ਸਿੱਖ ਖਬਰਾਂ

ਸ਼੍ਰੋ.ਗੁ.ਪ੍ਰ.ਕ. ਨੇ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀਆਂ ਫਿਲਮਾਂ ਬਣਾਉਣ ਉੱਤੇ ਰੋਕ ਲਾਈ

By ਸਿੱਖ ਸਿਆਸਤ ਬਿਊਰੋ

December 13, 2022

ਚੰਡੀਗੜ੍ਹ/ਸ੍ਰੀ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਅੱਜ ਇਕ ਮਤੇ ਰਾਹੀਂ ਸਿੱਖ ਗੁਰੂ ਸਾਹਿਬਾਨ ਅਤੇ ਗੁਰੂ ਸਾਹਿਬਾਨ ਦੇ ਪਰਿਵਾਰਾਂ ਦਾ ਸਵਾਂਗ ਰਚਦੀਆਂ ਫਿਲਮਾਂ ਬਣਾਉਣ ਉੱਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਾਹਿਬਜ਼ਾਦਿਆਂ ਉੱਤੇ ਇੱਕ ਫਿਲਮ ਬਣੀ ਸੀ ਤਾਂ ਉਸ ਦੀ ਬਹੁਤ ਸ਼ਲਾਘਾ ਹੋਈ ਸੀ ਪਰ ਉਸ ਵੇਲੇ ਵੀ ਗੁਰਮਤਿ ਦੇ ਧਾਰਨੀਆਂ ਨੇ ਇਤਰਾਜ ਕੀਤਾ ਸੀ ਕਿ ਇੰਝ ਸਾਹਿਬਜ਼ਾਦਿਆਂ ਦਾ ਸਵਾਗ ਨਹੀਂ ਰਚਾਇਆ ਜਾ ਸਕਦਾ। ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਮਤਾ ਪਾਇਆ ਹੈ ਕਿ ਅਗਲੇ ਹੁਕਮਾਂ ਤੱਕ ਅਜਿਹੇ ਸਵਾਗ ਰਚਦੀਆਂ ਫਿਲਮਾਂ ਉੱਤੇ ਮੁਕੰਮਲ ਤੌਰ ‘ਤੇ ਪਾਬੰਦੀ ਹੋਵੇਗੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਾਸਤਾਨ-ਏ-ਸਰਹੰਦ ਨਾਮੀ ਫਿਲਮ ਵਿਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਰਚੇ ਜਾਣ ਵਿਰੁੱਧ ਸਿੱਖ ਸੰਗਤ ਵੱਲੋਂ ਵੱਡੇ ਪੱਧਰ ਉੱਤੇ ਸੰਕੇਤਕ ਪ੍ਰਦਰਸ਼ਨ ਕੀਤੇ ਗਏ ਅਤੇ ਇਹ ਫਿਲਮ ਜਾਰੀ ਹੋਣ ਤੋਂ ਰੁਕਵਾਈ ਗਈ। 

ਇਸ ਮੁਹਿੰਮ ਦੌਰਾਨ ਵੱਡੀ ਗਿਣਤੀ ਵਿਚ ਮੁਕਾਮੀ ਸੰਗਤਾਂ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਵਾਂਗ ਰਚਦੀਆਂ ਇਨ੍ਹਾਂ ਫਿਲਮਾਂ ਉੱਤੇ ਪੱਕੀ ਰੁੱਖ ਲਾਉਣ ਬਾਬਤ ਫੈਸਲਾ ਲੈਣ ਅਤੇ ਹੁਕਮਨਾਮਾ ਜਾਰੀ ਵਾਸਤੇ ਮਤੇ ਪਾਏ ਗਏ।

ਇਸ ਮੁਹਿੰਮ ਦਾ ਸੰਚਾਲਨ ਕਰਨ ਵਾਲੇ ਸਿੱਖ ਜਥਾ ਮਾਲਵਾ, ਗੋਸ਼ਟੀ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਵਿਚਾਰ ਸਭਾ ਲੱਖੀ ਜੰਗਲ ਖਾਲਸਾ ਨੇ ਕਿਹਾ ਕਿ ਗੁਰ-ਸੰਗਤ ਅਤੇ ਖਾਲਸਾ ਪੰਥ ਨੂੰ ਪੰਥਕ ਰਵਾਇਤਾਂ ਅਨੁਸਾਰ ਫੈਸਲਾ ਕਰਕੇ ਗੁਰੂ ਸਾਹਿਬਾਨ ਗੁਰੂ ਸਾਹਿਬ ਦੇ ਮਾਤਾ ਪਿਤਾ, ਗੁਰੂ ਸਾਹਿਬਾਨ ਦੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬ ਦੇ ਸੰਗੀ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦਾ ਸਵਾਂਗ ਰਚਦੀਆਂ ਫਿਲਮਾਂ ਦੀ ਪੱਕੀ ਮਨਾਹੀ ਕਰਦਾ ਹੁਕਮਨਾਮਾ ਸਾਹਿਬ ਅਕਾਲ ਤਖਤ ਸਾਹਿਬ ਤੋਂ ਜਾਰੀ ਕਰਵਾਉਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: