ਰਾਸ਼ਟਰੀ ਸਿੱਖ ਸੰਗਤ ਦੇ ਰਾਹੀਂ ਭਾਜਪਾ ਸ਼੍ਰੋਮਣੀ ਕਮੇਟੀ ਅਤੇ ਚੀਫ ਖਾਲਸਾ ਦੀਵਾਨ ‘ਤੇ ਕਬਜ਼ਾ ਚਾਹੁੰਦੀ ਹੈ
ਅੰਮ੍ਰਿਤਸਰ (10 ਨਵੰਬਰ, 2014): ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਵੱਲੋਂ ਅੰਮ੍ਰਿਤਸਰ ਦੇ ਚੀਫ ਖਾਲਸਾ ਦੀਵਾਨ ਵੱਲੋਂ ਆਰ. ਐੱਸ. ਐੱਸ ਦੇ ਵਿਦਿਆਰਥੀ ਵਿੰਗ ਨੂੰ ਆਪਣੀ ਸੰਸਥਾਵਾਂ ਵਿੱਚ ਕੈਂਪ ਲਾਉਣ ਦੀ ਸਹਿਮਤੀ ਦੇਣ ਨੂੰ ਭਾਜਪਾ ਦੇ ਸਿੱਖ ਸੰਸਥਾਂਵਾਂ ‘ਤੇ ਕਬਜ਼ੇ ਕਰਨ ਦੇ ਮਨਸੂਬੇ ਵਜੋਂ ਦੇਖਿਆ ਜਾ ਰਿਹਾ ਹੈ।
ਉਨ੍ਹਾਂ ਇਸ ਸਬੰਧੀ ਆਪਣੇ ਵਿਚਾਰ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਭਾਜਪਾ ਰਾਸ਼ਟਰੀ ਸਿੱਖ ਸੰਗਤ ਦੇ ਰੂਪ ਵਿੱਚ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ‘ਤੇ ਕਾਬਜ਼ ਹੋਣ ਦੀ ਤਾਕ ਵਿੱਚ ਹੈ। ਇਸ ਲਈ ਉਹ ਸ਼੍ਰੋਮਣੀ ਕਮੇਟੀ ਦੀਆਂ ਅਗਲੀਆਂ ਚੋਣਾਂ ਤੱਕ ਬਾਦਲ ਦਲ ਨਾਲੋਂ ਤੋੜ ਵਿਛੋੜਾ ਨਹੀਂ ਕਰੇਗੀ, ਕਿਉਂਕਿ ਉਹ ਸਮਝਦੀ ਹੈ ਕਿ ਇਨ੍ਹਾਂ ਦੇ ਕੰਧਾੜੇ ਚੜ੍ਹ ਕੇ ਸਿੱਖ ਸੰਸਥਾਵਾਂ ‘ਤੇ ਕਾਬਜ਼ ਹੋਇਆ ਜਾ ਸਕਦਾ ਹੈ। ਇਸ ਪੱਖੋਂ ਸਿੱਖ ਜਗਤ ਨੂੰ ਸੁਚੇਤ ਹੋਣ ਦੀ ਲੋੜ ਹੈ।
ਗਿਆਨੀ ਜਾਚਕ ਨੇ ਕਿਹਾ ਕਿ ਪੰਜਾਬ ਦੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿੱਧੇ ਤੌਰ ‘ਤੇ ਆਪਣੇ ਕੰਟਰੋਲ ਵਿੱਚ ਕਰਨਾ ਤੇ ਚੀਫ ਖਾਲਸਾ ਦੀਵਾਨ ਵੱਲੋਂ ਆਰ ਐਸ ਐਸ ਦੀ ਅਖਿਲ ਏਸੇ ਖੇਡ ਦੀਆਂ ਹੀ ਦੋ ਕੜੀਆਂ ਹਨ।
ਸੱਤਾਧਾਰੀ ਹਿੰਦੂਤਵ ਦੇ ਦੁਬੇਲ ਹੋਣ ਕਾਰਨ ਨਾ ਸਿੱਖ ਲੀਡਰਾਂ ਨੇ ਗੁਰਦੁਆਰਾ ਕਮਿਸ਼ਨ ਦੇ ਮਾਮਲੇ ਵਿੱਚ ਜ਼ੋਰਦਾਰ ਵਿਰੋਧ ਪ੍ਰਗਟਾਇਆ ਅਤੇ ਨਾ ਚੀਫ ਖਾਲਸਾ ਦੀਵਾਨ ਨੂੰ ਆਪਣਾ ਸਿੱਖ ਵਿਰੋਧੀ ਫੈਸਲਾ ਬਦਲਣ ਲਈ ਮਜਬੂਰ ਕੀਤਾ ਹੈ।
ਜਾਚਕ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਲੰਮਾ ਸਮਾਂ ਪ੍ਰਧਾਨ ਰਹੇ ਟੌਹੜਾ ਨੇ ਇੱਕ ਵਾਰ ਆਨੰਦਪੁਰ ਸਾਹਿਬ ਵਿੱਚ ਪ੍ਰੀਸ਼ਦ ਨੂੰ ਕੈਂਪ ਲਈ ਰਿਹਾਇਸ਼ ਦੇਣ ਦੀ ਗਲਤੀ ਕੀਤੀ ਸੀ, ਪਰ ਸਿੱਖਾਂ ਦੀ ਜਾਗਰੂਕਤਾ ਕਾਰਨ ਅਸਲੀਅਤ ਦਾ ਪਤਾ ਲੱਗਣ ‘ਤੇ ਉਨ੍ਹਾਂ ਨੇ ਥਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਸਮਝ ਗਏ ਸਨ ਕਿ ਆਰ ਐਸ ਐਸ ਦਾ ਮੁੱਖ ਏਜੰਡਾ ਹੈ ਕਿ ਸਿੱਖਾਂ ਸਮੇਤ ਸਾਰੀਆਂ ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵ ਦੇ ਭਗਵੇਂ ਰੰਗ ਵਿੱਚ ਰੰਗ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਬਦਲ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਹਲੇਮੀ ਰਾਜ ਦੇ ਗੁਰਮਤੀ ਸੰਕਲਪ ਕਾਰਨ ਖਾਲਸਾ ਰਾਜ ਨੂੰ ਛੱਡ ਕੇ ਜਿਸ ਵੀ ਕੌਮ ਦੇ ਕੋਲ ਰਾਜ ਸੱਤਾ ਆਈ, ਉਸੇ ਨੇ ਯਤਨ ਕੀਤਾ ਕਿ ਉਥੇ ਸਾਰੇ ਲੋਕ ਸੱਤਾਧਾਰੀ ਧਰਮ ਨੂੰ ਪ੍ਰਵਾਨ ਕਰ ਲੈਣ। ਇਸ ਲਈ ਭਾਜਪਾ ਵੱਲੋਂ ਹਿੰਦੂਤਵ ਨੂੰ ਫੈਲਾਉਣਾ ਕੋਈ ਨਵੀਂ ਗੱਲ ਨਹੀਂ।