February 21, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ (21 ਫਰਵਰੀ, 2011) : ਰਿਲਾਇੰਸ ਡੇਅਰੀ ਫੂਡਜ਼ ਦੁੱਧ ਸੀਤਲ ਕੇਂਦਰ ਸਰਹਿੰਦ ਵਿਖੇ ਦੁੱਧ ਦੀ ਢੋਅ-ਢੋਆਈ ਲਈ ਲੱਗੇ ਗੱਡੀ ਮਾਲਕਾਂ ਨੇ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਦੀ ਹਾਜ਼ਰੀ ਵਿਚ ਉਕਤ ਫਰਮ ’ਤੇ ਅਪਣੀ ਲੁੱਟ-ਖਸੁੱਟ ਦੇ ਦੋਸ਼ ਲਗਾਏ ਹਨ। ਭਾਈ ਚੀਮਾ ਤੇ ਸਲਾਣਾ ਨੇ ਕਿਹਾ ਕਿ ਬਹੁ-ਮੰਤਵੀ ਕੰਪਨੀਆਂ ਆਮ ਲੋਕਾਂ ਦੀ ਲੁੱਟ ਖਸੁੱਟ ਕਰਦੀਆਂ ਹਨ। ਪਹਿਲਾਂ ਰਿਲਾਇੰਸ ਨੇ ਵਾਹੀ ਵਾਸਤੇ ਲੋਕਾਂ ਦੀਆ ਜ਼ਮੀਨਾਂ ਹਥਿਆਈਆਂ ਜੋ ਲੋਕਾਂ ਨੇ ਬਹੁਤ ਤਰਦੱਦ ਬਾਅਦ ਵਾਪਸ ਲਈਆਂ ਸਨ ਫਿਰ ਪੈਟਰੋਲ ਪੰਪਾਂ ਲਈ ਜ਼ਮੀਨਾਂ ਲੀਜ਼ ’ਤੇ ਲੈ ਕੇ ਲੋਕਾਂ ਨੂੰ ਚੂਨਾ ਲਗਾਇਆ ਤੇ ਹੁਣ ਗੱਡੀ ਮਾਲਕਾਂ ਦੀ ਲੁੱਟ ਖਸੁੱਟ ਦਾ ਇਹ ਮਾਮਲਾ ਸਾਹਮਣੇ ਆਇਆ ਹੈ।
ਇਸ ਸਮੇਂ ਪੰਚ ਪ੍ਰਧਾਨੀ ਦੇ ਸਥਾਨਕ ਦਫ਼ਤਰ ਵਿਚ ਮੌਜ਼ੂਦ ਨਜ਼ਦੀਕੀ ਪਿੰਡ ਮੀਰਪੁਰ ਦੇ ਈਸ਼ਰ ਸਿੰਘ ਪੁੱਤਰ ਦਲੀਪ ਸਿੰਘ ਤੇ ਪਿੰਡ ਡੇਰਾ ਮੀਰ ਮੀਰਾਂ ਦੇ ਲਖਵਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਕ੍ਰਮਵਾਰ 89 ਹਜ਼ਾਰ ਰੁਪਏ ਤੇ 60 ਹਜ਼ਾਰ ਰੁਪਏ ਦੀ ਰਕਮ ਦੇਣ ਤੋਂ ਸੰਸਥਾ ਦੇ ਸਥਾਨਕ ਅਧਿਕਾਰੀ ਆਨਾ-ਕਾਨੀ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਗੱਡੀ ਲਗਾਉਣ ਤੋਂ ਪਹਿਲਾਂ ਸੰਸਥਾ ਨਾਲ ਨੇ ਉਨ੍ਹਾਂ ਨੂੰ ਹਰ 20 ਦਿਨਾਂ ਬਾਅਦ ਕਿਲੋਮੀਟਰਾਂ ਦੇ ਹਿਸਾਬ ਨਾਲ ਪੈਸੇ ਦੇਣ ਦਾ ਐਗਰੀਮੈਂਟ ਕੀਤਾ ਸੀ। ਪਰ 20 ਦਿਨਾਂ ਦੀ ਥਾਂ ਪੇਮੈਂਟ 40 ਤੋਂ 45 ਦਿਨ ਦੇਰੀ ਨਾਲ ਕੀਤ ਜਾਦੀ ਸੀ ਤੇ ਹਰ ਅਦਾਇਗੀ ਵਿਚੋਂ ਬਿਨਾਂ ਕੋਈ ਕਾਰਨ ਦੱਸੇ ਘੱਟੋ-ਘੱਟ 10 ਫੀਸਦੀ ਦੇ ਲੱਗਭੱਗ ਕਟੌਤੀ ਕਰ ਲੈਂਦੇ ਸਨ। ਉਨ੍ਹਾਂ ਕਿਹਾ ਕਿ ਇਸ ਕਾਰਨ ਸਾਡਾ ਸਿਰਫ ਤੇਲ ਦਾ ਖਰਚਾ ਹੀ ਪੂਰਾ ਹੁੰਦਾ ਸੀ ਤੇ ਗੱਡੀਆਂ ਤੋਂ ਸਾਨੂੰ ਕੋਈ ਕਮਾਈ ਨਹੀਂ ਸੀ ਹੋ ਰਹੀ। ਦੁਖੀ ਹੋ ਕੇ ਅਸੀਂ ਇਕ ਹਫਤੇ ਦਾ ਨੋਟਿਸ ਦੇ ਕੇ ਅਪਣੀਆਂ ਗੱਡੀਆਂ ਇਸ ਫਰਮ ਵਿਚੋਂ ਹਟਾ ਲਈਆਂ ਪਰ ਉਸ ਤੋਂ ਬਾਅਦ ਸਾਡੀ ਬਣਦੀ ਪੇਮੈਂਟ ਦੇਣ ਤੋਂ ਅਧਿਕਾਰੀ ਲਗਾਤਾਰ ਆਨਾਕਾਨੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਲਖਵਿੰਦਰ ਸਿੰਘ ਨੇ ਡੇਢ ਸਾਲ ਤੇ ਈਸਰ ਸਿੰਘ ਨੇ ਪੰਜ ਮਹੀਨੇ ਇਸ ਸੰਸਥਾ ਲਈ ਕੰਮ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਗੁਰਦੀਪ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਜਲਵੇੜਾ ਦੀ ਵੀ ਇਸ ਫਰਮ ਵੱਲ 35 ਹਜ਼ਾਰ ਤੋਂ ਵੱਧ ਰਕਮ ਬਕਾਇਆ ਖੜ੍ਹੀ ਹੈ। ਕਈ ਹੋਰ ਗੱਡੀ ਮਾਲਕਾਂ ਨੇ ਵੀ ਵੱਡੇ ਘਾਟੇ ਖਾ ਕੇ ਤੇ ਪ੍ਰਬੰਧਕਾਂ ਦੇ ਮਾੜੇ ਰਵਈਏ ਤੋਂ ਦੁਖੀ ਹੋ ਕੇ ਅਪਣੀਆਂ ਗੱਡੀਆਂ ਇਸ ਸੰਸਥਾ ਵਿਚੋਂ ਹਟਾ ਲਈਆਂ ਹਨ। ਉਨ੍ਹਾਂ ਦੀ ਵੀ ਬਕਾਇਆ ਰਕਮ ਵਾਪਸ ਨਹੀਂ ਕੀਤੀ ਜਾ ਰਹੀ।
ਇਸੇ ਤਰ੍ਹਾਂ ਅਮਿਤ ਕੁਮਾਰ ਪੁੱਤਰ ਸਤਿੰਦਰ ਕੁਮਾਰ ਫ਼ਤਿਹਗੜ੍ਹ ਸਾਹਿਬ ਨੇ ਦੋਸ਼ ਲਗਾਇਆ ਕਿ ਉਸਨੇ ਇਸ ਮਿਲਕ ਸੈਂਟਰ ਲਈ ਤਿੰਨ ਸਾਲ ਕੰਮ ਕੀਤਾ ਹੈ। ਢਾਈ ਸਾਲ ਤੋਂ ਪ੍ਰਬੰਧਕ ਲਗਤਾਰ ਉਸਦੀ ਅਦਾਇਗੀ ਵਿਚ ਵੱਡੀ ਕਟੌਤੀ ਕਰਦੇ ਆ ਰਹੇ ਹਨ। ਇਸ ਸਮੇਂ ਉਸਦਾ ਇਸ ਫਰਮ ਵਲ ਸਿੱਧਾ 35 ਹਜ਼ਾਰ ਰੁਪਏ ਬਕਾਇਆ ਖੜ੍ਹਾ ਹੈ ਜੋ ਨਹੀਂ ਦਿੱਤਾ ਜਾ ਰਿਹਾ। ਉਕਤ ਗੱਡੀ ਮਾਲਕਾਂ ਨੇ ਕਿਹਾ ਕਿ ਜੇਕਰ ਸਾਡੀ ਬਕਾਇਆ ਰਕਮ ਵਿੱਚ ਬਿਨ੍ਹਾਂ ਕਾਰਨ ਹਰ ਅਦਾਇਗੀ ਵਿੱਚ ਕੀਤੀਆਂ ਗਈਆਂ ਕਟੌਤੀਆਂ ਦੀ ਰਕਮ ਵੀ ਸ਼ਾਮਿਲ ਕਰ ਲਈ ਜਾਵੇ ਤਾਂ ਫਰਮ ਵੱਲ ਗੱਡੀ ਮਾਲਕਾਂ ਦਾ ਲੱਖਾਂ ਰੁਪਇਆ ਖੜ੍ਹਾ ਹੈ।
Related Topics: Akali Dal Panch Pardhani, Bhai Harpal Singh Cheema (Dal Khalsa)