ਨਕੋਦਰ/ਜਲੰਧਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਸਾਕਾ ਨਕੋਦਰ 1986 ਦੌਰਾਨ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਯਾਦ ਵਿੱਚ ਅੱਜ ਪਿੰਡ ਲਿੱਤਰਾਂ (ਨੇੜੇ ਨਕੋਦਰ) ਵਿਖੇ ਇੱਕ ਸ਼ਹੀਦੀ ਸਮਾਗਮ ਹੋਇਆ।
ਸ਼ਹੀਦ ਭਾਈ ਰਵਿੰਦਰ ਸਿੰਘ, ਸ਼ਹੀਦ ਭਾਈ ਬਲਧੀਰ ਸਿੰਘ, ਸ਼ਹੀਦ ਭਾਈ ਹਰਮਿੰਦਰ ਸਿੰਘ ਅਤੇ ਸ਼ਹੀਦ ਭਾਈ ਝਲਮਨ ਸਿੰਘ ਦੀ ਯਾਦ ਵਿੱਚ ਹੋਏ ਇਸ ਸ਼ਹੀਦੀ ਸਮਾਗਮ ਵਿੱਚ ਸ਼ਹੀਦ ਸਿੰਘਾਂ ਦੇ ਪਰਿਵਾਰਾਂ, ਇਲਾਕੇ ਦੀਆਂ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ।
ਇਸ ਉਪਰੰਤ ਸ਼ਹੀਦ ਭਾਈ ਰਵਿੰਦਰ ਸਿੰਘ ਦੇ ਪਿਤਾ ਬਾਪੂ ਬਲਦੇਵ ਸਿੰਘ ਲਿੱਤਰਾਂ ਵੱਲੋਂ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਕਿਹਾ ਗਿਆ।
ਇਸ ਮੌਕੇ ਬੋਲਦਿਆਂ ਦੱਸਿਆ ਕਿ 2 ਫਰਵਰੀ 1986 ਨੂੰ ਨਕੋਦਰ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋਈ ਸੀ। ਜਦੋਂ 4 ਫਰਵਰੀ 1986 ਨੂੰ ਸਿੱਖ ਸੰਗਤਾਂ ਅਗਨ ਭੇਟ ਹੋਏ ਸਰੂਪ ਗੋਇੰਦਵਾਲ ਸਾਹਿਬ ਲਿਜਾਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਜਾ ਰਹੀਆਂ ਸਨ ਤਾਂ ਉਸ ਵੇਲੇ ਪੁਲਿਸ ਵੱਲੋਂ ਸਿੱਖ ਸੰਗਤਾਂ ਉੱਪਰ ਗੋਲੀਬਾਰੀ ਕਰਕੇ ਚਾਰ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਬਾਪੂ ਬਲਦੇਵ ਸਿੰਘ ਨੇ ਕਿਹਾ ਕਿ ਇਸ ਸ਼ਹੀਦੀ ਸਮਾਗਮ ਸਬੰਧੀ ਉਨ੍ਹਾਂ ਨੂੰ ਪੂਰੇ ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਭਰਵਾਂ ਸਹਿਯੋਗ ਮਿਲਦਾ ਰਿਹਾ ਹੈ ਜਿਸ ਲਈ ਉਹ ਸਰਬ ਸੰਗਤ ਦੇ ਧੰਨਵਾਦੀ ਹਨ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਕਿਹਾ ਕਿ ਸਾਕਾ ਨਕੋਦਰ ਦੇ ਸ਼ਹੀਦ ਸਿੰਘਾਂ ਦੀ ਸ਼ਹਾਦਤ ਇਸ ਗੱਲ ਦੀ ਗਵਾਹੀ ਹੈ ਕਿ ਸਿੱਖ ਲਈ ਗੁਰੂ ਸਾਹਿਬ ਦਾ ਅਦਬ-ਸਤਿਕਾਰ ਸਭ ਤੋਂ ਅੱਵਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦ ਸਿੰਘਾਂ ਨੇ ਆਪਣਾ ਫਰਜ ਪਛਾਣਦਿਆਂ ਗੁਰੂ ਸਾਹਿਬ ਦੇ ਅਦਬ ਸਤਿਕਾਰ ਲਈ ਸ਼ਹਾਦਤ ਦਿੱਤੀ ਸੀ। ਪਰ ਲੰਘੇ 34 ਸਾਲਾਂ ਦੌਰਾਨ ਸਿੰਘਾਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਸਜ਼ਾ ਦੇਣ ਵਿੱਚ ਰਾਜ ਸੱਤਾ ਨਾਕਾਮ ਰਹੀ ਹੈ। 4 ਫਰਵਰੀ ਦਾ ਦਿਨ ਹਰ ਸਾਲ ਇਹ ਗਵਾਹੀ ਭਰਦਾ ਹੈ ਕਿ ਇਸ ਰਾਜ ਸੱਤਾ ਦੀ ਜੜ੍ਹ ਨਿਆਂ ਉੱਤੇ ਨਹੀਂ ਟਿਕੀ ਹੋਈ ਅਤੇ ਸੱਤਾ ਉੱਤੇ ਕਾਬਜ ਹਾਕਮ ਨਿਆਂ ਕਰਨ ਦਾ ਆਪਣਾ ਫਰਜ ਨਿਭਾਉਣ ਦੇ ਸਮਰੱਥ ਨਹੀਂ ਹਨ।
ਦਲ ਖਾਲਸਾ ਦੇ ਮੁਖੀ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੁਦਰਤ ਵੱਲੋਂ ਹਰੇਕ ਮਨੁੱਖ ਉੱਤੇ ਕੁਝ ਬੁਨਿਆਦੀ ਫਰਜ ਆਇਦ ਕੀਤੇ ਗਏ ਹਨ ਅਤੇ ਹੱਕ ਸੱਚ ਦਾ ਹੋਕਾ ਦੇਣਾ ਤੇ ਇਨਸਾਫ ਲਈ ਯਤਨਸ਼ੀਲ ਰਹਿਣਾ ਅਜਿਹਾ ਹੀ ਇੱਕ ਬੁਨਿਆਦੀ ਫਰਜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਇਸ ਸਬੰਧੀ ਗੁਰੂ ਮਹਾਰਾਜ ਵੱਲੋਂ ਬਖਸ਼ੀ ਸਮਰੱਥਾ ਮੁਤਾਬਿਕ ਉਪਰਾਲੇ ਕਰਨੇ ਚਾਹੀਦੇ ਹਨ।
ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਪੰਥਕ ਅਕਾਲੀ ਲਹਿਰ ਦੇ ਬੁਲਾਰੇ ਭਾਈ ਜੋਗਾ ਸਿੰਘ ਨੇ ਕਿਹਾ ਕਿ ਸਾਕਾ 1978, ਸਾਕਾ ਨਕੋਦਰ 1986 ਅਤੇ ਸਾਕਾ ਬਹਿਬਲ ਕਲਾਂ 2015 ਲਈ ਸਿੱਧੇ ਤੌਰ ਉੱਤੇ ਪ੍ਰਕਾਸ਼ ਸਿੰਘ ਬਾਦਲ ਜਿੰਮੇਵਾਰ ਹੈ ਅਤੇ ਬਾਦਲ ਦਲ ਵੱਲੋਂ ਸ਼੍ਰੋ.ਗੁ.ਪ੍ਰ.ਕ. ਉੱਤੇ ਕੀਤੇ ਕਬਜੇ ਕਾਰਨ ਸ਼੍ਰੋ.ਗੁ.ਪ੍ਰ.ਕ. ਜਿਹੀ ਸੰਸਥਾ ਵੀ ਇਨ੍ਹਾਂ ਸਾਕਿਆਂ ਬਾਬਤ ਆਪਣਾ ਬਣਦਾ ਫਰਜ ਨਹੀਂ ਨਿਭਾ ਰਹੀ।
ਇਸ ਮੌਕੇ ਭਾਈ ਨਰੈਣ ਸਿੰਘ ਚੌੜਾ, ਪਿੰਡ ਲਿੱਤਰਾਂ ਦੇ ਸਰਪੰਚ ਰੁਪਿੰਦਰ ਸਿੰਘ ਅਤੇ ਇਲਾਕੇ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਸ਼ਹੀਦ ਭਾਈ ਬਲਧੀਰ ਸਿੰਘ ਦੀਆਂ ਭੈਣਾਂ ਬੀਬੀ ਕਰਮਜੀਤ ਕੌਰ ਅਤੇ ਬੀਬੀ ਅਮਰਜੀਤ ਕੌਰ, ਸ਼ਹੀਦ ਭਾਈ ਰਵਿੰਦਰ ਸਿੰਘ ਦੇ ਮਾਤਾ ਬਲਦੀਪ ਕੌਰ ਅਤੇ ਸ਼ਹੀਦ ਭਾਈ ਝਲਮਨ ਸਿੰਘ ਦੇ ਭਾਣਜੇ ਹਰਵਿੰਦਰ ਸਿੰਘ ਨੂੰ ਸਿਰੋਪਾਓ ਭੇਟ ਕੀਤੇ ਗਏ।
ਇਸ ਸ਼ਹੀਦੀ ਸਮਾਗਮ ਵਿੱਚ ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਦੇ ਭਰਾ ਭਾਈ ਚਰਨਜੀਤ ਸਿੰਘ ਨੇ ਵੀ ਹਾਜਰੀ ਭਰੀ।