ਚੰਡੀਗੜ: ਸੰਘ ਵਲੋਂ ਸਿੱਖ ਸਮਾਜ ’ਚ ਘੁਸਪੈਠ ਕਰਨ ਲਈ ਬਣਾਈ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਵਲੋਂ ਇੰਦੌਰ ’ਚ ਵਿਵਾਦਤ ‘‘ ਗੁਰੂ ਗੋਬਿੰਦ ਸਿੰਘ ਸ਼ਤਾਬਤੀ ਸਮਾਰੋਹ ’’ ਪੂਰੀ ਤਰਾਂ ਫ਼ਲਾਪ ਸ਼ੋਅ ਸਾਬਿਤ ਹੋਇਆ ਹੈ । ਜਿਕਰਯੋਗ ਹੈ ਕਿ ਇਹ ਸਮਾਰੋੋਹ ਸ਼੍ਰੀ ਗੁਰੂ ਸਿੰਘ ਸਭਾ ਇੰਦੌਰ ਅਤੇ ਪੰਜਾਬੀ ਸਾਹਿਤ ਅਕਾਦਮੀ ਮੱਧ ਪ੍ਰਦੇਸ਼ ਦੇ ਬੈਨਰ ਹੇਠ ਹੋ ਰਿਹਾ ਸੀ । ਇਸ ਸਮਾਰੋਹ ਲਈ ਕਰੀਬ 2000 ਸੱਦਾ ਪੱਤਰ ਭੇਜੇ ਗਏ ਸਨ ਅਤੇ ਇਸ ਵਿੱਚ ਫਿਲਮਾਂ , ਕਵਿ-ਦਰਬਾਰ, ਨਾਟਕ ਅਤੇ ਸੈਮੀਨਾਰ ਰੱਖਿਆ ਹੋਇਆ ਸੀ।
ਇਸ ਸਮਾਰੋਹ ਤੇ ਰਾਸ਼ਟਰੀ ਸਿੱਖ ਸੰਗਤ ਵਿਰੁੱਧ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਲਈ ਪਹਿਰੇਦਾਰ ਤੇ ਅਕਾਲ ਚੈਨਲ ਯੂ.ਕੇ ਨੇ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਹਜ਼ਾਰਾਂ ਸੱਦਾ ਪੱਤਰ ਅਤੇ ਬਹੁਤ ਹੀ ਮਹਿੰਗੇ ਭੋਜਨ ਪਰੋਸਣ ਦੇ ਬਾਵਜੂਦ ਵੀ ਪੂਰੇ ਸਮਾਰੋਹ ਵਿੱਚ ਸਿੱਖ ਸੰਗਤਾਂ ਦੀ ਹਾਜ਼ਰੀ ਨਾਂਹ ਦੇ ਬਰਾਬਰ ਰਹੀ। ਪ੍ਰਬੰਧਕਾਂ ਨੂੰ ਸਭ ਤੋਂ ਵੱਡੀ ਨਾਮੌਸ਼ੀ ਦਾ ਸਾਹਮਣਾ ਉਦੋਂ ਕਰਨਾ ਪਿਆ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਸਮਾਰੋਹ ’ਚ ਆਉਣ ਤੋਂ ਇਹ ਕਹਿ ਕੇ ਨਾਹ ਕਰ ਦਿੱਤੀ ਕਿ ਉਨਾਂ ਨੂੰ ਭੁਲੇਖੇ ’ਚ ਰੱਖ ਕੇ ਸੱਦਿਆ ਜਾ ਰਿਹਾ ਸੀ ਤੇ ਰਾਸ਼ਟਰੀ ਸਿੱਖ ਸੰਗਤ ਦੇ ਪ੍ਰੋਗਰਾਮ ’ਚ ਕਦੇ ਵੀ ਹਾਜ਼ਰੀ ਨਹੀਂ ਭਰਨਗੇ ।
ਇਹ ਸਮਾਰੋਹ ਸਿੱਖ ਮਰਿਆਦਾ ਵਿਰੋਧੀ ਹੋਣ ਦੀ ਚਰਚਾ ਨੂੰ ਵੀ ਪੂਰੀ ਤਰਾਂ ਸੱਚ ਕਰ ਗਿਆ ਕਿਉਂਕਿ ਸੈਮੀਨਾਰ ਦੀ ਸ਼ੁਰੂਆਤ ਸਰਸਵਤੀ ਵੰਦਣਾ ਅਤੇ ਦੀਪ ਜਲਾ ਕੇ ਕੀਤੀ ਗਈ। ਸਮਾਰੋਹ ਦੌਰਾਣ ਸਟੇਜ ’ਤੇ ਪਈਆਂ ਖਾਸ ਮਹਿਮਾਣਾਂ ਲਈ ਸੱਤ ਕੁਰਸੀਆਂ ਵਿਚੋਂ ਬਹੁਤੀਆਂ ਖਾਲੀ ਰਹੀਆਂ ਤੇ 1300 ਕੁਰਸੀਆਂ ਵਾਲੇ ਦੇਵੀ ਅਹਿੱਲਿਆ ਆਡੀਟੋਰੀਅਮ ਵੀ 90 ਪ੍ਰਤੀਸ਼ਤ ਖਾਲੀ ਰਿਹਾ।ਇਸ ਦੌਰਾਣ ਸਿੱਖ ਜਥੇਬੰਦੀਆਂ ਨੇ ਪੂਰੀ ਸੂਝ-ਬੂਝ ਨਾਲ ਵਿਰੋਧਤਾ ਕੀਤੀ ।
ਸੰਸਥਾਂ ਗੁਰਸਿੱਖ, ਸ਼ਹਿਬਾਜ਼ ਖ਼ਾਲਸਾ, ਅਖੰਡ ਕੀਰਤਨੀ ਜਥਾ, ਸਿੱਖ ਮਿਸ਼ਨਰੀ ਕਾਲਜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ , ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਤੇ ਦਮਦਮੀ ਟਕਸਾਲ ਤੇ ਵਿਿਦਆਰਥੀਆਂ ਨੇ ਸਭ ਤੋਂ ਪਹਿਲਾਂ ਚਲਦੇ ਸਮਾਰੋਹ ’ਚ ਹਾਲ ਅੰਦਰ ਦਾਖਲ ਹੋ ਕੇ ਹਾਜ਼ਰ ਲੋਕਾਂ ਨੂੰ ਭਾਈ ਕਾਹਨ ਸਿੰਘ ਰਚਿਤ ‘‘ਹਮ ਹਿੰਦੂ ਨਹੀਂ’’ ਐਸ.ਐਮ ਮੁਸ਼ਰਿਫ ਰਚਿਤ ‘‘ਆਰ ਐਸ ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ’’ ਅਤੇ ਸੰਨ 2004 ’ਚ ਆਰ ਐਸ ਐਸ ਵਿਰੁੱਧ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਨਾਮੇ ਦੀਆਂ ਕਾਪੀਆਂ ਵੰਡੀਆਂ ਗਈਆਂ । ਇਨਾਂ ਨੌਜਵਾਨਾਂ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀਆਂ ਤਸਵੀਰਾਂ ਵਾਲੀਆਂ ਟੀ.ਸ਼ਰਟਾਂ ਪਾਈਆਂ ਸਨ ਜਿੰਨਾਂ ਦੇ ਪਿੱਛੇ ‘‘ਜੀਵਾਂਗੇ ਅਣਖ ਨਾਲ, ਮਰਾਂਗੇ ਸ਼ਾਨ ਨਾਲ’’ ਲਿਿਖਆ ਹੋਇਆ ਸੀ ।
ਇਸ ਸਮਾਰੋਹ ਦੌਰਾਣ ਜਿਵੇਂ ਹੀ ਭਾਜਪਾ ਦੇ ਸੀਨੀਅਰ ਆਗੂ ਤੇ ਪੀ.ਡਬਲਿਊ.ਡੀ ਮੰਤਰੀ ਕੈਲਾਸ਼ ਵਿਜਯ ਵਰਗੀ ਨੂੰ ਸਨਮਾਨਿਤ ਕੀਤਾ ਜਾਣ ਲੱਗਾ ਤਾਂ ਇਨਾਂ ਨੌਜਵਾਨਾਂ ਨੇ ‘‘ਭਿੰਡਰਾਂਵਾਲਾ ਅਮਰ ਰਹੇ, ਭਿੰਡਰਾਂਵਾਲਾ ਸੰਤ ਸਿਪਾਹੀ ਜਿਸਨੇ ਸੁੱਤੀ ਕੌਮ ਜਗਾਈ , ਭਿੰਡਰਾਂਵਾਲਾ ਜਿੰਦਾਬਾਦ ਅਤੇ ਆਰ.ਐਸ.ਐਸ ਮੁਰਦਾਬਾਦ’’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ । ਜਿਸ ਕਰਕੇ ਉਥੇ ਹਾਜ਼ਰ ਪ੍ਰਬੰਧਕਾਂ ਅਤੇ ਆਰ ਐਸ ਐਸ ਦੇ ਜਰਖ੍ਰੀਦ ਟੁੱਕੜਬੋਚਾਂ ਵਿੱਚ ਸਹਿਮ ਫੈਲ ਗਿਆ ਤੇ ਕਿਸੇ ਦੀ ਵੀ ਨਾਅਰੇ ਲਗਾ ਰਹੇ ਨੌਜਵਾਨਾਂ ਨੂੰ ਰੋਕਣ ਦੀ ਹਿੰਮਤ ਨਾ ਪਈ ਅਤੇ ਬਾਅਦ ’ਚ ਸਿੱਖ ਸੰਗਤਾਂ ਤੇ ਹੋਰਨਾਂ ’ਚ ਝੂਠਾ ਪ੍ਰਚਾਰ ਕੀਤਾ ਕਿ ਨੌਜਵਾਨਾਂ ਨੇ ਖਾਲਿਸਤਾਨ ਦੇ ਨਾਅਰੇ ਲਗਾਏ ਹਨ ।
ਭਾਵੇਂ ਕਿ ਸਮਾਰੋਹ ਤੋਂ ਤਿੰਨ ਦਿਨ ਪਹਿਲਾਂ ਆਰ ਐਸ ਐਸ ਟੁੱਕੜਬੋਚਾਂ ਵਲੋਂ ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਵਿਖੇ ਖਿਡਾਉਣਾਂ ਹਥਿਆਰ ਨੁਮਾ ਚੀਜ਼ ਰੱਖ ਕੇ ਸਿੱਖ ਜਥੇਬੰਦੀਆਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ । ਆਰ ਐਸ ਐਸ ਦਾ ਇਹ ਫ਼ਲਾਪ ਸ਼ੋਅ ਇੱਕ ਅਹਿਮ ਸਵਾਲ ਛੱਡ ਗਿਆ ਹੈ ਕਿ ਪੰਜਾਬ ਤੋਂ ਬਾਹਰ ਕੁੱਝ ਕੁ ਨੌਜਵਾਨ ਆਰ ਐਸ ਐਸ ਦੇ ਪ੍ਰੋਗਰਾਮ ’ਚ ਦਾਖਲ ਹੋ ਕੇ ਵਿਰੋਧ ਪ੍ਰਗਟਾ ਸਕਦੇ ਹਨ ਤਾਂ ਪੰਜਾਬ ਵਿਚਲੀਆਂ ਸਿੱਖ ਜਥੇਬੰਦੀਆਂ ਆਰ ਐਸ ਐਸ ਵਿਰੁੱਧ ਠੋਸ ਪ੍ਰੋਗਰਾਮ ਕਿਉਂ ਨਹੀਂ ਉਲੀਕ ਰਹੀਆਂ।
ਇਸ ਸਮਾਰੋਹ ਦਾ ਵਿਰੋਧ ਕਰ ਰਹੇ ਸਿੱਖ ਸੰਸਥਾਵਾਂ ਦੇ ਮੈਂਬਰ ਸਨਮੀਤ ਸਿੰਘ, ਗੁਰਪ੍ਰੀਤ ਸਿੰਘ, ਦਿਲਰਾਜ ਸਿੰਘ, ਰਤਨਜੀਤ ਸਿੰਘ ਸ਼ੈਰੀ, ਡਾ. ਹਰਸ਼ਦੀਪ ਸਿੰਘ ਮੈਕ ਤੇ ਹੋਰਨਾਂ ਨੇ ਸਿੱਖ ਸੰਗਤਾਂ ਵਲੋਂ ਮਿਲੇ ਸਹਿਯੋਗ ਦਾ ਭਰਵਾਂ ਸਵਾਗਤ ਕੀਤਾ ਹੈ । ਇਸ ਸਮਾਰੋਹ ਦੇ ਵਿਰੋਧ ਸਬੰਧੀ ਪਹਿਰੇਦਾਰ ਦੇ ਵਿਸ਼ੇਸ਼ ਪ੍ਰਤੀਨਿਧ ਨੇ ਸ਼੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਸਕੱਤਰ ਜਸਬੀਰ ਸਿੰਘ ਗਾਂਧੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ।
ਸਕੱਤਰ ਜਸਬੀਰ ਸਿੰਘ ਗਾਂਧੀ ਨੇ ਕਿਹਾ ਕਿ ਸਮਾਰੋਹ ’ਚ ਪਟਿਆਲਾ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ ਪਰ ਉਹ ਨਹੀਂ ਅਤੇ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਪ੍ਰਧਾਨ ਗੁਰਚਰਨ ਸਿੰਘ ਗਿੱਲ ਤੇ ਕੁਲਦੀਪ ਅਗਨੀਹੋਤਰੀ ਨੇ ਹੀ ਸੰਬੋਧਨ ਕੀਤਾ । ਭਿੰਡਰਾਂਵਾਲੇ ਜਿੰਦਾਬਾਦ ਅਤੇ ਆਰ ਐਸ ਐਸ ਮੁਰਦਾਬਾਦ ਦੇ ਨਾਅਰਿਆਂ ਪ੍ਰਤੀ ਉਹ ਸਾਫ਼ ਮੁੱਕਰ ਗਏ । ਜਦੋਂ ਉਨਾਂ ਨੂੰ ਦੱਸਿਆ ਗਿਆ ਕਿ ਇਸਦੀ ਵੀਡੀਓ ‘‘ਪਹਿਰੇਦਾਰ’’ ਕੋਲ ਮੌਜ਼ੂਦ ਹੈ ਤਾਂ ਉਨਾਂ ਫੋਨ ਹੀ ਕੱਟ ਦਿੱਤਾ ।