ਪਟਿਆਲਾ (25 ਅਗਸਤ, 2015): ਰਾਸ਼ਟਰੀ ਸਿੱਖ ਸੰਗਤ ਦੇ ਸਾਬਕਾ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਕੇਸ ਵਿੱਚ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਖ਼ਿਲਾਫ਼ ਅੱਜ ਇੱਥੇ ਦੋਸ਼ ਆਇਦ ਹੋ ਗਏ। ਗੋਲਡੀ ਨੂੰ ਨਾਭਾ ਜੇਲ੍ਹ ਵਿੱਚੋਂ ਸਖ਼ਤ ਪ੍ਰਬੰਧਾਂ ਹੇਠ ਇੱਥੇ ਅਦਾਲਤ ਵਿੱਚ ਲਿਆਂਦਾ ਗਿਆ, ਜਦੋਂਕਿ ਤਾਰਾ ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ।
ਇਸ ਕੇਸ ਵਿੱਚ ਨਵੰਬਰ 2014 ਵਿੱਚ ਭਾਈ ਗੋਲਡੀ ਨੂੰ ਮਲੇਸ਼ੀਆ ਅਤੇ ਜਨਵਰੀ 2015 ਵਿੱਚ ਭਾਈ ਤਾਰਾ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕਰਕੇ ਪਟਿਆਲਾ ਲਿਆਂਦਾ ਗਿਆ ਸੀ ਪਰ ਪੁਲੀਸ ਰਿਮਾਂਡ ਤੋਂ ਬਾਅਦ ਸੱਤ ਮਹੀਨਿਆਂ ਵਿੱਚ ਤਾਰਾ ਨੂੰ ਇਸ ਕੇਸ ਵਿੱਚ ਨਿੱਜੀ ਤੌਰ ’ਤੇ ਇੱਥੇ ਪੇਸ਼ ਨਹੀਂ ਕੀਤਾ ਗਿਆ।
ਅੱਜ ਵਧੀਕ ਸੈਸ਼ਨ ਜੱਜ ਅਰੁਣ ਕੁਮਾਰ ਦੀ ਅਦਾਲਤ ਵਿੱਚ ਦੋਸ਼ ਆਇਦ ਹੋਣ ਮੌਕੇ ਵੀ ਤਾਰਾ ਨੂੰ ਪਹਿਲਾਂ ਦੀ ਤਰ੍ਹਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਪੇਸ਼ ਕੀਤਾ ਗਿਆ। ਕੇਸ ਦੀ ਅਗਲੀ ਸੁਣਵਾਈ 18 ਸਤੰਬਰ ਨੂੰ ਹੈ। ਇਹ ਕੇਸ ਥਾਣਾ ਤ੍ਰਿਪੜੀ ਵਿੱਚ ਦਰਜ ਹੈ।
ਦੱਸਣਯੋਗ ਹੈ ਕਿ 28 ਤੇ 29 ਜੁਲਾਈ 2009 ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਮਾਰੀਆਂ ਗੋਲੀਆਂ ਕਰਕੇ ਰੁਲਦਾ ਸਿੰਘ ਦੀ ਦੋ ਹਫ਼ਤਿਆਂ ਬਾਅਦ ਮੌਤ ਹੋ ਗਈ ਸੀ।
ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਦਰਸ਼ਨ ਸਿੰਘ ਮਕਾਰੋਂਪੁਰ, ਜਗਮੋਹਨ ਸਿੰਘ ਵਾਸੀ ਮੁਹੱਲਾ ਸਿੰਘਪੁਰਾ ਬਸੀ, ਦਲਜੀਤ ਸਿੰਘ ਵਾਸੀ ਸੈਕਟਰ 6 ਅਰੋਲੀ ਮੁੰਬਈ, ਅਮਰਜੀਤ ਸਿੰਘ ਵਾਸੀ ਨੰਗਲ ਅਤੇ ਗੁਰਜੰਟ ਸਿੰਘ ਵਾਸੀ ਖੇੜੀ ਸ਼ੀਸ਼ਗਰਾਂ ਪਿਹੋਵਾ ਨੂੰ ਪਟਿਆਲਾ ਦੀ ਅਦਾਲਤ ਨੇ 27 ਫਰਵਰੀ 2015 ਨੂੰ ਬਰੀ ਕਰ ਦਿੱਤਾ ਸੀ।