇ ਤੋਂ ਛਕਦਾ ਸੀ ਤੇ ਇਸ ਨੂੰ ਸ. ਉੱਤਮ ਸਿੰਘ ਹੀ ਖਰਚਾ ਪਾਣੀ ਦਿੰਦੇ ਸਨ। ਉਨ੍ਹਾਂ ਨੇ ਵਰਿਆਮ ਸਿੰਘ ਆਖਿਆ ਹੋਇਆ ਸੀ ਕਿ ਤੈਨੂੰ ਜੇ ਕੋਈ ਪੁੱਛੇ ਤਾਂ ਤੂੰ ਆਖ ਛੱਡੀਂ ਕਿ ਮੈਂ ਸ. ਉੱਤਮ ਸਿੰਘ ਦਾ ਮੁਨਸ਼ੀ ਹਾਂ। ਇਸ ਵਾਕੇ ਦਾ ਜ਼ਿਕਰ ਕਰਨ ਵੇਲੇ ਭਾਈ ਉੱਤਮ ਸਿੰਘ ਦਾ ਯੋਗਦਾਨ ਦੱਸਣਾ ਵੀ ਜ਼ਰੂਰੀ ਹੈ। ਭਾਈ ਉੱਤਮ ਸਿੰਘ ਦਾ ਕਪਾਹ ਦਾ ਕਾਰਖਾਨਾ ਨਨਕਾਣੇ ਤੋਂ ਇਕ ਮੀਲ ਚੜ੍ਹਦੇ ਵਾਲੇ ਪਾਸੇ ਸੀ। ਭਾਈ ਸਾਹਿਬ ਦਾ ਇਹ ਕਾਰਖਾਨਾ ਅਕਾਲੀਆਂ ਦੀ ਖੁਫੀਆ ਠਾਹਰ ਸੀ। ਨਨਕਾਣਾ ਸਾਹਿਬ ਦੇ ਕਤਲੇਆਮ ਦੀਆਂ ਤਾਰਾਂ ਵੀ ਸਰਕਾਰ ਨੂੰ ਭਾਈ ਉੱਤਮ ਸਿੰਘ ਨੇ ਦਿੱਤੀਆਂ ਸਨ। ਉਨ੍ਹੀਂ ਦਿਨੀਂ ਮਹੰਤ ਦੇ ਗੜ੍ਹ ਨਨਕਾਣਾ ਸਾਹਿਬ ਵਿਚ ਆਪਣੇ ਕਾਰਖਾਨੇ ਨੂੰ ਅਕਾਲੀਆਂ ਦੀ ਖੁਫੀਆ ਠਾਹਰ ਬਣਾਉਣਾ ਖਤਰੇ ਤੋਂ ਖਾਲੀ ਨਹੀਂ ਸੀ।

ਦੂਜਾ ਅਹਿਮ ਬਿਜਲਾ ਸਿੰਘ ਸ. ਅਵਤਾਰ ਸਿੰਘ ਸੀ ਜੋ ਕਿ ਸ਼ਰੀਕੇ ਵਿਚੋਂ ਜਥੇਦਾਰ ਝੱਬਰ ਦਾ ਭਤੀਜਾ ਲੱਗਦਾ ਸੀ। ਉਹਦੇ ਸਹੁਰੇ ਸ਼ਤਾਬਗੜ੍ਹ ਸਨ। ਮਹੰਤ ਨਰੈਣ ਦਾਸ ਦੇ ਖਾਸਮ-ਖਾਸ ਸ਼ਤਾਬਗੜ੍ਹੀਏ ਮਹੰਤ ਸੁੰਦਰ ਦਾਸ ਨਾਲ ਉਹਨੇ ਚੰਗੀ ਯਾਰੀ ਗੰਢ ਲਈ ਸੀ। ਉਹ ਸੁੰਦਰ ਦਾਸ ਨੂੰ ਰੱਜ ਕੇ ਖਵਾਉਂਦਾ ਪਿਆਉਂਦਾ ਸੀ। ਇਸ ਯਾਰੀ ਦੇ ਸਦਕੇ ਹੀ ਉਹ ਮਹੰਤ ਨਰੈਣ ਦਾਸ ਦੇ ਐਨ ਨੇੜੇ ਜਾ ਕੇ ਉਸਦੀਆਂ ਖੁਫੀਆ ਮੀਟਿੰਗਾਂ ਦੇ ਵੀ ਭੇਤ ਕੱਢ ਕੇ ਜਥੇਦਾਰ ਝੱਬਰ ਨੂੰ ਪਹੁੰਚਾਉਂਦਾ ਰਿਹਾ।

ਇਸੇ ਤਰ੍ਹਾਂ ਦੇ ਸੂਹੀਏ ਮਹੰਤ ਨਰੈਣ ਦਾਸ ਨੇ ਵੀ ਰੱਖੇ ਹੋਏ ਸਨ। ਇਕ ਦੂਜੇ ਦੇ ਸੂਹੀਏ ਫੜੇ ਵੀ ਜਾਂਦੇ ਰਹੇ। ਜਿਵੇਂ ਭਾਈ ਵਰਿਆਮ ਸਿੰਘ ਪਹਿਲਾਂ ਸਾਧਾਂ ਵਾਲੇ ਭਗਵੇਂ ਲੀੜੇ ਪਾ ਕੇ ਗੁਰਦੁਆਰਾ ਜਨਮ ਅਸਥਾਨ ਵਿਚ ਰਹਿਣ ਲੱਗ ਪਿਆ ਸੀ। ਸ਼ੱਕ ਪੈਣ ‘ਤੇ ਮਹੰਤ ਨੇ ਉਹਨੂੰ ਪੁੱਛਿਆ ਕਿ ਤੂੰ ਕਿਹੜੀ ਸ਼੍ਰੇਣੀ ਦਾ ਸਾਧ ਹੈਂ ਤਾਂ ਉਹ ਨਾ ਦੱਸ ਸਕਿਆ ਅਤੇ ਆਖਿਆ ਕਿ ਮੈਂ ਨਵਾਂ ਨਵਾਂ ਸਾਧ ਬਣਿਆ ਹਾਂ। ਮਹੰਤ ਨੇ ਆਖਿਆ ਤੂੰ ਇਥੋਂ ਦੌੜ ਜਾ। ਵਰਿਆਮ ਸਿੰਘ ਨੇ ਭੋਲਾ ਜਿਹਾ ਬਣਕੇ ਕਿਹਾ ਚੰਗਾ ਭਾਈ ਜੇ ਤੁਸੀਂ ਨਹੀਂ ਰਹਿਣ ਦਿੰਦੇ ਤਾਂ ਮੈਂ ਗ੍ਰਹਿਸਥੀ ਬਣ ਜਾਂਦਾ ਹੈ। ਇਸਤੋਂ ਬਾਅਦ ਉਹ ਚਿੱਟ ( ਸਾਦੇ )ੇ ਕੱਪੜਿਆਂ ਵਿਚ ਉਤਮ ਸਿੰਘ ਦੇ ਕਾਰਖਾਨੇ ਦਾ ਮੁਨਸ਼ੀ ਬਣਕੇ ਨਨਕਾਣੇ ਵਿਚ ਵਿਚਰਦਾ ਰਿਹਾ। ਮਹੰਤ ਨਰੈਣ ਦਾਸ ਦੇ ਕੁਕਰਮਾਂ ਦੀਆਂ ਮਿਸਾਲਾਂ ਦੇਣ ਵੇਲੇ ਲੇਖਾਂ ਵਿਚ ਜੋ ਇਕ ਸਿੰਧੀ ਰਿਟਾਇਰਡ ਸੈਸ਼ਨ ਜੱਜ ਦੀ ਤੇਰਾਂ ਸਾਲਾ ਲੜਕੀ ਅਤੇ ਲਾਇਲਪੁਰ ਤੋਂ ਆਈਆਂ ਛੇ ਔਰਤਾਂ ਦਾ ਮਹੰਤ ਦੇ ਗੁੰਡਿਆਂ ਵਲੋਂ ਸਤ ਭੰਗ ਕਰਨ ਵਾਲੇ ਦੋ ਵਾਕਿਆਂ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਹੈ ਉਸਦੀ ਰਿਪੋਰਟਾਂ ਭਾਈ ਵਰਿਆਮ ਸਿੰਘ ਨੇ ਹੀ ਘੱਲੀਆਂ ਸਨ। ਫਰਵਰੀ ਦੇ ਸ਼ੁਰੂ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਅਕਾਲ ਤਖਤ ਸਾਹਿਬ ‘ਤੇ ਹੋਈ ਮੀਟਿੰਗ ਵਿਚ ਜਥੇਦਾਰ ਝੱਬਰ ਨੇ ਇਹ ਰਿਪੋਰਟਾਂ ਪੜ੍ਹ ਕੇ ਸੁਣਾਈਆਂ ਸਨ। ਇਹ ਘਟਨਾਵਾਂ ਬਕਾਇਦਾ ਤੌਰ ‘ਤੇ ਮੀਟਿੰਗ ਵਿਚ ਆਉਣ ਕਰਕੇ ਜੱਗ ਜਾਹਰ ਹੋਈਆਂ ਤੇ ਇਨ੍ਹਾਂ ਦਾ ਜ਼ਿਕਰ ਨਨਕਾਣਾ ਸਾਹਿਬ ਦੇ ਸਾਕੇ ਦਾ ਇਤਿਹਾਸ ਲਿਖਦਿਆਂ ਬਾਰ ਬਾਰ ਆਉਂਦਾ ਹੈ। ਇਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਨਕਾਣਾ ਸਾਹਿਬ ਇਕ ਬਕਾਇਦਾ ਸੂਹੀਆ ਛੱਡਣ ਤੋਂ ਪਹਿਲਾਂ ਪਤਾ ਨਹੀਂ ਮਹੰਤ ਹੋਰ ਕੀ ਕੁਝ ਕਰਦਾ ਰਿਹਾ ਹੋਵੇਗਾ ਜੋ ਕਿ ਜੱਗ ਜਾਹਰ ਨਹੀਂ ਹੋਇਆ। ਕਿਉਂਕਿ ਆਪਣੀ ਇੱਜ਼ਤ ਖਰਾਬ ਹੋਣ ਡਰੋਂ ਲੋਕ ਅਜਿਹੇ ਵਾਕਿਆਂ ਦੀ ਰਿਪੋਰਟ ਆਮ ਤੌਰ ‘ਤੇ ਪੁਲਿਸ ਕੋਲ ਨਹੀਂ ਕਰਦੇ। ਮਹੰਤ ਦੀ ਦਹਿਸ਼ਤ ਕਰਕੇ ਅਜਿਹੀਆਂ ਘਟਨਾਵਾਂ ਦੀ ਕੋਈ ਦੰਦ ਚਰਚਾ ਵੀ ਨਹੀਂ ਸੀ ਹੁੰਦੀ।

ਮਹੰਤ ਦੇ ਸੂਹੀਏ ਝੱਬਰ ਹੁਰਾਂ ਦੇ ਵੀ ਕਾਬੂ ਆਉਂਦੇ ਰਹੇ। ਜਦੋਂ ਕਬਜ਼ੇ ਦੀ ਮੁਹਿੰਮ ਅੰਤਮ ਪੜਾਅ ‘ਤੇ ਸੀ ਤਾਂ ਗੁਰਦੁਆਰਾ ਸੱਚਾ ਸੌਦਾ ਵਿਚ ਸ. ਝੱਬਰ ਦੀ ਬਾਜ ਅੱਖ ਨੇ ਇਕ ਅਜਿਹੇ ਹੀ ਸੂਹੀਏ ਨੂੰ ਤਾੜ ਲਿਆ। ਪਹਿਲਾਂ ਉਸ ਨੇ ਆਖਿਆ ਕਿ ਉਹ ਤਾਂ ਰਾਹੀ ਪਾਂਧੀ ਹੈ ਤੇ ਰੇਲ ਗੱਡੀਓਂ ਉਤਰ ਕੇ ਆਇਆ ਹੈ। ਜਦ ਝੱਬਰ ਨੇ ਉਸਨੂੰ ਘੂਰ ਕੇ ਛਿੱਤਰ ਫੇਰਨ ਦਾ ਡਰਾਵਾ ਦਿੱਤਾ ਤਾਂ ਉਸਨੇ ਸੱਚ ਦੱਸਦਿਆਂ ਆਖਿਆ ਕਿ ਉਹਦਾ ਨਾਂਅ ਸੰਤੋਸ਼ ਦਾਸ ਹੈ ਤੇ ਮਹੰਤ ਨੇ ਤੁਹਾਡਾ ਪਤਾ ਕਰਨ ਲਈ ਘੱਲਿਆ ਹੈ। ਉਹਦੀ ਜੇਬ ਵਿਚੋਂ ਮਹੰਤ ਦੇ ਠਿਕਾਣਿਆਂ ‘ਤੇ ਦਿੱਤੀਆਂ ਤਿੰਨ ਤਾਰਾਂ (ਟੈਲੀਗਰਾਮਾਂ) ਦੀਆਂ ਤਸੀਦਾਂ ਵੀ ਨਿਕਲੀਆਂ।

ਜਥੇਦਾਰ ਕਰਤਾਰ ਸਿੰਘ ਝੱਬਰ ਨੇ ਬੰਦਿਆਂ ਨੂੰ ਆਪਣੇ ਨੇੜੇ ਲਾਉਣ ਵੇਲੇ ਵੀ ਪੂਰੀ ਚੌਕਸੀ ਵਰਤੀ। ਮਿਸਾਲ ਦੇ ਤੌਰ ‘ਤੇ ਪਹਿਲਾਂ ਜ਼ਿਕਰ ਵਿਚ ਆਇਆ ਭੋਜੀਆਂ ਵਾਲਾ ਵਰਿਆਮ ਸਿੰਘ, ਸੱਚੇ ਸੌਦੇ ਜਥੇਦਾਰ ਝੱਬਰ ਕੋਲ ਆਇਆ ਤਾਂ ਉਸਨੇ ਆਪਣੇ ਆਉਣ ਦਾ ਕਾਰਨ ਦੱਸਦਿਆਂ ਇਕ ਲੰਬੀ ਚੌੜੀ ਕਹਾਣੀ ਬਿਆਨ ਕੀਤੀ। ਇਸ ਕਹਾਣੀ ਦਾ ਸਾਰ ਇਹ ਸੀ ਕਿ ਵਰਿਆਮ ਸਿੰਘ ਨੇ ਦੱਸਿਆ ਕਿ ਸੁਪਨੇ ਵਿਚ ਗੁਰੂ ਗੋਬਿੰਦ ਸਿੰਘ ਨੇ ਮਿਲ ਕੇ ਮੈਨੂੰ ਅਕਾਲੀਆਂ ਨਾਲ ਰਲਣ ਦਾ ਹੁਕਮ ਦਿੱਤਾ ਹੈ। ਉਸਦੀ ਕਹਾਣੀ ‘ਤੇ ਸ. ਝੱਬਰ ਨੇ ਨਾ ਤਾਂ ਸਿੱਧਮ-ਸਿੱਧਾ ਇਤਬਾਰ ਕੀਤਾ ਅਤੇ ਨਾ ਹੀ ਨਿਰ੍ਹਾ ਪੂਰਾ ਝੂਠ ਸਮਝ ਕੇ ਘੂਰਨ ਵਾਲਾ ਤਰੀਕਾ ਅਪਣਾਇਆ। ਬਲਕਿ ਉਸਨੂੰ ਨਜ਼ਰਸਾਨੀ ਹੇਠ ਰੱਖਦਿਆਂ ਗੁਰਦੁਆਰੇ ਵਿਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਵਰਿਆਮ ਸਿੰਘ ਦੀ ਕਹਾਣੀ ਦੀ ਸੱਚਾਈ ਜਾਣਨ ਲਈ ਸ. ਝੱਬਰ ਨੇ ਉਸੇ ਦਿਨ ਉਸਦੇ ਪਿੰਡ ਦੇ ਇਕ ਸੱਜਣ ਹਵਾਲਦਾਰ ਹੇਮ ਸਿੰਘ ਨੂੰ ਇਕ ਚਿੱਠੀ ਲਿਖੀ। ਇਸ ਚਿੱਠੀ ਦਾ ਪੰਜਵੇਂ ਦਿਨ ਜਵਾਬ ਆ ਗਿਆ ਜਿਸ ਵਿਚ ਸ. ਵਰਿਆਮ ਸਿੰਘ ਦੀ ਕਹਾਣੀ ਨੂੰ ਸੱਚੀ ਆਖਿਆ ਗਿਆ ਸੀ। ਇਹ ਮਿਸਾਲਾਂ ਦੇਣ ਦਾ ਭਾਵ ਇਹ ਹੈ ਕਿ ਕਬਜ਼ੇ ਤੋਂ ਪਹਿਲਾਂ ਦੀ ਲਾਮਬੰਦੀ ਕਰਦਿਆਂ ਸ. ਝੱਬਰ ਨੇ ਬੰਦਿਆਂ ਦੀ ਤਾਕਤ ਤੋਂ ਬਿਨਾਂ ਕਿੰਨੀ ਦਿਮਾਗੀ ਤਾਕਤ ਦਾ ਇਸਤੇਮਾਲ ਕੀਤਾ।

31. ਸ਼੍ਰੋਮਣੀ ਕਮੇਟੀ ਵੱਲੋਂ ਕਬਜ਼ਿਆਂ ‘ਤੇ ਪਾਬੰਦੀ, ਝੱਬਰ ਵੱਲੋਂ ਕਬਜ਼ੇ ਦੀ ਇਜਾਜ਼ਤ ਰੱਦ ਕੀਤੀ

1921 ਦੀ ਫਰਵਰੀ ਦੇ ਸ਼ੁਰੂ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਮੀਟਿੰਗ ਅਕਾਲ ਤਖਤ ਸਾਹਿਬ ‘ਤੇ ਹੋਈ ਇਸ ਵਿਚ ਜਦੋਂ ਸ. ਕਰਤਾਰ ਸਿੰਘ ਝੱਬਰ ਨੇ ਮਹੰਤ ਦੇ ਕੁਕਰਮ ਦੀਆਂ ਰਿਪੋਰਟਾਂ ਪੜ੍ਹ ਕੇ ਸੁਣਾਉਣ ਤੋਂ ਬਾਅਦ ਆਖਿਆ ਕਿ ਕਮੇਟੀ ਨੇ ਪਾਸ ਕੀਤਾ ਹੋਇਆ ਹੈ ਕਿ ਕਬਜ਼ੇ ਤੋਂ ਪਹਿਲਾਂ ਕਮੇਟੀ ਦੀ ਇਜਾਜ਼ਤ ਲਈ ਜਾਵੇ। ਸੋ ਹੁਣ ਮੈਨੂੰ ਇਹ ਇਜਾਜ਼ਤ ਦਿੱਤੀ ਜਾਵੇ, ਮੈਂ ਕਮੇਟੀ ਤੋਂ ਨਾ ਬੰਦੇ ਮੰਗਦਾ ਹਾਂ, ਨਾ ਕੋਈ ਪੈਸਾ ਮੰਗਦਾ ਹਾਂ ਸਿਰਫ ਇਕ ਆਗਿਆ ਮੰਗਦਾ ਹਾਂ ਇਸ ਵਿਚ ਦੇਰ ਨਹੀਂ ਹੋਣੀ ਚਾਹੀਦੀ। ਇਹ ਕਹਿ ਕੇ ਝੱਬਰ ਬੈਠ ਗਿਆ। ਮੀਟਿੰਗ ਵਿਚ ਹਾਜ਼ਰ ਪਟਿਆਾਲਾ ਰਿਆਸਤ ਦੀ ਹਾਈ ਕੋਰਟ ਦੇ ਜੱਜ ਸਿਆਲਕੋਟ ਜ਼ਿਲ੍ਹੇ ਦੇ ਸ. ਨਿਹਾਲ ਸਿੰਘ ਸੁਹਾਵੀਆ ਨੇ ਆਖਿਆ ਕਿ ਕਿ ਇਸ ਕੰਮ ਲਈ ਅਸੀਂ ਵੀ ਤੁਹਾਡੇ ਨਾਲ ਜਾਵਾਂਗੇ। ਹੁਣੇ ਤਰੀਕ ਮਿੱਥੀ ਜਾਵੇ। ਕਮੇਟੀ ਵਿਚ ਵਿਚਾਰ ਵਟਾਂਦਰੇ ਦੌਰਾਨ ਕਬਜ਼ੇ ਦੀ ਇਜਾਜ਼ਤ ਤਾਂ ਨਾ ਮਿਲੀ ਪਰ ਇਹ ਫੈਸਲਾ ਹੋਇਆ ਕਿ 4-5 ਤੇ 6 ਮਾਰਚ 1921 ਨੂੰ ਨਨਕਾਣਾ ਸਾਹਿਬ ਸਿੱਖਾਂ ਦਾ ਇਕ ਵੱਡਾ ਇਕੱਠ ਕੀਤਾ ਜਾਵੇ, ਇਸਦੇ ਪ੍ਰਬੰਧ ਲਈ ਚਾਰ ਮੈਂਬਰਾਂ ਦੀ ਇਕ ਕਮੇਟੀ ਬਣਾਈ ਗਈ, ਜਿਸ ਵਿਚ ਸ. ਬੂਟਾ ਸਿੰਘ ਵਕੀਲ ਸ਼ੇਖੂਪੁਰਾ, ਤੇਜਾ ਸਿੰਘ ਸਮੁੰਦਰੀ, ਸ. ਬੂਟਾ ਸਿੰਘ ਚੱਕ ਨੰਬਰ 204 ਵਾਲੇ ਤੇ ਸ. ਕਰਤਾਰ ਸਿੰਘ ਝੱਬਰ ਸ਼ਾਮਲ ਸਨ।

32. ਮਹੰਤ ਵਲੋਂ ਗੱਲਬਾਤ ਦਾ ਢਕਵੰਜ ਸ਼ੁਰੂ

ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਾਨਫਰੰਸ ਦਾ ਐਲਾਨ ਪੜ੍ਹ ਕੇ ਨਰੈਣ ਦਾਸ ਨੇ, ਮਹੰਤ ਸੁੰਦਰ ਦਾਸ ਸ਼ਤਾਬਗੜ੍ਹੀਆ ਤੇ ਮਹੰਤ ਹਰੀ ਦਾਸ ਨੂੰ ਝੱਬਰ ਕੋਲ ਘੱਲਿਆ।ਇਹ ਦੋਵੇਂ ਝੱਬਰ ਦੇ ਪਹਿਲਾਂ ਤੋਂ ਵਾਕਫਕਾਰ ਸਨ। ਇਨ੍ਹਾਂ ਨੇ ਝੱਬਰ ਨੂੰ ਨਨਕਾਣਾ ਸਾਹਿਬ ਨਾ ਜਾਣ ਲਈ ਪ੍ਰੇਰਣ ਦੀ ਕੋਸ਼ਿਸ਼ ਕੀਤੀ। ਝੱਬਰ ਨੇ ਆਖਿਆ ਕਿ ਇਹ ਕਦਾਚਿਤ ਨਹੀਂ ਹੋ ਸਕਦਾ ਕਿ ਮੈਂ ਢਿੱਲਾ ਪੈ ਜਾਵਾਂ। ਹਾਂ! ਜੇ ਮਹੰਤ ਮੇਰੇ ਆਖੇ ਲੱਗ ਕੇ ਗੁਰਦੁਆਰਾ ਪੰਥ ਨੂੰ ਦੇਵੇ ਤਾਂ ਇਸਦੇ ਬਦਲੇ ਉਸਨੂੰ ਹਜ਼ਾਰ-ਪੰਦਰਾਂ ਸੌ ਰੁਪਏ ਮਹਾਵਾਰ ਤਨਖਾਹ, ਇਕ ਵੱਡਾ ਮਹਿਲ, ਮਾਲ ਵਾਲਾ ਤਬੇਲਾ ਤੇ ਹੋਰ ਕਈ ਕੁਝ ਦਿਵਾਇਆ ਜਾ ਸਕਦਾ ਹੈ। ਪਰ ਸ਼ਰਤ ਇਹ ਹੈ ਕਿ ਮਹੰਤ ਮੇਰੇ ਨਾਲ ਸਿੱਧੀ ਗੱਲ ਕਰਕੇ ਸਮਝੌਤੇ ਦਾ ਇਤਬਾਰ ਕਰੇ ਤਾਂ ਮੈਂ ਇਹ ਪੇਸ਼ਕਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਰੱਖਾਂਗਾ।

ਇਸ ਤੋਂ ਕੁਝ ਦਿਨ ਮਗਰੋਂ ਕਮੇਟੀ ਦੀ ਮੀਟਿੰਗ ਅੰਮ੍ਰਿਤਸਰ ਹੋਣੀ ਸੀ। ਸ. ਝੱਬਰ ਰੇਲ ਰਾਹੀਂ ਅੰਮ੍ਰਿਤਸਰ ਜਾ ਰਿਹਾ ਸੀ। ਲਾਹੌਰ ਸਟੇਸ਼ਨ ਤੋਂ ਹੀ ਮਹੰਤ ਸੁੰਦਰਦਾਸ ਝੱਬਰ ਨੂੰ ਸੱਦ ਕੇ ਲੈ ਗਿਆ ਤੇ ਲਾਹੌਰ ਸ਼ਹਿਰ ਦੇ ਇਕ ਚੁਬਾਰੇ ਵਿਚ ਨਰੈਣ ਦਾਸ ਨੇ ਉਕਤ ਸ਼ਰਤਾਂ ‘ਤੇ ਗੁਰਦੁਆਰਾ ਪੰਥ ਨੂੰ ਦੇਣਾ ਮੰਨ ਲਿਆ। ਜਦੋਂ ਝੱਬਰ ਚੁਬਾਰਿਓਂ ਉਤਰਿਆ ਤਾਂ ਥੱਲੇ ਮਹੰਤ ਦੇ ਬੰਦੇ ਰਾਂਝਾ ਤੇ ਰਿਹਾਣਾ ਬੰਦੂਕਾਂ ਲਈ ਖੜ੍ਹੇ ਸਨ। ਇਹ ਪਤਾ ਨਹੀਂ ਕਿ ਉਹ ਮਹੰਤ ਦੀ ਰਾਖੀ ਲਈ ਆਏ ਸਨ ਜਾਂ ਕਿ ਲੋੜ ਪੈਣ ‘ਤੇ ਝੱਬਰ ਨੂੰ ਮਾਰਨ ਲਈ।

ਸ. ਝੱਬਰ ਨੇ ਕਮੇਟੀ ਦੀ ਮੀਟਿੰਗ ਵਿਚ ਨਰੈਣ ਦਾਸ ਨਾਲ ਹੋਈ ਗੱਲਬਾਤ ਦਾ ਵਿਸਥਾਰ ਦੱਸਿਆ। ਕਮੇਟੀ ਨੇ ਮਹੰਤ ਨਾਲ ਗੱਲਬਾਤ ਕਰਨ ਲਈ ਇਕ ਪੰਜ ਮੈਂਬਰੀ ਸਬ ਕਮੇਟੀ ਬਣਾ ਦਿੱਤੀ ਅਤੇ 7-8 ਤੇ 9 ਫਰਵਰੀ ਨੂੰ ਸੱਚੇ ਸੌਦੇ ਦੇ ਮੇਲੇ ਮੌਕੇ ਗੱਲਬਾਤ ਲਈ ਆਉਣ ਖਾਤਰ ਨਰੈਣ ਦਾਸ ਨੂੰ ਸੁਨੇਹਾ ਘੱਲਿਆ। ਮਹੰਤ ਆਪ ਤਾਂ ਨਾ ਆਇਆ ਪਰ ਉਸਨੇ ਸ. ਸਾਹਿਬ ਸਿੰਘ ਮਾਨ ਅਤੇ ਦੇਵੀ ਦਿਆਲ ਦੇ ਹੱਥ ਸੁਨੇਹਾ ਘੱਲਕੇ ਆਖਿਆ ਕਿ ਤੁਸੀਂ ਮੇਰੇ ਨਾਲ ਕਿਸੇ ਸ਼ਹਿਰ ਵਿਚ ਗੱਲਬਾਤ ਕਰੋ। ਉਕਤ ਦੋਵਾਂ ਵਿਅਕਤੀਆਂ ਨੇ ਮਹੰਤ ਦੇ ਨਾ ਆ ਸਕਣ ਦੀ ਵਜਾਹਤ ਕਰਦਿਆਂ ਆਖਿਆ ਕਿ ਨਰੈਣ ਦਾਸ ਇਥੇ ਡਰਦਾ ਨਹੀਂ ਆਇਆ ਕਿ ਅਕਾਲੀਆਂ ਨੇ ਓਹਨੂੰ ਇਥੇ ਫੜ ਕੇ ਨੂੜ ਲੈਣਾ ਹੈ।

