ਖਾਸ ਖਬਰਾਂ

ਰਾਸ਼ਟਰੀ ਸਿੱਖ ਸੰਗਤ ਵਲੋਂ ਗਿਆਨੀ ਗੁਰਬਚਨ ਸਿੰਘ ਨੂੰ ਲਿਖਿਆ ਪੱਤਰ, ਮਿਲ ਕੇ ਗੱਲ ਕਰਨ ਦਾ ਮੰਗਿਆ ਸਮਾਂ

By ਸਿੱਖ ਸਿਆਸਤ ਬਿਊਰੋ

November 09, 2017

ਅੰਮ੍ਰਿਤਸਰ: ਰਾਸ਼ਟਰੀ ਸਿੱਖ ਸੰਗਤ ਨੇ ਗਿਆਨੀ ਗੁਰਬਚਨ ਸਿੰਘ ਸਮੇਤ ਹੋਰਨਾਂ ਜਥੇਦਾਰਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਸੰਸਥਾ ਵਲੋਂ 25 ਅਕਤੂਬਰ 2017 ਨੂੰ ਦਿੱਲੀ ਵਿਖੇ ਦਸਮੇਸ਼ ਪਿਤਾ ਦਾ ਪਰਕਾਸ਼ ਦਿਹਾੜੇ ਨੂੰ ਸਮਰਪਤ ਸੈਮੀਨਾਰ ਕਰਵਾਇਆ ਸੀ। ਹਿੰਦੀ ਵਿੱਚ ਲਿਖੇ ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਗਿਆਨੀ ਗੁਰਬਚਨ ਸਿੰਘ ਵੱਲੋਂ ਰਾਸ਼ਟਰੀ ਸਿੱਖ ਸੰਗਤ ਦਾ ਪੱਖ ਸੁਣਨ ਦਾ ਹੁੰਗਾਰਾ ਭਰ ਕੇ ਇਸ ਸੰਸਥਾ ਦੇ ਦਰਦ ਤੇ ਮਲ੍ਹਮ ਲਗਾਇਆ ਹੈ।

2004 ਵਿੱਚ ਅਕਾਲ ਤਖਤ ਸਾਹਿਬ ਵੱਲੋਂ ਪੰਥ-ਵਿਰੋਧੀ ਤੇ ਪੰਥ-ਦੋਖੀ ਐਲਾਨੀ ਜਥੇਬੰਦੀ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੇ ਪੱਤਰ ਵਿੱਚ 25 ਅਕਤੂਬਰ 2017 ਨੂੰ ਦਿੱਲੀ ਵਿਖੇ ਰਾਸ਼ਟਰੀ ਸਿੱਖ ਸੰਗਤ ਵਲੋਂ ਕਰਵਾਏ ਸਮਾਗਮ ਬਾਰੇ ਕਿਹਾ ਹੈ ਕਿ ਰਾਸ਼ਟਰੀ ਸਿੱਖ ਸੰਗਤ ਦੇ ਆਗੂ ਗਿਆਨੀ ਗੁਰਬਚਨ ਸਿੰਘ ਤੇ ਹੋਰਨਾਂ ਜਥੇਦਾਰਾਂ ਨੂੰ ਮਿਲਕੇ ਸਾਰੇ ਮੁੱਦਿਆਂ ਤੇ ਸਪਸ਼ਟੀਕਰਨ ਦੇਣਾ ਚਾਹੁੰਦੇ ਹਨ।

ਗਿਆਨੀ ਗੁਰਬਚਨ ਸਿੰਘ ਨੂੰ ਸੰਬੋਧਿਤ ਪੱਤਰ ਵਿੱਚ ਲਿਖਿਆ ਗਿਆ ਹੈ ਕਿ:

“ਆਪ ਵਲੋਂ ਸਾਡੀ ਸੰਸਥਾ ਨੂੰ ਸੁਣਵਾਈ ਲਈ ਦਿੱਤੇ ਹੁੰੰਗਾਰੇ ਨੇ ਸਾਡੇ ਦਰਦ ‘ਤੇ ਮਲ੍ਹਮ ਲਗਾਇਆ ਹੈ ਜਿਸ ਲਈ ਅਸੀਂ ਆਪ ਦਾ ਆਭਾਰ ਪ੍ਰਗਟ ਕਰਦੇ ਹਾਂ। ਅਸੀਂ ਅਕਾਲ ਤਖਤ ਸਾਹਿਬ ਪ੍ਰਤੀ ਅਥਾਹ ਸਨਮਾਨ ਦਾ ਪ੍ਰਗਟਾਅ ਕਰਦੇ ਹਾਂ। ਸਾਡਾ ਸੰਗਠਨ ਗੁਰਬਾਣੀ ‘ਤੇ ਅਧਾਰਿਤ ਸਮਰਪਣ ਤੇ ਸਦਭਾਵ ਬਣਾਉਂਦਿਆਂ ਇਕ ਮਜਬੁਤ ਭਾਰਤ ਖੜਾ ਕਰਨਾ ਚਾਹੁੰਦਾ ਹੈ। ਭਾਰਤ ਵਿੱਚ ਤੇ ਪੰਜਾਬ ਤੋਂ ਬਾਹਰ ਦੂਰ–ਦਰਾਜ ਤੀਕ ਫੈਲੇ ਗੁਰਸਿੱਖਾਂ ਦੀ ਸਮੂਹਿਕ-ਸਮਾਜਿਕ –ਧਾਰਮਿਕ-ਆਰਥਿਕ ਅਤੇ ਸੁਰੱਖਿਆ ਆਦਿ ਵਿਸ਼ਿਆਂ ਵਿੱਚ ਹਮੇਸ਼ਾਂ ਮੋਹਰੀ ਭੂਮਿਕਾ ਨਿਭਾਉਂਦਾ ਰਿਹਾ ਹੈ ਅਤੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਮਾਣ ਸਨਮਾਨ ਨਾਲ ਮੁੜ ਸਥਾਪਿਤ ਕੀਤਾ ਹੈ ਤੇ ਇਸ ਲਈ ਹਮੇਸ਼ਾ ਦ੍ਰਿੜ ਸੰਕਲਪ ਹੈ। ਅਸੀਂ ਇਹ ਵੀ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸੰਗਤ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪ੍ਰੰਪਰਾ ਦੀ ਹੀ ਹੈ। ਉਸੇ ਸੰਗਤ ਦੇ ਨਿਮਾਣੇ ਦਾਸ ਬਣਕੇ ਪੂਰੇ ਭਾਰਤ ਵਿੱਚ ਉਨ੍ਹਾਂ ਦੀ ਸੇਵਾ ਵਿੱਚ ਕੁਝ ਭੂਮਿਕਾ ਨਿਭਾਉਣਾ ਚਾਹੁੰਦੇ ਹਾਂ ਇਸ ਲਈ ਸੰਸਥਾ ਦਾ ਨਾਮ ‘ਰਾਸ਼ਟਰੀ ਸਿੱਖ ਸੰਗਤ’ ਰੱਖਿਆ ਗਿਆ ਹੈ। ਸਿੱਖ ਸੰੰਗਤ ਨੂੰ ਇਕ ਮੁਲਕ ਤੀਕ ਸੀਮਤ ਕਰਨਾ ਉਚਿਤ ਨਹੀਂ ਹੈ ਪਰ ਸਾਡਾ ਕਾਰਜ ਖੇਤਰ ਭਾਰਤ ਹੋਣ ਕਾਰਣ ਸੰਸਥਾ ਦੇ ਨਾਮ ਨਾਲ ਸ਼ਬਦ ਰਾਸ਼ਟਰੀ ਜੋੜਿਆ ਗਿਆ ਹੈ।

ਜਿਸ ਤਰ੍ਹਾਂ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਵਲੋਂ ਨੈਸ਼ਨਲ ਸਿੱਖ ਫੋਰਮ ਨਾਮੀ ਸੰਸਥਾ ਬਣਾਈ ਗਈ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਸਥਾ ਵਲੋਂ 25 ਅਕਤੂਬਰ 2017 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਨਹੀਂ ਮਨਾਇਆ ਗਿਆ ਬਲਕਿ ਮਨਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ, ਉਨ੍ਹਾਂ ਦੇ 350 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਗਾਮ ਕਰਵਾਇਆ ਗਿਆ ਸੀ ਜਿਸ ਵਿੱਚ ਗੁਰੂ ਸਾਹਿਬ ਦਾ ਗੁਣਗਾਨ ਕੀਤਾ ਗਿਆ ਸੀ। ਸਟੇਡੀਅਮ ਵਿੱਚ ਕੁਰਸੀਆਂ ਲੱਗੀਆਂ ਹੋਣ ਕਾਰਣ ਅਤੇ ਕੁਰਸੀਆਂ ਉਚੇ ਸਥਾਨ ‘ਤੇ ਹੋਣ ਕਾਰਣ, ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀ ਕੀਤਾ ਗਿਆ ਸੀ। ਸਾਡੇ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਤਿੰਨ ਕਿਸਮ ਦੇ ਸਮਾਗਮ ਕਰਵਾਏ ਗਏ ਹਨ, ਇੱਕ ਉਹ ਜੋ ਸਕੂਲਾਂ ਵਿੱਚ ਬੱਚਿਆਂ ਨੂੰ ਸੰਬੋਧਤ ਸਨ, ਦੂਸਰੇ ਉਹ ਜੋ ਵਿਚਾਰ ਗੋਸ਼ਟੀ ਦੇ ਰੂਪ ਵਿੱਚ ਵੱਖ-ਵੱਖ ਬੁਲਾਰਿਆਂ ਵਲੋਂ ਗੁਰੂ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਪ੍ਰਗਟ ਕਰਨੇ। ਇਨਹਾਂ ਦੋਨਾਂ ਕਿਸਮ ਦੇ ਸਮਾਗਮਾਂ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਨਹੀ ਹੁੰਦਾ। ਤੀਸਰੇ ਉਹ ਵੱਡੇ ਸਮਾਗਮ ਹਨ ਜਿਸ ਵਿੱਚ ਸਮਾਜ ਦੇ ਸਭ ਵਰਗਾਂ ਦੀ ਸ਼ਮੂਲੀਅਤ ਹੁੰਦੀ ਹੈ। ਐਸੇ ਸਮਾਗਮ ਜੁਗੋ ਜੁਗ ਅੱਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤੇ ਗਏ ਹਨ। ਇਨ੍ਹਾਂ ਸਾਰੇ ਹਾਲਾਤਾਂ ਤੇ ਤੱਥਾਂ ਦੇ ਅਧਾਰ ‘ਤੇ ਮੈਂ ਆਪ ਜੀ ਦੇ ਮਾਧਿਅਮ ਸਾਰੇ ਸਿੱਖ ਜਗਤ ਦੇ ਸਾਹਮਣੇ ਰੱਖਣ ਲਈ ਇਹ ਪੱਤਰ ਲਿਖ ਰਿਹਾ ਹਾਂ। ਜਿਸ ਵਿੱਚ ਸੰਖੇਪ ਵਿੱਚ ਕੁਝ ਵਿਚਾਰ ਰੱਖੇ ਗਏ ਹਨ। ਵਿਸਥਾਰ ਆਪ ਜੀ ਦੇ ਦਰਸ਼ਨ ਕਰਨ ਮੌਕੇ ਬੇਨਤੀ ਰੂਪ ਵਿੱਚ ਦੱਸਿਆ ਜਾਵੇਗਾ। ਇਸ ਪੱਤਰ ਦੀਆਂ ਚਾਰ ਕਾਪੀਆਂ ਚਾਰ ਤਖਤ ਸਾਹਿਬਾਨ ਦੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਨੂੰ ਭੇਜੀਆਂ ਗਈਆਂ ਹਨ”।

ਰਾਸ਼ਟਰੀ ਸਿੱਖ ਸੰਗਤ ਵਲੋਂ ਜਥੇਦਾਰਾਂ ਨੂੰ ਲਿਖੇ ਪੱਤਰ ਨੂੰ ਸੰਸਥਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਸ਼ਾਸ਼ਤਰੀ ਨੇ ਮੀਡੀਆ ਲਈ ਜਾਰੀ ਕੀਤਾ ਹੈ।

ਜ਼ਿਕਰਯੋਗ ਹੈ ਕਿ 25 ਅਕਤੂਬਰ, 2017 ਨੂੰ ਕਰਵਾਏ ਗਏ ਸਮਾਗਮ ਵਿਚ ਹਿੰਦੂਤਵੀ ਝੁਕਾਅ ਵਾਲੀ ਇਸ ਜਥੇਬੰਦੀ ਅਤੇ ਇਸ ਦੀ ਮਾਂ-ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਗੁਰੂ ਸਾਹਿਬਾਨ ਦੇ ਬਿੰਬ ਨੂੰ ਛੁਟਿਆਉਣ ਵਾਲਾ ਪ੍ਰਚਾਰ ਜਾਰੀ ਰੱਖਿਆ ਸੀ।

ਅੰਮ੍ਰਿਤਸਰ ਤੋਂ ਨਰਿੰਦਰਪਾਲ ਸਿੰਘ ਵੱਲੋਂ ਭੇਜੀ ਜਾਣਕਾਰੀ ਸਹਿਤ।

Download (PDF, 48KB)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: