ਜਲੰਧਰ: ਸਾਕਾ ਨਕੋਦਰ ਦੇ ਸ਼ਹੀਦਾਂ ਦੇ ਪਰਵਾਰਾਂ ਵੱਲੋਂ ਮਨੁੱਖੀ ਹੱਕਾਂ ਦੇ ਲਈ ਸਰਗਰਮ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਦੇ ਨਾਮਇੰਦਿਆਂ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਾਕਾ ਨਕੋਦਰ 1986 ਦੇ ਇਨਸਾਫ ਦਾ ਵਾਅਦਾ ਯਾਦ ਕਰਵਾਇਆ।
ਸਾਕਾ ਨਕੋਦਰ ਵਿਚ ਸ਼ਹੀਦ ਹੋਣ ਵਾਲੇ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਨੇ ਤਾਂ ਸਾਕਾ ਨਕੋਦਰ ਦੇ ਦੋਸ਼ੀਆਂ ਨੂੰ ਸਜਾ ਦੇਣ ਦੀ ਬਜਾਏ ਸਾਕੇ ਦੇ ਦੋਸ਼ੀ ਇਜਹਾਰ ਆਲਮ ਅਤੇ ਦਰਬਾਰਾ ਸਿੰਘ ਗੁਰੂ ਨੂੰ ਆਪਣੇ ਦਲ ਦੀਆਂ ਉਮੀਦਵਾਰੀਆਂ ਦਿੱਤੀਆਂ ਪਰ ਦੂਜੇ ਬੰਨੇ ਅਮਰਿੰਦਰ ਸਿੰਘ ਦੀ ਸਰਕਾਰ ਵੀ ਸਾਕੇ ਦੇ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਦਾ ਵਾਅਦਾ ਕਰਕੇ ਦੜ ਵੱਟੀ ਬੈਠੀ ਹੈ।
ਉਹਨਾਂ ਦੱਸਿਆ ਕਿ ਸਾਕਾ ਨਕੋਦਰ 4 ਫਰਵਰੀ 1986 ਜਿਸ ਵਿਚ ਪੰਜਾਬ ਪੁਲਿਸ ਤੇ ਅਰਧ ਸਰਕਾਰੀ ਬਲਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਗਨ ਭੇਟ ਹੋਈਆਂ ਬੀੜਾਂ ਦੀ ਪ੍ਰਾਪਤੀ ਲਈ ਸ਼ਾਂਤ-ਮਈ ਜਾ ਰਹੀਆਂ ਸੰਗਤਾਂ ‘ਤੇ ਅੰਨੇਵਾਹ ਗੋਲੀਆਂ ਵਰਸਾਉਣ, ਜਿਸ ਵਿਚ ਚਾਰ ਸਿੰਘਾਂ ਦੇ ਸ਼ਹੀਦੀ ਪ੍ਰਾਪਤ ਕਰ ਜਾਣ ਤੇ ਦਰਜਨ ਤੋਂ ਉੱਪਰ ਲੋਕਾਂ ਦੇ ਫੱਟੜ ਹੋਣ ਦੀ ਘਟਨਾ ਜੋ ਸ਼ੇਰਪੁਰ ਪਿੰਡ ਦੇ ਨਹਿਰੀ ਪੁਲ ‘ਤੇ (ਕਪੂਰਥਲਾ ਨਕੋਦਰ ਰੋਡ ‘ਤੇ) ਵਾਪਰੀ ਸੀ ਜਿਸ ਦੀ ਜੁਡੀਸ਼ੀਅਲ ਜਾਂਚ ਰਿਟਾਇਰਡ ਜਸਟਿਸ ਗੁਰਨਾਮ ਸਿੰਘ ਵੱਲੋਂ ਕੀਤੀ ਗਈ ਸੀ।
ਬਾਪੂ ਬਲਦੇਵ ਸਿੰਘ ਨੇ ਦੱਸਿਆ ਕਿ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ 5 ਮਾਰਚ 2001 ਵਿਚ 15 ਸਾਲਾਂ ਬਾਅਦ ਪੰਜਾਬ ਵਿਧਾਨ ਸਭਾ ਵਿਚ ਬੜੇ ਹੀ ਡਰਾਮਈ ਢੰਗ ਨਾਲ ਪੇਸ਼ ਕੀਤੀ ਗਈ ਤੇ ਇਨਾਂ ‘ਤੇ ਐਕਸ਼ਨ ਰਿਪੋਰਟ ਪੇਸ਼ ਕਰਨ ਦੀ ਜ਼ਰੂਰਤ ਵੀ ਨਾ ਸਮਝੀ ਗਈ। ਇਹ ਰਿਪੋਰਟ ਜੋ ਦੋ ਭਾਗਾਂ ਵਿਚ ਸੀ ਇਸਦਾ ਇੱਕ ਹੀ ਭਾਗ ਮਿਲ ਸਕਿਆ ਹੈ ਜਦੋਂ ਕਿ ਦੂਜਾ ਭਾਗ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਵਿਚੋਂ ਮਿਲ ਨਹੀਂ ਰਿਹਾ।
ਬਾਪੂ ਬਲਦੇਵ ਸਿੰਘ ਨੇ ਦੱਸਿਆ ਕਿ 29 ਮਾਰਚ 1987 ਨੂੰ ਇੰਦਰਜੀਤ ਸਿੰਘ ਕਲਾਸ 1 ਨਕੋਦਰ ਵੱਲੋਂ ਪੁਲਿਸ ਥਾਣਾ ਨਕੋਦਰ ਦੇ ਇੰਸਪੈਕਟਰ ਜਸਕੀਰਤ ਸਿੰਘ ਚਾਹਲ ਠਾਣੇਦਾਰ ਨਕੋਦਰ ਵੱਲੋਂ 4 ਫਰਵਰੀ 1986 ਨੂੰ ਲਿਖਤੀ ਰਿਪੋਰਟ 307/392/427/353/332/188/148/149/436/511/ ਭ/ਦ 25/27-54-59 ਦੀ ਅਖਰਾਜ ਰਿਪੋਰਟ ਭਰੀ ਗਈ ਸੀ ਅਤੇ 4 ਫਰਵਰੀ 1988 ਨੂੰ ਇੰਦਰਜੀਤ ਸਿੰਘ ਜੁਡੀਸ਼ੀਅਲ ਮੈਜਿਸਟਰੇਟ ਕਲਾਸ 1 ਨਕੋਦਰ ਦੇ ਹੁਕਮਾਂ ‘ਤੇ ਇਹ ਅਖਰਾਜ ਰਿਪੋਰਟ ਦਾਖਲ ਦਫਤਰ ਕੀਤੀ ਗਈ। ਇਹ ਰਿਪੋਰਟ ਵੀ ਜਿਸ ਨਾਲ ਜਸਟਿਸ ਗੁਰਨਾਮ ਸਿੰਘ ਦੀ ਜੁਡੀਸ਼ੀਅਲ ਇੰਨਕੁਆਰੀ ਰਿਪੋਰਟ ਸੀ ਜੋ ਸਾਕਾ ਨਕੋਦਰ ਨਾਲ ਸੰਬੰਧਿਤ ਸੀ ਉਹ ਅਦਾਲਤ ਵਿਚੋਂ ਨਹੀਂ ਪੁਲਿਸ ਰਿਕਾਰਡ ਵਿਚੋਂ ਮਿਲ ਰਹੀ ਹੈ।
ਉਹਨਾਂ ਦੱਸਿਆ ਕਿ ਉਹਨਾਂ ਨੂੰ ਰਿਪੋਰਟ ਦਾ ਪਹਿਲਾ ਭਾਗ ਤਾਂ ਮਿਲ ਗਿਆ ਹੈ ਦੂਜਾ ਭਾਗ ਪ੍ਰਾਪਤ ਕਰਨ ਤੇ ਦੋਸ਼ੀਆਂ ਵਿਰੁਧ ਕਾਰਵਾਈ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵਾਰ ਵਾਰ ਕਹਿਣ ਉੱਤੇ ਵੀ ਤੇ ਉਨ੍ਹਾਂ ਵੱਲੋਂ ਪ੍ਰੈਸ ਬਿਆਨਾਂ ਰਾਹੀਂ ਦਿੱਤੇ ਭਰੋਸੇ ਕਿ ‘ਨਕੋਦਰ ਸਾਕਾ ਦੀ ਦੁਬਾਰਾ ਜਾਂਚ ਕਰਵਾਈ ਜਾਵੇਗੀ ਅਤੇ ਹਰ ਹਾਲਤ ਵਿੱਚ ਇਨਸਾਫ ਦੁਆਇਆ ਜਾਵੇਗਾ’ ਪਰ ਅੱਜ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਮਿਤੀ 30 ਜੁਲਾਈ 2018, 18 ਅਗਸਤ 2018 ਨੂੰ ਕੀਤੀਆਂ ਗਈਆਂ ਬੇਨਤੀਆਂ ਅਤੇ ਗਵਰਨਰ ਪੰਜਾਬ ਨੂੰ 10 ਦਸੰਬਰ 2018 ਨੂੰ ਲਿਖੇ ਪੱਤਰ, ਡੀ.ਸੀ. ਜਲੰਧਰ ਨੂੰ ਸ਼ਹੀਦ ਪਰਿਵਾਰਾਂ ਵੱਲੋਂ 2-3-2019 ਨੂੰ ਭੇਜ ਗਏ ਯਾਦ ਪੱਤਰ ਉੱਤੇ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।
ਬਾਪੂ ਬਲਦੇਵ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਵਿਧਾਨ ਸਭਾ ਵਿਚ ਐਮ.ਐੱਲ.ਏ. ਕੰਵਰ ਸੰਧੂ ਅਤੇ ਐਚ.ਐਸ. ਫੂਲਕਾ ਅਵਾਜ ਉਠਾ ਚੁੱਕੇ ਹਨ ਤੇ ਐਕਸ਼ਨ ਰਿਪੋਰਟ ਲਈ ਮੰਗ ਕਰ ਚੁੱਕੇ ਹਨ। ਸਾਬਕਾ ਐਮ.ਪੀ. ਧਰਮਵੀਰ ਗਾਂਧੀ ਪਾਰਲੀਮੈਂਟ ਵਿਚ ਮਾਮਲਾ ਚੁੱਕ ਚੁੱਕੇ ਹਨ ਅਤੇ ਸਾਬਾਕਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਇਸ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖ ਚੁੱਕੇ ਹਨ। ਨਕੋਦਰ ਤੋਂ ਚੁਣੇ ਐਮ.ਪੀ. ਸੰਤੋਖ ਸਿੰਘ ਦੀ ਚੋਣ ਵੇਲੇ ਨਕੋਦਰ ਦੇ ਨਗੀਨਾ ਪੈਲੇਸ ਵਿਚ ਤੇ ਬਾਅਦ ਵਿਚ ਵੀ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਨਕੋਦਰ ਗੋਲੀ ਕਾਂਡ ਦੀ ਦੁਬਾਰਾ ਜਾਂਚ ਲਈ ਆਖ ਚੁੱਕੇ ਹਨ। ਪਰ ਇਸ ਦੇ ਬਾਵਜੂਦ ਅੱਜ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੇ।
ਉਨ੍ਹਾਂ ਕਿਹਾ ਕਿ ਅੱਜ ਨਕੋਦਰ ਸਾਕੇ ਦੇ ਸ਼ਹੀਦਾਂ ਦੀ 34ਵੀਂ ਵਰੇਗੰਢ ‘ਤੇ ਅਸੀਂ ਮੀਡੀਏ ਰਾਹੀਂ ਆਪਣੀ ਆਵਾਜ ਸੀ.ਐੱਮ ਤਕ ਪਹੁੰਚਾਉਣ ਲਈ ਕੀਤੇ ਉਪਰਾਲੇ ਦੋਰਾਨ ਇਥੇ ਸਾਡੇ ਨਾਲ ਪ੍ਰੈਸ ਕਾਨਫਰੰਸ ਵਿਚ ਆਏ ਮੀਡੀਏ, ਇਨਸਾਫ ਪਸੰਦ ਜਥੇਬੰਦੀਆਂ ਦੇ ਕਾਰਕੁਨਾਂ, ਵਕੀਲਾਂ ਜਿਨ੍ਹਾਂ ਹਮੇਸ਼ਾਂ ਇਨਸਾਫ ਲਈ ਸਾਡਾ ਸਾਥ ਦਿੱਤਾ ਤੇ ਦੇ ਰਹੇ ਹਨ, ਅਸੀ ਉਨ੍ਹਾਂ ਸਭ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਅੱਜ ਫਿਰ ਸਰਕਾਰ ਦੇ ਬੋਲੇ ਕੰਨਾਂ ਤੱਕ ਸਾਡੀ ਆਵਾਜ ਪਹੁੰਚਾਉਣ ਲਈ ਸਾਡੇ ਨਾਲ ਆਵਾਜ ਉਠਾਈ ਹੈ ਤੇ ਪੰਜਾਬ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਵਾਅਦਾ ਪੂਰਾ ਕਰਨ ਤੇ ਸਾਡੇ ਲਈ ਇਨਸਾਫ ਦੀ ਮੰਗ ਕੀਤੀ ਹੈ।
ਅੱਜ ਦੀ ਪ੍ਰੈਸ ਕਾਨਫਰੰਸ ਵਿਚ ਬਾਪੂ ਬਲਦੇਵ ਸਿੰਘ ਨਾਲ ਉਹਨਾਂ ਦੀ ਧਰਮ ਪਤਨੀ ਮਾਤਾ ਬਲਦੀਪ ਕੌਰ ਅਤੇ ਸ਼ਹੀਦ ਭਾਈ ਝਲਮਣ ਸਿੰਘ ਦੀ ਭੈਣ ਬੀਬੀ ਰਾਜਵਿੰਦਰ ਕੌਰ ਵੀ ਸ਼ਾਮਿਲ ਹੋਏ।
ਇਸ ਮੌਕੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ, ਮਨੁੱਖੀ ਹੱਕਾਂ ਦੇ ਮਾਮਲਿਅਥ ਦੀ ਪੈਰਵੀ ਕਰਨ ਵਾਲੇ ਵਕੀਲ ਸਤਨਾਮ ਸਿੰਘ ਬੈਂਸ, ਦੇਸ ਪੰਜਾਬ ਦੇ ਸੰਪਾਦਕ ਰਹੇ ਸ. ਗੁਰਬਚਨ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਮੁਖੀ ਸ. ਪਰਮਜੀਤ ਸਿੰਘ ਮੰਡ, ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਦੇ ਸ. ਸੁਖਦੇਵ ਸਿੰਘ ਫਗਵਾੜਾ ਅਤੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੀ ਹਾਜਰ ਸਨ।