ਮਹੰਤ ਦੇ ਇਨ੍ਹਾਂ ਬੰਦਿਆਂ ਨੇ 14 ਫਰਵਰੀ ਨੂੰ ਸ਼ੇਖੂਪੁਰੇ ਬੂਟਾ ਸਿੰਘ ਵਕੀਲ ਦੀ ਬੈਠਕ ਵਿਚ ਗੱਲਬਾਤ ਲਈ ਆਉਣ ਦਾ ਝੱਬਰ ਨੂੰ ਸੁਨੇਹਾ ਦਿੱਤਾ। ਮਹੰਤ ਇਥੇ ਵੀ ਨਹੀਂ ਆਇਆ ਤੇ ਮਹੰਤ ਜੀਵਨਦਾਸ ਨੇ ਆ ਕੇ ਝੱਬਰ ਨੂੰ ਆਖਿਆ ਕਿ ਨਰੈਣ ਦਾਸ ਤੁਹਾਨੂੰ ਲਾਹੌਰ ਸੱਦਦਾ ਹੈ। ਸ. ਝੱਬਰ ਤੇ ਬੂਟਾ ਸਿੰਘ ਵਕੀਲ 15 ਫਰਵਰੀ ਸਵੇਰ ਦੀ ਗੱਡੀ ਫੜ ਕੇ ਲਾਹੌਰ ਲਾਇਲ ਗਜ਼ਟ ਅਖਬਾਰ ਦੇ ਦਫਤਰ ਸ. ਅਮਰ ਸਿੰਘ ਦੇ ਕੋਲ ਪੁੱਜੇ। ਮਹੰਤ ਦਾ ਇਕ ਮਕਾਨ ਲਾਹੌਰ ਦੀ ਰਾਮ ਗਲੀ ਵਿਚ ਸੀ। ਝੱਬਰ ਨੇ ਮਹੰਤ ਜੀਵਨ ਦਾਸ ਦੇ ਹੱਥੀਂ ਸੁਨੇਹਾ ਘੱਲਿਆ ਕਿ ਨਰੈਣ ਦਾਸ ਲਾਇਲ ਗਜ਼ਟ ਦੇ ਦਫਤਰ ਆ ਜਾਵੇ।

ਨਰੈਣ ਦਾਸ ਦੇ ਮਕਾਨ ਵਿਚ ਝੱਬਰ ਦਾ ਸੂਹੀਆ ਅਵਤਾਰ ਸਿੰਘ ਮੌਜੂਦ ਸੀ। ਝੱਬਰ ਦਾ ਲਾਇਲ ਗਜ਼ਟ ਦੇ ਦਫਤਰ ਵਿਚ ਆਉਣਾ ਸੁਣ ਕੇ ਉਹ ਸਿੱਧਾ ਝੱਬਰ ਕੋਲ ਪੁੱਜਾ। ਉਹਨੇ ਆ ਕੇ ਦੱਸਿਆ ਕਿ ਮਹੰਤ ਤੁਹਾਡੇ ਨਾਲ ਗੱਲਬਾਤ ਦਾ ਤਾਂ ਐਵੇਂ ਢਕਵੰਜ ਹੀ ਕਰ ਰਿਹਾ ਹੈ ਪਰ ਉਸਦੇ ਅਸਲ ਇਰਾਦੇ ਬਹੁਤ ਭੈੜੇ ਨੇ। ਉਹਨੇ ਮਹੰਤ ਵਲੋਂ ਤਿਆਰ ਕੀਤੀ ਜਾ ਰਹੀ ਸਾਜਿਸ਼ ਇਸ ਤਰ੍ਹਾਂ ਬਿਆਨ ਕੀਤੀ:

”ਮਹੰਤ ਨੇ ਅੱਜ ਰਾਤ ਰਾਮ ਗਲੀ ਆਪਣੇ ਮਕਾਨ ‘ਤੇ ਇਕ ਖੁਫੀਆ ਮੀਟਿੰਗ ਕੀਤੀ ਹੈ, ਮੈਂ ਭੀ ਉਸ ਵਿਚ ਸੀ। ਅਰਜਨ ਦਾਸ ਥੰਮਣ ਤੇ ਜਗਨ ਨਾਥ ਬਘਿਆਂ ਵਾਲਾ, ਬਸੰਤ ਦਾਸ ਮਾਣਕ ਵਾਲਾ ਤੇ ਚਾਰ ਪੰਜ ਮਾਝੇ ਦੇ ਜੱਟ ਸੀ। ਮਹੰਤ ਨੇ ਡੇਢ ਲੱਖ ਰੁਪਏ ਮਾਝੇ ਦੇ ਬਦਮਾਸ਼ਾਂ ਨੂੰ ਦੇਣਾ ਮੰਨਿਆ ਹੈਤੇ ਉਨ੍ਹਾਂ ਨੇ 12 ਭਗੌੜੇ ਕਾਤਲ ਨਨਕਾਣਾ ਸਾਹਿਬ 6 ਮਾਰਚ ਨੂੰ ਲੈ ਕੇ ਪੁੱਜਣਾ ਹੈ, ਜਿਸ ਦਿਨ ਪੰਥ ਦਾ ਇਕੱਠ ਹੈ। ਅੱਗੋਂ ਸਕੀਮ ਇਹ ਬਣਾਈ ਹੈ ਕਿ ਭਰੇ ਮੇਲੇ ਵਿਚ ਸਿੱਖ ਲੀਡਰਾਂ ਸ. ਹਰਬੰਸ ਸਿੰਘ ਅਟਾਰੀ, ਪ੍ਰੋਫੈਸਰ ਜੋਧ ਸਿੰਘ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ ਨੂੰ ਜੋ ਇਸ ਵੇਲੇ ਪੰਥ ਦਾ ਕੰਮ ਕਰਦੇ ਹਨ, ਗੁਰਦੁਆਰੇ ਅੰਦਰ ਸੁਲ੍ਹਾ ਦੀ ਗੱਲਬਾਤ ਕਰਨ ਲਈ ਬੁਲਾ ਲਿਆ ਜਾਵੇ। ਅਸੀਂ ਗੱਲਬਾਤ ਕਰੀਏ ਗੁਰਦੁਆਰੇ ਦਾ ਲਹਿੰਦਾ ਬੂਹਾ ਖੋਲ੍ਹ ਦਿੱਤਾ ਜਾਵੇਗਾ, ਚੜ੍ਹਦਾ ਪਹਿਲਾਂ ਬੰਦ ਕੀਤਾ ਜਾਵੇਗਾ। ਬਾਹਰੋਂ ਬਦਮਾਸ਼ ਘੋੜਿਆਂ ‘ਤੇ ਆਉਣ ਅਤੇ ਲਹਿੰਦੇ ਵੱਲ ਖਾਲੀ ਥਾਂ ‘ਤੇ ਕਿੱਲੇ ਲੱਗੇ ਹੋਏ ਹੋਣਗੇ, ਉਹ ਘੋੜਿਆਂ ਤੋਂ ਉਤਰ ਕਿੱਲਿਆਂ ਨਾਲ ਘੋੜੇ ਬੰਨ੍ਹ ਕੇ ਅੰਦਰ ਆ ਕੇ ਹੋ ਰਹੀ ਕਮੇਟੀ ਦੀ ਮੀਟਿੰਗ ਵਿਚ ਬੈਠੇ ਸਿੱਖ ਲੀਡਰਾਂ ਨੂੰ ਕਤਲ ਕਰਕੇ ਘੋੜੇ ਭਜਾ ਲੈ ਜਾਣ। ਅਸੀਂ ਵੀ ਹਾਲ ਦੁਹਾਈ ਪਾ ਦਿਆਂਗੇ ਕਿ ਮਾਰ ਗਏ, ਮਾਰ ਗਏ। ਤੁਹਾਡੀ ਸੁਲ੍ਹਾ ਦੀ ਕੋਈ ਗੱਲਬਾਤ ਨਹੀਂ, ਤੁਸੀਂ ਆਪਣੇ ਬਚਾਓ ਦਾ ਉਪਾਅ ਕਰੋ ਤੇ ਝੱਬਰ ਜੀ ਤੁਸਾਂ ਨੂੰ ਵੀ ਪਹਿਲਾਂ ਹੀ ਮਾਰ ਦੇਣ ਦੀ ਤਜਵੀਜ਼ ਹੈ। ਆਪਣਾ ਫਿਕਰ ਰੱਖਿਆ ਕਰੋ ਤੇ ਨਾਲ ਦੋ ਸਿੰਘ ਵੀ ਜ਼ਰੂਰ ਰੱਖਿਆ ਕਰੋ।” ਇਹ ਗੱਲ ਦੱਸ ਕੇ ਅਵਤਾਰ ਸਿੰਘ ਫਿਰ ਵਾਪਸ ਚਲਿਆ ਗਿਆ।

ਇਸ ਖਤਰਨਾਕ ਸਾਜਿਸ਼ ਦਾ ਪਤਾ ਲੱਗਣ ‘ਤੇ ਵੀ ਝੱਬਰ ਨੇ ਆਪਣਾ ਸੰਜਮ ਕਾਇਮ ਰੱਖਦਿਆਂ ਦੋ ਘੰਟੇ ਉਡੀਕਣ ਤੋਂ ਬਾਅਦ ਇਕ ਹੋਰ ਬੰਦਾ ਮਹੰਤ ਨੂੰ ਸੱਦਣ ਘੱਲਿਆ। ਉਸ ਆਦਮੀ ਨੇ ਵਾਪਸ ਆ ਕੇ ਦੱਸਿਆ ਕਿ ਮੇਰੇ ਗਿਆਂ ਮਹੰਤ ਟਾਂਗੇ ‘ਤੇ ਚੜ੍ਹਿਆ ਸੀ ਤੇ ਜਦ ਮੈਂ ਕਿਹਾ ਕਿ ਮਹੰਤ ਜੀ ਤੁਹਾਨੂੰ ਝੱਬਰ ਜੀ ਤੇ ਸ. ਬੂਟਾ ਸਿੰਘ ਜੀ ਬੁਲਾਉਂਦੇ ਹਨ, ਤਾਂ ਮਹੰਤ ਨੇ ਉਤਰ ਦਿੱਤਾ ਕਿ ਮੈਂ ਬਾਵਾ ਕਰਤਾਰ ਸਿੰਘ ਬੇਦੀ ਦੀ ਕੋਠੀ ਜਾ ਰਿਹਾ ਹਾਂ, ਮੇਰਾ ਐਸ ਵੇਲੇ ਜਾਣ ਨਹੀਂ ਹੁੰਦਾ। ਇਹ ਬਾਵਾ ਕਰਤਾਰ ਸਿੰਘ ਬੇਦੀ ਗਵਰਨਰ ਕੌਂਸਲ ਦਾ ਮੈਂਬਰ ਸੀ ਤੇ ਨਰੈਣ ਦਾਸ ਦਾ ਖਾਸ ਯਾਰ ਸੀ। ਨਰੈਣ ਦਾਸ ਨੇ ਉਦਾਸੀ ਮਹਾਂ ਮੰਡਲ ਵਲੋਂ ਮਹੰਤਾਂ ਦੀ ਕਾਨਫਰੰਸ ਲਾਹੌਰ ਵਿਖੇ 19 ਤੇ 20 ਫਰਵਰੀ ਨੂੰ ਇਸੇ ਬੇਦੀ ਦੀ ਕੋਠੀ ‘ਤੇ ਰੱਖੀ ਹੋਈ ਸੀ। ਮਹੰਤ ਵਲੋਂ ਮੀਟਿੰਗ ਕਰਨ ਤੋਂ ਇਨਕਾਰ ਕਰਨਾ ਸੁਣ ਕੇ ਉਸਨੂੰ ਸੂਹੀਏ ਅਵਤਾਰ ਸਿੰਘ ਦੀ ਖਬਰ ਸੱਚੀ ਹੋ ਜਾਣ ਦਾ ਭਰੋਸਾ ਹੋ ਗਿਆ। ਝੱਬਰ ਨੇ ਆਖਿਆ ”ਚੰਗਾ ਚਬਲ ਸਾਧ ਸਾਡੇ ਨਾਲ ਗੱਲ ਕਰਕੇ ਫਿਰ ਗਿਆ ਹੈ। ਅਸੀਂ ਵੀ ਇਸ ਸਾਜਿਸ਼ ਦਾ ਬੰਦੋਬਸਤ ਕਰਾਂਗੇ।” ਉਥੇ ਹਾਜ਼ਰ ਸਿੰਘਾਂ ਨੇ ਫਿਕਰਮੰਦੀ ਜ਼ਾਹਰ ਕਰਦਿਆਂ ਝੱਬਰ ਤੋਂ ਪੁੱਛਿਆ ਕਿ ਹੁਣ ਤੁਸੀਂ ਕੀ ਕਰੋਂਗੇ। ਝੱਬਰ ਨੇ ਜੁਆਬ ਦਿੱਤਾ ਕਿ ਜਿਹੜੇ ਸਾਡੇ ਨਾਲ ਟੁਰਨਗੇ ਉਨ੍ਹਾਂ ਨੂੰ ਹੀ ਦੱਸਾਂਗੇ।

33. ਫੈਸਲੇ ਦੀ ਘੜੀ ਆਣ ਪੁੱਜੀ

ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਕਬਜ਼ੇ ਵਾਲੇ ਅਪ੍ਰੇਸ਼ਨ ਲਈ, ਗੁਰਦੁਆਰਾ ਸੱਚਾ ਸੌਦਾ ਨੂੰ ਸ. ਝੱਬਰ ਨੇ ਪਹਿਲਾਂ ਤੋਂ ਹੀ ਇਕ ਬੇਸ ਕੈਂਪ ਵਾਂਗੂੰ ਐਨ ਫੌਜੀ ਤਰਕੀਬ ਮੁਤਾਬਕ ਚੁਣਿਆ ਹੋਇਆ ਸੀ, ਜਿੱਥੇ ਝੱਬਰ ਦੇ ਖਾਸ ਬੰਦੇ ਹਰ ਮੌਕੇ ਮੌਜੂਦ ਰਹਿੰਦੇ ਸਨ। ਮਹੰਤ ਦੀ ਮਾਰੂ ਸਾਜਿਸ਼ ਦਾ ਪਤਾ ਲੱਗਣ ਤੋਂ ਬਾਅਦ ਸ. ਝੱਬਰ ਰੇਲ ਚੜ੍ਹ ਕੇ 15 ਫਰਵਰੀ ਦੀ ਰਾਤ ਨੂੰ ਹੀ 12 ਵਜੇ ਸੱਚੇ ਸੌਦੇ ਪਹੁੰਚ ਗਿਆ। ਉਸੇ ਵਕਤ ਉਹਨੇ ਸੁੱਤੇ ਪਏ ਸਿੰਘ ਜਗਾਏ।

ਉਨ੍ਹਾਂ ਨੂੰ ਮਹੰਤ ਦੀ ਸਾਜਿਸ਼ ਵਾਲੀ ਸਾਰੀ ਗੱਲਬਾਤ ਸੁਣਾਈ ਤੇ ਕਿਹਾ ਕਿ ਮਹੰਤ ਨੇ 19, 20 ਫਰਵਰੀ ਨੂੰ ਸਨਾਤਨ ਸਿੱਖ ਕਾਨਫਰੰਸ ਕਰਨੀ ਹੈ। ਸਾਰੇ ਮਹੰਤ ਓਸ ਦਿਨ ਉਥੇ ਹਾਜ਼ਰ ਹੋਣਗੇ। ਸੋ ਨਰੈਣ ਦਾਸ ਦੀ ਨਨਕਾਣਾ ਸਾਹਿਬ ਵਿਚ ਗੈਰ ਹਾਜ਼ਰੀ ਦਾ ਲਾਭ ਉਠਾਉਣ ਲਈ 20 ਫਰਵਰੀ ਸਵੇਰ ਦਾ ਦਿਨ ਬਹੁਤ ਢੁਕਵਾਂ ਹੈ। ਨਾਲੇ ਜੇ ਮਹੰਤਾਂ ਦੀ ਕਾਨਫਰੰਸ ਚੁੱਪ ਚਾਪ ਹੋ ਗਈ ਤਾਂ ਉਹਦੀ ਜਥੇਬੰਦੀ ਸਾਡੇ ਮੁਕਾਬਲੇ ‘ਤੇ ਹੋ ਜਾਵੇਗੀ, ਜਿਸ ਦਾ ਅਸਰ ਲੋਕਾਂ ਅਤੇ ਗੌਰਮਿੰਟ ਉੇਤੇ ਸਾਡੇ ਖਿਲਾਫ ਪਵੇਗਾ। ਜਿਵੇਂ ਮਹੰਤ ਦੀ ਤਿਆਰੀ ਹੈ ਉਸ ਹਿਸਾਬ ਨਾਲ ਅੱਬਲ ਤਾਂ ਉਹਨੇ 4-5-6 ਮਾਰਚ ਵਾਲੀ ਨਨਕਾਣੇ ਪੰਥਕ ਕਾਨਫਰੰਸ ਹੋਣ ਹੀ ਨਹੀਂ ਦੇਣੀ।ਜੇ ਹੋ ਵੀ ਗਈ, ਤਾਂ ਵੀ ਉਹ ਸਾਡਾ ਨੁਕਸਾਨ ਕਰੇਗੀ। ਜਿਸ ਨਾਲ ਪੰਥ ਦੀ ਹਾਨੀ ਹੋਵੇਗੀ। ਸਿੰਘਾਂ ਨੇ ਇਸ ਤਜਵੀਜ਼ ਨੂੰ ਸਹਿਮਤੀ ਦੇ ਦਿੱਤੀ। ਇਹ ਵੀ ਕਿਹਾ ਗਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਦਾ ਬਿਲਕੁਲ ਪਤਾ ਨਾ ਲੱਗੇ। ਜੇ ਪਤਾ ਲੱਗ ਗਿਆ ਤਾਂ ਉਨ੍ਹਾਂ ਨੇ ਇਸ ਕੰਮ ਲਈ ਇਜਾਜ਼ਤ ਨਹੀਂ ਦੇਣੀ। ਇਥੋਂ ਤਕ ਕਿ ਰਾਵੀ ਦਰਿਆ ਤੋਂ ਚੜ੍ਹਦੇ ਵਾਲੇ ਪਾਸੇ ਕਿਸੇ ਨੂੰ ਕਬਜ਼ੇ ਲਈ ਆਉਣ ਖਾਤਰ ਨਾ ਕਿਹਾ ਜਾਵੇ। ਇਸ ਦਿਨ ਤਾਰੀਕ 16 ਫਰਵਰੀ ਹੋ ਗਈ ਸੀ। 20 ਫਰਵਰੀ ਸਵੇਰੇ ਤੜਕੇ ਕਬਜ਼ੇ ਲਈ ਧਾਵਾ ਬੋਲਿਆ ਜਾਣਾ ਸੀ। ਉਪਰ ਦੱਸੀਆਂ ਹਾਲਤਾਂ ਦੇ ਮੱਦੇਨਜ਼ਰ ਧਾਵੇ ਦੀ ਤਰੀਕ 20 ਫਰਵਰੀ ਤੋਂ ਅਗਾਂਹ ਨਹੀਂ ਸੀ ਵਧਾਈ ਜਾ ਸਕਦੀ। ਹਜ਼ਾਰਾਂ ਬੰਦੇ ਚੁੱਪਚਾਪ ਇਕੱਠੇ ਕਰਨੇ ਇਕ ਵੱਡਾ ਕਾਰਜ ਸੀ। ਜਿਸ ਦੇ ਲਈ ਸਿਰਫ ਦੋ ਤਿੰਨ ਦਿਨ ਦਾ ਸਮਾਂ ਸੀ। ਪਰ ਝੱਬਰ ਵਲੋਂ ਸਿੰਘਾਂ ਨੂੰ ਕਬਜ਼ੇ ਲਈ ਪਹਿਲਾਂ ਤੋਂ ਹੀ ਤਿਆਰ ਕਰਨ ਲਈ ਕੀਤਾ ਕਾਰਜ ਕੰਮ ਆਇਆ ਜਿਸ ਕਰਕੇ ਉਨ੍ਹਾਂ ਨੇ 20 ਫਰਵਰੀ 1921 ਤੜਕੇ ਦਾ ਦਿਨ ਪੱਕਾ ਕਰ ਦਿੱਤਾ।

34. ਕਬਜ਼ੇ ਦੀ ਤਿਆਰੀ ਸ਼ੁਰੂ

16 ਫਰਵਰੀ ਨੂੰ ਵੱਖ ਵੱਖ ਥਾਵਾਂ ‘ਤੇ ਬੈਠੇ ਸਿੱਖਾਂ ਨੂੰ ਝੱਬਰ ਨੇ ਆਪਣੇ ਵਲੋਂ ਚਿੱਠੀਆਂ ਲਿਖੀਆਂ। ਜਿਵੇਂ ਜਿਵੇਂ ਸਾਧਨ ਮਿਲੇ ਕਾਸਦ ਇਹ ਚਿੱਠੀਆਂ ਲੈ ਕੇ ਰਵਾਨਾ ਹੋ ਗਏ। ਇਨ੍ਹਾਂ ਵਿਚੋਂ ਕੁਝ ਬੰਦੇ ਘੋੜਿਆਂ ‘ਤੇ ਤੇ ਕੁਝ ਰੇਲਾਂ ‘ਤੇ ਹੋ ਤੁਰੇ। ਇਨ੍ਹਾਂ ਚਿੱਠੀਆਂ ਵਿਚ ਬਕਾਇਦਾ ਪ੍ਰੋਗਰਾਮ ਲਿਖ ਕੇ ਦੱਸਿਆ ਗਿਆ ਸੀ ਕਿ ਕਿਹੜੇ ਬੰਦੇ ਨੇ ਕਿਹੜੇ ਰਾਹ ਆਉਣਾ ਹੈ ਤੇ ਕਿਥੇ ਪੜਾਅ ਕਰਨਾ ਹੈ। ਮਿਸਾਲ ਦੇ ਤੌਰ ‘ਤੇ ਕੁਝ ਜੱਥਿਆਂ ਦਾ ਪ੍ਰੋਗਰਾਮ ਇਸ ਤਰ੍ਹਾਂ ਸੀ।

ਅਕਾਲੀ ਦਲ ਖਰਾ ਸੌਦਾ ਬਾਰ ਦਾ ਜਥਾ ਗੁਰਦੁਆਰਾ ਸੱਚਾ ਸੌਦਾ ਤੋਂ 19 ਤਾਰੀਕ ਸ਼ਾਮ ਨੂੰ ਤੁਰ ਕੇ ਬੁੱਟਰੀਂ ਰੁਕੇਗਾ। ਇਥੇ ਜੱਥੇ ਦਾ ਲੰਗਰ ਤਿਆਰ ਹੋਵੇਗਾ। ਸ਼ੇਖੂਪੁਰਾ, ਮਿਰਜ਼ਾ, ਕੁਰਲਕੇ ਤੇ ਮਲੀਯਾ ਵਲੋਂ ਆਉਣ ਵਾਲੇ ਬੁੱਟਰੀਂ ਨਹਿਰ ਦੇ ਪੁਲ ‘ਤੇ ਇਕੱਠੇ ਹੋਣਗੇ। ਖਰੇ ਸੌਦੇ ਵਾਲਾ ਜੱਥਾ ਵੀ ਉਨ੍ਹਾਂ ਨਾਲ ਇਥੋਂ ਰਲੇਗਾ। ਇਹ ਜੱਥਾ ਅਗਾਂਹ ਚੱਲ ਕੇ ਰਾਤ ਦੇ ਦਸ ਵਜੇ ਮਾਨਾਂਵਾਲੀ ਨਹਿਰ ਦੇ ਪੁਲ ‘ਤੇ ਰਾਤ ਦੇ 10 ਵਜੇ ਤਕ ਪਹੁੰਚ ਜਾਵੇਗਾ ਜਿੱਥੇ ਉਨ੍ਹਾਂ ਦਾ ਮੇਲ ਖਾਰਿਆਂ ਵਾਲਾ ਅਤੇ ਭਿੱਖੀ ਦੇ ਜਥੇ ਨਾਲ ਹੋਵੇਗਾ। ਇਹ ਸਾਰਾ ਜਥਾ ਰਾਤ 12 ਵਜੇ ਚੰਦਰਕੋਟ ਨਹਿਰ ਦੀ ਝਾਲ ‘ਤੇ ਪੁੱਜ ਜਾਵੇਗਾ। ਉਥੇ ਇਸਦਾ ਮੇਲ ਬਾਗਾਂ ਵਾਲਾ, ਜੈ ਸਿੰਘ, ਗੁਰਮੂਲਾ ਅਤੇ ਚੱਬਾ ਗਿੱਲ ਵਾਲੇ ਜੱਥਿਆਂ ਨਾਲ ਹੋਵੇਗਾ। ਇਥੇ ਹੀ ਟਹਿਲ ਸਿੰਘ ਅਤੇ ਲਛਮਣ ਸਿੰਘ ਦਾ ਜਥਾ ਵੀ ਆ ਕੇ ਮਿਲੇਗਾ। ਇਹ ਸਾਰੇ ਜਥੇ ਜੇ ਟਾਇਮ ਸਿਰ ਇਕੱਠੇ ਹੁੰਦੇ ਹਨ ਤਾਂ ਇਥੋਂ 12 ਵਜੇ ਚਾਲੇ ਪਾ ਦੇਣਗੇ। ਜੇ ਕੋਈ ਜਥਾ ਨਹੀਂ ਪਹੁੰਚਦਾ ਤਾਂ ਉਸਦੀ ਤੜਕੇ 2 ਵਜੇ ਤਕ ਉਡੀਕ ਕੀਤੀ ਜਾਵੇਗੀ ਉਪਰੰਤ ਜਥਾ 2 ਵਜੇ ਇਥੋਂ ਹਰ ਹਾਲਤ ਨਨਕਾਣਾ ਸਾਹਿਬ ਲਈ ਤੁਰ ਪਵੇਗਾ।

ਇਸੇ ਤਰ੍ਹਾਂ ਲਹਿੰਦੇ ਵਾਲੇ ਪਾਸਿਓਂ ਆਉਣ ਵਾਲੇ ਜਥਿਆਂ ਨੂੰ ਇਸੇ ਤਰ੍ਹਾਂ ਦਾ ਪ੍ਰੋਗਰਾਮ ਹੀ ਬਣਾਇਆ ਗਿਆ ਸੀ। ਇਨ੍ਹਾਂ ਵਿਚ ਵਿਰਕਾਂ ਦੇ ਸੱਤ ਪਿੰਡਾਂ ਦੇ ਜਥੇ, ਇਨੋਆਣਾ ਜ਼ੈਲ ਵਿਚੇਲ ਪਿੰਡਾ ਅਤੇ ਲਾਇਲਪੁਰ ਦੇ ਜੱਥੇ ਸ਼ਾਮਿਲ ਸਨ। ਸਾਰੇ ਜਥਿਆਂ ਨੂੰ ਇਹ ਕਿਹਾ ਗਿਆ ਸੀ ਕਿ 19 ਤਰੀਕ ਸ਼ਾਮ ਤਕ ਨਨਕਾਣਾ ਸਾਹਿਬ ਤੋਂ ਲਗਭਗ ਪੰਦਰਾਂ ਕੋਹ ਦੀ ਦੂਰੀ ‘ਤੇ ਅਪੜ ਜਾਣ। ਗੁਰਦੁਆਰਾ ਸੱਚਾ ਸੌਦਾ ਨਨਕਾਣਾ ਸਾਹਿਬ ਤੋਂ ਪੰਦਰਾ ਕੋਹ ਦੂਰ ਹੈ। ਇਨ੍ਹਾਂ ਜਥਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਬਾਰਾਂ ਕੋਹ ਦੂਰ ਕਿਸੇ ਪਿੰਡ ਵਿਚ ਦੀਵਾਨ ਕਰਨ ਦੇ ਬਹਾਨੇ ਆਪਣਾ ਪੜਾਅ ਕਰਨ ਅਤੇ ਦਿਨ ਦੇ ਛੁਪਾ ਨਾਲ ਨਨਕਾਣਾ ਸਾਹਿਬ ਵੱਲ ਕੂਚ ਕਰਨ। ਸਾਰੇ ਜਥੇ ਇਹ ਪਹਿਰ ਰਾਤ ਰਹਿੰਦੀ ਨਨਕਾਣਾ ਸਾਹਿਬ ਭੱਠਿਆਂ ‘ਤੇ ਇਕੱਠੇ ਹੋਣ।

ਕਿਸੇ ਨੂੰ ਘਰੋਂ ਗ੍ਰਿਫਤਾਰ ਕਰਨ ਜਾਂ ਹੋਰ ਕਿਸੇ ਤਰੀਕੇ ਦਾ ਹਮਲਾ ਕਰਨ ਲਈ ਹਮੇਸ਼ਾ ਤੜਕੇ ਦਾ ਸਮਾਂ ਹੀ ਬਿਹਤਰ ਰਹਿੰਦਾ ਹੈ। ਸ. ਝੱਬਰ ਨੇ ਵੀ ਇਸੇ ਨੀਤੀ ਤਹਿਤ ਤੜਕੇ ਮਹੰਤ ਅਤੇ ਉਸਦੇ ਗੁੰਡਿਆਂ ਨੂੰ ਤੜਕੇ ਹੀ ਦਬੋਚਣ ਦੀ ਨੀਤੀ ਅਪਣਾਈ ਸੀ।

35. ਮਹੰਤ ਨੂੰ ਕਬਜ਼ੇ ਦੀ ਤਰੀਕ ਗਲਤ ਮਿਲੀ

ਉਧਰ ਨਰਇਣ ਦਾਸ ਨੂੰ ਇਕ ਸੂਹੀਏ ਨੇ ਲਾਇਲਪੁਰੋਂ ਤਾਰ ਰਾਹੀਂ ਇਹ ਇਤਲਾਹ ਦਿੱਤੀ ਕਿ ਅਕਾਲੀ 19 ਫਰਵਰੀ ਨੂੰ ਕਬਜ਼ਾ ਕਰਨ ਲਈ ਆ ਰਹੇ ਹਨ। ਮਹੰਤ ਨੇ ਇਸ ਦਿਨ ਹੋਰ ਬਦਮਾਸ਼ ਇਕੱਠੇ ਕਰ ਲਏ ਪਰ ਸਾਰੀ ਦਿਹਾੜੀ ਉਡੀਕ ਤੋਂ ਬਾਅਦ ਜਦੋਂ ਕੋਈ ਨਾ ਆਇਆ ਤਾਂ ਮਹੰਤ ਨੇ ਸੋਚਿਆ ਕਿ ਹੁਣ ਕੋਈ ਨੀਂ ਆਉਂਦਾ ਤੇ ਆਪ ਕੁਝ ਬੰਦਿਆਂ ਨੂੰ ਲੈ ਕੇ ਲਾਹੌਰ ਕਾਨਫਰੰਸ ‘ਤੇ ਜਾਣ ਲਈ ਨਨਕਾਣਾ ਸਾਹਿਬ ਸਟੇਸ਼ਨ ਤੋਂ ਸ਼ਾਮ ਪੰਜ ਵਜੇ ਵਾਲੀ ਗੱਡੀ ਚੜ੍ਹ ਬੈਠਾ, ਇਸੇ ਰੇਲ ਤੋਂ ਨਨਕਾਣਾ ਸਾਹਿਬ ਰਹਿਣ ਵਾਲੀ ਇਕ ਔਰਤ ਉਤਰੀ ਸੀ, ਜੋ ਜੜ੍ਹਾਂਵਾਲੇ ਪਾਸਿਓਂ ਆਈ ਸੀ। ਗੱਡੀ ਭਾਵੇਂ ਤੁਰ ਪਈ ਸੀ ਪਰ ਉਹਨੇ ਉੱਚੀ ਬਾਂਹ ਕਰਕੇ ਆਖਿਆ ”ਵੇ ਮਹੰਤਾਂ! ਤੂੰ ਇਥੇ ਪਿਆ ਵੈਂਦਾ ਏ, ਇਹ ਕਾਲੀਆਂ ਪੱਗਾਂ ਤੇ ਛੁਰਿਆਂ ਵਾਲੇ ਤਾਂ ਬੁਚਿਆਣੇ ਰੇਲਵੇ ਟੇਸ਼ਨ ਆ ਉਤਰੇ ਨੇ।”

ਇਹ ਸੁਣਦਿਆਂ ਸਾਰ ਮਹੰਤ ਚਲਦੀ ਗੱਡੀ ‘ਚੋਂ ਛਾਲ ਮਾਰ ਕੇ ਉਤਰ ਗਿਆ। ਉਸਦੇ ਕੁਝ ਸਾਥੀ ਵੀ ਛਾਲਾਂ ਮਾਰ ਕੇ ਉਤਰ ਗਏ ਤੇ ਕੁਝ ਅਗਲੇ ਸਟੇਸ਼ਨ ਵਕੀਲਵਾਲੇ ਉਤਰ ਕੇ ਵਾਪਸ ਆ ਗਏ। ਕਿਹਾ ਤਾਂ ਇਹ ਜਾਂਦਾ ਹੈ ਕਿ ਅਠਾਰਾਂ ਫਰਵਰੀ ਨੂੰ ਕਬਜ਼ੇ ਖਾਤਰ ਜਦੋਂ ਗੁਰਦੁਆਰਾ ਸਿੰਘ ਸਭਾ ਲਾਇਲਪੁਰ ਵਿਚ ਮੀਟਿੰਗ ਹੋ ਰਹੀ ਸੀ ਉਸ ਵਿਚ ਕੋਈ ਮਹੰਤ ਦਾ ਸੂਹੀਆ ਹਾਜ਼ਰ ਸੀ, ਜੀਹਨੇ ਮਹੰਤ ਨੂੰ 19 ਫਰਵਰੀ ਨੂੰ ਅਕਾਲੀਆਂ ਵਲੋਂ ਕਬਜ਼ੇ ਕਰਨ ਦੀ ਇਤਲਾਹ ਦਿੱਤੀ। ਪਰ ਇਹ ਗੱਲ ਬਿਲਕੁਲ ਸੰਭਵ ਹੈ ਕਿ ਜਥੇਦਾਰ ਝੱਬਰ ਨੇ ਮਹੰਤ ਨੂੰ ਗੁੰਮਰਾਹ ਕਰਨ ਲਈ 20 ਦੀ ਥਾਂ 19 ਤਰੀਕ ਦੀ ਸੂਚਨਾ ਉਸਦੇ ਸੂਹੀਏ ਰਾਹੀਂ ਖੁਦ ਹੀ ਪੁਚਾਈ ਹੋਵੇ।

36. ਕਬਜ਼ਾ ਅਪ੍ਰੇਸ਼ਨ ਦੀ ਵਿਉਂਤਬੰਦੀ

ਸ. ਕਰਤਾਰ ਸਿੰਘ ਝੱਬਰ ਨੇ ਕਬਜ਼ਾ ਕਰਨ ਲਈ ਜਿਸ ਤਰ੍ਹਾਂ ਐਨ ਫੌਜੀ ਕਮਾਂਡੋ ਐਕਸ਼ਨ ਦੀ ਤਰਜ਼ ‘ਤੇ ਜਿਸ ਤਰ੍ਹਾਂ ਵਿਉਂਤਬੰਦੀ ਕੀਤੀ ਉਸ ਤੋਂ ਇਹ ਜਾਪਦਾ ਹੈ ਕਿ ਉਸਦੇ ਨਾਲ ਕੋਈ ਸਾਬਕਾ ਫੌਜੀ ਵੀ ਜ਼ਰੂਰ ਸਲਾਹਕਾਰ ਹੋਵੇਗਾ। ਕਬਜ਼ਾ ਅਪ੍ਰੇਸ਼ਨ ਦੇ ਆਖਰੀ ਪੜਾਅ ਦੀ ਵਿਉਂਤਬੰਦੀ ਇਸ ਤਰ੍ਹਾਂ ਸੀ।

ਗੁਰਦੁਆਰਾ ਜਨਮ ਅਸਥਾਨ ਕੁਝ ਪਿਛੇ ਹਟਵਾਂ ਇਕ ਆਊਟਰ ਰਿੰਗ (ਬਾਹਰੀ ਘੇਰਾ) ਬਣਾਇਆ ਜਾਵੇਗਾ। ਇਸ ਘੇਰੇ ‘ਤੇ ਇਕ ਸੌ ਘੋੜ ਸਵਾਰਾਂ ਅਤੇ ਇਕ ਸੌ ਪੈਦਲ ਸਿੰਘਾਂ ਦਾ ਪਹਿਰਾ ਹੋਵੇਗਾ। ਇਸ ਘੇਰੇ ਤੋਂ ਨਾ ਕਿਸੇ ਨੂੰ ਬਾਹਰ ਜਾਣ ਦਿੱਤਾ ਜਾਵੇਗਾ ਤੇ ਨਾ ਹੀ ਕੋਈ ਬਾਹਰੋਂ ਅੰਦਰ ਆਉਣ ਦਿੱਤਾ ਜਾਵੇਗਾ।

ਦੂਜਾ ਜਥਾ ਇਸ ਘੇਰੇ ਵਿਚ ਪੈਂਦੇ ਸਾਰੇ ਘਰਾਂ ਦੇ ਬਾਹਰੋਂ ਕੁੰਡੇ ਮਾਰ ਦੇਵੇਗਾ। ਹੋਰ ਵੀਹ ਵੀਹ ਸਿੰਘਾਂ ਦੇ ਜਥੇ ਗਲੀਆਂ ਅਤੇ ਵਿਹੜਿਆਂ ਵਿਚ ਪਹਿਰਾ ਦੇਣਗੇ ਤੇ ਗਸ਼ਤ ਕਰਨਗੇ। ਕਿਸੇ ਵੀ ਸ਼ਹਿਰੀ ਨੂੰ ਤੁਰਨ ਫਿਰਨ ਅਤੇ ਉਚਾ ਬੋਲਣ ਦੀ ਇਜਾਜ਼ਤ ਨਹੀਂ ਦੇਣਗੇ। ਭਾਵ ਐਨ ਕਰਫਿਊ ਵਾਲੀ ਹਾਲਤ ਬਣਾ ਦਿੱਤੀ ਜਾਣੀ ਸੀ। ਚਾਰ ਨੰਬਰ ਦਾ ਜਥਾ ਮਹੰਤ ਦੇ ਮਕਾਨ ‘ਤੇ ਧਾਵਾ ਬੋਲੇ ਜੋ ਦਰਵਾਜ਼ਾ ਭੰਨ ਕੇ ਅੰਦਰ ਵੜ ਜਾਵੇ। ਜੇ ਮਹੰਤ ਲੱਭਦਾ ਹੈਤਾਂ ਉਸ ਨੂੰ ਕਾਬੂ ਕਰੇ ਅਤੇ ਕਬਜ਼ੇ ਵੀ ਕਰੇ। ਇਥੇ ਜੇ ਵਾਲੀ ਗੱਲ ਤਾਂ ਕੀਤੀ ਗਈ ਸੀ ਕਿਉਕੀ ਉਸ ਦਿਨ ਮਹੰਤ ਦਾ ਲਾਹੌਰ ਵਿੱਚ ਹੋਣ ਦਾ ਪ੍ਰੋਗਰਾਮ ਸੀ ਪਰ ਇਸ ਗੱਲ ਦੀ ਵੀ ਸੰਭਾਵਨਾ ਦਾ ਅੰਦਾਜਾ ਵੀ ਲਾ ਲਿਆ ਸੀ ਕਿ ਮੰਨ ਲਉ ਮਹੰਤ ਉਸ ਦਿਨ ਨਨਕਾਣੇ ਹੀ ਹੋਵੇ । ਪੰਜਵੇਂ ਜਥੇ ਨੂੰ ਹੁਕਮ ਇਹ ਸੀ ਕਿ ਉਹ ਮਹੰਤ ਦੀ ਬੈਠਕ ‘ਤੇ ਪੌੜੀਆਂ ਲਾ ਕੇ ਚੜ੍ਹ ਜਾਵੇ। ਮਹੰਤ ਨੂੰ ਲੱਭੇ ਤੇ ਹਥਿਆਰ ਕਬਜ਼ੇ ਵਿਚ ਕਰੇ। ਪੌੜੀਆਂ ਦਾ ਇੰਤਜ਼ਾਮ ਕਰਨ ਲਈ ਭਾਈ ਬੂਟਾ ਸਿੰਘ ਚੱਕ ਨੰਬਰ 204 ਵਾਲੇ ਨੂੰ ਪਹਿਲਾਂ ਹੀ ਨਨਕਾਣੇ ਘੱਲ ਦਿੱਤਾ ਗਿਆ ਸੀ ਕਿਉਂਕਿ ਗੁਰਦੁਆਰੇ ਦੀ ਚਾਰਦੁਆਰੀ ਐਨੀ ਉੱਚੀ ਸੀ ਕਿ ਬਿਨਾਂ ਪੌੜੀਆਂ ਤੋਂ ਟੱਪਣਾ ਔਖਾ ਸੀ। ਛੇਵਾਂ ਜਥਾ ਗੁਰਦੁਆਰੇ ‘ਤੇ ਕਬਜ਼ੇ ਲਈ ਲਾਇਆ ਗਿਆ ਸੀ। ਸੱਤਵੇਂ ਬੰਦੇ ਦੀ ਡਿਊਟੀ ਇਹ ਸੀ ਕਿ ਉਹ ਵੀ ਪੌੜੀਆਂ ਲਾ ਕੇ ਸਰਾਂ ‘ਤੇ ਧਾਵਾ ਬੋਲ ਕੇ ਸਰਾਂ ਵਿਚ ਸੁੱਤੇ ਮਹੰਤ ਦੇ ਬਦਮਾਸ਼ਾਂ ਦੇ ਕਮਰਿਆਂ ਨੂੰ ਬਾਹਰੋ ਕੁੰਡੇ ਮਾਰ ਕੇ ਅੰਦਰ ਹੀ ਤਾੜ ਦਿੱਤਾ ਜਾਵੇ। ਜੇ ਕੋਈ ਬਾਹਰ ਫਿਰਦਾ ਮਿਲੇ ਤਾਂ ਉਹ ਨੂੰ ਫੜਕੇ ਜਦੇ ਹੀ ਮੁਸ਼ਕਾਂ ਨਾਲ ਬੰਨ੍ਹ ਦਿੱਤਾ ਜਾਵੇ।

ਮੌਕੇ ‘ਤੇ ਕਮਾਂਡ ਦੇਣ ਲਈ ਜਥੇਦਾਰ ਝੱਬਰ ਨੂੰ ਗੁਰਦੁਆਰੇ ਦੇ ਵਿਹੜੇ ਵਿਚ ਬਰੋਟਿਆਂ ਥੱਲ੍ਹੇ ਖੜ੍ਹੇ ਰਹਿਣਾ ਸੀ। ਉਸਦੇ ਨਾਲ ਸਿੰਘਾਂ ਦਾ ਇਕ ਰਿਜ਼ਰਵ ਜੱਥਾ ਵੀ ਹਾਜ਼ਰ ਰਹਿਣਾ ਸੀ। ਇਹ ਦੱਸਿਆ ਗਿਆ ਸੀ ਕਿ ਜੇ ਕਿਸੇ ਨੂੰ ਕੋਈ ਲੋੜ ਪਵੇ ਉਹ ਸ. ਝੱਬਰ ਨੂੰ ਬਰੋਟਿਆਂ ਥੱਲ੍ਹੇ ਮਿਲੇ। ਕਬਜ਼ਾ ਅਪ੍ਰੇਸ਼ਨ ਦੀ ਸਫਲਤਾ ਤੋਂ ਬਾਅਦ ਦਾ ਪ੍ਰੋਗਰਾਮ ਇਸ ਤਰ੍ਹਾਂ ਦਾ ਸੀ:

ਜੇ ਮਹੰਤ ਲੱਭ ਪਏ ਤਾਂ ਉਸ ਵੇਲੇ ਮਹੰਤ ਨੂੰ ਊਠ ਦੇ ਅਗਲੇ ਆਸਣ ‘ਤੇ ਮੁਸ਼ਕਾਂ ਬੰਨ੍ਹ ਕੇ ਬਿਠਾਇਆ ਜਾਵੇ ਤੇ ਪਿਛਲੇ ਆਸਣ ‘ਤੇ ਇਕ ਸਿੰਘ ਤੇਜ ਤਲਵਾਰ ਨੰਗੀ ਕਰਕੇ ਬੈਠਾ ਹੋਵੇ ਤੇ 25 ਘੋੜ ਸਵਾਰ ਨਾਲ ਛਵੀਆਂ ਵਾਲੇ ਹੋਣ। ਨਨਕਾਣਾ ਸਾਹਿਬ ਤੋਂ ਊਠ ਭਜਾ ਕੇ ਸੱਚੇ ਸੌਦੇ ਪੁੱਜ ਜਾਵੇ। ਇਥੇ ਲਹਿੰਦੇ ਬੁਰਜ ਦੀ ਹੇਠਲੀ ਕੋਠੀ ਵਿਚ ਜੋ ਤਹਿਖਾਨਾ ਸੀ ਉਸ ਵਿਚ ਲਿਆਕੇ ਬੰਦ ਕਰਕੇ ਪਹਿਰਾ ਲਾ ਦਿੱਤਾ ਜਾਵੇ। ਉਧਰ ਦਿਨ ਚੜ੍ਹੇ ਇਕ- ਇਕ ਬਦਮਾਸ਼ ਨੂੰ ਸਰਾਂ ਤੋਂ ਬਾਹਰ ਲਿਆ ਕੇ ਲੰਮੇ ਪਾ ਕੇ ਦੋ ਜੁਆਨ ਸੋਲ੍ਹੀਆਂ ਵਾਲੇ ਉਪਰ ਲਾਏ ਜਾਣ। ਜੋ ਛਿੱਤਰ ਮਾਰ ਕੇ ਫਿਰ ਕਾਲਾ ਮੂੰਹ ਕਰਕੇ ਪੰਜ ਸਿੰਘ ਲੈ ਕੇ ਟੁਰ ਪੈਣ ਤੇ ਨਨਕਾਣੇ ਸਾਹਿਬ ਦੀ ਬੁਰਜੀ ਵਿਚੋਂ ਕੱਢ ਆਉਣ ਤਾਂ ਕਿ ਇਨ੍ਹਾਂ ਨੂੰ ਮਹੰਤ ਤੋਂ ਤਨਖਾਹ ਲੈ ਕੇ ਸਿੰਘਾਂ ਨਾਲ ਮੁਕਾਬਲਾ ਕਰਨ ਦਾ ਸੁਆਦ ਚਖਾਇਆ ਜਾਵੇ। ਇਹ ਕੁਝ ਕਰਦਿਆਂ ਦਿਨ ਚੜ੍ਹ ਜਾਵੇਗਾ। ਸ਼ਹਿਰੀ ਲੋਕ ਹਾਕਮਾਂ ਨੂੰ ਤਾਰਾਂ ਖਬਰਾਂ ਦੇਣਗੇ, ਅਫਸਰ ਜਿਸ ਵੇਲੇ ਮੰਡੀ ਪਾਸ ਆ ਜਾਣਗੇ ਤਾਂ ਝੱਬਰ ਪੰਜ ਵਾਰ ਸੀਟੀ ਮਾਰੇਗਾ ਸੁਣ ਕੇ ਸਾਰੇ ਜਥੇਦਾਰ ਸੀਟੀਆਂ ਮਾਰਨ ਤੇ ਸਿੰਘ ਸਾਰੇ ਪਹਿਰੇ ਛੱਡ ਕੇ ਗੁਰਦੁਆਰਾ ਜਨਮ ਅਸਥਾਨ ਦੇ ਸਾਹਮਣੇ ਹਥਿਆਰਬੰਦ ਹੋ ਕੇ ਖੜ੍ਹੇ ਹੋ ਜਾਣ ਜੋ ਕੁਝ ਅਫਸਰ ਪੁੱਛਣਗੇ ਤਾਂ ਝੱਬਰ ਉਤਰ ਦੇਵੇਗਾ। ਇਸਦਾ ਨਤੀਜਾ ਹਾਰ ਜਾਂ ਜਿੱਤ ਗੁਰੂ ਦੇ ਵੱਸ ਹੈ ਇਕ ਜ਼ਰੂਰ ਹੋਵੇਗਾ। ਜੇ ਲੜਾਈ ਹੋ ਕੇ ਇਹ ਸਿੰਘ ਕਤਲ ਹੋ ਗਏ ਤਾਂ ਭੀ ਗੁਰੂ ਕੀ ਸੇਵਾ ਹੈ। ਮਰ ਜਾਣ ਤੋਂ ਬਾਅਦ ਕਿਸੇ ਨੇ ਹਾਰ ਕੋਈ ਆ ਕੇ ਵੇਖਣੀ ਹੈ। ਜੇ ਇਸ ਸਕੀਮ ਨਾਲ ਅਮਨ ਨਾਲ ਕਬਜ਼ਾ ਹੋ ਗਿਆ ਤਾਂ ਪੰਥ ਸਾਡੇ ਨਾਲ ਹੋਵੇਗਾ। ਮਾੜਾ ਕੰਮ ਉਹ ਹੁੰਦਾ ਹੈ ਜੋ ਆਪਣੇ ਲੋਭ ਲਾਲਚ ਲਈ ਕੀਤਾ ਜਾਵੇ। ਅਸਾਂ ਤਾਂ ਪੰਥ ਦੇ ਭਲੇ ਲਈ ਕੁਰਬਾਨੀ ਕਰਨੀ ਹੈ। ਇਹ ਗੁਰੂ ਦਾ ਕੰਮ ਹੈ ਗੁਰੂ ਆਪ ਸਾਡੀ ਸਹਾਇਤਾ ਕਰੇਗਾ।

ਸਿੰਘਾਂ ਨੂੰ ਸੁਨੇਹੇ ਦੇਣ ਲਈ ਰੇਲ ਗੱਡੀਆਂ ਅਤੇ ਤਾਰਾਂ ਦਾ ਬਹੁਤ ਇਸਤੇਮਾਲ ਕੀਤਾ ਗਿਆ ਸੀ। ਉਨ੍ਹੀਂ ਦਿਨੀਂ ਤਾਰ ਦੋ ਤਿੰਨ ਘੰਟਿਆਂ ਵਿਚ ਹੀ ਆਪਣੇ ਠਿਕਾਣੇ ‘ਤੇ ਪਹੁੰਚ ਜਾਂਦੀ ਸੀ। ਤਾਰਾਂ ਵਿਚ ਸਿੱਖ ਇਹ ਲਿਖਦੇ ਸਨ ਕਿ ਮੈਂ ਫਲਾਣੀ ਗੱਡੀਂ ਰਾਹੀਂ ਢਿਮਕੇ ਥਾਂ ਜਾ ਰਿਹਾ ਹਾਂ, ਤੁਸੀਂ ਅਮਕੇ ਸਮੇਂ ਫਲਾਣੇ ਰੇਲਵੇ ਸਟੇਸ਼ਨ ‘ਤੇ ਸਾਨੂੰ ਮਿਲੋ। ਇਸ ਨਾਲ ਸਫਰ ਵੀ ਜਾਰੀ ਰਹਿੰਦਾ ਸੀ ਤੇ ਸੁਨੇਹੇ ਵੀ ਨਾਲ ਦੀ ਨਾਲ ਲੱਗੀ ਜਾਂਦੇ ਸਨ। ਮਿਸਾਲ ਦੇ ਤੌਰ ‘ਤੇ ਸਾਂਗਲੇ ਵਾਲੇ ਸ. ਸੰਤ ਸਿੰਘ ਬਜਾਜ ਨੂੰ ਇਹ ਆਖਿਆ ਗਿਆ ਸੀ ਕਿ 19 ਫਰਵਰੀ ਨੂੰ ਸਵੇਰੇ ਉਨ੍ਹਾਂ ਨੂੰ ਇਕ ਤਾਰ ਮਿਲੇਗੀ, ਜਿਸ ਵਿਚ ਕੰਬਲ ਦੇ ਕੋਡ ਵਰਡ ਨਾਲ ਗੱਲ ਸਮਝਾਈ ਹੋਵੇਗੀ। ਜੇ ਤਾਰ ਵਿਚ ਲਿਿਖਆ ਹੋਵੇ ਕਿ ਕੰਬਲ ਨਹੀਂ ਮਿਿਲਆ ਤਾਂ ਸਮਝੋ ਕਿ ਕਬਜ਼ੇ ਦੇ ਪ੍ਰੋਗਰਾਮ ਵਿਚ ਕੋਈ ਵਿਘਨ ਪੈ ਗਿਆ ਹੈ। ਜੇ ਲਿਿਖਆ ਹੋਇਆ ਕਿ ਕੰਬਲ ਮਿਲ ਗਿਆ ਹੈ ਤਾਂ ਸਮਝਿਆ ਜਾਵੇ ਕਿ ਕਬਜ਼ੇ ਦਾ ਪ੍ਰੋਗਰਾਮ ਪੱਕਾ ਹੈ, ਤੁਸੀਂ ਤਿਆਰੀ ਖਿੱਚ ਦਿਓ। ਨਵੀਂ ਉਮਰ ਦੇ ਬੱਚਿਆਂ ਨੂੰ ਸ਼ਾਇਦ ਤਾਰ ਦਾ ਮਤਲਬ ਅੱਜ ਕਲ੍ਹ ਸਮਝ ਨਾ ਲੱਗੇ। ਤਾਰ ਅੰਗਰੇਜ਼ੀ ਦੇ ਸ਼ਬਦ ਟੈਲੀਗ੍ਰਾਮ ਨੂੰ ਆਖਿਆ ਜਾਂਦਾ ਹੈ। ਇਸ ਨੂੰ ਤਾਰ ਤਾਂ ਕਿਹਾ ਜਾਂਦਾ ਹੈ ਕਿਉਂਕਿ ਇਹ ਸੁਨੇਹਾ ਤਾਰਾਂ ਵਿਚ ਦੀ ਹੋ ਕੇ ਆਉਂਦਾ ਸੀ। ਇਸ ਵਿਚ ਸਿਰਫ ਸੰਖੇਪ ਸੁਨੇਹਾ ਹੀ ਦਿੱਤਾ ਜਾ ਸਕਦਾ ਹੈ। ਸੁਨੇਹੇ ਵਿਚ ਜਿੰਨੇ ਸ਼ਬਦ ਹੋਣ ਓਨੇ ਹੀ ਪੈਸੇ ਲੱਗਦੇ ਹਨ।

37. ਮਾਸਟਰ ਤਾਰਾ ਸਿੰਘ ਹੁਰਾਂ ਵਲੋਂ ਕਬਜ਼ੇ ਨੂੰ ਰੋਕਣਾ

ਮਾਸਟਰ ਤਾਰਾ ਸਿੰਘ ਹੁਰਾਂ ਨੇ ਭਾਈ ਬੂਟਾ ਸਿੰਘ ਚੱਕ ਨੰਬਰ 204 ਵਾਲਿਆਂ ਤੋਂ ਕਬਜ਼ੇ ਦੇ ਪ੍ਰੋਗਰਾਮ ਦੀ ਸੂਹ ਮਿਲ ਗਈ ਸੀ। 18 ਫਰਵਰੀ ਨੂੰ ਗੁਰਦੁਆਰਾ ਸੱਚਾ ਸੌਦਾ ਵਿਖੇ ਭਾਈ ਝੱਬਰ ਨੂੰ ਮਾਸਟਰ ਤਾਰਾ ਸਿੰਘ ਤੇ ਤੇਜਾ ਸਿੰਘ ਸਮੁੰਦਰੀ ਦੀ ਤਾਰ ਮਿਲੀ ਕਿ ਅਸੀਂ 19 ਤਰੀਕ ਨੂੰ ਲਾਇਲਪੁਰ ਤੋਂ ਲਾਹੌਰ ਰੇਲ ਰਾਹੀਂ ਜਾ ਰਹੇ ਹਾਂ, ਸੋ ਤੁਸੀਂ ਤੜਕੇ ਪੰਜ ਵਜੇ ਸਾਨੂੰ ਚੂਹੜਕਾਨਾ (ਸੱਚਾ ਸੌਦਾ) ਰੇਲਵੇ ਸਟੇਸ਼ਨ ‘ਤੇ ਮਿਲੋ। ਤਾਰ ਪੜ੍ਹ ਕੇ ਸ. ਝੱਬਰ ਦਾ ਮੱਥਾ ਠਣਕਿਆ ਤੇ ਉਨ੍ਹਾਂ ਆਖਿਆ ਕਿ ਸ਼ਾਇਦ ਉਨ੍ਹਾਂ ਨੂੰ ਸਾਡੇ ਪ੍ਰੋਗਰਾਮ ਦੀ ਸੂਹ ਮਿਲ ਗਈ ਹੈ ਤੇ ਉਹ ਸਾਨੂੰ ਰੋਕਣਾ ਚਾਹੁੰਦੇ ਹਨ। ਸ. ਝੱਬਰ ਆਪ ਤਾਂ ਨਾ ਗਏ ਤੇ ਉਨ੍ਹਾਂ ਨੇ ਭਾਈ ਸੁੱਚਾ ਸਿੰਘ ਨੂੰ ਸਟੇਸ਼ਨ ‘ਤੇ ਘੱਲਿਆ ਜਿਥੇ ਮਾਸਟਰ ਤਾਰਾ ਸਿੰਘ ਤੇ ਸਮੁੰਦਰੀ ਸਾਹਬ ਨੇ ਪ੍ਰੋਗਰਾਮ ਰੱਦ ਕਰਨ ਲਈ ਆਖਿਆ। ਸ. ਸੁੱਚਾ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਤੁਹਾਡਾ ਸੁਨੇਹਾ ਤਾਂ ਝੱਬਰ ਨੂੰ ਦੇ ਦਿਆਂਗਾ ਪਰ ਪ੍ਰੋਗਰਾਮ ਰੱਦ ਨਹੀਂ ਹੋ ਸਕਦਾ। ਮਾਸਟਰ ਤਾਰਾ ਸਿੰਘ ਹੋਰੀਂ ਜਦੋਂ ਲਾਹੌਰ ਰੇਲਵੇ ਸਟੇਸ਼ਨ ‘ਤੇ ਪੁੱਜੇ ਤਾਂ ਉਥੇ ਉਨ੍ਹਾਂ ਨੂੰ ਭਾਈ ਦਲੀਪ ਸਿੰਘ ਸਾਹੋਵਾਲ ਟੱਕਰੇ, ਜੋ ਕਿ ਸ਼ੇਖੂਪੁਰੇ ਜ਼ਿਲ੍ਹੇ ਦੇ ਜਥੇਦਾਰ ਸਨ ਤੇ ਉਨ੍ਹਾਂ ਨੂੰ ਵੀ ਕਬਜ਼ੇ ਦੇ ਪ੍ਰੋਗਰਾਮ ਦਾ ਕੋਈ ਇਲਮ ਨਹੀਂ ਸੀ। ਮਾਸਟਰ ਜੀ ਹੁਰਾਂ ਦੇ ਕਹਿਣ ‘ਤੇ ਭਾਈ ਦਲੀਪ ਸਿੰਘ ਨੂੰ ਝੱਬਰ ਨੂੰ ਮਨਾਉਣ ਲਈ ਤੁਰੰਤ ਸੱਚੇ ਸੌਦੇ ਜਾਣ ਲਈ ਰੇਲ ਗੱਡੀ ‘ਤੇ ਚੜ੍ਹ ਗਏ।

19 ਤਰੀਕ ਦੀ ਸ਼ਾਮ ਨੂੰ ਭਾਈ ਦਲੀਪ ਸਿੰਘ ਸ਼ਹੀਦ ਅਤੇ ਸ. ਜਸਵੰਤ ਸਿੰਘ ਝਬਾਲੀਆ ਵੀ ਸੱਚੇ ਸੌਦੇ ਪਹੁੰਚੇ ਗਏ। ਉਨ੍ਹਾਂ ਨੇ ਝੱਬਰ ਨੂੰ ਆਖਿਆ ਕਿ ਕੀ ਅੱਜ ਗੁਰਦੁਆਰਾ ਕਮੇਟੀ ਦੀ ਅੰਮ੍ਰਿਤਸਰ ਮੀਟਿੰਗ ਹੋਈ ਹੈ, ਜਿਸ ਵਿਚ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਕਿ ਤੁਸੀਂ ਕਬਜ਼ੇ ਦਾ ਪ੍ਰੋਗਰਾਮ ਰੱਦ ਕਰ ਦਿਓ। ਭਾਈ ਝੱਬਰ ਨੇ ਜਵਾਬ ਦਿੱਤਾ ਕਿ ਕਮੇਟੀ ਦੀ ਮੀਟਿੰਗ ਅਜ ਅਮ੍ਰਿਤਸਰ ਵਿੱਖੇ ਦੁਪਹਿਰ ਇਕ ਵਜੇ ਸ਼ੁਰੂ ਹੋਣੀ ਸੀ। ਜਿਹੜੀ ਰੇਲ ਗੱਡੀ ‘ਤੇ ਤੁਸੀਂ ਆਏ ਹੋ ਉਹ ਸਵੇਰੇ ਸਾਢੇ 10 ਵਜੇ ਲਾਹੌਰੋਂ ਚੱਲਦੀ ਹੈ, ਸੋ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਕਮੇਟੀ ਨੇ ਤੁਹਾਨੂੰ ਘੱਲਿਆ ਹੈ। ਸੁਨੇਹਾ ਦੇਣ ਵਾਲੇ ਝੱਟ ਮੰਨ ਗਏ ਕਿ ਕਮੇਟੀ ਨੇ ਨਹੀਂ ਬਲਕਿ ਕੁਝ ਅਕਾਲੀ ਲੀਡਰਾਂ ਨੇ ਘੱਲਿਆ ਹੈ। ਘੱਲਣ ਵਾਲੇ ਲੀਡਰਾਂ ਦੇ ਨਾਂਅ ਇਸ ਤਰ੍ਹਾਂ ਗਿਣਾਏ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਅਮਰ ਸਿੰਘ ਝਬਾਲ ਅਤੇ ਸਰਦੂਲ ਸਿੰਘ ਕਵੀਸ਼ਰ ਆਦਿ। ਇਹ ਅਮਰ ਸਿੰਘ ਝਬਾਲ ਉਹੀ ਲੀਡਰ ਹੈ ਜਿਹੜਾ, ਸ. ਝੱਬਰ ਨੂੰ ਗਾਂਧੀ ਦਾ ਕਬਜ਼ੇ ਰੋਕਣ ਵਾਲਾ ਸੁਨੇਹਾ ਲੈਕੇ ਉਦੋਂ ਲਾਹੌਰ ਮਿਿਲਆ ਸੀ ਜਦੋਂ ਸ. ਝੱਬਰ ਪੰਜਾ ਸਾਹਿਬ ‘ਤੇ ਕਬਜ਼ੇ ਲਈ ਜਾ ਰਹੇ ਸਨ। ਪੰਜਾ ਸਾਹਿਬ ‘ਤੇ ਕਬਜ਼ੇ ਦੀ ਕਾਰਵਾਈ ਜਦੋਂ ਕਾਮਯਾਬੀ ਨਾਲ ਅੱਗੇ ਵਧ ਰਹੀ ਸੀ ਤਾਂ ਉਥੇ ਵੀ ਅਮਰ ਸਿੰਘ ਝੱਬਾਲ ਕਬਜ਼ਾ ਪ੍ਰੋਗਰਾਮ ਛੱਡ ਕੇ ਵਾਪਸ ਮੁੜਨ ਦੀ ਸਲਾਹ ਦਿੱਤੀ ਸੀ। ਅੱਜ ਵੀ ਕਬਜ਼ਾ ਰੋਕਣ ਦਾ ਸੁਨੇਹਾ ਲਿਆਉਣ ਵਾਲਾ ਜਸਵੰਤ ਸਿੰਘ ਝਬਾਲ, ਅਮਰ ਸਿੰਘ ਝਬਾਲ ਦਾ ਸਕਾ ਭਾਈ ਸੀ।

ਇਥੇ ਇਹ ਜ਼ਿਕਰਯੋਗ ਹੈ ਕਿ ਜਦੋਂ ਕਰਤਾਰ ਸਿੰਘ ਝੱਬਰ ਦਾ ਜਥਾ 1 ਫਰਵਰੀ 1921 ਨੂੰ ਗੁਰਦੁਆਰਾ ਗੁਰੂ ਕੇ ਬਾਗ ‘ਤੇ ਕਬਜ਼ਾ ਕਰਕੇ ਮਹੰਤ ਨੂੰ ਗੁਰਦੁਆਰੇ ਵਿਚੋਂ ਕੱਢ ਰਿਹਾ ਸੀ ਤਾਂ ਸ. ਅਮਰ ਸਿੰਘ ਝਬਾਲ ਨੇ ਹੀ ਮਹੰਤ ਨੂੰ ਗੁਰਦੁਆਰੇ ‘ਚੋਂ ਨਾ ਕੱਢਣ ਲਈ ਆਖਿਆ ਸੀ। ਪਰ ਸਰਦਾਰ ਝੱਬਰ ਇਸ ਲਈ ਬਜਿੱਦ ਸੀ ਕਿ ਭਾਵੇਂ ਮਹੰਤ ਪੰਥ ਨਾਲ ਗੁਰਦੁਆਰਾ ਛੱਡਣ ਲਈ ਜ਼ੁਬਾਨੀ ਇਕਰਾਰ ਕਰ ਰਿਹਾ ਹੈ ਪਰ ਇਸਦੀ ਕੋਈ ਕਾਨੂੰਨੀ ਵੁੱਕਤ ਨਹੀਂ ਹੈ। ਸੋ ਅੰਮ੍ਰਿਤਸਰ ਲਿਜਾ ਕੇ ਇਸ ਤੋਂ ਪੱਕਾ ਇਕਰਾਰਨਾਮਾ ਕਰਾਉਣਾ ਹੈ ਤੇ ਘੱਟੋ ਘੱਟ ਇਕ ਹਫਤਾ ਇਸਨੂੰ ਗੁਰਦੁਆਰੇ ਤੋਂ ਬਾਹਰ ਰੱਖ ਕੇ ਇਸ ਦਾ ਕਬਜ਼ਾ ਤੋੜਨਾ ਚਾਹੀਦਾ ਹੈ। ਪਰ ਸ. ਅਮਰ ਸਿੰਘ ਝਬਾਲ ਅਤੇ ਦਾਨ ਸਿੰਘ ਵਛੋਆ ਨੇ ਸ. ਝੱਬਰ ਨੂੰ ਗੁੱਸੇ ਹੋ ਕੇ ਆਖਿਆ ਕਿ ਤੁਸੀਂ ਸਾਡੀ ਲੋਕਲ ਬੰਦਿਆਂ ਦੀ ਰਾਏ ਦੀ ਪ੍ਰਵਾਹ ਨਹੀਂ ਕਰ ਰਹੇ। ਸਾਰੇ ਮਾਮਲੇ ਵਿਚ ਲੋਕਲ ਬੰਦਿਆਂ ਦੀ ਹੀ ਚੱਲਣੀ ਚਾਹੀਦੀ ਹੈ। ਅਸੀਂ ਆਖਦੇ ਹਾਂ ਕਿ ਮਹੰਤ ਵਲੋਂ ਕੱਚੇ ਕਾਗਜ਼ ‘ਤੇ ਕੀਤੀ ਲਿਖਤ ਬਥੇਰੀ ਹੈ। ਝੱਬਰ ਨੇ ਆਖਿਆ ਕਿ ਸ. ਅਮਰ ਸਿੰਘ ਜੀ ਤੁਸੀਂ ਜ਼ਿੱਦ ਕਰਦੇ ਹੋ ਕਿ ਮੈਂ ਤੁਹਾਡੇ ਨਾਲ ਕਿਸੇ ਝਗੜੇ ਵਿਚ ਨਹੀਂ ਪੈਣਾ ਚਾਹੁੰਦਾ ਪਰ ਤੁਸੀਂ ਸਰਾਸਰ ਗਲਤੀ ਕਰ ਰਹੇ ਹੋ। ਇਹੀ ਮਹੰਤ ਬਾਅਦ ਵਿਚ ਮੁੱਕਰ ਬੈਠਾ ਜਿਸ ਕਰਕੇ ਇਥੇ ਪੰਥ ਨੂੰ ਇਕ ਵੱਡਾ ਮੋਰਚਾ ਲਾਉਣਾ ਪਿਆ, ਜੋ ਕਿ ਗੁਰੂ ਕੇ ਬਾਗ ਮੋਰਚਾ ਨਾਲ ਮਸ਼ਹੂਰ ਹੈ।

ਨਨਕਾਣਾ ਸਾਹਿਬ ‘ਤੇ ਕਬਜ਼ੇ ਦਾ ਪ੍ਰੋਗਰਾਮ ਕੈਂਸਲ ਕਰਾਉਣ ਖਾਤਰ ਆਏ ਜਸਵੰਤ ਸਿੰਘ ਝਬਾਲ ਅਤੇ ਭਾਈ ਦਲੀਪ ਸਿੰਘ ਨੂੰ ਸ. ਕਰਤਾਰ ਸਿੰਘ ਝੱਬਰ ਨੇ ਆਖਿਆ ਕਿ ਇਸ ਵੇਲੇ ਜ਼ਿਲ੍ਹਾ ਸ਼ੇਖੂਪੁਰਾ ਅਤੇ ਲਾਇਲਪੁਰ ਵਿਚ ਨਨਕਾਣੇ ਸਾਹਿਬ ਪੁੱਜਣ ਵਾਸਤੇ ਬੜੀ ਭਾਰੀ ਤਿਆਰੀ ਹੋ ਚੁੱਕੀ ਹੈ, ਇਹੋ ਜਿਹੇ ਮੌਕੇ ‘ਤੇ ਰੋਕਣਾ ਠੀਕ ਨਹੀਂ ਹੈ। ਸਾਡਾ ਨਨਕਾਣੇ ਸਾਹਿਬ ‘ਤੇ ਕਬਜ਼ਾ ਕਰ ਲੈਣ ਦਾ ਪੱਕਾ ਪ੍ਰੋਗਰਾਮ ਬਣ ਚੁੱਕਾ ਹੈ। ਤੁਸੀਂ ਸਾਡੇ ਕੰਮ ਵਿਚ ਦਖਲ ਨਾ ਦਿਓ। ਅਸੀਂ ਕਦਾਚਿਤ ਨਹੀਂ ਰੁਕਣਾ।

ਰੇਲਵੇ ਲਾਇਨ ਤੋਂ ਉਤਰ ਦੇ ਪਾਸੇ ਦੇ ਵਿਰਕੈਤ (ਵਿਰਕਾਂ) ਦੇ ਪਿੰਡਾਂ ਵਿਚੋਂ ਸਿੰਘ ਜਥੇ ਬਣ ਬਣ ਕੇ ਹਥਿਆਰਬੰਦ ਹੋ ਕੇ ਇਕੱਠੇ ਹੋ ਰਹੇ ਸਨ। ਲਾਇਲਪੁਰ ਤੋਂ 5 ਵਜੇ ਦੀ ਗੱਡੀ ਸੰਤ ਤੇਜਾ ਸਿੰਘ ਨਡਾਲੀ ਜ਼ਿਲ੍ਹਾ ਰਾਵਲਪਿੰਡੀ ਵਾਲੇ 60 ਸਿੰਘਾਂ ਦਾ ਜਥਾ ਲੈਕੇ ਪੁੱਜੇ ਪਰ ਇਹ ਵੀ ਸ. ਜਸਵੰਤ ਸਿੰਘ ਤੇ ਭਾਈ ਦਲੀਪ ਸਿੰਘ ਦੇ ਨਾਲ ਹੋ ਗਏ। ਇਨ੍ਹਾਂ ਨੇ ਝੱਬਰ ਨੂੰ ਕਿਹਾ ਕਿ ਸਾਡੇ ਜਥੇ ਨੇ ਲਾਇਲਪੁਰੋਂ ਤੁਰਨ ਲੱਗੇ ਪਾਸ ਕੀਤਾ ਸੀ ਕਿ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਆਗਿਆ ਹੋਈ ਤਾਂ ਨਨਕਾਣੇ ਸਾਹਿਬ ਝੱਬਰ ਦੇ ਜਥੇ ਵਿਚ ਸ਼ਾਮਿਲ ਹੋ ਕੇ ਜਾਣਾ ਹੈ ਪਰ ਜੇਕਰ ਕਮੇਟੀ ਦੀ ਆਗਿਆ ਨਹੀਂ ਲਈ ਗਈ ਤਾਂ ਅਸੀਂ ਵਾਪਸ ਮੁੜ ਜਾਵਾਂਗੇ। ਹੁਣ ਇਹ ਤਿੰਨੇ ਸੱਜਣ ਤੇ ਕੁਝ ਹੋਰ ਝੱਬਰ ਨੂੰ ਲੈ ਕੇ ਇਕ ਕੋਠੇ ‘ਤੇ ਬੈਠ ਗਏ ਤੇ ਲੱਗੇ ਜਥੇ ਨੂੰ ਰੋਕਣ ਲਈ ਦਲੀਲਾਂ ਦੇਣ ਪਰ ਝੱਬਰ ਬਿਲਕੁਲ ਨਾ ਮੰਨਿਆ। ਇਹ ਸੰਤ ਤੇਜਾ ਸਿੰਘ ਨਡਾਲੀ ਵੀ ਉਹੀ ਹੈ ਜਿਹੜਾ ਜੱਥੇਦਾਰ ਝੱਬਰ ਦੇ ਗੁਰਦੁਆਰਾ ਪੰਜਾਂ ਸਾਹਿਬ ਕਬਜਾ ਕਰਨ ਖਾਤਰ ਹਸਨਬਦਾਲ ਰੇਲ ਰਾਂਹੀ ਜਾ ਰਹੇ ਜੱਥੇ ਨੂੰ ਰਾਵਲਪਿੰਡੀ ਸਟੇਸ਼ਨ ਤੇ ਗੱਡਿਉਂ ਲਾਹੁਣ ਆਇਆ ਸੀ ਤੇ ਕਹਿੰਦਾ ਸੀ ਕਿ ਤੁਸੀ ਫਿਲਹਾਲ ਕਬਜਾ ਕਰਨ ਦਾ ਸਫਰ ਫਿਲਹਾਲ ਮੁਲਤਵੀ ਕਰ ਦਿਓ ।

ਇਲਾਕੇ ਦੇ ਸਿੰਘਾਂ ਦਾ ਜਥਾ ਤਕਰੀਬਨ 3000 ਸੀ। ਇਹ ਪ੍ਰਸ਼ਾਦੇ ਛਕ ਕੇ ਟੁਰਨ ਲਈ ਤਿਆਰ ਹੋ ਚੁੱਕਾ ਸੀ। ਉਨ੍ਹਾਂ ਵਿਚੋਂ ਸਿੰਘਾਂ ਨੇ ਕਿਹਾ ਕਿ ਝੱਬਰ ਜੀ ਹੁਣ ਬੱਸ ਕਰੋ ਤੇ ਉ੍ਰਠੋ। ਜਦ ਝੱਬਰ ਉਠਣ ਲੱਗਾ ਤਾਂ ਸੰਤ ਤੇਜਾ ਸਿੰਘ ਜੀ ਨੇ ਕਿਹਾ ਝੱਬਰ ਜੀ ਮੇਰੀ ਇਕ ਗੱਲ ਸੁਣ ਲਵੋ, ਫਿਰ ਜਾਣਾ। ਸੰਤ ਜੀ ਕਹਿਣ ਲੱਗੇ ”ਝੱਬਰ ਜੀ! ਮੈਂ 60 ਸਿੰਘਾਂ ਦੇ ਜਥੇ ਦਾ ਜਥੇਦਾਰ ਹਾਂ। ਸਾਡੇ ਸਾਰੇ ਜਥੇ ਦੀ ਰਾਇ ਹੈ, ਕਿ ਕਮੇਟੀ ਦੀ ਆਗਿਆ ਤੋਂ ਬਿਨਾਂ ਨਹੀਂ ਜਾਣਾ ਚਾਹੀਦਾ, ਜੇ ਤੁਸੀਂ ਜਾਉਗੇ ਤਾਂ ‘ਪੰਥ ਤੇ ਗੁਰੂ ਮਹਾਰਾਜ’ ਦੇ ਦੇਣਦਾਰ ਹੋਵੋਗੇ।” ਝੱਬਰ ਨੇ ਕਿਹਾ ”ਖਾਲਸਾ ਜੀ ਬਸ ਇਹ ਓੜਕ ਦੀ ਸੌਂਹ ਤੁਸਾਂ ਪਾਈ ਹੈ, ਮੇਰਾ ਦਿਲ ਨਹੀਂ ਮੰਨਦਾ। ਜੇ ਅਸੀਂ ਨਾ ਗਏ ਤਾਂ ਪਤਾ ਨਹੀਂ ਕਿ ਨਨਕਾਣੇ ਸਾਹਿਬ ਕੀ ਬਣ ਜਾਵੇ? ਮੈਂ ਤੁਹਾਡਾ ਹੁਕਮ ਛਾਤੀ ‘ਤੇ ਰੱਖ ਕੇ ਮੰਨਦਾ ਹਾਂ। ਹੁਣ ਅਸੀਂ ਨਹੀਂ ਜਾਵਾਂਗੇ। ਮੈਂ ਤੁਹਾਨੂੰ ਹੁਣ ਵੀ ਆਖਦਾ ਹਾਂ ਕਿ ਜੇ ਤੁਸੀਂ ਸਾਨੂੰ ਨਾ ਰੋਕੋ ਤਾਂ ਉਥੇ ਸੂਈ ਦਾ ਵੀ ਨੁਕਸਾਨ ਨਹੀਂ ਹੋਵੇਗਾ ਪਰ ਤੁਸੀਂ ਸਾਨੂੰ ਮਜ਼ਬੂਰ ਪਏ ਕਰਦੇ ਹੋ, ਜੇ ਓਥੇ ਕਲ੍ਹ ਕੋਈ ਕਤਲ ਹੋ ਗਏ ਤਾਂ ਕੌਣ ਜ਼ਿੰਮੇਵਾਰ ਹੋਵੇਗਾ।” ਸਰਦਾਰ ਜਸਵੰਤ ਸਿੰਘ ਝਬਾਲ ਕਹਿਣ ਲੱਗੇ ਕਿ ਅਸੀਂ ਪੰਥ ਅੱਗੇ ਜ਼ਿੰਮੇਵਾਰ ਹੋਵਾਂਗੇ? ਜੋ ਤੁਹਾਨੂੰ ਰੋਕ ਰਹੇ ਹਾਂ। ਝੱਬਰ ਨੇ ਕਿਹਾ ਕਿ ਚੰਗਾ ਹੇਠਾਂ ਚਲ ਕੇ ਸਾਰੇ ਜਥੇ ਦੇ ਰੂ-ਬਰੂ ਹੋ ਕੇ ਆਖੋ। ਇਹ ਸਾਰੇ ਕੋਠੇ ਤੋਂ ਹੇਠਾਂ ਆਏ ਤੇ ਗੁਰਦੁਆਰੇ ਦੇ ਸਾਹਮਣੇ ਝੱਬਰ ਨੇ ਸਾਰੇ ਜਥੇ ਨੂੰ ਬੁਲਾਇਆ ਤੇ ਇਨ੍ਹਾਂ ਜਥੇ ਰੋਕਣ ਵਾਲੇ ਸੱਜਣਾਂ ਨੇ ਵਾਰੋ ਵਾਰੀ ਜਥੇ ਨੂੰ ਨਾ ਜਾਣ ਲਈ ਸਮਝਾਇਆ ਤੇ ਘਾਟੇ ਵਾਧੇ ਦੀ ਜ਼ਿੰਮੇਵਾਰੀ ਚੁੱਕੀ। ਇਥੇ ਦੁਬਾਰੇ ਇਸ ਲਈ ਲਿਿਖਆ ਜਾਦਾਂ ਹੈ ਇਕ ਪਾਸੇ ਤਾਂ ਜੱਥੇਦਾਰ ਝਬਰ ਇਹ ਕਹਿ ਰਹੇ ਸਨ ਕਿ ਤੁਸੀਂ ਸਾਨੂੰ ਨਾ ਰੋਕੋ ਜੇ ਰੋਕਿਆ ਤਾਂ ਉਥੇ ਜਿਹੜੇ ਵੀ ਥੋੜੇ ਸਿੰਘ ਪਹੁੰਚ ਗਏ ਉਹਨਾਂ ਦਾ ਨੁਕਸਾਨ ਹੋਣਾ ਹੈ ਸੋ ਸਾਨੂੰ ਜਾਣ ਦਿਉ ਮੈਂ ਤੁਹਾਨੂੰ ਯਕੀਨ ਦਿਵਾਉਦਾਂ ਹਾਂ ਕਿ ਸਿੰਘਾ ਦਾ ਸੁਈ ਭਰ ਦਾ ਵੀ ਨੁਕਸਾਨ ਨਹੀਂ ਹੋਵੇਗਾ, ਜੇ ਸਾਡੇ ਨਾਂ ਗਿਆਂ ਕਤਲ ਹੋ ਗਏ ਤਾਂ ਇਸਦਾ ਜੁਮੇਵਾਰ ਕੋਣ ਹੋਵੇਗਾ ? ਦੂਜੇ ਪਾਸੇ ਜੱਥੇ ਨੂੰ ਰੋਕਣ ਵਾਲੇ ਮਾਸਟਰ ਤਾਰਾ ਸਿੰਘ ਵਗੈਰਾ ਦਾ ਹੁਕਮ ਸੁਨਾਉਣ ਵਾਲੇ ਜਸਵੰਤ ਸਿੰਘ ਝਬਾਲ ਹੋਰੀ ਹਿੱਕ ਥਾਪੜ ਕੇ ਹਰ ਘਾਟ ਵਾਧੇ ਦੀ ਜੁਮੇਵਾਰੀ ਚੁੱਕ ਰਹੇ ਸਨ । ਸਾਕੇ ਦਾ ਇਤਿਹਾਸ ਲਿਖਣ ਵੇਲੇ ਇਸ ਅਹਿਮ ਵਾਕਿਆਤ ਨੂੰ ਪਤਾ ਨਹੀਂ ਸਾਹਮਣੇ ਕਿਉ ਨਹੀਂ ਲਿਆਉਾਂਦ੍ਵੇ ਇਹ ਤਾਂ ਲਿਖ ਦਿੰਦੇ ਨੇ ਕਿ ਅਕਾਲੀ ਲੀਡਰਾਂ ਨੇ ਜੱਥੇ ਨੂੰ ਰੋਕਣ ਲਈ ਸਨੇਹੇ ਘਲੇ । ਪਰ ਇਹ ਨਹੀ ਦੱਸਿਆ ਜਾਂਦਾ ਕਿ ਉੁਹਨਾਂ ਨੇ ਜੱਥੇ ਰੋਕਣ ਦੀ ਸੂਰਤ ਵਿੱਚ ਹੋਣ ਵਾਲੇ ਨੁਕਸਾਨ ਦੀ ਜੁਮੇਵਾਰੀ ਵੀ ਓਟੀ ਸੀ ਜਦਕਿ ਝੱਬਰ ਪੂਰੇ ਯਕੀਨ ਨਾਲ ਕਹਿ ਰਿਹਾ ਸੀ ਕਿ ਜੇ ਜੱਥਾ ਰੋਕਿਆ ਗਿਆ ਤਾਂ ਨਨਕਾਣੇ ਸਿੰਘ ਕਤਲ ਹੋਣਗੇ ।

