ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਪੁਸਤਕ ਦਾ ਸਰਵਰਕ

ਲੇਖ

ਸਿੱਖ ਖੋਜਕਾਰੀ ਨੂੰ ਭਾਰਤੀ ਅਕਾਦਮਿਕ ਗੁਲਾਮੀ ਤੋਂ ਅਜ਼ਾਦ ਕਰਵਾਉਣ ਦਾ ਐਲਾਨ ਹੈ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’

By ਸਿੱਖ ਸਿਆਸਤ ਬਿਊਰੋ

September 19, 2015

ਡਾ. ਜਸਵੀਰ ਸਿੰਘ ਨੇ ਆਪਣੀ ਐਮ.ਏ. ਰਾਜਨੀਤੀ ਦੇ ਵਿਸ਼ੇ ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਕੀਤੀ। ਐਮ.ਫਿਲ ਅਤੇ ਪੀ-ਐਚ.ਡੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਕਸੋਵੋ ਮਾਮਲੇ ਵਿਚ ਯੂ.ਐਨ. ਦੀ ਭੂਮਿਕਾ ਦੇ ਵਿਸ਼ੇ ਤੇ ਉਸ ਨੇ ਆਪਣਾ ਖੋਜ ਕਾਰਜ ਪੇਸ਼ ਕੀਤਾ। ਸਿੱਖ ਮਸਲੇ ਨਾਲ ਉਹ ਨਿੱਜੀ ਰੂਪ ਵਿਚ ਜੁੜਿਆ ਹੋਇਆ ਹੈ। ਰਾਜਨੀਤੀ ਦੀ ਵਿਧੀਵਤ ਪੜ੍ਹਾਈ ਅਤੇ ਆਪਣੇ ਨਿੱਜੀ ਰੁਝਾਨ ਕਰਕੇ ਉਹ ਸਿੱਖ ਭਵਿੱਖ ਨੂੰ ਪੰਜਾਬ, ਭਾਰਤੀ ਅਤੇ ਕੌਮਾਂਤਰੀ ਤੇ ਵਧੇਰੇ ਵਿਹਾਰਕ ਅਤੇ ਸਾਫ ਰੂਪ ਵਿਚ ਸਮਝਣ ਦੀ ਸਮਰੱਥਾ ਰੱਖਦਾ ਹੈ। ਬਾਹਰ ਜਾਣ ਵਾਲੇ ਹਜ਼ਾਰਾ ਨੌਜਵਾਨਾਂ ਵਿਚੋਂ ਉਹ ਵੀ ਇਕ ਹੈ ਪਰ ਉਸ ਦੀ ਸਮਝ ਸਮਰੱਥਾ ਅਤੇ ਲੋਚਾ ਉਸ ਨੂੰ ਬਾਕੀਆਂ ਨਾਲੋਂ ਕਿੰਨਾ ਨਿਖੇੜਦੀ ਹੈ ਇਹ ਅੰਦਾਜ਼ਾ ਉਸ ਵਲੋਂ ਸ੍ਰ. ਅਜਮੇਰ ਸਿੰਘ ਦੀ ਕਿਤਾਬ ਦੀ ਕੀਤੀ ਪੜਚੋਲ ਤੋਂ ਭਲੀਭਾਂਤ ਲਗਾਇਆ ਜਾ ਸਕਦਾ ਹੈ: ਸੰਪਾਦਕ।

ਰਦਾਰ ਅਜਮੇਰ ਸਿੰਘ ਦੀ ਪੰਜਵੀਂ ਕਿਤਾਬ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਜਿੱਥੇ ਭਾਰਤੀ ਰਾਜ ਵਲੋਂ ਰਾਜਨੀਤਕ ਤਾਕਤ ਦੀ ਮਨੁੱਖੀ ਮਨਾਂ ਨੂੰ ਕਾਬੂ ਕਰਨ ਦੀ ਵਿਧੀ ਦੀ ਸਿੱਖਾਂ ਉਤੇ ਵਰਤੋਂ ਕਰਨ ਦੇ ਅਮਲ ਨੂੰ ਸਮਝਾਉਂਦੀ ਹੈ, ਉਥੇ ਸਿੱਖ ਖੋਜਕਾਰੀ ਨੂੰ ਭਾਰਤੀ ਅਕਾਦਮਿਕ ਗੁਲਾਮੀ ਤੋਂ ਅਜ਼ਾਦ ਹੋ ਕੇ ਸਿੱਖ ਗਿਆਨ ਪ੍ਰਬੰਧ ਉਤੇ ਕੇਂਦਰਿਤ ਹੋਣ ਦਾ ਸੱਦਾ ਦਿੰਦੀ ਹੈ।

ਤਾਕਤਵਰ ਪੱਛਮੀ ਸਮਾਜ, ਜਿਨ੍ਹਾਂ ਦਾ ਕੌਮਾਂਤਰੀ ਰਾਜਤੀਨਕ ਤਾਕਤ ਉਤੇ ਕਬਜਾ ਹੈ, ਅੱਜ ਮਨੁੱਖੀ ਗਿਆਨ ਪ੍ਰਬੰਧਾਂ ਅਤੇ ਰਾਜਨੀਤਕ ਤਾਕਤ ਦੇ ਆਪਸੀ ਸਬੰਧਾਂ ਨੂੰ ਸਮਝਣ ਦੀਆਂ ਕੋਸਿ਼ਸ਼ਾਂ ਵਿਚ ਲੱਗੇ ਹੋਏ ਹਨ। ਪੱਛਮ ਦੀਆਂ ਬਹੁਤੀਆਂ ਯੂਨੀਵਰਸਿਟੀਆਂ ਵਿਚ ਮਨੁੱਖੀ ਗਿਆਨ ਪ੍ਰਬੰਧਾਂ, ਭਾਸ਼ਾਵਾਂ, ਵਿਆਕਰਣਾਂ ਅਤੇ ਇਨ੍ਹਾਂ ਦੇ ਰਾਜਨੀਤਕ ਤਾਕਤ ਦੇ ਢਾਂਚਿਆਂ ਦੇ ਵਿਗਾਸ ਨਾਲ ਸਬੰਧਾਂ ਬਾਰੇ ਖੋਜਕਾਰੀ ਦਾ ਅਮਲ ਵੱਡੇ ਪੱਧਰ ਉਤੇ ਕੀਤਾ ਜਾ ਰਿਹਾ ਹੈ।

ਪੁਰਾਤਨ ਧਾਰਮਿਕ ਗ੍ਰੰਥ ਅਤੇ ਸਦੀਆਂ ਤੋਂ ਇਨ੍ਹਾਂ ਗ੍ਰੰਥਾਂ ਦੁਆਰਾ ਮਨੁੱਖੀ ਸਮੂਹਾਂ ਅਤੇ ਮਨੁੱਖੀ ਮਨਾਂ ਨੂੰ ਕਾਬੂ ਵਿਚ ਰੱਖਣ ਦੇ ਅਮਲ ਨੂੰ ਸਮਝਣਾ ਇਸ ਖੋਜਕਾਰੀ ਦਾ ਮੁੱਖ ਨਿਸ਼ਾਨਾ ਹੈ। ਮਿਸਰ ਦੀ ਪੁਰਾਤਨ ਸਭਿਅਤਾ, ਧਾਰਮਿਕ ਗ੍ਰੰਥਾਂ ਅਤੇ ਧਾਰਮਿਕ ਸਖਸ਼ੀਅਤਾਂ ਬਾਰੇ ਖੋਜਕਾਰੀ ਕਰਨ ਲਈ ਪੱਛਮੀ ਯੂਨੀਵਰਸਿਟੀਆਂ ਵਿਚ ਵੱਖਰੇ ਮਹਿਕਮੇ ਹੋਂਦ ਵਿਚ ਆਏ ਹਨ।

ਦੂਜੇ ਪਾਸੇ ਇਸ ਅਮਲ ਤੋਂ ਬਿਲਕੁਲ ਉਲਟ ਵਰਤਾਰਾ ਸਿੱਖ ਖੋਜਕਾਰੀ ਦੇ ਸਬੰਧ ਵਿਚ ਸਾਹਮਣੇ ਆਉਂਦਾ ਹੈ। ਇਹ ਤੱਥ ਸਿੱਕੇਬੰਦ ਹੈ ਕਿ ਸਿੱਖ ਖੋਜਕਾਰੀ ਦਾ ਅਮਲ ਭਾਰਤੀ ਰਾਜਸੀ ਸੱਤਾ ਦੇ ਅਧੀਨ ਚੱਲ ਰਿਹਾ ਹੈ। ਭਾਰਤੀ ਸੱਤਾ ਅਧੀਨ ਪੰਜਾਬ ਦੇ ਸਿੱਖ ਬੌਧਿਕ ਹਲਕਿਆਂ ਦੇ ਭਾਰਤੀ ਰਾਜਨੀਤਕ ਤਾਕਤ ਦੇ ਅਸਰ ਹੇਠ ਆ ਕੇ ਸਿੱਖਗਿਆਨ ਪ੍ਰਬੰਧ ਦੀ ਤੋੜ-ਭੰਨ ਸਮਝ ਆ ਸਕਦੀ ਹੈ ਪਰ ਇਸ ਅਮਲ ਦਾ ਪਸਾਰਾ ਭਾਰਤੀ ਰਾਜਸੀ ਸੱਤਾ ਤੋਂ ਬਾਹਰ ਪੱਛਮੀ ਤਾਕਤਵਰ ਵਿਦਿਅਕ ਅਦਾਰਿਆ ਤਕ ਫੈਲਿਆ ਹੋਇਆ ਹੈ।

ਹੈਰਾਨੀ ਇਸ ਗੱਲ ਦੀ ਹੈ ਕਿ ਪੱਛਮੀ ਮੁਲਕਾਂ ਵਿਚਲੇ ਵਿਦਿਅਕ ਅਦਾਰਿਆ ਵਿਚ ਪ੍ਰਵਾਸੀ ਸਿੱਖਾਂ ਦੇ ਪੈਸੇ ਨਾਲ ਬਣਾਏ ਗਏ ਸਿੱਖ ਖੋਜਕਾਰੀ ਦੇ ਮਹਿਕਮੇ ਸਿੱਧੇ ਤੌਰ ਉਤੇ ਭਾਰਤੀ ਰਾਜਸੀ ਸੱਤਾ ਅਤੇ ਭਾਰਤੀ ਗਿਆਨ ਪ੍ਰਬੰਧ ਦੇ ਗਲਬੇ ਹੇਠ ਕੰਮ ਕਰ ਰਹੇ ਹਨ। ਇਨ੍ਹਾਂ ਮਹਿਕਮਿਆਂ ਵਿਚ ਹੋ ਰਹੀ ਸਿੱਖ ਖੋਜਕਾਰੀ ਸਿੱਖ ਗਿਆਨ ਪ੍ਰਬੰਧ ਦੀ ਵਿਲੱਖਣਤਾ ਨੂੰ ਖ਼ਤਮ ਕਰਕੇ ਇਸ ਨੂੰ ਭਾਰਤੀ ਗਿਆਨ ਪ੍ਰਬੰਧ ਦਾ ਇਕ ਛੋਟਾ ਹਿੱਸਾ ਸਾਬਤ ਕਰਨ ਵੱਲ ਸੇਧਿਤ ਹੈ। ਇਨ੍ਹਾਂ ਮਹਿਕਮਿਆ ਉਪਰ ਸਿੱਖੀ ਸਰੂਪ ਵਾਲੇ ਬਹੁਤੇ ਭਾਰਤੀ ਵਿਦਵਾਨ ਪੱਛਮੀ ਖੋਜਕਾਰੀ ਦੀਆਂ ਵਿਧੀਆਂ ਦੀ ਅਕਾਦਮਿਕ ਚਲਾਕੀ ਨਾਲ ਵਰਤੋਂ ਕਰਕੇ ਸਿੱਖ ਗਿਆਨ ਪ੍ਰਬੰਧ ਨੂੰ ਤੋੜਨ ਲਈ ਯਤਨਸ਼ੀਲ ਹਨ।

ਮਕਲਿਊਡ ਤੋਂ ਲੈ ਕੇ ਪਛੌਰਾ ਸਿੰਘ, ਗੁਰਿੰਦਰ ਮਾਨ, ਜਸਵੀਰ ਆਹਲੂਵਾਲੀਆ ਅਤੇ ਹੋਰ ਬਹੁਤ ਸਾਰੇ ਵਿਦਵਾਨ ਸਿੱਖ ਖੋਜਕਾਰੀ ਨੂੰ ਭਾਰਤੀ ਗਿਆਨ ਪ੍ਰਬੰਧ ਦਾ ਹਿੱਸਾ ਬਣਾਉਣ ਵੱਲ ਸੇਧਿਤ ਹਨ। ਸਰਦਾਰ ਅਜਮੇਰ ਸਿੰਘ ਹੁਰਾਂ ਦੀ ਕਿਤਾਬ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਸਿੱਖ ਸਰੂਪ ਜਾਂ ਦਿੱਖ ਵਾਲੇ ਇਨ੍ਹਾਂ ਵਿਦਵਾਨਾਂ ਅਤੇ ਖ਼ਾਸ ਕਰਕੇ ਮਾਰਕਸਵਾਦੀ ਪੰਜਾਬੀ ਵਿਦਵਾਨਾਂ ਵਲੋਂ ਸਿੱਖ ਸਿਧਾਂਤਾਂ ਅਤੇ ਗਿਆਨ ਪ੍ਰਬੰਧ ਦੀੰ ਤੋੜ-ਭੰਨ ਕਰਨ ਦੇ ਬੌਧਿਕ ਅਮਲ ਅਤੇ ਇਸ ਅਮਲ ਦੇ ਭਾਰਤੀ ਰਾਜਤੀਨਕ ਸੱਤਾ ਨਾਲ ਸਬੰਧਾਂ ਬਾਰੇ ਚਾਨਣਾ ਪਾਉਂਦੀ ਹੈ। ਪਰ ਨਾਲ ਹੀ ਇਹ ਕਿਤਾਬ ਇਸ ਵਰਤਾਰੇ ਦੇ ਕੁਝ ਇਕ ਕਾਰਨਾਂ ਬਾਰੇ ਵੀ ਸਮਝ ਦਿੰਦੀ ਹੈ ਜਿਨ੍ਹਾਂ ਵਿਚ ਪੱਛਮੀ ਗਿਆਨ ਪ੍ਰਬੰਧ ਅਤੇ ਰਾਜਨੀਤਕ ਪ੍ਰਬੰਧ ਦੇ ਤੀਜੀ ਦੁਨੀਆਂ ਉਤੇ ਪਏ ਨਾਂਹ ਪੱਖੀ ਅਸਰ ਸ਼ਾਮਲ ਹਨ।

ਸਰਦਾਰ ਅਜਮੇਰ ਸਿੰਘ ਇਸ ਕਿਤਾਬ ਸਬੰਧੀ ਦਿੱਤੇ ਗਏ ਆਪਣੇ ਭਾਸ਼ਣਾਂ ਵਿਚ ਸਪਸ਼ਟ ਕਰਦੇ ਹਨ ਕਿ ‘ਇਹ ਕਿਤਾਬ ਇਕ ਸੁਰੂਆਤ ਹੈ।’ ਇਹ ਕਥਨ ਆਪਣੇ ਆਪ ਵਿਚ ‘ਸਿੱਖ ਖੋਜਕਾਰੀ’ ਦੇ ਖੇਤਰ ਵਿਚ ਵਾਪਰਨ ਵਾਲੇ ਇਕ ਨਵੇਂ ਵਰਤਾਰੇ ਵੱਲ ਇਸ਼ਾਰਾ ਕਰਦਾ ਹੈ ਜਿਸ ਦਾ ਮੁੱਢ ਇਹ ਕਿਤਾਬ ਬੰਨ੍ਹਦੀ ਹੈ। ਅਸਲ ਵਿਚ ਇਹ ਵਰਤਾਰਾ ਸਿੱਖ ਖੋਜਕਾਰੀ ਦੇ ਭਾਰਤੀ ਰਾਜਸੀ ਸੱਤਾ ਅਤੇ ਭਾਰਤੀ ਅਕਾਦਮਿਕ ਪ੍ਰਬੰਧ ਤੋਂ ਅਜ਼ਾਦ ਹੋ ਕੇ ਸਿੱਧੇ ਤੌਰ ਤੇ ਨਿਰੋਲ ਸਿੱਖ ਗਿਆਨ ਪ੍ਰਬੰਧ ਦੇ ਵਿਗਾਸ ਵੱਲ ਕੇਂਦਰਿਤ ਹੋਵੇਗਾ। ਇਸ ਵਰਤਾਰੇ ਦੌਰਾਨ ਸਿੱਖ ਸਿਧਾਂਤਕਾਰੀ ਦੇ ਮਕਸਦ ਅਤੇ ਨਿਸ਼ਾਨੇ ਬਦਲਣਗੇ।

ਇਸ ਕਿਤਾਬ ਨੇ ਇਕ ਅਸਲੋਂ ਨਵੇਂ ਬੌਧਿਕ ਮਸਲੇ ਨੂੰ ਵੀ ਉਭਾਰਿਆ ਹੈ ਜਿਸ ਦਾ ਸਬੰਧ ਦੱਖਣੀ ਏਸ਼ੀਆ ਵਿਚ ਵੱਖ ਵੱਖ ਧਰਮਾਂ ਅਤੇ ਖ਼ਾਸ ਕਰਕੇ ਹਿੰਦੂ ਧਰਮ ਅਤੇ ਸਿੱਖ ਧਰਮ ਦੇ ਹੋਂਦ ਵਿਚ ਆਉਣ ਅਤੇ ਪੈਦਾ ਹੋਣ ਦੇ ਵਰਤਾਰੇ ਨਾਲ ਜੁੜ ਜਾਂਦਾ ਹੈ। ਇਥੇ ਬੁਨਿਆਦੀ ਮਸਲਾ ਹੈ ਕਿ ਭਾਰਤੀ ਹਿੰਦੂ ਸੱਤਾ, ਸਿੱਖ ਦਿੱਖ ਵਾਲੇ ਜਾਂ ਦੂਜੇ ਵਿਦਵਾਨਾਂ ਨੂੰ ਵਰਤ ਕੇ ਸਿੱਖ ਧਰਮ, ਸਿੱਖ ਗਿਆਨ ਪ੍ਰਬੰਧ, ਸਿੱਖ ਸਭਿਆਚਾਰਕ ਚਿੰਨ੍ਹਾਂ, ਸੰਸਥਾਵਾਂ, ਰਿਵਾਜਾਂ ਆਦਿ ਨੂੰ ਤਬਾਹ ਕਰਨ ਦੀ ਨੀਤੀ ਉਤੇ ਚੱਲ ਰਹੀ ਹੈ।

ਇਸ ਸੰਦਰਭ ਵਿਚ ਮੁੱਖ ਸੁਆਲ ਪੈਦਾ ਹੁੰਦਾ ਹੈ ਕਿ ਭਾਰਤੀ ਹਿੰਦੂ ਸੱਤਾ ਵਲੋਂ ਇਸ ਨੀਤੀ ਨੂੰ ਅਪਣਾਉਣ ਦੇ ਕੀ ਕਾਰਨ ਹਨ? ਇਹ ਕਿਤਾਬ ਇਸ ਸੁਆਲ ਨੂੰ ਕੌਮਾਂਤਰੀ ਰਾਜਨੀਤਕ ਪ੍ਰਬੰਧ ਅਤੇ ਭਾਰਤੀ ਰਾਜ ਵੱਲੋਂ ਏਕਾਤਮਿਕ ਰਾਜ ਬੰਨ੍ਹਣ ਦੇ ਅਮਲ ਨਾਲ ਜੋੜ ਕੇ ਸਮਝਣ ਦੀ ਸੇਧ ਦਿੰਦੀ ਹੈ।

ਇਹ ਸੰਦਰਭ ਮੁੱਖ ਤੌਰ ਉਤੇ ਮਹੱਤਵਪੂਰਨ ਹੈ ਪਰ ਨਾਲ ਹੀ ਇਸ ਸੁਆਲ ਨੇ ਹੋਰ ਵੱਡੇ ਮਸਲੇ ਵੀ ਛੇੜਨੇ ਹਨ। ਇਸ ਕਿਤਾਬ ਨੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਗਰਦਾਨਣ ਵਾਲੇ ਜਾਂ ਸਿੱਖ ਧਰਮ ਨੂੰ ਹਿੰਦੂ ਧਰਮ ਅੰਦਰ ਆਈਆਂ ਬੁਰਾਈਆਂ ਨੂੰ ਦੂਰ ਕਰਨ ਲਈ ਪੈਦਾ ਹੋਈ ਸੁਧਾਰ ਲਹਿਰ ਦੇ ਤੌਰ ਉਤੇ ਘਟਾ ਕੇ ਪੇਸ਼ ਕਰਨ ਵਾਲੇ ਹਿੰਦੂ ਵਿਦਵਾਨਾਂ ਅਤੇ ਰਾਜਨੀਤੀਵਾਨਾਂ ਲਈ ਵੀ ਵੱਡੇ ਮਸਲੇ ਖੜ੍ਹੇ ਕਰਨੇ ਹਨ।

ਭਾਰਤੀ ਸੱਤਾ ਤੋਂ ਆਜ਼ਾਦ ਹੋ ਕੇ ਵਿਚਰਨ ਵਾਲੇ ਸਿੱਖ ਖੋਜਕਾਰੀ ਦੇ ਅਮਲ ਨੇ ਦੱਖਣੀ ਏਸ਼ੀਆ ਵਿਚ ਧਰਮਾਂ ਦੇ ਪੈਦਾ ਹੋਣ ਦੇ ਕਾਰਨਾਂ ਦਾ ਜਦੋਂ ਖੁਰਾ ਨੱਪਣਾ ਸ਼ੁਰੂ ਕੀਤਾ ਤਾਂ ਹਿੰਦੂ ਧਰਮ ਅਤੇ ਸਿੱਖ ਧਰਮ ਵਿਚਕਾਰ ਲਗਾਤਾਰ ਚੱਲਣ ਵਾਲੇ ਸਿਧਾਂਤਕ ਅਤੇ ਰਾਜਸੀ ਵਿਰੋਧਾਂ ਦੇ ਅਸਲ ਕਾਰਨ ਸਾਹਮਣੇ ਆਉਣਗੇ। ਇਨ੍ਹਾਂ ਕਾਰਨਾਂ ਵਿਚ ਸਭ ਤੋਂ ਬੁਨਿਆਦੀ ਅਤੇ ਮਹੱਤਵਪੂਰਨ ਕਾਰਨ ਸਿੱਖ ਗਿਆਨ ਪ੍ਰਬੰਧ ਦੇ ਧੁਰ ਅੰਦਰ ਪਿਆ ਹਿੰਦੂ ਧਾਰਮਿਕ ਗਿਆਨ ਪ੍ਰਬੰਧ ਨੂੰ ਰੱਦ ਕਰਨ ਦਾ ਤੱਥ ਸਭ ਤੋਂ ਮਹੱਤਤਾ ਵਾਲਾ ਹੋਵੇਗਾ ਜੋ ਕਿ ਹਿੰਦੂ ਸੱਤਾ ਵੱਲੋਂ ਸਿੱਖ ਧਾਰਮਿਕ ਗ੍ਰੰਥਾਂ, ਗੁਰਮੁਖੀ ਲਿੱਪੀ, ਪੰਜਾਬੀ ਭਾਸ਼ਾ, ਵਿਆਕਰਣ, ਸਿੱਖ ਧਾਰਮਿਕ ਚਿੰਨ੍ਹਾਂ, ਸੰਸਥਾਵਾਂ, ਸਖ਼ਸ਼ੀਅਤਾਂ, ਰੀਤੀ ਰਿਵਾਜਾਂ, ਤਿੱਥ ਤਿਉਹਾਰਾਂ, ਕਥਾ ਕਹਾਣੀਆਂ ਨੂੰ ਮਲੀਆਮੇਟ ਕਰ ਦੇਣ ਦੇ ਅਮਲ ਦੀ ਹੋਰ ਖੁੱਲ੍ਹੀ ਸਮਝ ਦੇਵੇਗਾ।

ਇਸ ਕਿਤਾਬ ਨੇ ਅਸਿੱਧੇ ਤੌਰ ਉਤੇ ਮਨੁੱਖੀ ਸਮੁਹਾਂ ਵੱਲੋਂ ਗਿਆਨ ਨੂੰ ਉਪਜਾਉਣ, ਇਸ ਨੂੰ ਸਮੇਂ ਦੀ ਹੱਦ ਤੋਂ ਪਾਰ ਤਕ ਪੁਚਾਉਣ ਲਈ ਭਾਸ਼ਾਬੱਧ ਕਰਕੇ, ਇਸ ਦੇ ਵਿਗਾਸ ਉਤੇ ਆਪਣੀ ਸੱਤਾ ਜਾਂ ਤਾਕਤ ਦੇ ਜ਼ੋਰ ਨਾਲ ਆਪਣੀਆਂ ਅਗਲੀਆਂ ਪੀੜੀਆਂ ਤੱਕ ਇਸ ਗਿਆਨ-ਅਮਲ ਨੂੰ ਬੇਰੋਕ ਪਹੁੰਚਦਾ ਕਰਨ ਦੇ ਅਮਲ ਬਾਰੇ ਵੀ ਸੇਧਾਂ ਦਿੱਤੀਆਂ ਹਨ।

ਪ੍ਰਸਿੱਧ ਅਮਰੀਕਨ ਸਮਾਜ ਵਿਗਿਆਨੀ ਟਾਲਕਟ ਪਾਰਸੰਜ ਜੰਗਲੀ ਕਬੀਲਿਆਂ ਦੇ ਲੰਬੇ ਸਮਾਜ-ਵਿਗਿਆਨਕ ਅਧਿਐਨ ਤੋਂ ਬਾਅਦ ਇਸ ਨਤੀਜੇ ਜਾਂ ਸਿੱਟੇ ਉਤੇ ਪਹੁੰਚਿਆ ਹੈ ਕਿ ਮਨੁੱਖਾਂ ਦਾ ਵੱਖ ਵੱਖ ਸਮੂਹਾਂ ਵਿਚਕਾਰ ਵੰਡੇ ਜਾਣਾ ਕੁਦਰਤੀ ਵਰਤਾਰਾ ਹੈ। ਇਤਿਹਾਸਕ ਤੌਰ ਉਤੇ ਹਰੇਕ ਮਨੁੱਖੀ ਸਮੂਹ ਆਪਣਾ ਗਿਆਨ ਪ੍ਰਬੰਧ ਸਿਰਜਦਾ ਹੈ।

ਪਾਰਸੰਜ ਅਨੁਸਾਰ ਜਿਹੜੇ ਮਨੁੱਖੀ ਸਮੂਹਾਂ ਵੱਲੋਂ ਆਪਣੇ ਵੱਲੋਂ ਸਿਰਜੇ ਗਿਆਨ ਪ੍ਰਬੰਧ ਨੂੰ ਆਪਣੀ ਬੋਲੀ ਨੂੰ ਵਿਕਸਿਤ ਕਰਕੇ ਭਾਸ਼ਾਬੱਧ ਕਰ ਲਿਆ, ਭਾਵ ਇਸ ਨੂੰ ਲਿਖਤੀ ਰੂਪ ਦੇ ਦਿੱਤਾ ਉਹ ਸਮੂਹ ਜਿ਼ਆਦਾ ਦੇਰ ਤੱਕ ਆਪਣੀ ਹੋਂਦ ਬਣਾਈ ਰੱਖਣ ਵਿਚ ਸਫਲ ਰਹੇ ਜਾਂ ਰਹਿ ਰਹੇ ਹਨ। ਉਤਰ-ਆਧੁਨਿਕਤਾਵਾਦੀ ਵਿਦਵਾਨ ਮਿਸ਼ੇਲ ਫੂਕੋ, ਯੈਕ ਦਰੀਦਾ ਆਦਿ ਇਸੇ ਵਿਚਾਰ ਨੂੰ ਸੰਸਾਰ ਦੇ ਸਮਾਜਕ ਵਿਗਾਸ ਦਾ ਕਾਰਨ ਮੰਨਦੇ ਹਨ। ਦਰੀਦਾ ਅਨੁਸਾਰ ‘ਸੰਸਾਰ ਦਾ ਸਮਾਜਿਕ ਵਿਗਾਸ ਲਿਖਿਤ (Textual) ਵਿਗਾਸ ਹੀ ਹੈ।’

ਮਿਸ਼ੇਲ ਫੂਕੋ ਗਿਆਨ ਦੇ ਉਪਜਣ ਅਤੇ ਵਿਗਾਸ ਦੇ ਅਮਲ ਨੂੰ ਤਾਕਤ ਨਾਲ ਜੋੜਦਾ ਹੈ। ਵੀਹਵੀਂ ਸਦੀ ਵਿਚ ਅਮਰੀਕਾ ਅਤੇ ਪੱਛਮ ਵਿਚ ਵਿਕਸਿਤ ਬਹੁਤੇ ਸਮਾਜਕ ਵਿਗਿਆਨਕ ਸਿਧਾਂਤ ਗਿਆਨ ਦੀ ਸਿਰਜਣਾ ਦੇ ਮਨੋਰਥ ਅਤੇ ਇਸ ਦੀ ਵਰਤੋਂ ਬਾਰੇ ਪੈਦਾ ਹੋਏ ਮਸਲਿਆਂ ਦੁਆਲੇ ਸਿਰਜੇ ਗਏ ਹਨ। ਉਦਾਹਰਨ ਲਈ ‘ਅਲੋਚਨਾਤਮਕ ਸਿਧਾਂਤ’ ਅਨੁਸਾਰ ਗਿਆਨ ਕਦੇ ਵੀ ਨੈਤਿਕ, ਰਾਜਨੀਤਕ ਅਤੇ ਵਿਚਾਰਧਾਰਕ ਤੌਰ ਉਤੇ ਨਿਰਪੱਖ ਨਹੀਂ ਹੁੰਦਾ, ਹਰੇਕ ਤਰ੍ਹਾਂ ਦਾ ਗਿਆਨ ਸਿਧਾਂਤਕਾਰ ਦੇ ਹਿੱਤਾਂ ਦੀ ਝਲਕ ਦਿੰਦਾ ਹੈ। ਗਿਆਨ ਹਮੇਸ਼ਾ ਪੱਖਪਾਤੀ ਹੁੰਦਾ ਹੈ ਕਿਉਂਕਿ ਇਹ ਵਿਆਖਿਆਕਾਰ ਦੇ ਸਮਾਜਕ ਪੱਖ ਵਿਚੋਂ ਪੈਦਾ ਹੋਇਆ ਹੁੰਦਾ ਹੈ। ਇਸ ਲਈ ਹਰੇਕ ਤਰ੍ਹਾਂ ਦੇ ਗਿਆਨ ਦਾ ਚੇਤਨ ਜਾ ਅਚੇਤ ਤੌਰ ਤੇ ਕਿਸੇ ਖਾਸ ਹਿੱਤ, ਪਰੰਪਰਾਵਾਂ, ਸਮੂਹਾਂ, ਦਲਾਂ, ਵਰਗਾਂ ਅਤੇ ਕੌਮੀਅਤਾਂ ਵੱਲ ਝੁਕਾਅ ਹੁੰਦਾ ਹੈ।

ਅਲੋਚਨਾਤਮਕ ਸਿਧਾਂਤ ਦਾ ਮੁੱਖ ਸਮਰਥਕ ਰਾਬਰਟ ਕਾਕਸ (Robert Cox) ਲਿਖਦਾ ਹੈ ਕਿ ‘ਸਿਧਾਂਤ ਹਮੇਸ਼ਾ ਕਿਸੇ ਲਈ ਜਾਂ ਕਿਸੇ ਉਦੇਸ਼ ਲਈ ਸਿਰਜਿਆ ਜਾਂਦਾ ਹੈ।’ ਉੱਤਰ-ਆਧੁਨਿਕਤਾਵਾਦੀ ਸਿਧਾਂਤਕਾਰਾਂ ਦਾ ਮੰਨਣਾ ਹੈ ਕਿ ‘ਹਰੇਕ ਸਿਧਾਂਤ ਤੱਥਾਂ ਜਾਂ ਸਚਾਈ ਬਾਰੇ ਖੁਦ ਫ਼ੈਸਲਾ ਕਰਦਾ ਹੈ। ਹਰੇਕ ਸਿਧਾਂਤ ਕਦੇ ਵੀ ਨਿਰਪੱਖ ਨਹੀਂ ਹੁੰਦਾ। ਨਿਰਪੱਖ ਅਤੇ ਵਿਗਿਆਨਕ ਜਾਂ ਵਿਹਾਰਕ ਸਿਧਾਂਤ ਮਿੱਥ ਤੋਂ ਵੱਧ ਕੇ ਕੁਝ ਵੀ ਨਹੀਂ ਹਨ। ਮਨੁੱਖਾਂ ਵਲੋਂ ਸਿਰਜਿਆ ਹਰ ਕੁਝ ਬਦਲਣਯੋਗ ਹੈ। ਗਿਆਨ ਅਤੇ ਤਾਕਤ ਦਾ ਆਪਸੀ ਅਟੁੱਟ ਰਿਸ਼ਤਾ ਹੈ ਅਤੇ ਗਿਆਨ ਆਪਣੇ ਤੌਰ ਉਤੇ ਤਾਕਤ ਦੇ ਢਾਂਚਿਆਂ ਤੋਂ ਅਜ਼ਾਦ ਨਹੀਂ ਹੈ।’

ਸਿਰਜਣਾਵਾਦੀ ਸਿਧਾਂਤਕਾਰ ਇਸ ਸੰਦਰਭ ਵਿਚ ਮਹੱਤਵਪੂਰਨ ਵਿਚਾਰ ਦਿੰਦੇ ਹਨ। ਉਨ੍ਹਾਂ ਦੀ ਮਾਨਤਾ ਹੈ ਕਿ ‘ਸਮਾਜਕ ਅਤੇ ਰਾਜਨੀਤਕ ਸੰਸਾਰ ਮਨੁੱਖੀ ਸਿਰਜਣਾ ਹੈ ਜਿਸ ਨੂੰ ਮਨੁੱਖਾਂ ਵੱਲੋਂ ਇਕ ਖਾਸ ਸਮੇਂ ਅਤੇ ਥਾਂ ਉਤੇ ‘ਵਿਚਾਰਾਂ, ਸੋਚਾਂ ਅਤੇ ਨਿਯਮਾਂ’ ਦੇ ਰੂਪ ਵਿਚ ਸਿਰਜਿਆ ਗਿਆ ਹੈ। ਭਾਵ ਕਿ ਇਹ ਸੰਸਾਰ ਕੋਈ ਮਾਦੀ ਜਾਂ ਮਨੁੱਖੀ ਪਹੁੰਚ ਤੋਂ ਬਾਹਰੀ ਸਿਰਜਣਾ ਨਹੀਂ ਹੈ ਅਤੇ ਇਹ ਸੁੱਧ ਰੂਪ ਵਿਚ ਬੌਧਿਕ ਅਤੇ ਵਿਚਾਰਧਾਰਕ ਰਚਨਾ ਹੈ।

ਜੇ ਕਿਸੇ ਵੀ ਸਮੇਂ ਇਨ੍ਹਾਂ ਵਿਚਾਰਾਂ ਵਿਚ ਬੌਧਿਕ ਤਬਦੀਲੀ ਹੁੰਦੀ ਹੈ ਤਾਂ ਰਾਜਨੀਤਕ ਅਤੇ ਸਮਾਜਕ ਸੰਸਾਰ ਦਾ ਰੂਪ ਦੀ ਬਦਲ ਜਾਂਦਾ ਹੈ ਕਿਉਂਕਿ ਇਹ ਸੰਸਾਰਿਕ ਪ੍ਰਣਾਲੀ ‘ਸੋਚਾਂ ਅਤੇ ਵਿਚਾਰਾ ਉਪਰ ਹੀ ਅਧਾਰਿਤ ਹੁੰਦੀ ਹੈ।’ ਇਹ ਸਿਧਾਂਤ ਰਾਜਨੀਤਕ ਸਮੂਹਾਂ ਦੀ ਵਿਆਖਿਆ ਕਰਦਿਆਂ ਸਪਸ਼ਟ ਕਰਦਾ ਹੈ ਕਿ ਮਨੁੱਖੀ ਸਮੂਹ ਦੀ ਹੋਂਦ ਇਸ ਦੇ ਲੋਕਾਂ ਵਿਚਕਾਰ ਇਕ ‘ਕੌਮ’ ਜਾਂ ‘ਕੌਮੀਅਤ’ ਹੋਣ ਦੇ ਸਾਂਝੇ ਵਿਚਾਰ, ਉਨ੍ਹਾਂ ਵਿਚਕਾਰ ਆਪਣੇ ਰਾਜ ਦੇ ਪ੍ਰਭੂਸੱਤਾਤਮਿਕ ਹੋਣ, ਦੂਜਿਆਂ ਤੋਂ ਸਭਿਆਚਾਰਕ, ਧਾਰਮਿਕ ਅਤੇ ਇਤਿਹਾਸਕ ਤੌਰ ਉਤੇ ਵੱਖ ਹੋਣ, ਉਨ੍ਹਾਂ ਦੇ ਆਪਣੇ ਇਤਿਹਾਸ, ਪਰੰਪਰਾਵਾਂ, ਰਾਜਨੀਤਕ ਵਿਸ਼ਵਾਸ਼ਾਂ ਅਤੇ ਮਾਨਤਾਵਾਂ, ਵਿਚਾਰਧਾਰਾਵਾਂ, ਸੰਸਥਾਵਾਂ ਆਦਿ ਉਤੇ ਟਿਕੀ ਹੁੰਦੀ ਹੈ। ਜਦੋਂ ਬਹੁਤੇ ਲੋਕ ਵਿਚਾਰਧਾਰਕ ਤੌਰ ਉਤੇ ਆਪਣੀ ਇਸ ਵਿੱਲਖਣਤਾ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਨ ਤਾਂ ਉਹ ਆਪਣੀ ਰਾਜਨੀਤਕ ਸਮੂਹ ਵਜੋਂ ਵੱਖਰੀ ਪਛਾਣ ਗੁਆ ਬਹਿੰਦੇ ਹਨ।

ਉਦਾਹਰਨ ਦੇ ਤੌਰ ਉਤੇ ਪੂਰਬੀ ਯੁਰੋਪ ਦੇ ਵੱਖ ਵੱਖ ਰਾਜਨੀਤਕ ਸਮੂਹਾਂ, ਜਿਵੇਂ ਸਰਬੀਅਨ, ਕਰੋਸ਼ੀਅਨ, ਰੋਮਾਨੀਅਨ ਅਤੇ ਬਲਗਾਰੀਅਨ ਦੇ ਬਹੁਤ ਘੱਟ ਬੌਧਿਕ ਤੌਰ ਉਤੇ ਚੇਤੰਨ ਬੰਦੇ ਹੀ ਆਪਣੀ ਵੱਖਰੀ ਕੌਮੀ ਪਛਾਣ ਪ੍ਰਤੀ ਸੁਹਿਰਦ ਸਨ ਪਰ ਜਿਉਂ ਹੀ ਵਿਦਿਅਕ ਢਾਂਚਿਆਂ ਦੇ ਵਾਧੇ ਰਾਹੀਂ ਰਾਜਨੀਤਕ ਤੌਰ ਤੇ ਵੱਖਰੀ ਪਛਾਣ ਦਾ ਵਿਚਾਰ ਆਮ ਲੋਕਾਂ ਵਿਚ ਫੈਲਿਆ ਤਾਂ ਇਸ ਨੇ ਕਈ ਨਵੇਂ ਦੇਸ਼ਾਂ ਅਤੇ ਕੌਮੀਅਤਾਂ ਦੀ ਸਿਰਜਣਾ ਕੀਤੀ। ਇਸ ਦਾ ਸਿੱਧਾ ਭਾਵ ਹੈ ਕਿ ‘ਕੌਮਾਂ, ਕੌਮੀਅਤਾਂ ਅਤੇ ਕੌਮੀ ਪਛਾਣਾਂ ਕਿਸੇ ਖ਼ਾਸ ਸਮੇਂ ਅਤੇ ਥਾਂ ਉਤੇ ਹੋਈਆਂ ਸਮਾਜਕ ਸਿਰਜਣਾਵਾਂ ਹੀ ਹਨ।’

ਉਪਰੋਕਤ ਵਿਚਾਰ ਚਰਚਾ ਤੋਂ ਸਰਦਾਰ ਅਜਮੇਰ ਸਿੰਘ ਦੀ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਦਾ ਅਸਲ ਤੱਤ ਸਮਝ ਆਉਂਦਾ ਹੈ। ਇਸੇ ਵਰਤਾਰੇ ਵਿਚੋ ਕੇਨੈਡਾ ਦੀ ਬ੍ਰਟਿਸ਼ ਕੋਲੰਬੀਆ ਯੂਨੀਵਰਸਿਟੀ ਵਿਚ ਸਿੱਖ ਖੋਜਕਾਰੀ ਦੇ ਮਹਿਕਮੇ ਦੇ ਖੁਲ੍ਹਣ ਤੋਂ ਲੈ ਕੇ ਇਸ ਦੇ ਕੰਮ ਕਰਨ ਤੱਕ ਦੇ ਅਮਲ ਵਿਚ ਭਾਰਤੀ ਪ੍ਰਧਾਨ ਮੰਤਰੀ ਦਫ਼ਤਰ ਦੀ ਸਿੱਧੀ ਦਖ਼ਲਅੰਦਾਜ਼ੀ ਅਤੇ ਹਰਜੋਤ ਉਬਰਾਏ ਨੂੰ ਇਸ ਮਹਿਕਮੇ ਦੀ ਵਾਗਡੋਰ ਸੌਂਪਣ ਦੀ ਸਮਝ ਪੈਂਦੀ ਹੈ।

ਇਹ ਕਿਤਾਬ ਭਾਰਤੀ ਹਿੰਦੂ ਸੱਤਾ ਅਤੇ ਸਿੱਖ ਧਰਮ ਵਿਚਕਾਰ ਜੰਗ ਨੂੰ ਵਿਚਾਰਧਾਰਕ ਅਤੇ ਸਿਧਾਂਤਕ ਰੂਪ ਦੇਣ ਦਾ ਨਿਵੇਕਲਾ ਯਤਨ ਹੈ। ਸਿੱਧੇ ਸ਼ਬਦਾਂ ਵਿਚ ਸਰਦਾਰ ਅਜਮੇਰ ਸਿੰਘ ਦੀ ਇਹ ਕਿਤਾਬ ਜੇ ‘ਸਿੱਖ ਖੋਜਕਾਰੀ’ ਦੀ, ਭਾਰਤੀ ਹਿੰਦੂ ਸੱਤਾ ਦੀ ਗੁਲਾਮੀ ਤੋਂ ਆਜ਼ਾਦੀ ਦਾ ਸੱਦਾ ਦਿੰਦੀ ਹੈ, ਤਾਂ ਨਾਲ ਹੀ ਸੂਖ਼ਮ ਰੂਪ ਵਿਚ ਭਾਰਤੀ ਹਿੰਦੂ ਗਿਆਨ ਪ੍ਰਬੰਧ ਅਤੇ ਸਿੱਖ ਗਿਆਨ ਪ੍ਰਬੰਧ ਵਿਚਕਾਰ ਹੋਣ ਵਾਲੀ ਭਵਿੱਖ ਵਿਚਲੀ ਵਿਚਾਰਧਾਰਕ ਜੰਗ ਵੱਲ ਇਸ਼ਾਰਾ ਵੀ ਕਰਦੀ ਹੈ।

ਡਾ. ਜਸਵੀਰ ਸਿੰਘ ਨਾਲ ਈ-ਮੇਲ ਪਤੇ jasvir21 (at) gmail (dot) com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: