ਫਾਈਲ ਫੋਟੋ

ਸਿਆਸੀ ਖਬਰਾਂ

ਦੱਖਣੀ ਕਸ਼ਮੀਰ ਵਿੱਚ ਮੁੜ ਲੱਗਿਆ ਕਰਫਿਊ, ਰੋਸ ਪ੍ਰਦਰਸ਼ਨਾਂ ਵਿਚ 20 ਜ਼ਖ਼ਮੀ; ਹੁਰੀਅਤ ਆਗੂ ਗ੍ਰਿਫਤਾਰ

By ਸਿੱਖ ਸਿਆਸਤ ਬਿਊਰੋ

July 30, 2016

ਚੰਡੀਗੜ੍ਹ: ਕਸ਼ਮੀਰ ਵਿਚ ਆਜ਼ਾਦੀ ਪਸੰਦਾਂ ਦੇ ਮਾਰਚ ਨੂੰ ਅਸਫ਼ਲ ਕਰਨ ਲਈ ਦੱਖਣੀ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਅਨੰਤਨਾਗ, ਕੁਲਗਾਮ, ਪੁਲਵਾਮਾ ਅਤੇ ਸ਼ੋਪੀਆਂ ਤੇ ਸ੍ਰੀਨਗਰ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਮੁੜ ਕਰਫਿਊ ਲਾ ਦਿੱਤਾ ਗਿਆ। ਇਸ ਤੋਂ ਇਲਾਵਾ ਘਾਟੀ ਦੇ ਕੁੱਝ ਹੋਰ ਇਲਾਕਿਆਂ ਵਿੱਚ ਵੀ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਗਏ ਹਨ। ਕਰਫਿਊ ਦੀ ਲੋਕਾਂ ਨੇ ਉਲੰਘਣਾ ਕੀਤੀ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਦਸਤਿਆਂ ਨਾਲ ਝੜਪ ਵੀ ਹੋਈ। ਇਸ ਵਿੱਚ ਵੀਹ ਦੇ ਕਰੀਬ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਪੁਲਿਸ ਦੀ ਧੱਕੇਸ਼ਾਹੀ ਦੇ ਜਵਾਬ ਵਿਚ ਰੋਹ ਵਿੱਚ ਆਏ ਲੋਕਾਂ ਨੇ ਬਾਰਾਮੁੱਲਾ ਦੇ ਰੋਹਾਮਾ ਵਿੱਚ ਨਵੀਂ ਬਣੀ ਪੁਲੀਸ ਇਮਾਰਤ ਨੂੰ ਫੂਕ ਦਿੱਤਾ।

ਕੁਪਵਾੜਾ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਪੁਲੀਸ ਵੱਲੋਂ ਕੀਤੀ ਫਾਇਰਿੰਗ ਦੌਰਾਨ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਸ਼ੋਪੀਆਂ, ਅਨੰਤਨਾਗ, ਬਿਜਬੇਹਾੜਾ, ਬਾਂਦੀਪੋਰਾ, ਬਾਰਾਮੁੱਲਾ, ਸੋਪੋਰ, ਗੰਦਰਬਲ ਤੇ ਕੰਗਨ ਇਲਾਕਿਆਂ ਵਿੱਚ ਸੁਰੱਖਿਆ ਦਸਤਿਆਂ ਨਾਲ ਝੜਪ ਵਿੱਚ 20 ਵਿਅਕਤੀ ਜ਼ਖ਼ਮੀ ਹੋ ਗਏ।

ਇਸੇ ਦੌਰਾਨ ਆਪਣੇ ਘਰਾਂ ਤੋਂ ਨੌਹੱਟਾ ਵਿਚਲੀ ਜਾਮੀਆ ਮਸਜਿਦ ਤੱਕ ਮਾਰਚ ਕਰਨ ਦੀ ਤਿਆਰੀ ਕਰ ਰਹੇ ਹੁਰੀਅਤ ਆਗੂ ਸੱਯਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਇਜ਼ ਉਮਰ ਫਾਰੂਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਗਿਲਾਨੀ ਨੂੰ ਨਜ਼ਰਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨ ਕਾਰਨ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਤੋਂ ਇਲਾਵਾ ਉਮਰ ਫਾਰੂਕ ਨੂੰ ਵੀ ਗ੍ਰਿਫ਼ਤਾਰ ਕਰਕੇ ਨੀਗੀਨ ਥਾਣੇ ਲਿਜਾਇਆ ਗਿਆ।

ਹੁਰੀਅਤ ਆਗੂਆਂ ਨੇ ਘਾਟੀ ਵਿੱਚ ਹਾਲ ਹੀ ਵਿਚ ਭਾਰਤੀ ਸੁਰੱਖਿਆ ਦਸਤਿਆਂ ਹੱਥੋਂ ਮਾਰੇ ਗਏ ਕਸ਼ਮੀਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਲੋਕਾਂ ਨੂੰ ਜਾਮੀਆ ਮਸਜਿਦ ਵਿੱਚ ਪੁੱਜਣ ਦਾ ਸੱਦਾ ਦਿੱਤਾ ਸੀ। ਲਗਾਤਾਰ ਤੀਜੇ ਹਫ਼ਤੇ ਜਾਮੀਆ ਮਸਜਿਦ ਵਿੱਚ ਜੁੰਮੇ ਦੀ ਨਮਾਜ਼ ਅਦਾ ਨਾ ਕੀਤੀ ਜਾ ਸਕੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: