ਚੰਡੀਗੜ੍ਹ: ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਉਸ ਸਮੇਂ ਇੱਕ ਹੋਰ ਪ੍ਰਾਪਤੀ ਹੋਈ ਜਦੋਂ ਪੰਜਾਬ ਦੀ ਅੰਮ੍ਰਿਤਸਰ ਸਾਹਿਬ ਕੇਂਦਰੀ ਜੇਲ ਵਿੱਚ ਨਜਰਬੰਦ ਭਾਈ ਬਾਜ ਸਿੰਘ ਦੀ ਰਿਹਾਈ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਹਨ।
ਸੂਰਤ ਸਿੰਘ ਖਾਲਸਾ ਸੰਘਰਸ਼ ਕਮੇਟੀ ਦੇ ਮੈਂਬਰ ਭਾਈ ਭਵਨਦੀਪ ਸਿੰਘ ਨੇਂ ਸਿੱਖ ਸਿਆਸਤ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਇਸ ਮਸਲੇ ਤੇ ਸਰਕਾਰ ਦੇ ਪ੍ਰਤੀਨਿੱਧ ਡਾ. ਦਲਜੀਤ ਸਿੰਘ ਚੀਮਾ ਵੱਲੋਂ ਇੱਕ ਸੁਨੇਹਾ ਭੇਜ ਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਅੰਮ੍ਰਿਤਸਰ ਜੇਲ ਵਿੱਚ ਨਜਰਬੰਦ ਭਾਈ ਬਾਜ ਸਿੰਘ ਦੀ ਰਿਹਾਈ ਦੇ ਹਕਮ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਭਾਈ ਬਾਜ ਸਿੰਘ 1993 ਤੋਂ ਜੇਲ ਵਿੱਚ ਨਜਰਬੰਦ ਸੀ ਤੇ ਇੱਕ ਕੇਸ ਵਿੱਚ ਉਨ੍ਹਾਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਸੀ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਕਾਰਵਾਈ ਜਾਰੀ ਹੈ।ਇਸ ਸੰਬੰਧੀ ਅੰਮ੍ਰਿਤਸਰ ਜੇਲ ਦੇ ਅਧਿਕਾਰੀਆਂ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਜੇ ਤੱਕ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।