ਆਏ ਸੱਜਣਾਂ ਨੇ ਭਾਈ ਦਲੀਪ ਸਿੰਘ ਦੀ ਡਿਊਟੀ ਲਾਈ ਕਿ ਤੁਸੀਂ ਜਾਓ ਤੇ ਜਥਿਆਂ ਨੂੰ ਜਾ ਕੇ ਰੋਕੋ। ਸੋ ਭਾਈ ਦਲੀਪ ਸਿੰਘ ਜੀ ਤਿਆਰ ਹੋਏ। ਉਨ੍ਹਾਂ ਨੂੰ ਘੋੜਾ ਦਿੱਤਾ ਗਿਆ ਤੇ ਨਾਲ ਭਾਈ ਵਰਿਆਮ ਸਿੰਘ ਜੀ ਗਰਮੂਲਾ, ਗੁਰਦਿੱਤਾ ਸਿੰਘ ਝੀਂਡੇ ਵਾਲਾ ਤੇ ਰਾਮ ਸਿੰਘ ਝੰਡਿਆਂਵਾਲੀ ਵਾਲਾ ਤਿੰਨੇ ਘੋੜ ਸਵਾਰ ਘੱਲੇ ਗਏ। ਸਾਰੇ ਜਥਿਆਂ ਨੂੰ ਮੁੜ ਜਾਣ ਲਈ ਝੱਬਰ ਨੇ ਚਿੱਠੀਆਂ ਲਿਖ ਦਿੱਤੀਆਂ ਪਰ ਇਸ ਵੇਲੇ ਖਰੇ ਸੌਦੇ ਦੇ ਜਥੇ ਵਿਚੋਂ ਕੁਝ ਸਿੰਘ ਜੋਸ਼ ਵਿਚ ਆ ਗਏ ਤੇ ਰੋਕਣ ਵਾਲੇ ਸੱਜਣਾਂ ਨੂੰ ਕੌੜਾ ਫਿੱਕਾ ਬੋਲਣ ਲੱਗ ਪਏ, ਪਰ ਝੱਬਰ ਨੇ ਉਨ੍ਹਾਂ ਨੂੰ ਝਿੜਕਿਆ।

ਜਥਿਆਂ ਨੂੰ ਰੋਕਣ ਵਾਲੇ ਚਾਰੇ ਸਵਾਰ ਚਲੇ ਗਏ। ਬਾਕੀ ਸਿੰਘ ਜਿਨ੍ਹਾਂ ਨੂੰ ਰੋਕਿਆ ਗਿਆ ਸੀ, ਉਹ ਮੁੜ ਕੇ ਘਰੀਂ ਜਾਣ ਲੱਗੇ ਤਾਂ ਝੱਬਰ ਨੇ ਕਿਹਾ ਖਾਲਸਾ ਜੀ ਤੁਸੀਂ ਸਾਰੇ ਨਾ ਚਲੇ ਜਾਵੋ, ਮੇਰੇ ਪਾਸ ਘੱਟ ਤੋਂ ਘੱਟ 100 ਸਿੰਘ ਠਹਿਰੋ, ਮੈਨੂੰ ਸ਼ੱਕ ਹੈ ਸਵੇਰ ਨੂੰ ਨਨਕਾਣੇ ਸਾਹਿਬ ਖੈਰ ਨਹੀਂ ਰਹਿਣੀ! ਤੁਹਾਡੀ ਫਿਰ ਲੋੜ ਪੈਣੀ ਹੈ। ਜਥਿਆਂ ਨੂੰ ਰੋਕਣ ਵਾਲੇ ਚਾਰ ਸਿੰਘ ਬੁੱਟਰੀਂ ਪੁੱਜੇ, ਚਿੱਠ ਵਿਖਾਈ ਤਾਂ ਜਥਾ ਵਾਪਸ ਹੋ ਗਿਆ। ਭਾਈ ਲੱਖਾ ਸਿੰਘ ਕੁਝ ਸਿੰਘਾਂ ਸਮੇਤ ਸਵੇਰੇ ਸੱਚੇ ਸੌਦੇ ਪੁੱਜ ਗਏ ਸਨ, ਲਾਗਰਾ ਵਾਲੇ, ਭਿੱਖੀ ਵਾਲੇ ਜਿਉਂ ਜਿਉਂ ਰੋਕਣ ਵਾਲਿਆਂ ਨੂੰ ਮਿਲੇ, ਸਭ ਵਾਪਸ ਹੋ ਗਏ। ਇਹ ਚਾਰੇ ਘੋੜ ਸਵਾਰ ਚੰਦਰਕੋਟ ਦੇ ਪੁਲ ‘ਤੇ ਜਿਥੇ ਧਾਰੋਵਾਲੀ ਦੇ ਜਥੇ ਨੇ ਮਿਲਣਾ ਸੀ, ਪੁੱਜੇ ਪਰ ਭਾਈ ਲਛਮਣ ਸਿੰਘ ਜੀ ਦਾ ਜਥਾ ਚੰਦਰਕੋਟ ਨਾ ਆਇਆ। ਜਦ ਇਹ ਏਥੇ ਨਾ ਮਿਿਲਆ ਤਾਂ ਇਹ ਸਵਾਰ ਅਗਲੇ ਪੁਲ ਤਕ ਵੀ ਗਏ ਪਰ ਇਨ੍ਹਾਂ ਨੂੰ ਜਥਾ ਨਾ ਮਿਿਲਆ। ਪੰਜ ਚੱਕ ਵਾਲੇ ਪੁਲ ਤੋਂ ਮੁੜ ਕੇ ਤਿੰਨ ਸਵਾਰ ਤਾਂ ਨਨਕਾਣੇ ਸਾਹਿਬ ਨੂੰ ਚਲੇ ਗਏ ਤੇ ਰਾਮ ਸਿੰਘ ਨੂੰ ਫਿਰ ਚੰਦਰਕੋਟ ਝਾਲ ‘ਤੇ ਘੱਲਿਆ। ਜੋ ਨਨਕਾਣਾ ਸਾਹਿਬ ਗਏ, ਉਨ੍ਹਾਂ ਵਿਚੋਂ ਭਾਈ ਵਰਿਆਮ ਸਿੰਘ ਤੇ ਗੁਰਦਿੱਤ ਸਿੰਘ ਤਾਂ ਮੰਡੀ ਵਿਚ ਥੋੜ੍ਹੀ ਰਾਤ ਰਹਿੰਦਿਆਂ ਜਾ ਸੁੱਤੇ ਅਤੇ ਭਾਈ ਦਲੀਪ ਸਿੰਘ ਜੀ,ਭਾਈ ਉਤਮ ਸਿੰਘ ਦੇ ਕਾਰਖਾਨੇ ਪੁੱਜੇ। ਏਥੇ ਸਾਡਾ ਬਿਜਲਾ ਸਿੰਘ, ਭਾਈ ਵਰਿਆਮ ਸਿੰਘ ਭੋਜੀਆਂ ਵਾਲਾ ਮਿਿਲਆ। ਆਪਸ ਵਿਚ ਗੱਲਬਾਤ ਕੀਤੀ ਤਾਂ ਭਾਈ ਦਲੀਪ ਸਿੰਘ ਨੇ ਜਥੇ ਨੂੰ ਰੋਕਣ ਵਾਲੀ ਚਿੱਠੀ ਭਾਈ ਵਰਿਆਮ ਸਿੰਘ ਨੂੰ ਦਿੱਤੀ ਤੇ ਕਿਹਾ ਕਿ ਹੁਣ ਰਾਤ ਥੋੜ੍ਹੀ ਰਹਿ ਗਈ ਹੈ, ਤੂੰ ਜਾਹ ਜੇਕਰ ਫਾਟਕ ਵੱਲ ਕੋਈ ਜਥਾ ਮਿਲੇ ਤਾਂ ਇਹ ਚਿੱਠੀ ਵਖਾਣੀ ਤੇ ਕਹਿਣਾ ਕਿ ਵਾਪਸ ਚਲੇ ਜਾਵੋ। ਭਾਈ ਵਰਿਆਮ ਸਿੰਘ ਜੀ ਫਾਟਕ ਕੋਲ ਗਏ ਤਾਂ ਕੋਟ ਦਰਬਾਰ ਵਾਲੀ ਸੜਕੇ ਜੱਥਾ ਆ ਰਿਹਾ ਸੀ। ਭਾਈ ਵਰਿਆਮ ਸਿੰਘ ਨੇ ਚਿੱਠੀ ਭਾਈ ਲਛਮਣ ਸਿੰਘ ਜੀ ਨੂੰ ਦਿੱਤੀ। ਚਿੱਠੀ ਪੜ੍ਹ ਕੇ ਭਾਈ ਲਛਮਣ ਸਿੰਘ ਨੇ ਜਥੇ ਨੂੰ ਕਿਹਾ ਕਿ ਵਾਪਸ ਚਲੋ।ਜੱਥਾ ਵਾਪਸ ਮੁੜ ਪਿਆ ਪਰ ਭਾਈ ਟਹਿਲ ਸਿੰਘ ਜੀ ਬੋਲੇ ”ਖਾਲਸਾ ਜੀ!ਮੈਂ ਤਾਂ ਘਰੋਂ ਨਨਕਾਣੇ ਸਾਹਿਬ ਸ਼ਹੀਦ ਹੋਣ ਲਈ ਅਰਦਾਸਾ ਸੋਧਿਆ ਹੋਇਆ ਹੈ, ਇਸ ਲਈ ਤੁਸੀਂ ਜਾਣਾ ਹੈ ਤਾਂ ਬੇਸ਼ੱਕ ਜਾਓ, ਪਰ ਮੈਂ ਪਿੱਛਾਂ ਮੁੜ ਕੇ ਨਹੀਂ ਜਾਣਾ।”

ਇਹ ਕਹਿੰਦੇ ਇਹ ਇਕੱਲਾ ਹੀ ਗੁਰਦੁਆਰੇ ਵੱਲ ਟੁਰ ਪਿਆ, ਜਥੇ ਵਿਚੋਂ ਸਿੰਘਾਂ ਨੇ ਅਵਾਜ਼ਾਂ ਮਾਰੀਆਂ, ਪਰ ਇਹ ਮੁੜਿਆ। ਫਿਰ ਭਾਈ ਲਛਮਣ ਸਿੰਘ ਜੀ ਵੀ ਸਮੇਤ ਜਥੇ ਮੁੜ ਗੁਰਦੁਆਰੇ ਵੱਲ ਚਲ ਪਏ। ਨਾਲ ਕੁਝ ਸਿੰਘਣੀਆਂ ਵੀ ਸਨ। ਭਾਈ ਲਛਮਣ ਸਿੰਘ ਨੇ ਸਿੰਘਣੀਆਂ ਨੂੰ ਕਿਹਾ ”ਤੁਸੀਂ ਸਾਡੇ ਨਾਲ ਨਾ ਜਾਓ।” ਭਾਈ ਮੂਲਾ ਸਿੰਘ ਬੋਲਾ, ਜਰਮਨੀ ਡੱਲੇ ਵਾਲਾ ਨਾਲ ਭੇਜ ਕੇ ਇਨ੍ਹਾਂ ਨੂੰ ਗੁਰਦੁਆਰਾ ਤੰਬੂ ਸਾਹਿਬ ਘੱਲ ਦਿੱਤਾ। ਜਥੇ ਨੇ ਸਰੋਵਰ ‘ਤੇ ਇਸ਼ਨਾਨ ਕੀਤਾ ਤੇ ਵੱਡੇ ਦਰਵਾਜ਼ਿਓਂ ਗੁਰਦੁਆਰੇ ਦੇ ਅੰਦਰ ਜਾ ਵੜੇ। ਮੱਥਾ ਟੇਕ ਕੇ ਜਥੇ ਨੇ ਜੈਕਾਰੇ ਛੱਡੇ। 60 ਆਦਮੀ ਜੋ ਮਹੰਤ ਨੇ ਰਾਖੇ ਰੱਖੇ ਸੀ, ਜੈਕਾਰੇ ਸੁਣ ਕੇ ਸਭ ਬਾਹਰ ਭੱਜ ਗਏ। ਸਿੰਘਾਂ ਨੇ ਗੁਰਦੁਆਰੇ ਦੇ ਦਰਵਾਜ਼ੇ ਆਪ ਬੰਦ ਕਰ ਲਏ। ਮਹੰਤ ਦੇ ਲਾਏ ਹੋਏ ਜਾਲ ਵਿਚ ਇਹ ਭੋਲੇ ਸਿੰਘ ਆਪ ਜਾ ਫਸੇ।

38. ਇਸ ਕਤਲੇਆਮ ਲਈ ਸਰਕਾਰ ਜ਼ਿੰਮੇਵਾਰ ਸੀ ਜਾ ਨਹੀਂ?

ਇਸ ਕਤਲੇਆਮ ਵਾਲੇ ਸਾਕੇ ਨੂੰ ਜੇ ਪਿਛੋਕੜ ਦੀਆਂ ਸਾਰੀਆਂ ਘਟਨਾਵਾਂ ਤੋਂ ਨਿਖੇੜ ਕੇ ਦੇਖਿਆ ਜਾਵੇ ਤਾਂ ਸਾਧਾਰਨ ਬੰਦਾ ਇਸ ਖਾਤਰ ਸਰਕਾਰ ਨੂੰ ਜ਼ਰੂਰ ਜ਼ਿੰਮੇਵਾਰ ਠਹਿਰਾਵੇਗਾ ਕਿ ਮਹੰਤ ਵਲੋਂ ਸਿੱਖਾਂ ਦੇ ਕਤਲੇਆਮ ਕਰਨ ਦੇ ਖਦਸ਼ੇ ਨੂੰ ਉਹ ਕਿਉਂ ਨਹੀਂ ਸਮਝ ਸਕੀ? ਜੇ ਸਮਝ ਸਕੀ ਤਾਂ ਉਸਨੇ ਇਸਦੀ ਰੋਕਥਾਮ ਕਿਉਂ ਨਾ ਕੀਤੀ?

ਪਰ ਜੇ ਅਕਾਲੀਆਂ ਵਲੋਂ ਇਸ ਤੋਂ ਪਹਿਲਾਂ ਗੁਰਦੁਆਰਿਆਂ ‘ਤੇ ਕਬਜ਼ਾ ਕਰਨ ਲਈ ਵਿੱਢੀ ਗਈ ਸਫਲ ਮੁਹਿੰਮ ਨੂੰ ਸਾਹਮਣੇ ਰੱਖਕੇ ਵਿਚਾਰਿਆ ਜਾਵੇ ਤਾਂ ਸਾਕੇ ਲਈ ਸਰਕਾਰ ਦੀ ਜ਼ਿੰਮੇਵਾਰੀ ਸਾਹਮਣੇ ਨਹੀਂ ਆਉਂਦੀ। ਤੁਸੀਂ ਪਿਛੇ ਪੜ੍ਹ ਆਏ ਹੋ ਕੇ ਮਹੰਤ ਗੁਰਦੁਆਰਿਆਂ ‘ਤੇ ਕਾਨੂੰਨੀ ਤੌਰ ‘ਤੇ ਕਾਬਜ਼ ਸਨ। ਉਸ ਵੇਲੇ ਗੁਰਦੁਆਰਿਆਂ ਲਈ ਕੋਈ ਵੱਖਰਾ ਕਾਨੂੰਨ ਨਾ ਹੋਣ ਕਰਕੇ ਗੁਰਦੁਆਰੇ ਹਿੰਦੂ ਡੇਰਿਆਂ ਵਾਲੇ ਉਸੇ ਕਾਨੂੰਨ ਅਧੀਨ ਆਉਂਦੇ ਸਨ ਜਿਵੇਂ ਕਿ ਅੱਜ। ਡੇਰਿਆਂ ਲਈ ਲੱਗੀ ਜਾਇਦਾਦ ਦੇ ਵਾਲੀ ਵਾਰਸ ਵੀ ਹੁੰਦੇ ਸਨ ਤੇ ਅੱਜ ਵੀ ਸਨ। ਡੇਰੇਦਾਰ ਵਲੋਂ ਮੁਕੱਰਰ ਕੀਤਾ ਹੋਇਆ ਉਸਦਾ ਕੋਈ ਚੇਲਾ ਹੀ ਡੇਰੇਦਾਰ ਦੀ ਮੌਤ ਤੋਂ ਬਾਅਦ ਡੇਰੇ ਦਾ ਮਾਲਕ ਹੁੰਦਾ ਹੈ।

ਜਿਵੇਂ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਹਜ਼ਾਰਾਂ ਹਥਿਆਰਬੰਦ ਅਕਾਲੀਆਂ ਨੇ ਇਕ ਫੌਜੀ ਯੋਜਨਾਬੰਦੀ ਦੇ ਤਹਿਤ ਜਿਸ ਤਰ੍ਹਾਂ ਮਹੰਤ ‘ਤੇ ਧਾਵਾ ਬੋਲਣਾ ਸੀ ਤਾਂ ਉਸਦੇ ਸਾਹਮਣੇ ਮਹੰਤ ਦੇ ਸੌ-ਪੰਜਾਹ ਗੁੰਡੇ ਉੱਕਾ ਹੀ ਨਹੀਂ ਸਨ ਖਲੋ ਸਕਦੇ। ਇਹ ਗੱਲ ਵੀ ਬਿਲਕੁਲ ਮੰਨਣਯੋਗ ਹੈ ਕਿ ਸਰਕਾਰ ਨੂੰ ਮਹੰਤ ਦੀਆਂ ਤਿਆਰੀਆਂ ਦਾ ਵੀ ਪਤਾ ਸੀ ਤੇ ਹਜ਼ਾਰਾਂ ਅਕਾਲੀਆਂ ਵਲੋਂ ਗੁਰਦੁਆਰੇ ‘ਤੇ ਧਾਵਾ ਬੋਲਣ ਦੀ ਵੀ ਰਿਪੋਰਟ ਸੀ। ਸਰਕਾਰ ਨੇ ਨਾ ਹੀ ਮਹੰਤ ਨੂੰ ਬਚਾਓ ਦੀਆਂ ਤਿਆਰੀਆਂ ਕਰਨ ਤੋਂ ਰੋਕਿਆ, ਨਾ ਹੀ ਉਸਦੇ ਹਾੜੇ ਕੱਢਣ ਦੇ ਬਾਵਜੂਦ ਪੁਲਿਸ ਸੁਰੱਖਿਆ ਭੇਜੀ।ਦੂਜੇ ਪਾਸੇ ਅਕਾਲੀਆਂ ਵਲੋਂ ਮਹੰਤ ‘ਤੇ ਧਾਵਾ ਕਰਨ ਲਈ ਕੀਤੀ ਜਾ ਹੀ ਲਾਮਬੰਦੀ ਨੂੰ ਵੀ ਨਹੀਂ ਰੋਕਿਅ। ਗੁਰਦੁਆਰਿਆਂ ‘ਤੇ ਅਕਾਲੀਆਂ ਵਲੋਂ ਕੀਤੇ ਗਏ ਪਹਿਲੇ ਕਬਜ਼ਿਆਂ ਅਤੇ ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ ਸਰਕਾਰ ਨੂੰ ਇਹ ਇਲਮ ਸੀ ਕਿ ਅਕਾਲੀਆਂ ਵਲੋਂ ਕੀਤੀ ਜਾ ਰਹੀ ਤਿਆਰੀ ਸਾਹਮਣੇ ਮਹੰਤ ਦੀ ਤਾਕਤ ਬਹੁਤ ਥੋੜ੍ਹੀ ਹੈ ਤੇ ਅਕਾਲੀ ਗੁਰਦੁਆਰਿਆਂ ‘ਤੇ ਕਬਜ਼ਾ ਕਰ ਹੀ ਲੈਣਗੇ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸਰਕਾਰ ਦੀ ਮਨਸ਼ਾ ਸੀ ਕਿ ਅਕਾਲੀ ਗੁਰਦੁਆਰਿਆਂ ‘ਤੇ ਕਬਜ਼ਾ ਕਰ ਲੈਣ।

ਸਰਕਾਰ ਦੇ ਅਲ਼ੋਚਕਾਂ ਦਾ ਇਹ ਕਹਿਣਾ ਕਿ ਉਹਨੇ ਮਹੰਤ ਨੂੰ ਪਹਿਲਾਂ ਹੀ ਗ੍ਰਿਫਤਾਰ ਕਿਉਂ ਨਾ ਕੀਤਾ, ਬਿਲਕੁਲ ਨਾ ਵਾਜਬ ਹੈ। ਕੋਈ ਵੀ ਸਰਕਾਰ ਇਹ ਨਹੀਂ ਕਰ ਸਕਦੀ ਕਿ ਉਹ ਧੱਕੇ ਨਾਲ ਕਿਸੇ ਦੇ ਘਰ ਜਾਂ ਅਦਾਰੇ ‘ਤੇ ਕਬਜ਼ਾ ਕਰਨ ਜਾ ਰਹੇ ਬੰਦਿਆਂ ਨੂੰ ਤਾਂ ਨਾ ਰੋਕੇ ਪਰ ਘਰ ਦੇ ਮਾਲਕ ਨੂੰ ਫੜ ਲਵੇ। ਉਸ ਵੇਲੇ ਤੋਂ ਲੈ ਕੇ ਅੱਜ ਤਕ ਵੀ ਅਦਾਲਤੀ ਇਨਸਾਫ ਦਾ ਇਹ ਮੰਨਿਆ ਪ੍ਰਮੰਨਿਆ ਅਸੂਲ ਹੈ ਕਿ ਜਦੋਂ ਕੋਈ ਕਿਸੇ ‘ਤੇ ਹਮਲਾ ਕਰਨ ਜਾਂਦਾ ਹੈ ਤਾਂ ਉਸਨੂੰ ਹੱਕ ਹੈ ਕਿ ਉਹ ਹਮਲਾਵਰ ‘ਤੇ ਪਹਿਲਾਂ ਹਮਲਾ ਕਰਨ ਦਾ ਹੱਕ ਰੱਖਦਾ ਹੈ। ਜਿਵੇਂ ਪਿਛੇ ਦੱਸਿਆ ਜਾ ਚੁੱਕਾ ਹੈ ਕਿ ਮਹੰਤ ਨਰੈਣ ਦਾਸ ਨੇ ਪਹਿਲਾਂ ਸਰਕਾਰ ਕੋਲ ਦਾਦ ਫਰਿਆਦ ਕਰਦਿਆਂ ਇਹ ਆਖਿਆ ਸੀ ਕਿ ਜੇ ਕੋਈ ਅਕਾਲੀ ਗੁਰਦੁਆਰੇ ਦਾ ਕਬਜ਼ਾ ਲੈਣ ਆਇਆ ਤਾਂ ਮੈਂ ਮਾਰ ਦੇਣਾ ਹੈ ਤੇ ਫੇਰ ਮੈਨੂੰ ਜ਼ਿੰਮੇਵਾਰ ਨਾ ਠਹਿਰਾਓ। ਮਹੰਤ ਵਲੋਂ ਆਪਣੀ ਫਾਂਸੀ ਦੀ ਸਜ਼ਾ ਦੇ ਖਿਲਾਫ ਜੋ ਹਾਈਕੋਰਟ ਵਿਚ ਅਪੀਲ ਕੀਤੀ ਗਈ ਸੀ ਉਸ ਵਿਚ ਮਹੰਤ ਨੇ ਆਪਣੇ ਹੱਕ ਵਿਚ ਇਸੇ ਦਲੀਲ ਦਾ ਸਹਾਰਾ ਲਿਆ ਸੀ। ਹਾਈ ਕੋਰਟ ਨੇ ਵੀ ਇਸੇ ਦਲੀਲ ਨੂੰ ਮੰਨਦਿਆਂ ਉਸਦੀ ਸਜ਼ਾ ਘਟਾ ਕੇ ਉਮਰ ਕੈਦ ਕੀਤੀ ਸੀ।

ਅਕਾਲੀਆਂ ਵਲੋਂ ਕਬਜ਼ੇ ਦੀ ਪਹਿਲਾਂ ਕੀਤੀ ਵਿਉਂਤਬੰਦੀ ਦੇ ਤਹਿਤ ਲਗਭਗ ਦਸ-ਪੰਦਰਾਂ ਹਜ਼ਾਰ ਸਿੱਖਾਂ ਨੇ ਨਨਕਾਣਾ ਸਾਹਿਬ ‘ਤੇ ਕਬਜ਼ੇ ਲਈ ਮਹੰਤ ‘ਤੇ ਧਾਵਾ ਬੋਲਣਾ ਸੀ। ਇਸ ਅਨੁਮਾਨ ਨੂੰ ਅਸੀਂ ਘਟਾ ਕੇ ਜੇ ਪੰਜ ਹਜ਼ਾਰ ਜਾਂ ਦੋ ਹਜ਼ਾਰ ਵੀ ਮੰਨ ਲਈਏ ਤਾਂ ਵੀ ਇਹ ਇਕ ਬਹੁਤ ਵੱਡੀ ਫੋਰਸ ਸੀ। ਕਤਲੇਆਮ ਤੋਂ ਬਾਅਦ ਜਦੋਂ ਕਰਤਾਰ ਸਿੰਘ ਝੱਬਰ ਨਨਕਾਣੇ ਪੁੱਜਾ ਤਾਂ ਉਸ ਕੋਲ ਲਗਭਗ ਬਾਈ ਸੌ ਬੰਦੇ ਸਨ ਹਾਲਾਂਕਿ ਪਹਿਲਾਂ ਰੱਦ ਹੋਏ ਪ੍ਰੋਗਰਾਮ ਨੂੰ ਸੁਣ ਕੇ ਇਕੱਠੇ ਹੋਏ ਜੱਥੇ ਘਰੋਂ-ਘਰੀਂ ਚਲੇ ਗਏ ਸਨ। ਨਾਲੇ ਗੱਲ ਇਕੱਲੀ ਬੰਦਿਆਂ ਦੀ ਗਿਣਤੀ ਦੀ ਨਹੀਂ ਜਦੋਂਕਿ ਸੁੱਤੇ ਪਏ ਬੰਦਿਆਂ ਨੂੰ ਬਾਹਰੋਂ ਕੁੰਡੇ ਮਾਰ ਦੇਵੇ ਤਾਂ ਉਸਦੀ ਫੋਰਸ ਵੈਸੇ ਹੀ ਠੁੱਸ ਹੋ ਜਾਂਦੀ ਹੈ। ਝੱਬਰ ਹੋਣਾ ਨੇ ਵੀ ਇਵੇਂ ਹੀ ਕਰਨਾ ਸੀ। ਜਦੋਂ ਲਛਮਣ ਸਿੰਘ ਦੀ ਅਗਵਾਈ ਵਾਲਾ ਲਗਭਗ 150 ਸਿੰਘਾਂ ਦਾ ਜਥਾ 20 ਫਰਵਰੀ ਨੂੰ ਸਵੇਰੇ ਗੁਰਦੁਆਰੇ ਵਿਚ ਦਾਖਲ ਹੋਇਆ ਤਾਂ ਇਸਦਾ ਮਹੰਤ ਦੇ ਕਿਸੇ ਰਾਖੇ ਨੂੰ ਪਤਾ ਵੀ ਨਾ ਲੱਗਾ। ਜਥੇ ਨੇ ਸਰੋਵਰ ਵਿਚ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਦਰਬਾਰ ਹਾਲ ਵਿਚ ਜਾ ਕੇ ਜੈਕਾਰੇ ਛੱਡੇ ਤਾਂ ਮਹੰਤ ਨੂੰ ਪਤਾ ਲੱਗਾ। ਜੈਕਾਰੇ ਸੁਣ ਕੇ ਮਹੰਤ ਨੇ ਸਮਝਿਆ ਕਿ ਗੁਰਦੁਆਰੇ ਵਿਚ ਕਬਜ਼ਾ ਹੋ ਚੁੱਕਾ ਹੈ। ਉਹ ਐਨਾ ਠਠੰਬਰ ਗਿਆ ਕਿ ਉਹ ਇਕ ਘੰਟਾ ਸਿੰਘਾਂ ਦੇ ਹਮਲਾ ਕਰਨ ਲਈ ਸਹਿਮਤ ਨਾ ਹੋਇਆ। ਜਦੋਂ ਉਸਨੂੰ ਦੱਸਿਆ ਗਿਆ ਕਿ ਇਹ ਜਥਾ ਵਿਰਕਾਂ ਦਾ ਨਹੀਂ ਹੈ ਤੇ ਬੰਦੇ ਵੀ ਥੋੜ੍ਹੇ ਹੀ ਹਨ ਤਾਂ ਕਿਤੇ ਜਾ ਕੇ ਮਹੰਤ ਨੇ ਇਨ੍ਹਾਂ ਨੂੰ ਮਾਰਨ ਦਾ ਹੁਕਮ ਦਿੱਤਾ। ਸਾਰੇ ਹਾਲਾਤ ਦੇ ਮੱਦੇਨਜ਼ਰ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਜੇ ਪਹਿਲੋਂ ਕੀਤੀ ਤਿਆਰੀ ਮੁਤਾਬਕ ਮਹੰਤ ‘ਤੇ ਧਾਵਾ ਬੋਲਿਆ ਜਾਂਦਾ ਤਾਂ ਬਿਨਾਂ ਕਿਸੇ ਹੀਲ ਹੁੱਝਤ ਦੇ ਮਹੰਤ ਤੇ ਉਸਦੇ ਗੁੰਡਿਆਂ ਦੀਆਂ ਮੁਸ਼ਕਾਂ ਬੰਨ੍ਹੀਆਂ ਜਾਣੀਆਂ ਸਨ। ਜੇ ਬੰਦੇ ਥੋੜ੍ਹੇ ਜਾਂਦੇ ਤਾਂ ਓਹੀ ਹੋਣਾ ਸੀ ਜੋ ਹੋਇਆ।

