ਚੰਡੀਗੜ੍ਹ: ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਦੂਤ ਨੇ ਕਿਹਾ ਕਿ ਅਗਸਤ ਮਹੀਨੇ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਮਿਆਂਮਾਰ ਦੇ ਰਖਾਇਨ ਸੂਬੇ ’ਚ ਰੋਹਿੰਗਿਆ ਮੁਸਲਮਾਨਾਂ ਦਾ ਨਸਲੀ ਸਫ਼ਾਇਆ ਅਜੇ ਵੀ ਜਾਰੀ ਹੈ। ਇਨ੍ਹਾਂ ਕੀਤੇ ਜਾ ਰਹੇ ਜ਼ੁਲਮਾਂ ਤੋਂ ਬਚਣ ਲਈ 70 ਹਜ਼ਾਰ ਤੋਂ ਵੱਧ ਰਹਿੰਗੀਆਂ ਸਰਹੱਦ ਟੱਪ ਦੇ ਬੰਗਲਾਦੇਸ਼ ਚਲੇ ਗਏ ਸਨ।
ਸੰਯੁਕਤ ਰਾਸ਼ਟਰ ’ਚ ਮਨੁੱਖੀ ਅਧਿਕਾਰਾਂ ਬਾਰੇ ਸਹਾਇਕ ਸਕੱਤਰ ਜਨਰਲ ਐਂਡ੍ਰਿਊ ਗਿਲਮੌਰ ਨੇ ਬੰਗਲਾਦੇਸ਼ ’ਚ ਸ਼ਰਨਾਰਥੀ ਕੈਂਪ ਦੇ ਦੌਰੇ ਮਗਰੋਂ ਕਿਹਾ ਕਿ ਮਿਆਂਮਾਰ ’ਚ ਰੋਹਿੰਗੀਆਂ ਦਾ ਨਸਲੀ ਸਫ਼ਾਇਆ ਅਜੇ ਵੀ ਜਾਰੀ ਹੈ। ਮੈਨੂੰ ਨਹੀਂ ਲੱਗਦਾ ਕਿ ਜੋ ਮੈਂ ਕੌਕਸ ਬਾਜ਼ਾਰ ’ਚ ਦੇਖਿਆ ਤੇ ਸੁਣਿਆ ਹੈ ਉਸ ਮਗਰੋਂ ਕੋਈ ਹੋਰ ਨਤੀਜਾ ਕੱਢਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਹਿੰਸਾ ਦਾ ਤਰੀਕਾ ਬਦਲ ਗਿਆ ਹੈ। ਪਿਛਲੇ ਸਾਲ ਖ਼ੂਨ ਖ਼ਰਾਬੇ ਵਾਲੀਆਂ ਘਟਨਾਵਾ ਤੇ ਸਮੂਹਿਕ ਜਬਰ ਜਨਾਹ ਵਾਲੀਆਂ ਘਟਨਾਵਾਂ ਦੀ ਥਾਂ ਹੁਣ ਦਹਿਸ਼ਤ ਫੈਲਾਉਣ ਵਾਲੀਆਂ ਮੁਹਿੰਮਾਂ ਤੇ ਜਬਰੀ ਭੁੱਖਮਰੀ ਨੇ ਲੈ ਲਈ ਹੈ। ਉਨ੍ਹਾਂ ਆਪਣੇ ਬਿਆਨ ’ਚ ਕਿਹਾ ਕਿ ਮਿਆਂਮਾਰ ਵੱਲੋਂ ਕੁਝ ਸ਼ਰਨਾਰਥੀ ਵਾਪਸ ਲੈਣ ਦੇ ਬਾਵਜੂਦ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਨੇੜ ਭਵਿੱਖ ’ਚ ਕੋਈ ਰੋਹਿੰਗੀਆ ਮਿਆਂਮਾਰ ਮੁੜ ਸਕਦਾ ਹੈ।