ਜਲੰਧਰ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਗੀਆਂ ਨੂੰ ਵਾਪਸ ਆਉਣ ਦੀਆਂ ਦਿੱਤੀਆਂ ਗਈਆਂ ਚਿਤਾਵਨੀਆਂ ਦੇ ਬਾਵਜੂਦ ਬਾਗੀ ਚੋਣ ਮੈਦਾਨ ਵਿੱਚ ਡਟ ਗਏ ਹਨ। ਬੰਗਾ ਤੋਂ ਚੌਧਰੀ ਤਰਲੋਚਨ ਸਿੰਘ ਸੂੰਢ, ਨਕੋਦਰ ਤੋਂ ਗੁਰਬਿੰਦਰ ਸਿੰਘ ਅਟਵਾਲ, ਜਲੰਧਰ ਪੱਛਮੀ ਤੋਂ ਸੁਰਿੰਦਰ ਮਹੇ ਅਤੇ ਗੜ੍ਹਸ਼ੰਕਰ ਤੋਂ ਨਿਮਿਸ਼ਾ ਮਹਿਤਾ ਨੇ ਅਜਿਹੀਆਂ ਧਮਕੀਆਂ ਦੀ ਪ੍ਰਵਾਹ ਕੀਤੇ ਬਿਨਾਂ ਚੋਣ ਮੈਦਾਨ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ।
ਕਾਂਗਰਸ ਤੋਂ ਬਾਗੀ ਹੋ ਕੇ ਚੋਣ ਲੜ ਰਹੇ ਦੋ ਸੀਨੀਅਰ ਆਗੂਆਂ ਬੰਗਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਅਤੇ ਸਾਬਕਾ ਵਿਧਾਇਕ ਗੁਰਬਿੰਦਰ ਸਿੰਘ ਅਟਵਾਲ ਨੇ ਸਪੱਸ਼ਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਵਾਪਸ ਆਉਣ ਦੀ ਜੋ ਅਪੀਲ ਕੀਤੀ ਹੈ, ਉਹ ਉਸ ਨੂੰ ਖਾਰਜ ਕਰਦੇ ਹਨ ਅਤੇ ਲੋਕਾਂ ਦੇ ਹਿੱਤਾਂ ਲਈ ਉਹ ਆਪੋ-ਆਪਣੇ ਹਲਕਿਆਂ ਵਿੱਚ ਚੋਣ ਮੈਦਾਨ ਵਿੱਚ ਡਟੇ ਰਹਿਣਗੇ। ਕਾਂਗਰਸ ਦੀ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸ੍ਰੀਮਤੀ ਅੰਬਿਕਾ ਸੋਨੀ ’ਤੇ ਟਿਕਟ ਕਟਾਉਣ ਦਾ ਦੋਸ਼ ਲਾਉਂਦਿਆਂ ਚੌਧਰੀ ਸੂੰਢ ਨੇ ਕਿਹਾ ਕਿ ਅੰਬਿਕਾ ਸੋਨੀ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਕੈਪਟਨ ਦੀ ਸਰਕਾਰ ਬਣੇ। ਇਸ ਲਈ ਉਹ ਵੱਡੇ ਅੜਿੱਕੇ ਖੜ੍ਹੇ ਕਰ ਰਹੇ ਹਨ। ਚੌਧਰੀ ਸੂੰਢ ਨੇ ਪਾਰਟੀ ’ਚੋਂ ਕੱਢੇ ਜਾਣ ਦੀਆਂ ਧਮਕੀਆਂ ਛਿੱਕੇ ਟੰਗਦਿਆਂ ਬੰਗਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਪ੍ਰਤੀਬੱਧਤਾ ਦਿਖਾਈ ਹੈ। ਜਲੰਧਰ ਵਿਖੇ ਪ੍ਰੈਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂੰਢ ਨੇ ਕਿਹਾ ਕਿ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਵੀ ਉਹ ਕਾਂਗਰਸ ਨੂੰ ਹੀ ਸਮਰਥਨ ਦੇਣਗੇ।
ਉਧਰ ਭੁਲੱਥ ਹਲਕੇ ਤੋਂ ਟਿਕਟ ਛੱਡ ਕੇ ਨਕੋਦਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਗੁਰਬਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਨਕੋਦਰ ਹਲਕੇ ’ਚੋਂ ਉਨ੍ਹਾਂ ਦਾ ਵਜੂਦ ਖ਼ਤਮ ਕਰਨ ਲਈ ਭੁਲੱਥ ਤੋਂ ਟਿਕਟ ਦਿੱਤੀ ਗਈ ਸੀ। ਅਟਵਾਲ ਨੇ ਕੈਪਟਨ ਅਮਰਿੰਦਰ ਸਿੰਘ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਬਾਗੀ ਉਹ ਨਹੀਂ ਬਲਕਿ ਜਿਹੜੇ ਬੰਦਿਆਂ ਨੇ ਹਾਈਕਮਾਂਡ ਨੂੰ ਧਮਕੀਆਂ ਦੇ ਕੇ ਪ੍ਰਧਾਨਗੀ ਹਾਸਲ ਕੀਤੀ ਹੈ, ਉਹ ਲੋਕ ਅਸਲੀ ਬਾਗੀ ਹਨ।
ਇਸੇ ਤਰ੍ਹਾਂ ਜਲੰਧਰ ਪੱਛਮੀ ਤੋਂ ਚੋਣ ਲੜ ਰਹੇ ਸਾਬਕਾ ਮੇਅਰ ਸੁਰਿੰਦਰ ਮਹੇ ਨੇ ਕਿਹਾ ਕਿ ਉਹ ਚੋਣ ਮੈਦਾਨ ਵਿੱਚ ਪੂਰੀ ਤਰ੍ਹਾਂ ਡਟੇ ਹੋਏ ਹਨ। ਪਾਰਟੀ ਵੱਲੋਂ ਬਾਹਰ ਦਾ ਰਸਤਾ ਦਿਖਾਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲਾਂ ਉਨ੍ਹਾਂ ਨੂੰ ਇਹ ਦੱਸੇ ਕਿ ਪਾਰਟੀ ਨੇ ਦਿੱਤਾ ਕੀ ਸੀ, ਜਿਹੜਾ ਖੋਹ ਲਿਆ ਜਾਵੇਗਾ। ਉਧਰ ਗੜ੍ਹਸ਼ੰਕਰ ਤੋਂ ਕਾਂਗਰਸ ਦੀ ਤਰਜ਼ਮਾਨ ਨਿਮਿਸ਼ਾ ਮਹਿਤਾ ਨੇ ਚੋਣ ਸਰਗਰਮੀਆਂ ਜਾਰੀ ਰੱਖਦਿਆਂ ਕਿਹਾ ਕਿ ਚੋਣ ਮੈਦਾਨ ਵਿੱਚੋਂ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਾਂਗਰਸ ਨੂੰ ਇਹ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਟਿਕਟ ਕਿੰਨੇ ਗਲਤ ਉਮੀਦਵਾਰ ਨੂੰ ਦਿੱਤੀ ਹੈ।
ਸਬੰਧਤ ਖ਼ਬਰ:
ਕਾਂਗਰਸ ਲਈ ਮੁਸੀਬਤ ਬਣੇ 30 ਬਾਗ਼ੀ; 10 ਬਾਗ਼ੀ ਵੱਧ ਨੁਕਸਾਨ ਪਹੁੰਚਾਉਣ ‘ਚ ਸਮਰੱਥ …