ਜਦੋਂ 19 ਫਰਵਰੀ ਸ਼ਾਮ ਨੂੰ ਸੱਚਾ ਸੌਦਾ ਵਿਖੇ ਕੁਝ ਆਗੂਆਂ ਵਲੋਂ ਝੱਬਰ ‘ਤੇ ਕਬਜ਼ੇ ਦਾ ਪ੍ਰੋਗਰਾਮ ਕੈਂਸਲ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਸੀ ਤਾਂ ਸ. ਝੱਬਰ ਨੇ ਆਪਣੀ ਭਾਰੀ ਤਿਆਰੀ ਦੇ ਮੱਦੇਨਜ਼ਰ ਬੜੇ ਸਵੈ-ਭਰੋਸੇ ਨਾਲ ਇਹ ਆਖਿਆ ਸੀ ਕਿ ”ਜੇ ਅਸੀਂ ਨਾ ਗਏ ਤਾਂ ਪਤਾ ਨਹੀਂ ਕਿ ਨਨਕਾਣੇ ਸਾਹਿਬ ਕੀ ਬਣ ਜਾਵੇ? ਮੈਂ ਤੁਹਾਡਾ ਹੁਕਮ ਛਾਤੀ ‘ਤੇ ਰੱਖ ਕੇ ਮੰਨਦਾ ਹਾਂ। ਹੁਣ ਅਸੀਂ ਨਹੀਂ ਜਾਵਾਂਗੇ। ਮੈਂ ਤੁਹਾਨੂੰ ਹੁਣ ਵੀ ਆਖਦਾ ਹਾਂ ਕਿ ਤੁਸੀਂ ਨਾ ਰੋਕੋ ਓਥੇ ਸੂਈ ਦਾ ਵੀ ਨੁਕਸਾਨ ਨਹੀਂ ਹੋਵੇਗਾ ਪਰ ਤੁਸੀਂ ਸਾਨੂੰ ਮਜ਼ਬੂਰ ਪਏ ਕਰਦੇ ਹੋ, ਜੇ ਉਥੇ ਕਲ੍ਹ ਕੋਈ ਕਤਲ ਹੋ ਗਏ ਤਾਂ ਕੌਣ ਜ਼ਿੰਮੇਵਾਰ ਹੋਵੇਗਾ?” ਸਰਦਾਰ ਜਸਵੰਤ ਸਿੰਘ ਝਬਾਲ ਕਹਿਣ ਲੱਗੇ ਕਿ ”ਅਸੀਂ ਪੰਥ ਅੱਗੇ ਜ਼ਿੰਮੇਵਾਰ ਹੋਵਾਂਗੇ।” ਸ. ਝੱਬਰ ਨੂੰ ਇਸ ਗੱਲ ਦਾ ਮੁਕੰਮਲ ਖਦਸ਼ਾ ਸੀ ਕਿ ਕੁਝ ਬੰਦਿਆਂ ਨੇ ਜਾਣੋ ਰੁਕਣਾ ਨਹੀਂ ਅਤੇ ਥੋੜ੍ਹੇ ਬੰਦਿਆਂ ਨੂੰ ਮਹੰਤ ਜ਼ਰੂਰ ਕਤਲ ਕਰ ਦੇਵੇਗਾ।

ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਸਾਕੇ ਤੋਂ ਪਹਿਲਾਂ ਨਾ ਹੀ ਕਿਸੇ ਅਕਾਲੀ ਨੇ ਤੇ ਨਾ ਹੀ ਕਿਸੇ ਸਰਕਾਰੀ ਆਲੋਚਕ ਨੇ ਇਹ ਮੰਗ ਕੀਤੀ ਸੀ ਕਿ ਮਹੰਤ ਨੂੰ ਬਚਾਅ ਦੀਆਂ ਤਿਆਰੀਆਂ ਕਰਨੋਂ ਰੋਕੇ ਜਾਂ ਉਸਨੂੰ ਗ੍ਰਿਫਤਾਰ ਕਰੇ। ਇਸ ਤੋਂ ਪਹਿਲਾਂ ਵੀ ਜਿਥੇ ਜਿਥੇ ਅਕਾਲੀਆਂ ਨੇ ਕਬਜ਼ੇ ਕੀਤੇ ਉਨ੍ਹਾਂ ਬਾਰੇ ਕਿਸੇ ਵਿਚ ਵੀ ਇਹ ਨਹੀਂ ਸੀ ਕਿਹਾ ਗਿਆ ਕਿ ਸਾਡੇ ਕਬਜ਼ਾ ਕਰਨ ਤੋਂ ਪਹਿਲਾਂ ਸਰਕਾਰ ਨੇ ਮਹੰਤਾਂ ਨੂੰ ਗ੍ਰਿਫਤਾਰ ਕਿਉਂ ਨਾ ਕੀਤਾ। ਇਥੋਂ ਤਕ ਕਿ ਤਰਨਤਾਰਨ ਦੇ ਕਬਜ਼ੇ ਤੋਂ ਬਾਅਦ ਵੀ ਅਜਿਹੀ ਕੋਈ ਗੱਲ ਨਹੀਂ ਸੀ ਆਖੀ ਗਈ। ਹਾਲਾਂਕਿ ਇਥੇ ਮਹੰਤ ਨੇ ਦੋ ਸਿੰਘਾਂ ਨੂੰ ਕਤਲ ਵੀ ਕਰ ਦਿੱਤਾ ਸੀ ਅਤੇ ਗੋਲੀਆਂ ਵੀ ਚਲਾਈਆਂ ਸਨ।

ਨਰੈਣ ਦਾਸ ਵਲੋਂ ਵੀ ਬਚਾਅ ਦੀਆਂ ਤਿਆਰੀਆਂ ਨੂੰ ਭਾਵੇਂ ਅਸੀਂ ਕਤਲੇਆਮ ਦੀਆਂ ਤਿਆਰੀਆਂ ਕਹਿ ਲਈਏ ਤਾਂ ਵੀ ਕਿਸੇ ਨੇ ਇਨ੍ਹਾਂ ਨੂੰ ਰੋਕਣ ਦੀ ਮੰਗ ਨਹੀਂ ਕੀਤੀ, ਕਿਉਂਕਿ ਕੋਈ ਬੰਦਾ ਇਹ ਮੰਗ ਨਹੀਂ ਕਰ ਸਕਦਾ ਸੀ ਕਿ ਅਸੀਂ ਗੁਰਦੁਆਰੇ ‘ਤੇ ਕਬਜ਼ਾ ਕਰਨ ਜਾਣਾ ਹੈ ਤੇ ਸਰਕਾਰ ਮਹੰਤ ਦੇ ਹਥਿਆਰ ਖੋਹ ਕੇ ਬੜੇ ਆਰਾਮ ਨਾਲ ਕਬਜ਼ਾ ਹੋਣ ਦੇਵੇ। ਨਾ ਹੀ ਇਹ ਕੰਮ ਸਰਕਾਰ ਖੁਦ ਕਰ ਸਕਦੀ ਸੀ ਕਿ ਉਹ ਮਹੰਤ ਨੂੰ ਪੁਲਿਸ ਹਫਾਜ਼ਤ ਵੀ ਨਾ ਦੇਵੇ ਅਤੇ ਉਸਦੇ ਹਥਿਆਰ ਵੀ ਖੋਹ ਲਵੇ। ਉਪਰ ਦੱਸੇ ਗਏ ਹਾਲਾਤਾਂ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਇਹ ਕਤਲੇਆਮ ਸਿਰਫ ਥੋੜ੍ਹੇ ਬੰਦਿਆਂ ਦੇ ਜਾਣ ਕਰਕੇ ਹੀ ਹੋਇਆ। ਇਸ ਲਈ ਉਨ੍ਹਾਂ ਲੀਡਰਾਂ ਨੂੰ ਹੀ ਇਸ ਲਈ ਜ਼ਿੰਮੇਵਾਰ ਕਰਾਰ ਦੇਣਾ ਚਾਹੀਦਾ ਹੈ ਜਿਨ੍ਹਾਂ ਨੇ ਇਹ ਆਖਿਆ ਸੀ ਕਿ ਜੇ ਕੋਈ ਨੁਕਸਾਨ ਹੋ ਗਿਆ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ। ਕਿਸੇ ਵੀ ਘਟਨਾ ਵਾਪਰਨ ਤੋਂ ਬਾਅਦ ਹੀ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਕੀਹਦੀ ਰਾਏ ਠੀਕ ਸੀ ਤੇ ਕੀਹਦੀ ਗਲਤ। ਭਾਵੇਂ ਅਸੀਂ ਪ੍ਰੋਗਰਾਮ ਰੱਦ ਕਰਵਾਉਣ ਵਾਲੇ ਲੀਡਰਾਂ ਦੀ ਨੀਅਤ ‘ਤੇ ਕੋਈ ਸ਼ੱਕ ਨਾ ਵੀ ਕਰੀਏ ਪਰ ਇਹ ਤਾਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਵਲੋਂ ਪ੍ਰੋਗਰਾਮ ਨੂੰ ਠੁੱਸ ਕਰਨ ਨੇ ਹੀ ਇਸ ਸ਼ਹੀਦੀ ਸਾਕੇ ਲਈ ਮਹੰਤ ਨੂੰ ਹਾਲਾਤ ਮੁਹੱਈਆ ਕਰਾਏ।

ਜਿੱਥੇ ਕਿਤੇ ਵੀ ਇਸ ਸਾਕੇ ਦਾ ਇਤਿਹਾਸ ਲੱਭਦਾ ਹੈ ਉਥੇ ਇਸ ਗੱਲ ‘ਤੇ ਚਾਨਣਾ ਪਾਇਆ ਨਹੀਂ ਮਿਲਦਾ ਕਿ ਕਬਜ਼ੇ ਨੂੰ ਕਿਉਂ ਰੋਕਿਆ ਗਿਆ। ਮਾਸਟਰ ਤਾਰਾ ਸਿੰਘ ਆਪਣੀ ਸਵੈ ਜੀਵਨੀ ‘ਮੇਰੀ ਯਾਦ’ ਵਿਚ ਸਿਰਫ ਐਨਾ ਹੀ ਦਸਦੇ ਹਨ ਕਿ ਤੇਜਾ ਸਿੰਘ ਸਮੁੰਦਰੀ ਨੂੰ ਕਬਜ਼ੇ ਦਾ ਬਹੁਤ ਫਿਕਰ ਸੀ ਇਥੇ ਵੀ ਉਨ੍ਹਾਂ ਨੇ ਫਿਕਰ ਦਾ ਕੋਈ ਕਾਰਨ ਬਿਆਨ ਨਹੀਂ ਕੀਦਾ। ਇਸ ਤੋਂ ਪਹਿਲਾਂ ਹੋਏ ਕਬਜ਼ਿਆਂ ਨੇ ਪੰਥ ਦਾ ਕੋਈ ਨੁਕਸਾਨ ਨਹੀਂ ਸੀ ਕੀਤਾ। ਇਹ ਵੀ ਗੱਲ ਮੰਨਣਯੋਗ ਨਹੀਂ ਹੈ ਕਿ ਗੁਰਦੁਆਰਾ ਕਮੇਟੀ ਦੇ ਲੀਡਰਾਂ ਨੂੰ ਇਸ ਗੱਲ ਦਾ ਖਦਸ਼ਾ ਸੀ ਕਿ ਨਨਕਾਣਾ ਸਾਹਿਬ ਵਿਚ ਮਹੰਤ ਸਿੱਖਾਂ ਨੂੰ ਕਤਲ ਕਰ ਸਕਦਾ ਹੈ ਕਿਉਂਕਿ ਨਨਕਾਣਾ ਸਾਹਿਬ ‘ਤੇ ਕਬਜ਼ੇ ਦੇ ਪ੍ਰੋਗਰਾਮ ਤੋਂ ਬਹੁਤ ਚਿਰ ਪਹਿਲਾਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਤਾ ਪਾਸ ਕਰ ਦਿੱਤਾ ਸੀ ਕਿ ਕਬਜ਼ੇ ਨਾ ਕੀਤੇ ਜਾਣ। ਉਸ ਵੇਲੇ ਵੀ ਇਸਦੀ ਵਜ੍ਹਾ ਬਿਆਨ ਕਰਦਾ ਇਤਿਹਾਸ ਨਹੀਂ ਲੱਭਦਾ। ਹਾਂ ਇਹ ਗੱਲ ਜ਼ਰੂਰ ਇਤਿਹਾਸ ਵਿਚ ਵਾਰ ਵਾਰ ਮਿਲਦੀ ਹੈ ਕਿ ਮਹਾਤਮਾ ਗਾਂਧੀ ਵਾਰ ਵਾਰ ਇਹੀ ਸਲਾਹ ਦਿੰਦਾ ਸੀ ਕਿ ”ਕਬਜ਼ੇ ਕਰਨੇ ਬੰਦ ਕਰੋ, ਮਹੰਤਾਂ ਨੂੰ ਗੁਰਦੁਆਰਿਆਂ ‘ਚੋਂ ਕੱਢਣਾ ਜ਼ਬਰ ਹੈ।” ਨਨਕਾਣਾ ਸਾਹਿਬ ਵਿਚ ਮਹੰਤ ਵਲੋਂ ਲਗਭਗ 130 ਸਿੱਖਾਂ ਦੇ ਕਤਲੇਆਮ ਤੋਂ ਬਾਅਦ 3 ਮਾਰਚ 1921 ਨੂੰ ਨਨਕਾਣਾ ਸਾਹਿਬ ਵਿਚ ਹੋਈ ਸ਼ਹੀਦੀ ਕਾਨਫਰੰਸ ਮੌਕੇ ਵੀ ਉਹਦੇ ਮੂੰਹੋਂ ਮਹੰਤਾਂ ਦੀ ਨਿਖੇਧੀ ਦਾ ਇਕ ਸ਼ਬਦ ਨਹੀਂ ਨਿਕਲਿਆ। ਸਗੋਂ ਸਾਰੀ ਸੰਗ-ਸ਼ਰਮ ਲਾਹ ਕੇ ਉਸ ਨੇ ਸਿੱਖਾਂ ਨੂੰ ਇਥੋਂ ਤਕ ਮਸ਼ਵਰਾ ਦਿੱਤਾ ਕਿ ਸਿੱਖ ਮਹੰਤ ਤੇ ਉਹਦੇ ਗੁੰਡਿਆਂ ਨੂੰ ਸਜ਼ਾ ਦਿਵਾਉਣ ਲਈ ਅਦਾਲਤਾਂ ਵਿਚ ਨਾ ਜਾਣ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਬਜ਼ੇ ਨੂੰ ਰੋਕਣ ਦਾ ਪ੍ਰੋਗਰਾਮ ਬਾਰੇ ਭਾਵੇਂ ਇਹ ਕਹਿ ਲਿਆ ਜਾਵੇ ਕਿ ਉਹ ਗਾਂਧੀ ਦੀਆਂ ਹਦਾਇਤਾਂ ‘ਤੇ ਕੰਮ ਨਹੀਂ ਸੀ ਕਰ ਰਹੀ ਪਰ ਇਸ ਮਾਮਲੇ ਵਿਚ ਉਸਦਾ ਪ੍ਰੋਗਰਾਮ ਗਾਂਧੀ ਵਾਲਾ ਹੀ ਸੀ।ਬਾਅਦ ਵਿਚ ਵੀ ਕਮੇਟੀ ਪੂਰਨ ਰੂਪ ਵਿਚ ਗਾਂਧੀ ਦੇ ਸਾਰਿਆਂ ਪ੍ਰੋਗਰਾਮਾਂ ਦੀ ਸਿੱਧਮ ਸਿੱਧੀ ਹਾਮੀ ਭਰਨ ਲੱਗ ਪਈ। ਉਸਨੇ ਗਾਂਧੀ ਦੇ ਨਾ-ਮਿਲਵਰਤਨ ਅੰਦੋਲਨ ਦਾ ਮਤਾ ਪਾ ਕੇ ਹਮਾਇਤ ਕੀਤੀ ਅਤੇ ਇਥੋਂ ਤਕ ਆਖ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਵੀ ਨਾ ਮਿਲਵਰਤਨ ਅੰਦੋਲਨ ਦੇ ਤਹਿਤ ਖੱਦਰ ਦੇ ਹੀ ਹੋਣਗੇ।

39. ਸਰਕਾਰ ਦਾ ਹੱਥ ਹੋਣ ਦੀਆਂ ਗੱਲਾਂ

ਸ਼ਹੀਦੀ ਸਾਕੇ ਵਾਲੇ ਦਿਨ ਤੋਂਹੀ ਇਸ ਕਾਂਡ ਵਿਚ ਸਰਕਾਰ ਦਾ ਹੱਥ ਹੋਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਮਹਾਤਮਾ ਗਾਂਧੀ ਅਤੇ ਆਰੀਆ ਸਮਾਜੀ ਲਾਣਾ ਹਮੇਸ਼ਾ ਇਹ ਚਾਹੁੰਦਾ ਰਿਹਾ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਮੋੜਾ ਅੰਗਰੇਜ਼ਾਂ ਵਲੋਂ ਮੋੜਿਆ ਜਾਵੇ, ਉਨ੍ਹਾਂ ਨੂੰ ਇਹ ਸਾਕਾ ਅੰਗਰੇਜ਼ਾਂ ਦੇ ਖਿਲਾਫ ਸਿੱਖਾਂ ਨੂੰ ਭੜਕਾਉਣ ਲਈ ਮਸਾਂ ਥਿਆਇਆ। ਗਾਂਧੀ ਨੇ ਇਹ ਗੱਲ ਹਮੇਸ਼ਾ ਚਾਹੀ ਕਿ ਸਿੱਖ ਜੋ ਵੀ ਅੰਦੋਲਨ ਕਰਨ ਉਹ ਹਮੇਸ਼ਾ ਕਾਂਗਰਸ ਦੀਆਂ ਨੀਤੀਆਂ ਮੁਤਾਬਕ ਹੋਵੇ। ਅੰਗਰੇਜ਼ਾਂ ਤੋਂ ਤੋਸ਼ੇਖਾਨੇ ਦੀਆਂ ਕੁੰਜੀਆਂ ਲੈਣ ਵਾਲੇ ਸਿੱਧੇ ਧਾਰਮਿਕ ਮਸਲੇ ਨੂੰ ਉਹਨੇ ਆਜ਼ਾਦੀ ਦੀ ਲੜਾਈ ਵਿਚ ਇਕ ਜਿੱਤ ਕਹਿੰਦਿਆਂ ਬਾਬਾ ਖੜਕ ਸਿੰਘ ਨੂੰ ਤਾਰ ਦਿੱਤੀ ਸੀ। ਨਨਕਾਣਾ ਸਾਹਿਬ 3 ਮਾਰਚ 1921 ਦੀ ਸ਼ਹੀਦੀ ਕਾਨਫਰੰਸ ਮੌਕੇ ਵੀ ਉਸਨੇ ਮਹੰਤਾਂ ਦੀ ਨਿਖੇਧੀ ਨਾ ਕਰਕੇ ਇਸਨੂੰ ਜਲ੍ਹਿਆਂਵਾਲਾ ਬਾਗ ਗੋਲੀ ਕਾਂਡ ਨਾਲ ਤੁਲਨਾ ਕਰਦਿਆਂ ਇਸਨੂੰ ਡਾਇਰ ਸ਼ਾਹੀ ਦਾ ਦੂਜਾ ਐਡੀਸ਼ਨ ਕਹਿਕੇ ਸਰਕਾਰ ਲਈ ਇਸ ਨੂੰ ਜ਼ਿੰਮੇਵਾਰ ਕਰਾਰ ਦਿੱਤਾ।

ਲਾਹੌਰ ਦੀ ਸਾਰੀ ਆਰੀਆ ਸਮਾਜੀ ਮਹਾਸ਼ਾ ਪ੍ਰੈੱਸ ਨੇ ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦੇਣਾ ਹੀ ਸੀ, ਸਗੋਂ ਅਕਾਲੀ ਪ੍ਰੈਸ ਵੀ ਇਸਦੇ ਵਹਿਣ ਵਿਚ ਵਹਿ ਤੁਰੀ। ਉਘੇ ਆਰੀਆ ਸਮਾਜੀ ਲੀਡਰ ਨੇ ਵੀ ਨਨਕਾਣਾ ਸਾਹਿਬ ਪਹੁੰਚ ਕੇ ਸਰਕਾਰ ਦੀ ਹੀ ਨਿਖੇਧੀ ਕੀਤੀ। ਹਾਲਾਂਕਿ ਇਹ ਮਹੰਤ ਨੂੰ ਪਹਿਲਾਂ ਕਬਜ਼ਾ ਬਰਕਰਾਰ ਰੱਖਣ ਦੀਆਂ ਜੁਗਤਾਂ ਦੱਸਦਾ ਰਿਹਾ ਸੀ। ਜਦੋਂ ਅਕਾਲੀ ਮਹੰਤਾਂ ਦੇ ਖਿਲਾਫ ਗੱਲ ਕਰਦੇ ਸਨ ਤਾਂ ਹਿੰਦੂ ਲੀਡਰਸ਼ਿਪ ਨੂੰ ਬਹੁਤ ਤਕਲੀਫ ਹੁੰਦੀ ਸੀ ਅਤੇ ਜਦੋਂ ਸਿੱਖ ਅੰਗਰੇਜ਼ਾਂ ਖਿਲਾਫ ਕੋਈ ਲਫਜ਼ ਮੂੰਹੋਂ ਕੱਢਦੇ ਸਨ ਤਾਂ ਉਨ੍ਹੀਂ ਪੈਰੀਂ ਘੁੰਮ ਕੇ ਉਹ ਸਿੱਖਾਂ ਨੂੰ ਹੱਲਾਸ਼ੇਰੀ ਦੇਣ ਲੱਗ ਜਾਂਦੇ ਸਨ।

1921 ਦੇ ਮਾਰਚ ਅਪ੍ਰੈਲ ਦੌਰਾਨ ਜਦੋਂ ਪੰਜਾਬ ਵਿਧਾਨ ਸਭਾ ਵਿਚ ਗੁਰਦੁਆਰਾ ਕਾਨੂੰਨ ਬਣਾਉਣ ਬਾਰੇ ਬਹਿਸ ਸ਼ੁਰੂ ਹੋਈ ਤਾਂ ਸਾਰੇ ਹਿੰਦੂ ਐਮ.ਐਲ.ਏਜ਼ ਨੇ ਇਸਦਾ ਜ਼ੋਰਦਾਰ ਵਿਰੋਧ ਕਰਦਿਆਂ ਗੁਰਦੁਆਰਿਆਂ ਦੇ ਪ੍ਰਬੰਧ ਮਹੰਤਾਂ ਦੇ ਹੱਥਾਂ ਵਿਚ ਹੀ ਰੱਖਣ ਦੀ ਜ਼ੋਰਦਾਰ ਵਕਾਲਤ ਕੀਤੀ। ਇਕ ਮੈਂਬਰ ਗਣਪਤ ਰਾਏ ਨੇ ਕਿਹਾ ਕਿਇਹ ਲਹਿਰ ਸਿੱਖਾਂ ਦੀ ਨਹੀਂ ਸਗੋਂ ਇਕ ਫਿਰਕੇ ਦੀ ਹੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਾਨੂੰਨ ਬਣਨਾ ਆਪਣੇ ਪੂਜਾ ਪਾਠ ਦੇ ਢੰਗ ਨੂੰ ਹੋਰਨਾਂ ‘ਤੇ ਜ਼ਬਰੀ ਮੜ੍ਹਣ ਵਾਲੀ ਕਾਰਵਾਈ ਹੋਵੇਗੀ। ਪਰ ਹਿੰਦੂਆਂ ਦੇ ਵਿਰੋਧ ਦੇ ਬਾਵਜੂਦ ਜਦੋਂ ਗੁਰਦੁਆਰਾ ਕਾਨੂੰਨ ਬਣ ਹੀ ਗਿਆ ਤਾਂ ਹਿੰਦੂ ਸਭਾ ਨੇ ਮੰਗ ਰੱਖ ਦਿੱਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਹਿੰਦੂ ਮੈਂਬਰ ਵੀ ਲਏ ਜਾਣ। ਪੰਜਾਬ ਹਿੰਦੂ ਸਭਾ ਦੇ ਪ੍ਰਧਾਨ ਅਤੇ ਵਿਧਾਨ ਸਭਾ ਦੇ ਮੈਂਬਰ ਨਰਿੰਦਰ ਨਾਥ ਨੇ ਵੀ ਮਹੰਤਾਂ ਦਾ ਡਟ ਕੇ ਪੱਖ ਪੂਰਿਆ। ਇਨ੍ਹਾਂ ਤੱਥਾਂ ਤੋਂ ਬਾਅਦ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਮਹੰਤਾਂ ਨੂੰ ਅਸਲੀ ਹੱਲਾਸ਼ੇਰੀ ਕਿਸ ਦੀ ਸੀ ਅਤੇ ਅਮਲੀ ਤੌਰ ‘ਤੇ ਉਨ੍ਹਾਂ ਦੀ ਪਿੱਠ ‘ਤੇ ਹਿੰਦੂ ਜਥੇਬੰਦੀਆਂ ਸਨ।

40. ਸਾਜਿਸ਼ ਵਾਲੀ ਗੱਲ ਸਿੱਖਾਂ ਦੇ ਕਿਉਂ ਹਜ਼ਮ ਹੋਈ?

ਸਿੱਖਾਂ ਨੂੰ ਅੰਗਰੇਜ਼ਾਂ ਨਾਲ ਇਸ ਗੱਲ ਦੀ ਪਹਿਲਾਂ ਤੋਂ ਹੀ ਖੁੰਧਕ ਸੀ ਕਿ ਉਨ੍ਹਾਂ ਨੇ ਸਿੱਖਾਂ ਦਾ ਰਾਜ ਖੋਹਿਆ ਹੈ।ਉਸ ਤੋਂ ਬਾਅਦ 1915 ਵਿਚ ਸਰਕਾਰ ਖਿਲਾਫ ਬਗਾਵਤ ਕਰਨ ਦੇ ਦੋਸ਼ ਵਿਚ 25 ਸਿੱਖਾਂ ਨੂੰ ਫਾਂਸੀ ਦੇਣ ਦੀ ਘਟਨਾ ਨੇ ਸਿੱਖਾਂ ਨੂੰ ਅੰਗਰੇਜ਼ਾਂ ਦੇ ਹੋਰ ਖਿਲਾਫ ਕਰ ਦਿੱਤਾ। 13 ਅਪ੍ਰੈਲ 1919 ਦੀ ਜਲ੍ਹਿਆਂਵਾਲੇ ਬਾਗ ਗੋਲੀ ਕਾਂਡ ਨੇ ਤਾਂ ਬਲਦੀ ‘ਤੇ ਹੀ ਤੇਲ ਪਾ ਦਿੱਤਾ। ਜਦੋਂ ਕਿਸੇ ਵਿਅਕਤੀ ਜਾਂ ਸਮਾਜ ਦੇ ਮਨ ਵਿਚ ਕਿਸੇ ਹਾਕਮ ਬਾਰੇ ਨਫਰਤ ਪੈਦਾ ਹੋ ਜਾਵੇ ਤਾਂ ਉਸਦਾ ਮਨ, ਹਾਕਮ ਬਾਰੇ ਫੈਲਾਈ ਜਾ ਰਹੀ ਹਰ ਸੱਚੀ ਝੂਠੀ ਘਟਨਾ ਨੂੰ ਹਜ਼ਮ ਕਰ ਲੈਂਦਾ ਹੈ। ਇਹੀ ਕਾਰਨ ਸਨ ਕਿ ਸਿੱਖਾਂ ਨੇ ਸਰਕਾਰੀ ਸਾਜਿਸ਼ ਵਾਲੀ ਗੱਲ ਨੂੰ ਸਹਿਜੇ ਹੀ ਅਪਣਾ ਲਿਆ। ਨਾਲੇ ਉਸ ਵੇਲੇ ਕੋਈ ਅਜਿਹੀ ਲੀਡਰਸ਼ਿਪ ਨਹੀਂ ਸੀ ਜੋ ਇਸ ਗੱਲ ਨੂੰ ਖਾਰਜ ਕਰਨ ਦਾ ਹੌਸਲਾ ਕਰ ਸਕੇ। ਜੇ ਕੋਈ ਅਜਿਹਾ ਕਰਦਾ ਸੀ ਤਾਂ ਉਸ ‘ਤੇ ਅੰਗਰੇਜ਼ਾਂ ਦਾ ਪਿੱਠੂ ਹੋਣ ਦਾ ਦੋਸ਼ ਲੱਗਦਾ ਸੀ। ਆਜ਼ਾਦੀ ਤੋਂ ਬਾਅਦ ਕਿਸੇ ਨੇ ਕਿਸੇ ਵੀ ਮਸਲੇ ‘ਤੇ ਅੰਗਰੇਜ਼ਾਂ ਦੀ ਵਕਾਲਤ ਕਰਨ ਦਾ ਹੌਸਲਾ ਨਹੀਂ ਕੀਤਾ।ਅੱਜ ਵੀ ਹਰੇਕ ਮਸਲੇ ਉਤੇ ਅੰਗਰੇਜ਼ਾਂ ਦੀ ਨਿਖੇਧੀ ਕਰਨ ਵਾਲੀ ਪਿਰਤ ਜਾਰੀ ਹੈ। ਨਾਲੇ ਅੰਗਰੇਜ਼ਾਂ ਦੀ ਨਿਖੇਧੀ ਕਰਨੀ ਬਹੁਤ ਸੌਖੀ ਹੈ, ਜਦਕਿ ਇਸਦੇ ਉਲਟ ਗੱਲ ਕਰਨ ਵਾਲੇ ਨੂੰ ਮੌਜੂਦਾ ਸੱਤਾਧਾਰੀ ਨਿਜਾਮ ਅਤੇ ਕਾਮਰੇਡਾਂ ਦੀ ਅਲੋਚਨਾ ਦਾ ਡਰ ਰਹਿੰਦਾ ਹੈ।

41. ਸੋਹਨ ਸਿੰਘ ਜੋਸ਼ ਦਾ ਥੀਸਿਜ਼

ਅਕਾਲੀ ਮੋਰਚਿਆਂ ਬਾਰੇ ਕਾਮਰੇਡ ਸੋਹਨ ਸਿੰਘ ਜੋਸ਼ ਨੇ ਇਕ ਥੀਸਿਜ (ਖੋਜ ਕਿਤਾਬ) ਲਿਖੀ, ਜਿਸ ਵਿਚ ਨਨਕਾਣਾ ਸਾਹਿਬ ਦੀ ਘਟਨਾ ਦਾ ਇਕ ਵੱਡਾ ਜ਼ਿਕਰ ਹੈ। ਇਸ ਖੋਜ ਦਾ ਸਾਰਾ ਖਰਚਾ ਕਮਿਊਨਿਸਟ ਪਾਰਟੀ ਆਫ ਇੰਡੀਆ (ਸੀ.ਪੀ.ਆਈ.) ਨੇ ਕੀਤਾ। ਇਹ ਖੋਜ ਤਿੰਨ ਵਰ੍ਹਿਆਂ ਵਿਚ ਪੂਰੀ ਹੋਈ। ਜਿਸਦੀ ਪਹਿਲੀ ਐਡੀਸ਼ਨ 1967 ਵਿਚ ਛਪੀ। ਕਮਿਊਨਿਸਟ ਪਾਰਟੀਆਂ ਹਮੇਸ਼ਾ ਹੀ ਅੰਗਰੇਜ਼ਾਂ ਨੂੰ ਸਾਮਰਾਜੀ ਕਹਿ ਕੇ ਭੰਡਦੀਆਂ ਆਈਆਂ ਹਨ। ਅਕਾਲੀ ਮੋਰਚਿਆਂ ਦੇ ਇਤਿਹਾਸ ਨੂੰ ਦੱਸਣ ਲੱਗਿਆਂ ਉਨ੍ਹਾਂ ਨੇ ਇਹ ਕਿਤਾਬ ਅੰਗਰੇਜ਼ਾਂ ਨੂੰ ਭੰਡਣ ਦੇ ਨਜ਼ਰੀਏ ਤੋਂ ਹੀ ਲਿਖੀ ਹੈ।

ਕਿਤਾਬ ਦੇ ਮੁੱਖ ਬੰਦ ਵਿਚ ਇਹ ਗੱਲ ਸਾਬਤ ਕਰਦਿਆਂ ਸ੍ਰੀ ਜੋਸ਼ ਲਿਖਦੇ ਹਨ, ”ਪੁਸਤਕ ਵਿਚ ਬ੍ਰਿਿਟਸ਼ ਸਾਮਰਾਜ ਦਾ ਰੋਲ ਮੈਂ ਬੜਾ ਉਭਾਰ ਕੇ ਪੇਸ਼ ਕੀਤਾ ਹੈ ਅਤੇ ਅੰਗਰੇਜ਼ ਹਾਕਮਾਂ ਦੀਆਂ ਕੁਟਲ ਨੀਤੀਆਂ, ਚਾਲਾਂ-ਕੁਚਾਲਾਂ, ਫੁੱਟ ਪਾਉਣ ਦੀਆਂ ਕਰਤੂਤਾਂ ਨੂੰ ਚੰਗੀ ਤਰ੍ਹਾਂ ਨਸ਼ਰ ਕੀਤਾ ਹੈ। ਮੇਰੀ ਪੱਕੀ ਰਾਇ ਹੈ ਕਿ ਬ੍ਰਿਿਟਸ਼ ਸਾਮਰਾਜ ਦੇ ਦੌਰ ਦਾ ਕੋਈ ਵੀ ਇਤਿਹਾਸ ਜਿਹੜਾ ਸਾਮਰਾਜੀ ਸਾਜਿਸ਼ਾਂ ਤੇ ਕੁਟਲ ਨੀਤੀਆਂ ਨੂੰ ਚੰਗੀ ਤਰ੍ਹਾਂ ਨਸ਼ਰ ਨਹੀਂ ਕਰਦਾ ਉਹ ਸੱਚਾ ਇਤਿਹਾਸ ਨਹੀਂ ਹੋ ਸਕਦਾ।”

ਇਸ ਕਿਤਾਬ ਦੇ ਸਫਾ 14 ਅਤੇ 28 ‘ਤੇ ਉਹ ਮਹੰਤਾਂ ਨੂੰ ਸਰਕਾਰ ਦੇ ਹੱਥਠੋਕੇ ਅਤੇ ਹਕੂਮਤ ਮਹੰਤਾਂ ਦੀ ਪਿੱਠ ‘ਤੇ ਕਹਿਣ ਵਾਲਾ ਆਪਣਾ ਵਿਚਾਰ ਬਿਨਾਂ ਕਿਸੇ ਦਲੀਲ ਤੋਂ ਵਾਰ ਵਾਰ ਪੇਸ਼ ਕਰਦੇ ਹਨ। ਸਾਜਿਸ਼ ਨੂੰ ਸੱਚ ਬਣਾਉਣ ਖਾਤਰ ਉਹ ਅਜਿਹੀਆਂ ਦਲੀਲਾਂ ਦਿੰਦੇ ਹਨ, ਜਿਨ੍ਹਾਂ ਦੀ ਕੋਈ ਖਾਸ ਅਹਿਮੀਅਤ ਨਹੀਂ। ਮਿਸਾਲ ਦੇ ਤੌਰ ‘ਤੇ ਸਫਾ 71 ‘ਤੇ ਉਹ ਲਿਖਦੇ ਹਨ ”ਡਿਪਟੀ ਕਮਿਸ਼ਨਰ ਨੇ ਕਾਰ ਦੇ ਹੁੰਦਿਆਂ ਨਨਕਾਣੇ ਪਹੁੰਚਣ ਵਿਚ ਦੁਪਹਿਰ ਕਿਉਂ ਕੀਤੀ ਜਾਂ ਕਮਿਸ਼ਨਰ ਨੇ ਲਾਹੌਰੋਂ ਆਉਣ ਵਿਚ ਰਾਤ ਕਿਉਂ ਕੀਤੀ, ਜਿਸ ਕਰਕੇ ਇਹ ਸਾਜਿਸ਼ ਸਾਬਤ ਕਰਦਾ ਹੈ।”

ਸਭ ਨੂੰ ਪਤਾ ਹੈ ਕਿ 1921 ਵਿਚ ਤਾਰ ਤੋਂ ਇਲਾਵਾ ਹੋਰ ਕੋਈ ਤੇਜ਼ ਰਫਤਾਰ ਸੰਚਾਰ ਸਾਧਨ ਨਹੀਂ ਸੀ। ਉਸ ਦਿਨ ਡੀ.ਸੀ. ਆਪਣੇ ਹੈੱਡ ਕੁਆਰਟਰ ਸ਼ੇਖੂਪੁਰੇ ਨਹੀਂ, ਬਲਕਿ ਮਾਂਗਟਾਂ ਵਾਲੇ ਡਾਕ ਬੰਗਲੇ ਵਿਚ ਸੀ। ਪੰਜਾਬ ਵਿਚ ਖਾੜਕੂਵਾਦ ਤੋਂ ਪਹਿਲਾਂ ਤਕ ਡੀ.ਸੀ. ਨਾਲ ਸਿਰਫ ਇਕ ਹੀ ਗੰਨਮੈਨ ਹੁੰਦਾ ਸੀ। ਸੋ ਇਕ ਗੰਨਮੈਨ ਨਾਲ ਡੀ.ਸੀ. ਵਲੋਂ ਆਪਣੇ ਤੌਰ ‘ਤੇ ਕੋਈ ਕਾਰਵਾਈ ਕਰਨਾ ਔਖਾ ਸੀ। ਰਹੀ ਗੱਲ ਕਮਿਸ਼ਨਰ ਦੇ ਰਾਤ ਨੂੰ ਪਹੁੰਚਣ ਦੀ, ਕਮਿਸ਼ਨਰ ਡੀ.ਆਈ.ਜੀ. ਨੂੰ ਲੈ ਕੇ ਪੂਰੀ ਫੋਰਸ ਨਾਲ ਇਕ ਸਪੈਸ਼ਲ ਰੇਲਗੱਡੀ ਭਰਕੇ ਨਨਕਾਣੇ ਉਸੇ ਦਿਨ, ਰਾਤ ਨੂੰ ਪੁੱਜਾ। ਸਲਾਹ ਮਸ਼ਵਰਾ, ਫੋਰਸ ਅਤੇ ਸਪੈਸ਼ਲ ਰੇਲ ਗੱਡੀ ਦੀ ਤਿਆਰੀ ਕਰਨ ਅਤੇ ਨਨਕਾਣੇ ਪੁੱਜਣ ਲਈ ਰਾਤ ਨੂੰ ਜਾਣੀ ਕੋਈ ਵੱਡੀ ਗੱਲ ਨਹੀਂ। ਸਵਾਲ ਇਹ ਨਹੀਂ ਕਿ ਰਾਤ ਨੂੰ ਪੁੱਜਾ ਜਾਂ ਦੁਪਹਿਰੇ ਕਿਉਂ ਨਹੀਂ ਪੁੱਜਾ ਬਲਕਿ ਸਵਾਲ ਇਹ ਹੈ ਕਿ ਉਹਨੇ ਐਕਸ਼ਨ ਕੀ ਕੀਤਾ? ਉਸਨੇ ਜਾਂਦਿਆਂ ਸਾਰ ਮਹੰਤ ਅਤੇ ਉਹਦੇ 28 ਗੁੰਡਿਆਂ ਨੂੰ ਫੜਕੇ ਉਸੇ ਸਪੈਸ਼ਲ ਰੇਲ ਗੱਡੀ ਰਾਹੀਂ ਲਾਹੌਰ ਭੇਜ ਦਿੱਤਾ।ਇਸ ਗ੍ਰਿਫਤਾਰੀ ਤੋਂ ਬਾਅਦ ਹੋਰ ਗ੍ਰਿਫਤਾਰੀਆਂ ਦਾ ਹੋਣਾ, ਤੇਜ਼ੀ ਨਾਲ ਮੁਕੱਦਮਾ ਚਲਣਾ ਅਤੇ ਮਹੰਤ ਨੂੰ ਸਜ਼ਾ ਹੋਣਾ ਸਰਕਾਰੀ ਸਾਜਿਸ਼ ਵਾਲੇ ਅੰਸ਼ ਨੂੰ ਚੰਗੀ ਤਰ੍ਹਾਂ ਖਾਰਜ ਕਰਨ ਲਈ ਕਾਫੀ ਹੈ। ਗਵਰਨਰ ਵੱਲੋਂ ਪੰਜਾਬ ਦੀ ਸਾਰੀ ਵਜ਼ਾਰਤ ਸਣੇ ਮੌਕੇ ‘ਤੇ ਪਹੁੰਚਣਾ ਸਰਕਾਰ ਦੀ ਗੰਭੀਰਤਾ ਸਾਬਤ ਕਰਦਾ ਹੈ। ਸੋਹਣ ਸਿੰਘ ਜੋਸ਼ ਦੀ ਇਹ ਕਿਤਾਬ ਨੇ ਵੀ ਸਰਕਾਰੀ ਸਾਜਿਸ਼ ਵਾਲੇ ਸਿਧਾਂਤ ਨੂੰ ਪੱਕਾ ਕਰਨ ਵਿਚ ਬਹੁਤ ਯੋਗਦਾਨ ਪਾਇਆ।

ਅਕਾਲੀ ਮੋਰਚਿਆਂ ਬਾਰੇ ਇਕ ਬਹੁਤ ਹੀ ਪੁਖਤਾ ਕਿਤਾਬ ‘ਅਕਾਲੀ ਮੋਰਚੇ ਅਤੇ ਝੱਬਰ’ ਨਰੈਣ ਸਿੰਘ ਐਮ.ਏ. ਦੀ ਲਿਖੀ ਮਿਲਦੀ ਹੈ। ਇਹ ਕਿਤਾਬ ਕਿਸੇ ਵੀ ਖਾਸ ਨਜ਼ਰੀਏ ਤੋਂ ਨਹੀਂ ਲਿਖੀ ਗਈ, ਬਲਕਿ ਇਸ ਵਿਚ ਸਿਰਫ ਘਟਨਾਵਾਂ ਦਾ ਹੀ ਵੇਰਵਾ ਹੈ। ਸੋਹਨ ਸਿੰਘ ਜੋਸ਼ ਆਪਣੀ ਕਿਤਾਬ ਦੇ ਸਫਾ 74 ਦੇ ਫੁਟ ਨੋਟ ‘ਤੇ ਇਸ ਕਿਤਾਬ ਨੂੰ ਬਹੁਤ ਹੀ ਪਤਲੀਆਂ ਜਿਹੀਆਂ ਦਲੀਲਾਂ ਨਾਲ ਭੰਡਦੇ ਹਨ। ਉਹ ਲਿਖਦੇ ਹਨ ”ਇਹ ਪੁਸਤਕ 45-46 ਸਾਲਾਂ ਪਿਛੋਂ ਲਿਖੀ ਗਈ ਹੈ। ਇਸ ਵਿਚ ਹਉਮੈ ਤੇ ਅਤਕਥਨੀ ਬੜੀ ਹੈ। ਕੁਝ ਤੱਥ ਵੀ ਗਲਤ ਹਨ। ਉਸ ਵੇਲੇ ਨਨਕਾਣੇ ਵਿਚ ਸੌ ਗੋਰੇ ਫੌਜੀ ਅਫਸਰ ਤੇ ਸਿਪਾਹੀ ਅਤੇ ਸੌ ਦੇਸੀ ਫੌਜੀ ਸਿਪਾਹੀ ਸਨ।”

ਆਪਣੀ ਕਿਤਾਬ ਵਿਚ ਭਾਈ ਨਰੈਣ ਸਿੰਘ ਨੇ 150 ਗੋਰੇ ਫੌਜੀਆਂ ਦਾ ਪਹੁੰਚਣਾ ਦੱਸਿਆ ਹੈ, ਜਦਕਿ ਜੋਸ਼ ਆਪਣੀ ਕਿਤਾਬ ਵਿਚ 100 ਗੋਰਾ ਫੌਜੀ ਅਤੇ 100 ਦੇਸੀ ਸਿਪਾਹੀ ਦੱਸਦੇ ਹਨ। ਇਹ ਆਪਣੇ ਆਪ ਵਿਚ ਹੀ ਇਕ ਹਾਸੋਹੀਣੀ ਦਲੀਲ ਹੈ ਕਿ ਸਿਰਫ ਗਿਣਤੀ ਦੇ ਇਸ ਫਰਕ ਨੂੰ ਹੀ ਇਹ ਲਿਖ ਮਾਰਿਆ ਜਾਵੇ ਕਿ ਕਿਤਾਬ ਵਿਚ ਤੱਥ ਗਲਤ ਹਨ। ਨਾਲੇ ਜਿਸ ਵਾਕੇ ਭਾਈ ਨਰੈਣ ਸਿੰਘ ਨੇ ਜ਼ਿਕਰ ਕੀਤਾ ਹੈ ਉਸ ਵਾਕੇ ਵਿਚ ਇਸ ਗੱਲ ਦੀ ਕੋਈ ਅਹਿਮੀਅਤ (ੰਗਿਿਨਚਿਅਨਚÂ) ਨਹੀਂ ਕਿ ਗਿਣਤੀ ਸੌ ਸੀ ਜਾਂ ਡੇਢ ਸੌ। ਨਾਲੇ ਅਜਿਹੇ ਮੌਕਿਆਂ ‘ਤੇ ਕੋਈ ਪੂਰੀ ਪੱਕੀ ਗਿਣਤੀ ਹੋ ਵੀ ਨਹੀਂ ਸਕਦੀ। ਦੂਜਾ ਪੱਖ ਰਿਹਾ ਕਿਤਾਬ ਦੇ 45 ਵਰ੍ਹੇ ਬਾਅਦ ਲਿਖੇ ਜਾਣ ਦਾ। ਇਸ ਕਿਤਾਬ ਦੇ ਲਿਖਾਰੀ ਭਾਈ ਨਰੈਣ ਸਿੰਘ ਉਸ ਪਹਿਲੇ ਜੱਥੇ ਵਿਚ ਸ਼ਾਮਿਲ ਸਨ ਜੋ ਕਿ ਸਾਕੇ ਤੋਂ ਬਾਅਦ ਨਨਕਾਣਾ ਸਾਹਿਬ ਪੁੱਜਾ। ਉਹ ਗੁਰਦੁਆਰਾ ਨਨਕਾਣਾ ਸਾਹਿਬ ਦੇ 1932 ਵਿਚ ਮੈਨੇਜਰ ਨਿਯੁਕਤ ਹੋਏ ਅਤੇ ਅਗਸਤ 1947 ਤਕ ਇਸ ਅਹੁਦੇ ‘ਤੇ ਰਹੇ। ਉਹ ਆਪ ਵੀ ਅਕਾਲੀ ਲਹਿਰ ਨਾਲ ਸਬੰਧਤ ਸਨ, ਜਿਸ ਕਰਕੇ ਉਨ੍ਹਾਂ ਦਾ ਸੰਪਰਕ ਅਕਾਲੀ ਲਹਿਰ ਦੇ ਯੋਧਿਆਂ, ਸੂਰਬੀਰਾਂ ਨਾਲ ਮੁੱਢ ਤੋਂ ਹੀ ਸੀ। ਇਹ ਕਿਤਾਬ ਉਨ੍ਹਾਂ ਨੇ ਭਾਈ ਕਰਤਾਰ ਸਿੰਘ ਝੱਬਰ ਦੀ ਡਾਇਰੀ ਨੂੰ ਆਧਾਰ ਬਣਾ ਕੇ ਲਿਖੀ ਹੈ,ਜੋ ਕਿ ਉਸ ਵੇਲੇ ਦੇ ਅਖਬਾਰਾਂ ਵਿਚ ਛਪਦੀ ਰਹੀ ਸੀ। ਸਰਦਾਰ ਨਰੈਣ ਸਿੰਘ ਦਾ ਮੇਲ ਝੱਬਰ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਆਖਰੀ ਦਿਨਾਂ ਤੱਕ ਰਿਹਾ ਜਦੋਂ 1947 ਤੋਂ ਬਾਅਦ ਸਰਦਾਰ ਝੱਬਰ ਕਰਨਾਲ ਜਿਲ਼੍ਹੇ ਦੇ ਹਾਬੜੀ ਪਿੰਡ ਵਿਚ ਰਹਿ ਰਹੇ ਸਨ। ਸਰਦਾਰ ਝੱਬਰ ਦੀ ਮੌਤ 1962 ਹੋਈ। ਭਾਈ ਕਰਤਾਰ ਸਿੰਘ ਝੱਬਰ ਦਾ ਇਹ ਪੱਕਾ ਰੁਟੀਨ ਸੀ ਕਿ ਉਹ ਹਰੇਕ ਰਾਤ ਆਪਣੀ ਸਾਰੀ ਦਿਹਾੜੀ ਦੀ ਕਾਰਵਾਈ ਨੂੰ ਲਿਖ ਕੇ ਲਿਫਾਫਾ ਬੰਦ ਕਰ ਦਿੰਦੇ ਸਨ ਅਤੇ ਸਿਰਹਾਨੇ ਹੇਠ ਰੱਖ ਕੇ ਸੌਂਦੇ ਸਨ।ਸਵੇਰੇ ਉਠ ਕੇ ਉਸ ਨੂੰ ਅਖਬਾਰਾਂ ਦੇ ਨਾਂਅ ਡਾਕ ਵਿਚ ਪਾ ਦਿੰਦੇ ਸਨ। ਸੋ ਅਜਿਹੀ ਡਾਇਰੀ ਅਸਲੀਅਤ ਦੇ ਸਭ ਤੋਂ ਨੇੜੇ ਹੁੰਦੀ ਹੈ। ਭਾਈ ਨਰੈਣ ਸਿੰਘ 93 ਸਾਲ ਉਮਰ ਭੋਗ ਕੇ 1994 ਵਿਚ ਫੌਤ ਹੋਏ ਸਨ। ਉਨ੍ਹਾਂ ਦੀ ਕਿਤਾਬ ‘ਤੇ ਹਉਮੈ ਤੇ ਅੱਤਕਥਨੀ ਵਾਲੇ ਦੋਸ਼ਾਂ ਬਾਬਤ ਸ੍ਰੀ ਜੋਸ਼ ਇਕ ਵੀ ਮਿਸਾਲ ਪੇਸ਼ ਨਹੀਂ ਕਰ ਸਕੇ।

ਸ਼੍ਰੋਮਣੀ ਕਮੇਟੀ ਅਤੇ ਹੋਰ ਉੱਘੀਆਂ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਨਨਕਾਣਾ ਸਾਹਿਬ ਦੇ ਸਾਕੇ ਬਾਰੇ ਹੋਰ ਖੋਜ ਕਰਾਵੇ। ਇਸ ਸਾਕੇ ਦੀ ਸਾਰੀ ਅਦਾਲਤੀ ਕਾਰਵਾਈ ਵੀ ਬਾਹਰ ਲਿਆਂਦੀ ਜਾਣੀ ਚਾਹੀਦੀ ਹੈ। ਨਹੀਂ ਤਾਂ ਸਮਾਂ ਬੀਤਣ ਨਾਲ ਕਿਤੋਂ ਵੀ ਕੁਝ ਨਹੀਂ ਲੱਭਣਾ।

42. ਮਹਾਰਾਜਾ ਭੁਪਿੰਦਰ ਸਿੰਘ ਦਾ ਯੋਗਦਾਨ ਅਣਗੌਲਿਆ ਕੀਤਾ

ਸਿਆਸੀ ਕਾਰਨਾਂ ਕਰਕੇ ਪਟਿਆਲਾ ਰਿਆਸਤ ਦੇ ਸਿੱਖ ਰਾਜੇ ਮਹਾਰਾਜਾ ਭੁਪਿੰਦਰ ਸਿੰਘ ਦੇ ਪੰਥ ਪ੍ਰਤੀ ਪਾਏ ਗਏ ਰੋਲ ਨੂੰ ਅਣਗੌਲਿਆਂ ਕੀਤਾ ਗਿਆ ਹੈ। ਨਨਕਾਣਾ ਸਾਹਿਬ ਦੇ ਕਬਜ਼ੇ ਤੋਂ ਪਹਿਲਾਂ ਇਕ ਵਾਰੀ ਜਦੋਂ ਮਹਾਰਾਜਾ ਭੁਪਿੰਦਰ ਸਿੰਘ ਲਾਹੌਰ ਗਏ ਤਾਂ ਮਹੰਤ ਨਰੈਣ ਦਾਸ ਨੇ ਉਨ੍ਹਾਂ ਤੋਂ ਇਮਦਾਦ ਦੀ ਮੰਗ ਕੀਤੀ। ਮਹਾਰਾਜਾ ਨੇ ਮਹੰਤ ਨੂੰ ਇਹ ਮਸ਼ਵਰਾ ਦਿੱਤਾ ਕਿ ਉਹ ਸਿੱਖਾਂ ਨਾਲ ਵਿਰੋਧ ਨਾ ਸਹੇੜੇ, ਸਗੋਂ ਚੁੱਪ ਚਾਪ ਗੁਰਦੁਆਰੇ ਦਾ ਕਬਜ਼ਾ ਪੰਥ ਨੂੰ ਦੇ ਦੇਵੇ।

ਸਾਕੇ ਤੋਂ ਬਾਅਦ 23 ਫਰਵਰੀ ਨੂੰ ਜਦੋਂ ਸਵੇਰ ਦਾ ਦੀਵਾਨ ਗੁਰਦੁਆਰੇ ਵਿਚ ਸਜਿਆ ਤਾਂ ਇਸ ਮੌਕੇ ਸੰਗਤਾਂ ਵਲੋਂ ਆਈਆਂ ਤਾਰਾਂ ਖੋਲ੍ਹੀਆਂ ਗਈਆਂ। ਝੱਬਰ ਨੇ ਇਕ ਸਿੰਘ ਦੀ ਡਿਊਟੀ ਤਾਰਾਂ ਸੁਣਾਉਣ ‘ਤੇ ਲਾਈ। ਇਨ੍ਹਾਂ ਵਿਚੋਂ ਇਕ ਤਾਰ ਮਹਾਰਾਜਾ ਭੁਪਿੰਦਰ ਸਿੰਘ ਦੀ ਪਹੁੰਚੀ। ਇਸ ਮੌਕੇ ਅਮਰ ਸਿੰਘ ਝਬਾਲ ਬੋਲੇ ਕਿ ਸਾਨੂੰ ਰਾਜਿਆਂ ਮਹਾਰਾਜਿਆਂ ਦੀ ਹਮਦਰਦੀ ਦੀ ਕੋਈ ਲੋੜ ਨਹੀਂ, ਇਹ ਤਾਰ ਨਾ ਪੜ੍ਹੀ ਜਾਵੇ। ਪਰ ਕਰਤਾਰ ਸਿੰਘ ਝੱਬਰ ਨੇਕਿਹਾ ਕਿ ਜੇ ਕੋਈ ਸਿੱਖ ਮਹਾਰਾਜਾ ਮਨ ਨੂੰ ਨੀਵਾਂ ਕਰਕੇ ਜੇ ਪੰਥ ਨਾਲ ਹਮਦਰਦੀ ਕਰਦਾ ਹੈ ਤਾਂ ਇਸ ਵਿਚ ਕੀ ਬੁਰਾਈ ਹੈ? ਇਹ ਤਾਰ ਜ਼ਰੂਰ ਪੜ੍ਹੀ ਜਾਵੇ। ਤਾਰ ਪੜ੍ਹੀ ਗਈ ਇਸ ਦਾ ਸਾਰ ਇਹ ਸੀ ਕਿ ਮੈਂ ਇਸ ਸਾਕੇ ‘ਤੇ ਸੋਗ ਪ੍ਰਗਟ ਕਰਦਾ ਹਾਂ, ਮੈਨੂੰ ਸ਼ਹੀਦ ਪਰਿਵਾਰਾਂ ਦੀ ਲਿਸਟ ਘੱਲੋ, ਮੈਂ ਸਭ ਦੀ ਪੈਨਸ਼ਨ ਲਾ ਦਿਆਂਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਸੀ, ਗੁਰਦੁਆਰੇ ਪੰਥ ਦੇ ਕਬਜ਼ੇ ਵਿਚ ਆ ਗਏ ਸਨ। ਪਰ ਨਨਕਾਣਾ ਸਾਹਿਬ ਗੁਰਦੁਆਰੇ ਦੀ ਬਹੁਤ ਸਾਰੀ ਪੈਲੀ ਅਜੇ ਮਹੰਤ ਦੇ ਬੰਦੇ ਹੀ ਵਾਹ ਰਹੇ ਸਨ। 14 ਜਨਵਰੀ 1933 ਦੀ ਗੱਲ ਹੈ ਕਰਤਾਰ ਸਿੰਘ ਝੱਬਰ ਨੇ ਗੁਰਦੁਆਰੇ ਵਿਚ ਲੈਕਚਰ ਦਿੰਦਿਆਂ ਆਖਿਆ ਕਿ ਸਾਨੂੰ ਇਹ ਕਬਜ਼ੇ ਤੋੜਨੇ ਚਾਹੀਦੇ ਹਨ। ਇਹ ਕਬਜ਼ੇ ਤੋੜਨ ਲਈ ਝੱਬਰ ਦੀ ਅਗਵਾਈ ਵਿਚ ਇਕ ਜੱਥਾ ਕੋਟ ਲਹਿਣਾ ਦਾਸ ਪੁੱਜਾ। ਉਥੇ ਇਸ ਜੱਥੇ ਦਾ ਟਕਰਾਅ ਕਬਜ਼ੇਦਾਰਾਂ ਨਾਲ ਹੋ ਗਿਆ।ਇਸ ਝਗੜੇ ਵਿਚ ਮਹੰਤ ਲਹਿਣਾ ਦਾਸ ਦਾ ਸਾਲਾ ਬਿਸ਼ਨਾ ਸਾਧ ਮਾਰਿਆ ਗਿਆ। ਪੁਲਿਸ ਨੇ ਉਸੇ ਰਾਤ ਅਤੇ ਅਗਲੇ ਦਿਨ ਸਾਰੇ ਅਕਾਲੀਆਂ ਨੂੰ ਗ੍ਰਿਫਤਾਰ ਕਰਕੇ ਕਤਲ ਦਾ ਪਰਚਾ ਕੱਟ ਦਿੱਤਾ।

ਇਨ੍ਹਾਂ ਗ੍ਰਿਫਤਾਰੀਆਂ ਨਾਲ ਸਿੱਖ ਫਿਕਰਮੰਦ ਹੋ ਗਏ ਕਿ ਜੇ ਇਨ੍ਹਾਂ ਅਕਾਲੀਆਂ ਨੂੰ ਸਜ਼ਾ ਹੋ ਗਈ ਤਾਂ ਬਾਕੀ ਪੈਲੀਆਂ ਦੇ ਕਬਜ਼ੇ ਤੋੜਨੇ ਔਖੇ ਹੋ ਜਾਣਗੇ। ਸਇਸ ਕੇਸ ਦਾ ਮੁਕੱਦਮਾ ਸੈਸ਼ਨ ਜੱਜ ਚੌਧਰੀ ਅਹਿਸਾਨ ਉਲ ਹੱਕ ਕੋਲ ਸੀ। ਅਕਾਲੀਆਂ ਵਲੋਂ ਇਸ ਮੁਕੱਦਮੇ ਦੀ ਪੈਰਵਾਈ ਸ. ਬਹਾਦਰ ਬੂਟਾ ਸਿੰਘ ਤੇ ਸ. ਬਹਾਦਰ ਮਹਿਤਾਬ ਸਿੰਘ ਅਤੇ ਵਰਿਆਮ ਸਿੰਘ ਗਰਮੂਲਾ ਜ਼ਿੰਮੇ ਸੀ। ਅਕਾਲੀਆਂ ਨੂੰ ਬਰੀ ਕਰਾਉਣ ਲਈ ਗੁਪਤ ਵਿਚਾਰਾਂ ਹੋਈਆਂ। ਇਹ ਵਿਚਾਰ ਆਇਆ ਕਿ ਇਸ ਮੁਕੱਦਮੇ ਵਿਚ ਮਹਾਰਾਜਾ ਭੁਪਿੰਦਰ ਸਿੰਘ ਮਦਦ ਕਰ ਸਕਦਾ ਹੈ। ਕਿਉਂਕਿ ਸੈਸ਼ਨ ਜੱਜ ਚੌਧਰੀ ਅਹਿਸਾਨ ਉਲ ਹੱਕ ਮਹਾਰਾਜੇ ਦੀ ਕ੍ਰਿਕਟ ਟੀਮ ਦਾ ਮੈਂਬਰ ਸੀ।

ਗਿਆਨੀ ਸ਼ੇਰ ਸਿੰਘ, ਕਰਤਾਰ ਸਿੰਘ ਦੀਵਾਨਾ, ਵਰਿਆਮ ਸਿੰਘ ਗਰਮੂਲਾ ਮਹਾਰਾਜਾ ਸਾਹਿਬ ਨੂੰ ਮਿਲਣ ਲਈ ਪਟਿਆਲੇ ਪੁੱਜੇ ਅੱਗੋਂ ਪਤਾ ਲੱਗਾ ਕਿ ਉਹ ਚੈਲ (ਹਿਮਾਚਲ) ਗਏ ਹੋਏ ਹਨ। ਇਹ ਤਿੰਨੇ ਜਣੇ ਚੈਲ ਪੁੱਜ ਗਏ। ਮਹਾਰਾਜਾ ਸਾਹਿਬ ਨੂੰ ਇਹ ਸਾਰੀ ਵਾਰਤਾ ਸੁਣਾਈ। ਉਨ੍ਹਾਂ ਨੇ ਫੌਰਨ ਪਟਿਆਲਾ ਹਾਈ ਕੋਰਟ ਦੇ ਜੱਜ ਅਰਜਨ ਸ਼ਾਹ ਨੂੰ ਬੁਲਾ ਕੇ ਸੈਸ਼ਨ ਜੱਜ ਚੌਧਰੀ ਅਹਿਸਾਨ ਉਲ ਹੱਕ ਕੋਲ ਮਹਾਰਾਜਾ ਸਾਹਬ ਦਾ ਇਹ ਸੁਨੇਹਾ ਦੇਣ ਲਈ ਘੱਲਿਆ ਕਿ ਸਾਰੇ ਅਕਾਲੀ ਬਰੀ ਕਰਨੇ ਹਨ। ਅਰਜਨ ਸ਼ਾਹ ਨੇ ਲਾਇਲਪੁਰ ਪੁੱਜ ਕੇ ਸੈਸ਼ਨ ਜੱਜ ਨੂੰ ਮਹਾਰਾਜਾ ਭੁਪਿੰਦਰ ਸਿੰਘ ਦਾ ਹੁਕਮ ਸੁਣਾਇਆ। ਅਹਿਸਾਨ ਉਲ ਹੱਕ ਨੇ ਬੜੀ ਦਲੇਰੀ ਨਾਲ ਆਖਿਆ ਕਿ ਜੇ ਮਹਾਰਾਜਾ ਸਾਹਿਬ ਦਾ ਹੁਕਮ ਹੈ ਤਾਂ ਇਸਦੀ ਤਾਮੀਲ ਜ਼ਰੂਰ ਹੋਵੇਗੀ।

13 ਜੂਨ 1933 ਨੂੰ ਇਸ ਮੁਕੱਦਮੇ ਦੀ ਬਹਿਸ ਸ਼ੁਰੂ ਹੋਈ ਜੋ ਕਿ 16 ਜੂਨ ਤਕ ਚਲਦੀ ਰਹੀ। ਜੱਜ ਨੇ ਹੁਕਮ ਸੁਣਾਉਣ ਲਈ 19 ਜੂਨ ਦੀ ਤਾਰੀਕ ਰੱਖ ਦਿੱਤੀ। ਇਸ ਦਿਨ ਨਾ ਕੇਵਲ ਦੋਸ਼ੀਆਂ ਸਗੋਂ ਉਨ੍ਹਾਂ ਦੇ ਸੈਂਕੜੇ ਸਬੰਧੀ ਅਦਾਲਤ ਵਿਚ ਹਾਜ਼ਰ ਸਨ। ਕਿਸੇ ਨੂੰ ਇਹ ਉਮੀਦ ਨਹੀਂ ਸੀ ਕਿ ਐਡੀਆਂ ਨਿੱਗਰ ਗਵਾਹੀਆਂ ਦੇ ਹੁੰਦਿਆਂ ਮੁਲਜ਼ਮ ਸਜ਼ਾ ਤੋਂ ਬਚ ਜਾਣਗੇ। 19 ਜੂਨ ਨੂੰ ਜੱਜ ਨੇ ਸਾਰਿਆਂ ਨੂੰ ਬਰੀ ਕਰਨ ਦਾ ਹੁਕਮ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ ਸਾਕੇ ਤੋਂ ਬਾਅਦ ਸਜ਼ੇ ਦੀਵਾਨ ਵਿਚ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਆਈ ਤਾਰ ਨੂੰ ਪੜ੍ਹਨ ਤੋਂ ਸਰਦਾਰ ਅਮਰ ਸਿੰਘ ਝੱਬਾਲ ਨੇ ਇਹ ਕਹਿ ਕੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਰਾਜਿਆਂ ਮਹਾਰਾਜਿਆਂ ਦੀ ਹਮਦਰਦੀ ਦੀ ਕੋਈ ਲੋੜ ਨਹੀਂ। ਪਰ ਸਾਰੀ ਅਕਾਲੀ ਲੀਡਰਸ਼ਿਪ ਨੇ ਮਹਾਰਾਜਾ ਰਿਪਦੁਮਨ ਸਿੰਘ ਨਾਭਾ ਨਾਲ ਮਹਾਰਾਜਾ ਹੁੰਦਿਆਂ ਹੋਇਆਂ ਵੀ ਇਥੋਂ ਤੱਕ ਹਮਦਰਦੀ ਕੀਤੀ ਕਿ ਸਾਰੀ ਕੌਮ ਨੂੰ ਮੋਰਚੇ ਵਿਚ ਝੋਕ ਦਿੱਤਾ। ਗੱਲ ਇਹ ਨਹੀਂ ਕਿ ਮਹਾਰਾਜਾ ਭੁਪਿੰਦਰ ਸਿੰਘ ਦਾ ਕੋਈ ਕਰਮ ਸਿੱਖ ਵਿਰੋਧੀ ਸੀ। ਅਸਲ ਗੱਲ ਇਹ ਸੀ ਕਿ ਉਹ ਗਾਂਧੀ ਨਾਲ ਰਲ ਕੇ ਨਹੀਂ ਸੀ ਚਲਦਾ ਜਦਕਿ ਮਹਾਰਾਜਾ ਨਾਭਾ ਇਹ ਕੰਮ ਕਰਦਾ ਸੀ।

43. ਕੀ ਅਕਾਲੀ ਲੀਡਰਸ਼ਿਪ ਗੁਰਦੁਆਰਿਆਂ ਦੀ ਆਜ਼ਾਦੀ ਦਾ ਕ੍ਰੈਡਿਟ ਲੈਣ ਦੀ ਹੱਕਦਾਰ ਹੈ?

ਹਰ ਮੌਕੇ ਦੀ ਅਕਾਲੀ ਲੀਡਰਸ਼ਿਪ ਨੇ ਗੁਰਦੁਆਰਿਆਂ ਦੀ ਆਜ਼ਾਦੀ ਦਾ ਕ੍ਰੈਡਿਟ ਅਕਾਲੀ ਦਲ ਨੂੰ ਦਿੱਤਾ ਜਾਂ ਇੰਝ ਕਹਿ ਲਵੋ ਕਿ ਆਪੇ ਕ੍ਰੈਡਿਟ ਲਿਆ। ਗੁਰਦੁਆਰਿਆਂ ਦੀ ਆਜ਼ਾਦੀ ਦੀ ਪਰਿਭਾਸ਼ਾ ਇਹ ਸੀ ਕਿ ਮਹੰਤਾਂ ਨੂੰ ਗੁਰਦੁਆਰਿਆਂ ‘ਚੋਂ ਕੱਢਣਾ। ਪਰ ਅਕਾਲੀ ਦਲ ਨੇ ਮਹੰਤਾਂ ਨੂੰ ਕੱਢ ਕੇ ਕਬਜ਼ੇ ਲੈਣ ਦੀ ਮੁਹਿੰਮ ਵਿਚ ਕਦੇ ਸ਼ਮੂਲੀਅਤ ਨਹੀਂ ਕੀਤੀ। ਇਸ ਕੰਮ ਲਈ ਸਿਰਫ ਸਰਦਾਰ ਕਰਤਾਰ ਸਿੰਘ ਝੱਬਰ ਦੇ ਜਥੇ ਨੇ ਹੀ ਉਦਮ ਕੀਤਾ। ਕਿਉਂਕਿ ਝੱਬਰ ਵੀ ਅਕਾਲੀ ਸੀ ਇਸ ਕਰਕੇ ਇਉਂ ਹੀ ਲਿਿਖਆ ਜਾਂਦਾ ਰਿਹਾ ਹੈ ਕਿ ਅਕਾਲੀਆਂ ਨੇ ਮਹੰਤਾਂ ਨੂੰ ਬਾਹਰ ਕੱਢ ਕੇ ਗੁਰਦੁਆਰਿਆਂ ‘ਤੇ ਕਬਜ਼ੇ ਕੀਤੇ। ਪਰ ਸਮੁੱਚੀ ਅਕਾਲੀ ਲੀਡਰਸ਼ਿਪ ਵਿਚੋਂ ਜੇ ਝੱਬਰ ਨੂੰ ਮਨਫੀ ਕਰ ਦੇਈਏ ਤਾਂ ਅਕਾਲੀ ਦਲ ਦਾ ਰੋਲ ਝੱਬਰ ਦੀ ਮੁਹਿੰਮ ਵਿਚ ਸਿਰਫ ਰੋੜੇ ਅਟਕਾਉਣਾ ਹੀ ਨਹੀਂ ਬਲਕਿ ਉਸ ਨੂੰ ਸਾਰੀ ਤਾਕਤ ਵਰਤ ਕੇ ਰੋਕਣ ਦਾ ਹੀ ਰਿਹਾ। ਅਕਾਲੀ ਲੀਡਰਸ਼ਿਪ ਵੱਲੋਂ ਸਰਦਾਰ ਝੱਬਰ ਦੀ ਮੁਹਿੰਮ ਦੀ ਕਦੇ ਮੂੰਹਜ਼ੁਬਾਨੀ ਸ਼ਲਾਘਾ ਵੀ ਨਹੀਂ ਕੀਤੀ ਗਈ। ਜਦੋਂ ਇਹ ਮੁਹਿੰਮ ਸਫਲਤਾ ਨਾਲ ਚੱਲ ਰਹੀ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਕਬਜ਼ਿਆਂ ਨੂੰ ਰੋਕਣ ਦਾ ਮਤਾ ਕਿਉਂ ਪਾਸ ਕੀਤਾ? ਇਸ ਦਾ ਕਦੇ ਕਾਰਨ ਨਹੀਂ ਦੱਸਿਆ ਗਿਆ। ਇਸ ਦੀਆਂ ਹੇਠ ਲਿਖੀਆਂ ਸੰਭਾਵਨਾਵਾਂ ਹੋ ਸਕਦੀਆਂ ਹਨ:

ਪਹਿਲੀ ਜਾਂ ਤਾਂ ਮਹੰਤ ਨੇ ਅਕਾਲੀ ਆਗੂ ਟਕਾ ਲਏ ਸਨ ਅਤੇ ਜਾਂ ਉਹ ਮਹੰਤ ਤੋਂ ਡਰ ਗਏ ਸਨ ਕਿਉਂਕਿ ਮਹੰਤ ਮੁਹਿੰਮ ਦੇ ਮੋਹਰੀ ਆਗੂ ਸਰਦਾਰ ਕਰਤਾਰ ਸਿੰਘ ਝੱਬਰ ਨੂੰ ਕਤਲ ਕਰਾਉਣ ਦੀਆਂ ਸਕੀਮਾਂ ਬਣਾ ਰਿਹਾ ਸੀ।

ਦੂਜੀ ਗੁਰਦੁਆਰਾ ਆਜ਼ਾਦੀ ਲਹਿਰ ਵਿਚ ਸਰਦਾਰ ਝੱਬਰ ਨੂੰ ਮਿਲ ਰਹੀ ਸਫਲਤਾ ਕਰਕੇ ਉਨ੍ਹਾਂ ਨੂੰ ਆਪਣੀ ਲੀਡਰਸ਼ਿਪ ਪਿੱਛੇ ਪੈਂਦੀ ਜਾਪੀ। ਅਕਾਲੀ ਲੀਡਰਸ਼ਿਪ ਵੱਲੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਖਾਤਰ ਸੈਂਕੜੇ ਸ਼ਹੀਦੀਆਂ ਅਕਾਲੀ ਦਲ ਦੇ ਖਾਤੇ ਪਾਉਣੀਆਂ ਵੀ ਗਲਤ ਹਨ ਕਿਉਂਕਿ ਨਨਕਾਣਾ ਸਾਹਿਬ ਦੇ ਸਾਕੇ ਵਿਚ ਹੋਈਆਂ ਸ਼ਹੀਦੀਆਂ ਅਕਾਲੀ ਦਲ ਦੀ ਨਾਲਾਇਕੀ ਕਾਰਨ ਹੋਈਆਂ ਸਨ। ਜੈਤੋਂ ਦੇ ਮੋਰਚੇ ਅਤੇ ਹੋਰ ਮੋਰਚਿਆਂ ਵਿਚ ਹੋਈਆਂ ਸ਼ਹੀਦੀਆਂ ਅਤੇ ਗ੍ਰਿਫਤਾਰੀਆਂ ਦਾ ਗੁਰਦੁਆਰਿਆਂ ਦੀ ਆਜ਼ਾਦੀ ਨਾਲ ਕੋਈ ਸਿੱਧਾ ਸਬੰਧ ਨਹੀਂ ਬਲਕਿ ਇਹ ਗਾਂਧੀ ਦੇ ਪ੍ਰੋਗਰਾਮ ਮੁਤਾਬਕ ਸਰਕਾਰ ਨਾਲ ਹੋਏ ਟਕਰਾਅ ਦਾ ਸਿੱਟਾ ਨੇ। ਅੰਗਰੇਜ਼ ਸਰਕਾਰ ਵੱਲੋਂ ਮਹਾਰਾਜਾ ਨਾਭਾ ਨੂੰ ਗੱਦੀਓਂ ਲਾਹੁਣ ਦੇ ਵਿਰੋਧ ਵਿਬ ਅਕਾਲੀ ਦਲ ਵੱਲੋਂ ਲਾਏ ਗਏ ਮੋਰਚੇ ਦੀ ਵਜਾਹਤ ਇਉਂ ਕੀਤੀ ਗਈ ਕਿ ਮਹਾਰਾਜਾ ਅਕਾਲੀ ਦਲ ਨਾਲ ਹਮਦਰਦੀ ਰੱਖਦਾ ਸੀ। ਅਸਲ ਵਿਚ ਮਹਾਰਾਜਾ ਗਾਂਧੀ ਹੋਰਾਂ ਨਾਲ ਹਮਦਰਦੀ ਰੱਖਦਾ ਸੀ ਅਤੇ ਅਕਾਲੀ ਦਲ ਵੀ ਗਾਂਧੀ ਦਾ ਹਮਾਇਤੀ ਸੀ। ਸੋ ਉਨ੍ਹਾਂ ਨੇ ਇਸ ਦੀ ਵਿਆਖਿਆ ਆਪ ਦੇ ਮੁਆਬਕ ਇਉਂ ਕਰ ਲਈ ਕਿ ਗਾਂਧੀ ਅਕਾਲੀਆਂ ਨਾਲ ਹਮਦਰਦੀ ਰੱਖਦਾ ਸੀ ਇਸ ਕਰਕੇ ਅਕਾਲੀ ਦਲ ਵੱਲੋਂ ਉਸ ਦੀ ਹਮਾਇਤ ਕਰਨੀ ਬਣਦੀ ਸੀ। ਨਨਕਾਣਾ ਸਾਹਿਬ ਸਾਕੇ ਤੱਕ ਅੰਗਰੇਜ਼ ਸਰਕਾਰ ਸ਼ਰੇਆਮ ਕਬਜ਼ਾ ਛੁਡਾਊ ਮੁਹਿੰਮ ਦਾ ਸਾਥ ਦੇ ਰਹੀ ਸੀ। ਪਰ ਜਦੋਂ ਅਕਾਲੀ ਦਲ ਨੇ ਗਾਂਧੀ ਦੀ ਹਦਾਇਤ ਅਨੁਸਾਰ ਮੁਕੱਦਮੇ ਦਾ ਬਾਈਕਾਟ ਕਰ ਦਿੱਤਾ ਅਤੇ ਸਾਰਿਆਂ ਨੂੰ ਗਾਂਧੀ ਦੇ ਸਿਆਸੀ ਪ੍ਰੋਗਰਾਮ ਵਿਚ ਕੁੱਦਣ ਦੀ ਅਪੀਲ ਕੀਤੀ ਭਾਵ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਗਾਂਧੀ ਦੇ ਹੱਕ ਵਿਚ ਸਿਆਸੀ ਲਾਹਾ ਲੈਣ ਦਾ ਮੋੜ ਕੱਟਿਆ ਤਾਂ ਉਦੋਂ ਹੀ ਸਰਕਾਰ ਨੇ ਅਕਾਲੀਆਂ ਨਾਲ ਸਿਆਸੀ ਵਿਰੋਧੀਆਂ ਵਾਂਗ ਪੇਸ਼ ਆਉਣਾ ਸ਼ੁਰੂ ਕੀਤਾ। ਜਿਥੋਂ ਤੱਕ ਗੁਰਦੁਆਰਾ ਐਕਟ ਦੀ ਗੱਲ ਹੈ, ਉਹ ਇਹ ਕਿ ਅੰਗਰੇਜ਼ ਤਾਂ ਪਹਿਲਾਂ ਹੀ ਗੁਰਦੁਆਰਾ ਐਕਟ ਵੱਲ ਵਧ ਰਹੇ ਸਨ। ਅਕਾਲ ਤਖਤ ‘ਤੇ ਹੋਏ ਝੱਬਰ ਦੇ ਜੱਥੇ ਦੇ ਕਬਜ਼ੇ ਤੋਂ ਬਾਅਦ ਫੌਰਨ ਉਨ੍ਹਾਂ ਦਾ ਕਬਜ਼ਾ ਕਾਨੂੰਨਨ ਕਰਨ ਲਈ ਕਮੇਟੀ ਬਣਾਉਣ ਖਾਤਰ ਆਖਿਆ। ਮੌਕੇ ‘ਤੇ ਹੀ ਬਣੀ ਆਰਜ਼ੀ ਕਮੇਟੀ ਨੂੰ ਡੀ ਸੀ ਨੇ ਕਬਜ਼ੇ ਦੇ ਕਾਗਜ਼ਾਤ ਦੇ ਦਿੱਤੇ। ਭਾਵ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਨ੍ਹਾਂ ਨੇ ਖੁਦ ਕਾਇਮ ਕਰਵਾਇਆ ਅਤੇ ਮਾਨਤਾ ਦਿੱਤੀ। ਬਾਅਦ ਵਿਚ ਇਸੇ ਜਥੇ ਨੂੰ ਕਬਜ਼ਿਆਂ ਵਿਚ ਸਹਾਇਤਾ ਕੀਤੀ। ਸਪੱਸ਼ਟ ਸੀ ਕਿ ਕਬਜ਼ਿਆਂ ਤੋਂ ਬਾਅਦ ਉਪਰੋਕਤ ਕਮੇਟੀ ਨੂੰ ਹੀ ਇਸ ਦੇ ਬਾਕਾਇਦਾ ਕਬਜ਼ੇ ਦਿੱਤੇ ਜਾਣੇ ਸੀ ਅਤੇ ਇਸ ਕਮੇਟੀ ਨੂੰ ਐਕਟ ਰਾਹੀਂ ਨਿਯਮਬੱਧ ਕਰਨਾ ਵੀ ਉਨ੍ਹਾਂ ਦੀ ਯੋਜਨਾ ਦਾ ਹਿੱਸਾ ਸਮਝਿਆ ਜਾ ਸਕਦਾ ਹੈ। ਜੇ ਗੁਰਦੁਆਰਾ ਐਕਟ 5 ਸਾਲ ਲੇਟ ਬਣਿਆ ਤਾਂ ਅਕਾਲੀ ਲੀਡਰਸ਼ਿਪ ਦੀਆਂ ਨੀਤੀਆਂ ਕਰਕੇ ਹੀ। ਅਕਾਲੀ ਦਲ ਨੇ ਜੇ ਕਿਤੇ ਝੱਬਰ ਦਾ ਮਨੋਂ ਸਾਥ ਦਿੱਤਾ ਹੁੰਦਾ ਤਾਂ ਉਸ ਦੀ ਤਾਕਤ ਕਿਤੇ ਵਧੇਰੇ ਹੁੰਦੀ। ਅਕਾਲੀ ਦਲ ਦੀ ਨੀਤੀ ਮੁਤਾਬਕ ਜੇ ਮਹੰਤਾਂ ਤੋਂ ਗੁਰਦੁਆਰੇ ਨਾ ਛਡਾਏ ਹੁੰਦੇ ਅਤੇ ਗਾਂਧੀ ਦੀ ਸਲਾਹ ਮੁਤਾਬਕ ਇਸ ਨੂੰ ਆਜ਼ਾਦੀ ਤੱਕ ਝੱਬਰ ਟਾਲ ਦਿੰਦਾ ਤਾਂ ਗੁਰਦੁਆਰਾ ਐਕਟ ਦਾ ਭਵਿੱਖ ਉਸੇ ਠੰਡੇ ਬਸਤੇ ਵਿਚ ਪਿਆ ਹੋਣਾ ਸੀ ਜਿਸ ਵਿਚ ਹੁਣ ਤੱਕ ਆਲ ਇੰਡੀਆ ਗੁਰਦੁਆਰਾ ਐਕਟ ਪਿਆ ਹੋਇਆ ਹੈ। ਅਕਾਲੀ ਦਲ ਵੱਲੋਂ ਆਪਣੇ ਸਿਆਸੀ ਪ੍ਰੋਗਰਾਮਾਂ ਖਾਤਰ ਹੋਈਆਂ ਸ਼ਹੀਦੀਆਂ ਨੂੰ ਐਕਟ ਦੇ ਖਾਤੇ ਪਾਉਣਾ ਗਲਤ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: