ਲੁਧਿਆਣਾ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ

ਸਿਆਸੀ ਖਬਰਾਂ

ਆਰਐਸਐਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਕਾਰਾ ਹੈ ਲੁਧਿਆਣਾ ਵਿਖੇ ਪਾਦਰੀ ਦਾ ਕਤਲ: ਸੁਖਪਾਲ ਸਿੰਘ ਖਹਿਰਾ

By ਸਿੱਖ ਸਿਆਸਤ ਬਿਊਰੋ

July 22, 2017

ਲੁਧਿਆਣਾ: ਆਮ ਆਦਮੀ ਪਾਰਟੀ (ਆਪ) ਦੇ ਨਵੇਂ ਚੁਣੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਪਾਦਰੀ ਸੁਲਤਾਨ ਮਸੀਹ ਕਤਲ ਕਾਂਡ ਵਿੱਚ ਆਰਐਸਐਸ, ਵੀਐਚਪੀ ਤੇ ਭਾਜਪਾ ਵੱਲ ਉਂਗਲੀ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪੰਜਾਬ ਵਿੱਚ ਈਸਾਈ ਘੱਟ ਗਿਣਤੀ ’ਚ ਹਨ ਤੇ ਕੁਝ ਤਾਕਤਾਂ ਵੱਲੋਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸੁਖਪਾਲ ਸਿੰਘ ਖਹਿਰਾ ਨੇ ਇੱਥੇ ਸਰਕਟ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਵਿੱਚ ਕਈ ਥਾਵਾਂ ’ਤੇ ਈਸਾਈ ਭਾਈਚਾਰੇ ਉਤੇ ਹਮਲੇ ਹੋਏ ਹਨ ਤੇ ਇਨ੍ਹਾਂ ਪਿੱਛੇ ਆਰਐਸਐਸ ਅਤੇ ਵਿਸ਼ਵ ਹਿੰਦੂ ਪਰੀਸ਼ਦ ਵਰਗੀਆਂ ਤਾਕਤਾਂ ਦਾ ਹੱਥ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਤੇ ਲੋਕ ਇਨਸਾਫ਼ ਪਾਰਟੀ ਦਾ ਗੱਠਜੋੜ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿਰਫ਼ ਝੰਡੀਆਂ ਤੇ ਪੱਗਾਂ ਦੇ ਰੰਗ ਹੀ ਬਦਲੇ, ਕਾਰਜਪ੍ਰਣਾਲੀ ਉਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਗ੍ਰਹਿ ਮੰਤਰੀ ਦੀ ਨਿਯੁਕਤੀ ਕਰਨ। ਉਨ੍ਹਾਂ ਕਿਹਾ ਕਿ ਪੁਲਿਸ ਪਾਦਰੀ ਕਤਲ ਕਾਂਡ ਵਿੱਚ ਮੁਲਜ਼ਮਾਂ ਤੱਕ ਪੁੱਜਣ ’ਚ ਫੇਲ੍ਹ ਸਾਬਿਤ ਹੋਈ ਹੈ। ਖਹਿਰਾ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਥੱਕੇ ਹੋਏ ਮੁੱਖ ਮੰਤਰੀ ਹਨ। ਖਹਿਰਾ ਇਸ ਤੋਂ ਬਾਅਦ ਸਲੇਮ ਟਾਬਰੀ ਗਏ ਤੇ ਪਾਦਰੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਵੀ ਹਾਜ਼ਰ ਸਨ।

ਸਬੰਧਤ ਖ਼ਬਰ: ਲੁਧਿਆਣਾ: ਮੋਟਰਸਾਈਕਲ ਸਵਾਰਾਂ ਵਲੋਂ ਚਰਚ ਸਾਹਮਣੇ ਪਾਸਟਰ ਸੁਲਤਾਨ ਮਸੀਹ ਦਾ ਕਤਲ …

ਧਾਰਮਿਕ ਸਥਾਨਾਂ ’ਤੇ ਜੀਐਸਟੀ ਲਾਉਣ ਦੇ ਮੁੱਦੇ ’ਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ ਖ਼ੁਦ ਦਰਬਾਰ ਸਾਹਿਬ ਸਮੇਤ ਸਾਰੇ ਧਾਰਮਿਕ ਸਥਾਨਾਂ ਵਿੱਚ ਲੰਗਰ ’ਤੇ ਲਾਏ ਜੀਐਸਟੀ ਦਾ ਬੋਝ ਚੁੱਕੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ 5-7 ਦਿਨ ਹੈਲੀਕਾਪਟਰ ਦੇ ਝੂਟੇ ਨਾ ਲੈਣ ਤਾਂ ਜੀਐਸਟੀ ਜਿੰਨਾ ਫੰਡ ਜਮ੍ਹਾਂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੰਗਰ ’ਤੇ ਜੀਐਸਟੀ ਮੁਆਫ਼ ਕਰਾਉਣ ਲਈ ਕੈਪਟਨ ਦਿੱਲੀ ਦੇ ਚੱਕਰ ਲਾ ਰਹੇ ਹਨ, ਜਦ ਕਿ ਹਰ ਗੱਲ ਲਈ ਦਿੱਲੀ ਵੱਲ ਦੇਖਣਾ ਠੀਕ ਨਹੀਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: